"ਤੁਸੀਂ ਜਗਤ ਦਾ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸਨੂੰ ਲਕੋਇਆ ਨਹੀਂ ਜਾ ਸਕਦਾ। ਲੋਕ ਦੀਵਾ ਜਗਾ ਕੇ ਕਟੋਰੇ ਹੇਠਾਂ ਨਹੀਂ ਰੱਖਦੇ ਉਹ ਇਸ ਨੂੰ ਸ਼ਮ੍ਹਾਦਾਨ ਉੱਤੇ ਰੱਖਦੇ ਹਨ ਤਾਂ ਜੋ ਘਰ ਵਿੱਚ ਰਹਿੰਦੇ ਸਭ ਲੋਕਾਂ ਨੂੰ ਚਾਨਣ ਦੇਵੇ। ਇਸੇ ਤਰ੍ਹਾਂ ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤ ਕਰ ਸਕਣ" (ਮਤੀ 5:14-16)।
ਯਿਸੂ ਨੇ ਇੱਕ ਹੋਰ ਦ੍ਰਿਸ਼ਟਾਂਤ ਅਤੇ ਸ਼ਬਦ ਬਿਰਤਾਂਤ 'ਚਾਨਣ' ਵਰਤਿਆ ਹੈ। ਯਿਸੂ ਦੇ ਸਮੇਂ, ਦੀਵੇ ਦੀ ਵਰਤੋਂ ਕੀਤੀ ਜਾਂਦੀ ਸੀ। ਦੀਵੇ ਦੀ ਬੱਤੀ ਬਹੁਤ ਹੀ ਛੋਟੀ ਜਿਹੀ ਚੀਜ਼ ਹੈ (ਬਲਬ ਵੀ ਅੱਜ ਦੇ ਸਮੇਂ ਬਹੁਤ ਛੋਟੀ ਜਿਹੀ ਚੀਜ਼ ਹੈ)। ਪਰ ਇਸਦਾ ਚਾਨਣ ਪੂਰੇ ਕਮਰੇ ਵਿੱਚ ਹੁੰਦਾ ਹੈ। ਬੱਤੀ ਜਾਂ ਬਲਬ ਦਾ ਆਕਾਰ ਨਹੀਂ, ਪਰ ਇਸ ਵਿੱਚੋਂ ਆਉਣ ਵਾਲੀ ਚਾਨਣ ਦੀ ਤੀਬਰਤਾ ਮਹੱਤਵਪੂਰਨ ਹੈ। ਇੱਕ ਵਾਰ ਫ਼ਿਰ ਮਾਤਰਾ ਤੇ ਨਹੀਂ, ਗੁਣਵੱਤਾ ਤੇ ਜ਼ੋਰ ਦਿੱਤਾ ਗਿਆ ਹੈ। ਕੁਝ ਜ਼ੀਰੋ ਵਾਟ ਦੇ ਬਲਬ ਬਹੁਤ ਘੱਟ ਚਾਨਣ ਕਰਦੇ ਹਨ ਅਤੇ ਠੀਕ ਤਰ੍ਹਾਂ ਦੇਖਣ ਵਿੱਚ ਤੁਹਾਨੂੰ ਮੁਸ਼ਕਲ ਹੁੰਦੀ ਹੈ ਅਤੇ ਉਸੇ ਆਕਾਰ ਦੇ ਬਹੁਤ ਸ਼ਕਤੀਸ਼ਾਲੀ ਬਲਬ ਵੀ ਹੁੰਦੇ ਹਨ ਜਿਵੇਂ ਕਿ ਹੈਲੋਜਨ ਬਲਬ, ਜੋ ਕਿ ਪੂਰੀ ਗਲੀ ਵਿੱਚ ਚਾਨਣ ਕਰਦੇ ਹਨ। ਬਲਬ ਬਹੁਤ ਘੱਟ ਜਾਂ ਵੱਧ ਵਾਟ ਦਾ ਹੋ ਸਕਦਾ ਹੈ। ਇਸਦੇ ਆਕਾਰ ਦਾ ਮਹੱਤਵ ਨਹੀਂ, ਇਸਦੀ ਸ਼ਕਤੀ ਦਾ ਹੈ- ਸ਼ਕਤੀ ਦੀ ਤੀਬਰਤਾ ਜੋ ਕਿ ਚਾਨਣ ਕਰਦੀ ਹੈ। ਅਤੇ ਯਿਸੂ ਕਹਿੰਦਾ ਹੈ, ਕਿ "ਤੁਸੀਂ ਜਗਤ ਦਾ ਚਾਨਣ ਹੋ।"
ਇਸ ਸੰਸਾਰ ਵਿੱਚ ਹਨੇਰਾ ਹੈ, ਅਤੇ ਮੇਰੇ ਵਿੱਚ ਇਹ ਹਨੇਰਾ ਨਹੀਂ ਹੋਣਾ ਚਾਹੀਦਾ। ਜੇ ਮੈਂ ਬਲਬ ਹੁੰਦਾ ਅਤੇ ਮੇਰੇ ਅੰਦਰ ਹਨੇਰਾ ਹੁੰਦਾ ਤਾਂ ਮੈਂ ਇੱਕ ਖਰਾਬ ਬਲਬ ਵਾਂਗ ਹਾਂ। ਬਹੁਤ ਸਾਰੇ ਚਰਚਾਂ ਵਿੱਚ ਮਸੀਹੀ ਖਰਾਬ ਬਲਬਾਂ ਵਾਂਗ ਹਨ। ਕਦੇ ਸਮਾਂ ਸੀ ਇਹ ਜਗਦੇ ਸਨ ਪਰ ਹੁਣ ਇਹ ਖਰਾਬ ਹਨ। ਉਹਨਾਂ ਨੇ ਪਰਮੇਸ਼ਰ ਵੱਲੋਂ ਮੂੰਹ ਫੇਰ ਲਏ ਹਨ ਅਤੇ ਉਹਨਾਂ ਵਿੱਚ ਹੋਰ ਚਾਨਣ ਨਹੀਂ ਹੈ। ਇਹ ਚਾਨਣ ਕੀ ਹੈ? ਇੱਥੇ ਲਿਖਿਆ ਹੈ, "ਇਸੇ ਤਰ੍ਹਾਂ ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤ ਕਰ ਸਕਣ।" ਉਹਨਾਂ ਦਿਨਾਂ ਵਿੱਚ ਚਾਨਣ ਦੀਵੇ ਰਾਹੀਂ ਹੁੰਦਾ ਸੀ ਅਤੇ ਇਸਦੀ ਬੱਤੀ ਤੇਲ ਨਾਲ ਲਗਾਤਾਰ ਬਲਦੀ ਰਹਿੰਦੀ ਸੀ। ਤੇਲ ਪਵਿੱਤਰ ਆਤਮਾ ਨੂੰ ਦਰਸ਼ਾਉਂਦਾ ਹੈ।
ਪਵਿੱਤਰ ਆਤਮਾ ਦੁਆਰਾ ਮਸਹ ਕੀਤੇ ਵਿਅਕਤੀ ਦੀ ਇੱਕ ਨਿਸ਼ਾਨੀ ਹੈ ਕਿ ਉਹ ਚੰਗੇ ਕੰਮ ਕਰਦਾ ਹੈ। ਰਸੂਲਾਂ ਦੇ ਕਰਤੱਵ 10:38 ਵਿੱਚ ਲਿਖਿਆ ਹੈ ਕਿ ਜਦੋਂ ਯਿਸੂ ਨੂੰ ਪਵਿੱਤਰ ਆਤਮਾ ਅਤੇ ਸ਼ਕਤੀ ਨਾਲ ਮਸਹ ਕੀਤਾ ਗਿਆ ਤਾਂ ਉਹ ਲੋਕਾਂ ਦੀ ਭਲਾਈ ਕਰ ਰਿਹਾ ਸੀ। ਉਹ ਅੱਜ ਦੇ ਅਖੌਤੀ "ਮਸਹ ਕੀਤੇ ਗਏ" ਪ੍ਰਚਾਰਕਾਂ ਵਾਂਗ ਆਪਣੀ ਸੇਵਕਾਈ ਲਈ ਪੈਸੇ ਇਕੱਠੇ ਨਹੀਂ ਕਰਦਾ ਸੀ। ਉਹ ਇਸਦੇ ਬਿਲਕੁਲ ਵਿਪਰੀਤ ਸੀ। ਉਹ ਲੋਕਾਂ ਦਾ ਭਲਾ ਕਰਨ ਲੱਗਾ ਰਹਿੰਦਾ ਸੀ ਅਤੇ ਇਸ ਲਈ ਉਸਨੇ ਕਦੇ ਪੈਸੇ ਨਹੀਂ ਲਏ। ਲੋਕ ਉਸਨੂੰ ਆਪਣੀ ਮਰਜ਼ੀ ਨਾਲ ਬਿਨਾਂ ਮੰਗਿਆਂ ਤੋਹਫ਼ੇ ਦਿੰਦੇ ਸਨ ਅਤੇ ਉਸਨੇ ਇਹਨਾਂ ਨੂੰ ਸਵੀਕਾਰ ਕੀਤਾ, ਪਰ ਉਸਨੇ ਕਦੇ ਵੀ ਆਪਣੀਆਂ ਜ਼ਰੂਰਤਾਂ ਬਾਰੇ ਕਿਸੇ ਨੂੰ ਨਹੀਂ ਕਿਹਾ। ਉਹ ਬਿਨਾਂ ਪੈਸੇ ਲਏ ਲੋਕਾਂ ਦੀ ਭਲਾਈ ਕਰਦਾ ਰਿਹਾ।
ਉਹ ਕਹਿੰਦਾ ਹੈ, "ਇਸੇ ਤਰ੍ਹਾਂ ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤ ਕਰ ਸਕਣ।" ਜੇਕਰ ਤੁਸੀਂ ਆਪਣੀ ਮਹਿਮਾ ਕਰਾਉਣ ਅਤੇ ਆਦਰ-ਮਾਣ ਪ੍ਰਾਪਤ ਕਰਨ ਲਈ ਭਲਾ ਕਰਦੇ ਹੋ ਤਾਂ ਅਸਲ ਵਿੱਚ ਇਹ ਹਨੇਰਾ ਹੈ। ਆਪਣੇ ਲਈ ਆਦਰ-ਮਾਣ ਪ੍ਰਾਪਤ ਕਰਨ ਲਈ ਬਹੁਤ ਸਾਰੇ ਮਸੀਹੀ ਆਪਣੀ ਭਲਾਈ ਦੇ ਕੰਮਾਂ ਦਾ ਇਸ਼ਤਿਹਾਰ ਦਿੰਦੇ ਹਨ। ਉਹਨਾਂ ਦੀ ਸੰਸਥਾ ਅਤੇ ਸੇਵਕਾਈ ਅਸਲ ਵਿੱਚ ਹਨੇਰਾ ਹੈ ਕਿਉਂਕਿ ਇਸ ਨਾਲ ਉਹਨਾਂ ਦੇ ਪਿਤਾ ਦੀ ਜੋ ਕਿ ਸਵਰਗ ਵਿੱਚ ਹੈ, ਕੋਈ ਮਹਿਮਾ ਨਹੀਂ ਹੁੰਦੀ। ਇਸਦੀ ਥਾਂ ਉਸ ਵਿਸ਼ੇਸ਼ ਵਿਅਕਤੀ ਅਤੇ ਸੰਸਥਾ ਦੀ ਮਹਿਮਾ ਹੁੰਦੀ ਹੈ। ਪਰ ਯਿਸੂ ਨੇ ਕਿਹਾ, "ਇਸੇ ਤਰ੍ਹਾਂ ਲੋਕਾਂ ਨੂੰ ਤੁਹਾਡੇ ਚੰਗੇ ਕੰਮ ਵੇਖਣ ਦਿਓ ਅਤੇ ਤਾਂ ਜੋ ਉਹ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤ ਕਰ ਸਕਣ।" ਇਹੀ ਅਸਲ ਚਾਨਣ ਹੈ, ਜਦੋਂ ਕਿਸੇ ਵਿਅਕਤੀ ਦੇ ਭਲੇ ਕੰਮਾਂ ਨਾਲ ਯਿਸੂ ਦੀ ਮਹਿਮਾ ਹੁੰਦੀ ਹੈ, ਨਾ ਕਿ ਉਸ ਵਿਅਕਤੀ ਦੀ।
ਚਾਨਣ ਨੂੰ ਪ੍ਰਗਟ ਕਰਨ ਦਾ ਇਹੀ ਸਹੀ ਅਰਥ ਹੈ। ਯੂਹੰਨਾ 1:4 ਵਿੱਚ ਚਾਨਣ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ: "ਯਿਸੂ ਮਸੀਹ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ।" ਇਸ ਤਰ੍ਹਾਂ ਚਾਨਣ ਕੋਈ ਸਿਧਾਂਤ, ਸਿੱਖਿਆ ਜਾਂ ਵਿਸ਼ੇਸ਼ ਸੰਦੇਸ਼ ਨਹੀਂ ਹੈ-ਇਹ ਜੀਵਨ ਹੈ। ਇਹ ਪਵਿੱਤਰ ਆਤਮਾ ਰਾਹੀਂ ਯਿਸੂ ਦਾ ਅਸਲ ਜੀਵਨ ਸਾਡੇ ਵਿੱਚ ਪ੍ਰਗਟ ਹੁੰਦਾ ਹੈ। ਇਸ ਤਰ੍ਹਾਂ ਯਿਸੂ ਦਾ ਜੀਵਨ ਪੁਰਾਣੇ ਦੀਵੇ ਦੀ ਤਰ੍ਹਾਂ ਸਾਡੇ ਰਾਹੀਂ ਪ੍ਰਗਟ ਹੁੰਦਾ ਹੈ ਜੋ ਕਿ ਤੇਲ ਨਾਲ ਭਰਪੂਰ ਹੈ ਅਤੇ ਸਾਨੂੰ ਚਾਨਣ ਦਿੰਦਾ ਹੈ।
ਯਿਸੂ ਨੇ ਯੂਹੰਨਾ 8:12 ਵਿੱਚ ਸਪਸ਼ੱਟ ਕਿਹਾ, "ਮੈਂ ਦੁਨੀਆ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ।" ਯੂਹੰਨਾ 8:12 ਅਨੁਸਾਰ, ਜਦੋਂ ਕੋਈ ਮਨੁੱਖ ਹਨੇਰੇ ਵਿੱਚ ਚਲਦਾ ਹੈ ਤਾਂ ਅਸੀਂ ਨਿਰਸੰਦੇਹ ਕਹਿ ਸਕਦੇ ਹਾਂ ਕਿ ਉਹ ਯਿਸੂ ਦਾ ਅਨੁਸਰਣ ਨਹੀਂ ਕਰ ਰਿਹਾ। ਜੇ ਤੁਸੀਂ ਕਹਿੰਦੇ ਹੋ, "ਠੀਕ ਹੈ, ਮੈਂ ਥੋੜ੍ਹੇ ਹਨੇਰੇ ਵਿੱਚ ਹਾਂ," ਇਸਦਾ ਕਾਰਨ ਹੈ ਕਿ ਤੁਸੀਂ ਯਿਸੂ ਦਾ ਅਨੁਸਰਣ ਨਹੀਂ ਕਰ ਰਹੇ। ਜੇਕਰ ਤੁਹਾਨੂੰ ਪਰਮੇਸ਼ਰ ਦੀ ਇੱਛਾ ਬਾਰੇ ਪਤਾ ਨਹੀਂ ਹੈ ਤਾਂ ਕਿਰਪਾ ਤੁਸੀਂ ਇਸ ਭਰਮ ਵਿੱਚ ਨਾ ਰਹੋ ਕਿ ਪਰਮੇਸ਼ਰ ਦੀ ਇੱਛਾ ਬਾਰੇ ਅਨਿਸ਼ਚਿਤ ਹੋਣ ਕਾਰਨ ਤੁਸੀਂ ਹਨੇਰੇ ਵਿੱਚ ਹੋ। ਇੱਥੋਂ ਤੱਕ ਕਿ ਯਿਸੂ ਵੀ ਪਿਤਾ ਦੀ ਇੱਛਾ ਬਾਰੇ ਅਨਿਸ਼ਚਿਤ ਸੀ, ਗਥਸਮਨੀ ਦੇ ਬਾਗ ਵਿੱਚ ਯਿਸ਼ੂ ਵੀ ਉਲਝਣ ਵਿੱਚ ਸੀ। ਇਸ ਕਾਰਨ ਉਸਨੇ ਇੱਕ ਘੰਟਾ ਪ੍ਰਾਥਨਾ ਕੀਤੀ, "ਹੇ ਪਿਤਾ ਤੁਹਾਡੀ ਇੱਛਾ ਕੀ ਹੈ, ਕੀ ਮੈਨੂੰ ਇਹ ਦੁੱਖ ਦਾ ਪਿਆਲਾ ਪੀਣਾ ਚਾਹੀਦਾ ਹੈ ਜਾ ਨਹੀਂ?" ਇਹ ਹਨੇਰਾ ਨਹੀਂ ਹੈ। ਉਲਝਣ ਵਿਸ਼ਵਾਸ਼ ਦੇ ਜੀਵਨ ਦਾ ਇੱਕ ਭਾਗ ਹੈ, ਪਰ ਹਨੇਰਾ ਕੁਝ ਅਲਗ ਹੈ, ਇਹ ਯਿਸੂ ਦੇ ਜੀਵਨ ਦੇ ਵਿਪਰੀਤ ਹੈ। ਯਿਸੂ ਨੇ ਕਿਹਾ, "ਮੈਂ ਦੁਨੀਆ ਦਾ ਚਾਨਣ ਹਾਂ। ਉਹ ਮਨੁੱਖ ਜੋ ਮੇਰਾ ਅਨੁਸਰਣ ਕਰਦਾ, ਕਦੇ ਵੀ ਹਨੇਰਿਆਂ ਵਿੱਚ ਨਹੀਂ ਜੀਵੇਗਾ।"
