WFTW Body: 

ਮਸੀਹ ਨੇ ਕਲੀਸਿਆ ਨੂੰ ਪਿਆਰ ਕੀਤਾ ਅਤੇ ਆਪਣਾ ਆਪ ਉਸ ਲਈ ਵਾਰ ਦਿੱਤਾ (ਅਫ਼ਸੀਆ 5:25)। ਕਲੀਸਿਆ ਦਾ ਨਿਰਮਾਣ ਕਰਨ ਲਈ ਸਾਨੂੰ ਵੀ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ। ਆਪਣਾ ਸਮਾਂ ਅਤੇ ਪੈਸਾ ਦੇਣਾ ਹੀ ਕਾਫ਼ੀ ਨਹੀਂ ਹੈ। ਸਾਨੂੰ ਆਪਣੇ ਨੂੰ ਸਮਰਪਿਤ ਕਰਨਾ ਪਵੇਗਾ।

ਜਦੋਂ ਪਰਮੇਸ਼ਰ, ਮਨੁੱਖ ਪ੍ਰਤੀ ਆਪਣਾ ਪਿਆਰ ਪ੍ਰਗਟ ਕਰਨਾ ਚਾਹੁੰਦਾ ਸੀ, ਤਾਂ ਉਸਨੇ ਆਪਣੇ ਪਿਆਰ ਦੀ ਤੁਲਨਾ ਲਈ ਸਿਰਫ਼ ਇੱਕ ਹੀ ਦੁਨਿਆਵੀ ਉਦਾਹਰਣ ਦੀ ਚੋਣ ਕੀਤੀ- ਇੱਕ ਮਾਂ ਦਾ ਆਪਣੇ ਨਵਜੰਮੇ ਬੱਚੇ ਲਈ ਪਿਆਰ (ਯਸਾਯਾਹ 49:15 ਵੇਖੋ)। ਜੇ ਤੁਸੀਂ ਕਿਸੇ ਮਾਂ ਨੂੰ ਦੇਖੋਗੇ, ਤਾਂ ਤੁਸੀਂ ਦੇਖੋਗੇ ਕਿ ਉਸਦਾ ਆਪਣੇ ਬੱਚੇ ਲਈ ਪਿਆਰ ਕੁਰਬਾਨੀ ਦੀ ਭਾਵਨਾ ਨਾਲ ਭਰਿਆ ਹੁੰਦਾ ਹੈ। ਸਵੇਰ ਤੋਂ ਲੈ ਕੇ ਦੇਰ ਰਾਤ ਤੱਕ, ਅਤੇ ਸਾਰੀ ਰਾਤ, ਇੱਕ ਮਾਂ ਆਪਣੇ ਬੱਚੇ ਲਈ ਕੁਰਬਾਨੀ ਦਿੰਦੀ ਹੈ; ਅਤੇ ਉਸਨੂੰ ਬਦਲੇ ਵਿੱਚ ਕੁਝ ਨਹੀਂ ਮਿਲਦਾ। ਉਹ ਆਪਣੇ ਬੱਚੇ ਲਈ ਖੁਸ਼ੀ ਨਾਲ ਸਾਲ ਦਰ ਸਾਲ, ਦਰਦ ਅਤੇ ਅਸੁਵਿਧਾ ਸਹਿਣ ਕਰਦੀ ਹੈ, ਬਦਲੇ ਵਿੱਚ ਕੁਝ ਵੀ ਉਮੀਦ ਨਹੀਂ ਕਰਦੀ। ਪਰਮੇਸ਼ਰ ਵੀ ਸਾਨੂੰ ਇਸੇ ਤਰ੍ਹਾਂ ਪਿਆਰ ਕਰਦਾ ਹੈ। ਅਤੇ ਇਹੀ ਸੁਭਾਅ ਹੈ ਜੋ ਉਹ ਸਾਨੂੰ ਦੇਣਾ ਚਾਹੁੰਦਾ ਹੈ। ਪਰ ਦੁਨੀਆਂ ਵਿੱਚ ਕਿਤੇ ਵੀ ਅਜਿਹੀ ਸੰਗਤ ਲੱਭਣਾ ਅਸੰਭਵ ਹੈ ਜਿਸ ਬਾਰੇ ਇਹ ਇਮਾਨਦਾਰੀ ਨਾਲ ਕਿਹਾ ਜਾ ਸਕੇ ਕਿ ਉਹ ਸਾਰੇ ਇੱਕ ਦੂਜੇ ਨੂੰ ਇਸ ਤਰ੍ਹਾਂ ਪਿਆਰ ਕਰਦੇ ਹਨ। ਜ਼ਿਆਦਾਤਰ ਵਿਸ਼ਵਾਸੀ ਸਿਰਫ਼ ਉਨ੍ਹਾਂ ਨੂੰ ਪਿਆਰ ਕਰਨਾ ਜਾਣਦੇ ਹਨ ਜੋ ਉਨ੍ਹਾਂ ਨਾਲ ਸਹਿਮਤ ਹੁੰਦੇ ਹਨ ਅਤੇ ਜੋ ਉਨ੍ਹਾਂ ਦੇ ਸਮੂਹ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਦਾ ਪਿਆਰ ਦੁਨਿਆਵੀ ਹੈ ਅਤੇ ਮਾਵਾਂ ਦੇ ਬਲਿਦਾਨ ਭਰਪੂਰ ਪਿਆਰ ਤੋਂ ਬਹੁਤ ਦੂਰ ਹੈ!! ਫਿਰ ਵੀ, ਈਸ਼ਵਰੀ ਪਿਆਰ ਉਹ ