WFTW Body: 

"ਉਹ ਧਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ"(ਮਤੀ 5: 10)। ਪਹਿਲਾਂ ਅਸੀਂ ਦੇਖਿਆ ਕਿ, "ਉਹ ਧਨ ਹਨ ਜਿਹੜੇ ਆਤਮਾ ਵਿੱਚ ਦੀਨ ਹਨ ਕਿਉਂ ਜੋ ਸਵਰਗ ਦਾ ਰਾਜ ਉਹਨਾਂ ਦਾ ਹੈ।"ਜਦੋਂ ਅਸੀਂ ਨਿਮਰਤਾ ਦਾ ਰੁੱਖ ਅਪਣਾ ਕੇ ਸ਼ਾਂਤੀ ਦੀ ਭਾਲ ਕਰਦੇ ਹਾਂ, ਅਤੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹੁੰਦੇ ਹਾਂ ਅਤੇ ਆਪਣੇ ਅਧਿਕਾਰਾਂ ਲਈ ਲੜੇ ਬਿਨਾਂ ਕੋਮਲਤਾ ਨਾਲ ਕੰਮ ਕਰਦੇ ਹਾਂ ਤਾਂ ਸਾਨੂੰ ਦੁਨੀਆ ਵਿੱਚ ਅਜਿਹੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ ਜੋ ਜ਼ਾਲਮ ਹਨ। ਪਰਮੇਸ਼ਰ ਦੇ ਰਾਹ 'ਤੇ ਚੱਲਣ ਵਾਲਿਆਂ ਨੂੰ ਸਤਾਇਆ ਜਾਵੇਗਾ। ਇਸ ਲਈ ਜੇਕਰ ਅਸੀਂ ਧਾਰਮਿਕਤਾ ਦਾ ਜੀਵਨ ਜਿਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਸਤਾਏ ਜਾਵਾਂਗੇ।

2 ਤਿਮੋਥਿਉਸ 3:12 ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਲਿਖਿਆ ਸਟੀਕ ਕਥਨ ਹੈ। ਪੌਲੁਸ ਕਹਿੰਦਾ ਹੈ, "ਹਰ ਕੋਈ ਜਿਹੜਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ ਜਿਵੇਂ ਪਰਮੇਸ਼ਰ ਚਾਹੁੰਦਾ ਹੈ, ਉਹ ਸਤਾਇਆ ਜਾਵੇਗਾ। ਇੱਥੇ ਇਹ ਨਹੀਂ ਕਿਹਾ ਗਿਆ ਕਿ "ਕੁੱਝ" ਨਾ ਹੀ ਇਹ ਕਿਹਾ ਗਿਆ ਹੈ "ਬਹੁਤੇ" ਅਤੇ ਇਹ ਵੀ ਨਹੀਂ ਕਿਹਾ ਗਿਆ "ਸਭ"। ਇਹ ਕੁੱਝ, ਬਹੁਤੇ, ਅਧਿਕਤਮ ਅਤੇ ਸਾਰੇ ਹੋ ਸਕਦੇ ਹਨ। ਇੱਥੇ ਕਿਹਾ ਗਿਆ ਹੈ "ਸਾਰੇ"। ਇਹਨਾਂ ਸਾਰਿਆਂ ਵਿੱਚ ਮਸੀਹ ਯਿਸੂ ਵਿੱਚ ਹਰ ਇੱਕ ਵਿਸ਼ਵਾਸੀ ਸ਼ਾਮਲ ਹੈ (ਹਰ ਉਹ ਵਿਅਕਤੀ ਨਹੀਂ ਜੋ ਆਪਣੇ ਆਪ ਨੂੰ ਵਿਸ਼ਵਾਸ਼ੀ ਕਹਿੰਦਾ ਹੈ ਪਰ ਹਰ ਉਹ ਵਿਅਕਤੀ ਜੋ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ)।

ਧਾਰਮਿਕਤਾ ਲਈ ਸਤਾਏ ਜਾਣ ਦਾ ਕੀ ਅਰਥ ਹੈ? ਸਾਨੂੰ ਇਸ ਗੱਲ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਧਾਰਮਿਕਤਾ ਲਈ ਖੜੇ ਹੋਣ ਦਾ ਕੀ ਅਰਥ ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਨੌਕਰੀ ਵਿੱਚ ਜਾਂ ਕੰਮ ਵਾਲੀ ਜਗ੍ਹਾ ਤੇ ਕੋਈ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਕਿ ਤੁਸੀਂ ਕਹਿੰਦੇ ਹੋ, "ਮੈਂ ਇਹ ਗਲਤ ਕੰਮ ਨਹੀਂ ਕਰਾਂਗਾ।" ਇੱਥੇ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਹਨ ਜਿੱਥੇ ਲੋਕ ਸਮਝੌਤਾ ਕਰਦੇ ਹਨ, ਉਹ ਝੂਠ ਬੋਲਦੇ ਹਨ, ਧੋਖਾ ਦਿੰਦੇ ਹਨ, ਅਤੇ ਕੁਝ ਗਲਤ ਕਰਨ ਲਈ ਰਿਸ਼ਵਤ ਦਿੰਦੇ ਹਨ। ਬਹੁਤ ਸਾਰੇ ਮਸੀਹੀ ਵੀ ਅਜਿਹਾ ਕਰਦੇ ਹਨ, ਨਿਰਸੰਦੇਹ ਉਹ ਸਤਾਏ ਨਹੀਂ ਜਾਣਗੇ। ਪਰ ਜੇਕਰ ਉਹ ਅਜਿਹਾ ਕਰਨ ਤੇ ਰਿਸ਼ਵਤ ਲੈਣ ਤੋਂ ਇਨਕਾਰ ਕਰਦੇ ਹਨ, ਅਤੇ ਕੁੱਝ ਗਲਤ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਣੇ ਤੋਂ ਉੱਪਰ ਦੇ ਲੋਕਾਂ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਕਿ ਰਿਸ਼ਵਤ ਜਾਂ ਉਸ ਵਿੱਚੋਂ ਕੋਈ ਹਿੱਸਾ ਚਾਹੁੰਦੇ ਹਨ। ਇਸ ਤਰ੍ਹਾਂ ਦੇ ਬਹੁਤ ਮਾਮਲੇ ਹਨ। ਜਦੋਂ ਤੁਸੀਂ ਧਾਰਮਿਕਤਾ ਲਈ ਖੜੇ ਹੁੰਦੇ ਹੋ ਤਾਂ ਤੁਸੀਂ ਆਪਣੀ ਨੌਕਰੀ ਵੀ ਗੁਆ ਸਕਦੇ ਹੋ ਜਾਂ ਆਪਣੇ ਬੌਸ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਵਰਗ ਦਾ ਰਾਜ ਤੁਹਾਡਾ ਹੈ। ਇਸ ਪ੍ਰਕਿਰਿਆ ਵਿੱਚ ਤੁਸੀਂ ਆਪਣੇ ਇਸ ਜੀਵਨ ਵਿੱਚ ਕੁੱਝ ਗੁਆ ਸਕਦੇ ਹੋ- ਹੋ ਸਕਦਾ ਹੈ ਕੋਈ ਅਹੁਦਾ ਅਤੇ ਨੌਕਰੀ ਵਿੱਚ ਤਰੱਕੀ-ਪਰ ਬਦਲੇ ਵਿੱਚ ਤੁਹਾਨੂੰ ਸਵਰਗ ਦਾ ਕੁੱਝ ਹਿੱਸਾ ਮਿਲੇਗਾ। ਕੀ ਇਸਦੀ ਕੋਈ ਕੀਮਤ ਹੈ?

ਕੀ ਕਿਸੇ ਹਾਲਾਤ ਵਿੱਚ ਦਾਖਲਾ ਲੈਣ ਲਈ ਜਾਂ ਨੌਕਰੀ ਪ੍ਰਾਪਤ ਕਰਨ ਲਈ ਕਿਸੇ ਵਿਅਕਤੀ ਦਾ ਝੂਠ ਬੋਲਣਾ ਠੀਕ ਹੈ? ਇਹ ਠੀਕ ਨਹੀਂ ਹੈ! ਇੱਕ ਵਿਸ਼ਵਾਸ਼ੀ ਲਈ ਤਾਂ ਇਹ ਬਿਲਕੁਲ ਠੀਕ ਨਹੀਂ ਹੈ। ਉਸ ਲਈ ਇਹੀ ਸਹੀ ਹੈ ਕਿ ਉਹ ਇਹ ਸਭ ਨਾ ਕਰੇ ਕਿਉਂਕਿ ਇਹ ਪਰਮੇਸ਼ਰ ਦੀ ਇੱਛਾ ਤੋਂ ਬਾਹਰ ਹੈ। ਜੇਕਰ ਕਿਸੇ ਪਰਿਸਥਿਤੀ ਵਿੱਚ ਝੂਠ ਬੋਲ ਕੇ ਤੁਹਾਨੂੰ ਦਾਖਲਾ ਮਿਲ ਜਾਂਦਾ ਹੈ ਤਾਂ ਤੁਸੀਂ ਯਕੀਨ ਕਰ ਸਕਦੇ ਹੋ ਕਿ ਪਰਮੇਸ਼ਰ ਨੇ ਤੁਹਾਡੀ ਅਗਵਾਈ ਨਹੀਂ ਕੀਤੀ। ਜਦੋਂ ਤੁਸੀਂ ਔਖੀ ਘੜੀ ਵਿੱਚ ਹੁੰਦੇ ਹੋ, ਤਾਂ ਸ਼ੈਤਾਨ ਕਹਿੰਦਾ ਹੈ, "ਇੱਥੇ ਝੂਠ ਬੋਲ ਕਿਉਂਕਿ ਝੂਠ ਤਾਕਤਵਰ ਹੈ, ਇਹ ਤੁਹਾਨੂੰ ਕੁੱਝ ਵੀ ਦੇ ਸਕਦਾ ਹੈ।" ਪਰ ਪਵਿਤਰ ਆਤਮਾ ਕਹਿੰਦਾ ਹੈ, "ਨਹੀਂ, ਇਹ ਝੂਠ ਹੈ ਪਰਮੇਸ਼ਰ ਸਰਬ ਸ਼ਕਤੀਮਾਨ ਹੈ। ਆਪਣੀ ਇੱਛਾ ਪੂਰੀ ਕਰਨ ਲਈ ਝੂਠ ਬੋਲਣਾ ਸੱਭ ਤੋ ਵਧੀਆ ਤਰੀਕਾ ਨਹੀਂ ਹੈ। "ਪਰਮੇਸ਼ਰ ਲਈ ਖੜੇ ਹੋਵੋ। ਪਰਮੇਸ਼ਰ ਤੁਹਾਨੂੰ ਸੱਭ ਕੁੱਝ ਦੇ ਸਕਦਾ ਹੈ ਉਹ ਜੋ ਚਾਹੁੰਦਾ ਹੈ।" ਤਾਂ ਤੁਸੀਂ ਦੋਖੋਗੇ ਕਿ ਪਰਮੇਸ਼ਰ ਉਹ ਸਭ ਦੇਵੇਗਾ ਜੋ ਤੁਹਾਨੂੰ ਮਿਲਣਾ ਚਾਹੀਦਾ ਹੈ।

ਮੈਨੂੰ ਬਹੁਤ ਸਾਰੀਆਂ ਪਰਿਸਥਿਤੀਆਂ ਯਾਦ ਹਨ ਜਦੋਂ ਮੈਂ ਜਲ-ਸੈਨਾ ਵਿੱਚ ਨੌਕਰੀ ਕਰ ਰਿਹਾ ਸੀ, ਜਿੱਥੇ ਮੈਨੂੰ ਆਪਣੇ ਸੀਨੀਅਰ ਅਫ਼ਸਰਾਂ ਖਿਲਾਫ਼ ਖੜ੍ਹੇ ਹੋਣਾ ਪੈਂਦਾ ਸੀ ਅਤੇ ਕਹਿਣਾ ਪੈਂਦਾ ਸੀ, "ਮਾਫ ਕਰਨਾ, ਸਰ, ਮੈਂ ਇਹ ਕੰਮ ਨਹੀਂ ਕਰ ਸਕਦਾ ਕਿਉਂਕਿ ਮੇਰਾ ਜ਼ਮੀਰ ਮੈਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੰਦਾ। ਮੈਂ ਇੱਕ ਮਸੀਹੀ ਹਾਂ।" ਮਿਲਟਰੀ ਵਿੱਚ ਇਹ ਕਹਿਣਾ ਬਹੁਤ ਖ਼ਤਰਨਾਕ ਅਤੇ ਜੋਖ਼ਮ ਭਰਿਆ ਹੈ। ਜੇਕਰ ਦੁਨਿਆਵੀ ਜਾਂ ਸੰਸਾਰਿਕ ਨੌਕਰੀ ਵਿੱਚ ਤੁਸੀਂ ਇਹ ਕਹਿੰਦੇ ਹੋ ਤਾਂ ਤੁਹਾਨੂੰ ਸਿਰਫ਼ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਪਰ ਜੇ ਤੁਸੀਂ ਮਿਲਟਰੀ ਵਿੱਚ ਇਹ ਕਹਿੰਦੇ ਹੋ, ਤੁਹਾਡੇ 'ਤੇ ਕੋਰਟ-ਮਾਰਸ਼ਲ ਵੀ ਲੱਗ ਸਕਦਾ ਹੈ ਜਿਸਦਾ ਅਰਥ ਹੈ ਤੁਹਾਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸ਼ਾਇਦ ਜੇਲ ਵਿੱਚ ਸੁੱਟ ਦਿੱਤਾ ਜਾਵੇ ਕਿਉਂਕਿ ਮਿਲਟਰੀ ਵਿੱਚ ਹੁਕਮਾਂ ਦੀ ਪਾਲਣਾ ਨਾ ਕਰਨਾ ਬਹੁਤ ਗੰਭੀਰ ਮਸਲਾ ਹੈ। ਮੈਨੂੰ ਕਈ ਪਰਿਸਥਿਤੀਆਂ ਯਾਦ ਹਨ ਜਦੋਂ ਅਜਿਹਾ ਹੋਇਆ ਅਤੇ ਮੈਨੂੰ ਪਰਮੇਸ਼ਰ ਤੇ ਭਰੋਸਾ ਕਰਨਾ ਪਿਆ ਕਿ ਉਹ ਹਰ ਪਰਿਸਥਿਤੀ ਵਿੱਚ ਮੇਰੀ ਦੇਖਭਾਲ ਕਰੇਗਾ। ਜੇ ਉਹ ਮੇਰੇ ਜ਼ਮੀਰ ਦੇ ਖਿਲਾਫ਼ ਕੁੱਝ ਅਜਿਹਾ ਕਰਨ ਨੂੰ ਕਹਿੰਦੇ ਤਾਂ ਮੈਂ ਕਹਿ ਦਿੰਦਾ, "ਮਾਫ ਕਰਨਾ, ਸਰ, ਮੈਂ ਇੱਕ ਮਸੀਹੀ ਹਾਂ, ਮੈਂ ਇਹ ਨਹੀਂ ਕਰ ਸਕਦਾ।" ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਸੀ ਕਿ ਅਫਸਰ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ।

ਇਹ ਸੰਭਵ ਹੈ ਕਿ ਮੈਨੂੰ ਇਸ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਉਠਾਉਣਾ ਪੈਂਦਾ ਅਤੇ ਇਹ ਵੀ ਹੈ ਕਿ ਅਫਸਰ ਮੇਰੀ ਤਰੱਕੀ ਲਈ ਸ਼ਲਾਘਾ ਨਹੀਂ ਕਰੇਗਾ। ਇੱਕ ਵਾਰ ਅੱਧੇ ਘੰਟੇ ਅੰਦਰ ਹੀ ਮੇਰੀ ਕਿਸੇ ਹੋਰ ਪੋਸਟ 'ਤੇ ਬਦਲੀ ਕਰ ਦਿੱਤੀ ਗਈ। ਮੈਨੂੰ ਅਸੁਵਿਧਾ ਹੋ ਸਕਦੀ ਹੈ ਪਰ ਠੀਕ ਹੈ। ਇਸ ਨੂੰ ਤੁਸੀਂ ਤਸੀਹੇ ਤਾਂ ਬਿਲਕੁਲ ਨਹੀਂ ਕਹਿ ਸਕਦੇ, ਇਹ ਉਹਨਾਂ ਸ਼ੇਰਾਂ ਦੇ ਮੁਕਾਬਲੇ ਛੋਟੇ ਮੱਛਰਾਂ ਦੇ ਲੜਣ ਵਾਂਗ ਹਨ ਜੋ ਸ਼ੁਰੂਆਤੀ ਮਸੀਹੀਆਂ ਨੂੰ ਖਾ ਗਏ। ਪਰ ਸ਼ੁਰੂਆਤੀ ਮਸੀਹੀਆਂ ਨੇ ਵੀ ਇਹਨਾਂ ਦਾ ਸਾਹਮਣਾ ਕੀਤਾ।