ਫਿਰ ਉਸ ਨੇ ਅੱਗੇ ਕਿਹਾ ਕਿ ਉਹ ਸਿਰਫ਼ ਇੱਕ ਨਿਸ਼ਚਿਤ ਸਮੇਂ ਲਈ ਹੀ ਸੰਸਾਰ ਦਾ ਚਾਨਣ ਸੀ। "ਜਦ ਤੀਕ ਮੈਂ ਦੁਨੀਆ ਵਿੱਚ ਹਾਂ ਮੈਂ ਦੁਨੀਆ ਲਈ ਚਾਨਣ ਹਾਂ" (ਯੂਹੰਨਾ 9:5)। ਕਿੰਨੇ ਸਮੇਂ ਤੱਕ ਉਹ ਦੁਨੀਆ ਵਿੱਚ ਸੀ? ਉਹ ਦੁਨੀਆ ਵਿੱਚ 33 ½ ਸਾਲ ਰਿਹਾ। ਬਸ ਇੰਨਾ ਹੀ।
ਅਤਿ-ਆਤਮਿਕ ਲੋਕ ਕਹਿ ਸਕਦੇ ਹਨ, "ਕੀ ਮਸੀਹ ਹੁਣ ਸੰਸਾਰ ਵਿੱਚ ਨਹੀਂ ਹੈ?" ਅੱਛਾ, ਜੇ ਤੁਸੀਂ ਯੂਹੰਨਾ 17:11 ਪੜ੍ਹੋ, ਉਹ ਕਹਿੰਦਾ ਹੈ, "ਹੁਣ ਮੈਂ ਇਸ ਦੁਨੀਆ ਵਿੱਚ ਨਹੀਂ ਠਹਿਰਣਾ।" ਸਾਨੂੰ ਅਤਿ-ਆਤਮਿਕਤਾ ਤੋਂ ਛੁਟਕਾਰੇ ਦੀ ਜ਼ਰੂਰਤ ਹੈ। ਯਿਸੂ ਦੇ ਇਸ ਧਰਤੀ ਨੂੰ ਛੱਡਣ ਅਤੇ ਸਵਰਗ ਜਾਣ ਤੋਂ ਠੀਕ ਪਹਿਲਾਂ, ਸਲੀਬ ਦੀ ਪੂਰਵ ਸੰਧਿਆ 'ਤੇ, ਉਸਨੇ ਕਿਹਾ, "ਪਿਤਾ, ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ, ਹੁਣ ਮੈਂ ਇਸ ਦੁਨੀਆ ਵਿੱਚ ਨਹੀਂ ਠਹਿਰਣਾ ਪਰ ਇਹ ਮੇਰੇ ਚੇਲੇ ਇੱਥੇ ਹੀ ਹਨ। ਇਹ ਦੁਨੀਆ ਵਿੱਚ ਹਨ, ਪਰ ਮੈਂ ਇੱਥੇ ਹੋਰ ਨਹੀ ਠਹਿਰਣਾ।" ਇਸ ਲਈ ਜਦੋਂ ਉਸਨੇ ਯੂਹੰਨਾ ਅਧਿਆਇ 9 ਵਿੱਚ ਕਿਹਾ, "ਜਦ ਤੀਕ ਮੈਂ ਦੁਨੀਆ ਵਿੱਚ ਹਾਂ," ਤਾਂ ਉਹ ਆਪਣੇ ਧਰਤੀ ਦੇ 33 ½ ਸਾਲਾਂ ਦੇ ਜੀਵਨ ਵਾਰੇ ਗੱਲ ਕਰ ਰਹੇ ਸਨ, ਜਿੱਥੇ ਉਹਨਾਂ ਨੇ ਆਪਣਾ ਜੀਵਨ ਪ੍ਰਗਟ ਕੀਤਾ ਸੀ। ਉਸ ਤੋ ਬਾਅਦ ਉਸਨੂੰ ਸਵਰਗ ਵਿੱਚ ਉਠਾਇਆ ਗਿਆ, ਹੁਣ ਦੁਨੀਆ ਦਾ ਚਾਨਣ ਕੌਣ ਹੈ?
ਮਤੀ 5:14 ਵਿੱਚ ਲਿਖਿਆ ਹੈ, "ਤੁਸੀਂ ਦੁਨੀਆ ਦਾ ਚਾਨਣ ਹੋ।" ਜੇ ਕਿਸੇ ਨੇ ਮੈਨੂੰ ਪੁੱਛਿਆ ਹੁੰਦਾ, "ਦੁਨੀਆ ਦਾ ਚਾਨਣ ਕੌਣ ਹੈ?", ਪਵਿੱਤਰ ਸ਼ਾਸਤਰ ਅਨੁਸਾਰ ਇਸਦਾ ਉੱਤਰ ਹੋਵੇਗਾ, "ਮੈਂ, ਮੈਂ ਯਿਸੂ ਦਾ ਅਨੁਸਰਣ ਕਰਨ ਵਾਲੇ ਹੋਰ ਲੋਕਾਂ ਦੇ ਨਾਲ ਦੁਨੀਆ ਦਾ ਚਾਨਣ ਹਾਂ।" ਕੀ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਵਿਚਾਰ ਆਇਆ ਹੈ? ਕੀ ਕਦੇ ਤੁਸੀਂ ਇਸਦਾ ਉੱਤਰ ਇਸ ਤਰ੍ਹਾਂ ਸੋਚਿਆ ਹੈ, "ਦੁਨੀਆ ਦਾ ਚਾਨਣ ਕੌਣ ਹੈ?" ਇਹ ਕਹਿੰਦੇ ਹੋਏ ਕਿ "ਮੈਂ ਅਤੇ ਹੋਰ ਲੋਕ ਜੋ ਯਿਸੂ ਦਾ ਅਨੁਸਰਣ ਕਰਦੇ ਹਨ।" ਇਹ ਸਹੀ ਉੱਤਰ ਹੈ।
ਇਹ ਕਹਿਣਾ ਸੌਖਾ ਹੈ, "ਓਹ! ਮੇਰੇ ਵੱਲ ਨਾ ਦੇਖੋ। ਯਿਸੂ ਵੱਲ ਦੇਖੋ।" ਪਰ ਉਹ ਇਸ ਧਰਤੀ ਤੇ ਨਹੀਂ ਹੈ। ਉਸਨੇ ਕਿਹਾ, "ਜਦ ਤੀਕ ਮੈਂ ਦੁਨੀਆ ਵਿੱਚ ਹਾਂ ਮੈਂ ਦੁਨੀਆ ਲਈ ਚਾਨਣ ਹਾਂ" ਬਹੁਤੇ ਮਸੀਹੀ ਪਵਿੱਤਰ ਸ਼ਾਸਤਰ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਅਤੇ ਉਹਨਾਂ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਗਲਤ ਵਿਚਾਰ ਆਉਂਦੇ ਹਨ ਜੋ ਉਹਨਾਂ ਦੀ ਆਪਣੀ ਸਮਝ ਅਨੁਸਾਰ ਹੁੰਦੇ ਹਨ ਅਤੇ ਪੂਰੀ ਤਰ੍ਹਾਂ ਗਲਤ ਹੁੰਦੇ ਹਨ। ਜਿਵੇਂ ਪਰਮੇਸ਼ਰ ਆਪਣੇ ਸੰਪੂਰਨ ਜੀਵਨ ਨੂੰ ਪ੍ਰਗਟ ਕਰਨ ਲਈ ਸਾਢੇ 33 ਸਾਲਾਂ ਦੌਰਾਨ ਯਿਸੂ ਮਸੀਹ ਉੱਤੇ 100% ਨਿਰਭਰ ਰਿਹਾ, ਉਸੇ ਤਰ੍ਹਾਂ ਉਹ ਉਸ ਚਾਨਣ ਨੂੰ ਸੰਪੂਰਨ ਰੂਪ 'ਚ ਪ੍ਰਗਟ ਕਰਨ ਲਈ ਚਰਚ ਅਤੇ ਧਰਤੀ ਉੱਤੇ ਆਪਣੇ ਚੇਲਿਆਂ 'ਤੇ ਨਿਰਭਰ ਹੈ।
"ਇਸੇ ਤਰ੍ਹਾਂ ਲੋਕਾਂ ਨੂੰ ਤੁਹਾਡੇ ਚੰਗੇ ਕੰਮ ਵੇਖਣ ਦਿਓ ਅਤੇ ਤਾਂ ਜੋ ਉਹ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤ ਕਰ ਸਕਣ।""