ਇਸ ਵਿੱਚ ਪਰਮੇਸ਼ਰ ਤੁਹਾਡੀ ਵੀ ਪਰਖ ਕਰੇਗਾ। ਮੈਨੂੰ ਪਤਾ ਹੈ ਕਿ ਪਰਮੇਸ਼ਰ ਨੇ ਮੈਨੂੰ ਵੱਖ-ਵੱਖ ਸਮਿਆਂ 'ਤੇ ਪਰਖਿਆ ਹੈ ਅਤੇ ਮੇਰਾ ਮੰਨਣਾ ਹੈ ਕਿ ਜੇ ਮੈਂ ਉਸ ਪਰੀਖਿਆ ਵਿੱਚ ਅਸਫਲ ਹੋ ਜਾਂਦਾ, ਤਾਂ ਅੱਜ ਮੈਂ ਇੱਥੇ ਨਾ ਹੁੰਦਾ, ਜਿੱਥੇ ਹੁਣ ਹਾਂ, ਅਤੇ ਮੇਰੇ ਕੋਲ ਉਹ ਸੇਵਕਾਈ ਨਾ ਹੁੰਦੀ ਜੋ ਪਰਮੇਸ਼ਰ ਨੇ ਮੈਨੂੰ ਦਿੱਤੀ ਹੈ। ਜੇਕਰ ਤੁਸੀਂ ਇਮਾਨਦਾਰ ਹੁੰਦੇ ਅਤੇ ਧਾਰਮਿਕਤਾ ਲਈ ਕੁੱਝ ਥਾਵਾਂ ਤੇ ਸੰਸਾਰਕ ਨੁਕਸਾਨ ਝੱਲਣ ਲਈ ਤਿਆਰ ਹੁੰਦੇ ਤਾਂ ਸ਼ਾਇਦ ਤੁਹਾਡੇ ਕੋਲ ਵੀ ਇੱਕ ਸੇਵਕਾਈ ਹੋ ਸਕਦੀ ਸੀ। ਸਵਰਗ ਦਾ ਰਾਜ ਕੁੱਝ ਹੱਦ ਤੱਕ ਤੁਹਾਡਾ ਹੁੰਦਾ, ਪਰ ਤੁਸੀਂ ਉਸ ਵਿੱਚੋਂ ਕੁੱਝ ਗੁਆ ਦਿੱਤਾ। ਜੋ ਬੀਤ ਗਿਆ ਹੈ ਉਸ ਬਾਰੇ ਤੁਸੀਂ ਕੁੱਝ ਨਹੀਂ ਕਰ ਸਕਦੇ, ਜੋ ਤੁਸੀਂ ਗੁਆ ਦਿੱਤਾ ਹੈ ਉਹ ਚਲਾ ਗਿਆ ਹੈ ਅਤੇ ਤੁਸੀਂ ਇਸ ਨੂੰ ਵਾਪਸ ਪ੍ਰਾਪਤ ਨਹੀਂ ਕਰ ਸਕਦੇ। ਪਰ ਤੁਸੀਂ ਭਵਿੱਖ ਬਾਰੇ ਕੁੱਝ ਕਰ ਸਕਦੇ ਹੋ। ਕਹੋ, "ਪ੍ਰਭੂ ਘੱਟੋ-ਘੱਟ ਆਉਣ ਵਾਲੇ ਦਿਨਾਂ ਵਿੱਚ ਮੈਂ ਉਸ ਰਾਹ 'ਤੇ ਖੜ੍ਹਾ ਹੋਣਾ ਚਾਹੁੰਦਾ ਹਾਂ ਜੋ ਧਰਮੀ ਅਤੇ ਨੇਕ ਹੈ।" ਇੱਕ ਮਸੀਹੀ ਨੂੰ ਕਿਸੇ ਵੀ ਖੇਤਰ ਵਿੱਚ ਧੋਖੇਵਾਜ ਨਹੀਂ ਹੋਣਾ ਚਾਹੀਦਾ। ਇੱਕ ਮਸੀਹੀ ਨੂੰ ਕਿਸੇ ਵੀ ਪ੍ਰਕਾਰ ਦੇ ਮੁਨਾਫ਼ੇ ਲਈ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਨਾ ਹੀ ਧੋਖਾ ਦੇਣਾ ਚਾਹੀਦਾ ਹੈ। ਪਰਮੇਸ਼ਰ ਉਹਨਾਂ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਇਮਾਨਦਾਰੀ ਲਈ ਖੜ੍ਹੇ ਹੋਣਗੇ ਤਾਂ ਜੋ ਉਹਨਾਂ ਨੂੰ ਇੱਕ ਵੱਡੀ ਸੇਵਕਾਈ ਸੌਂਪ ਸਕੇ।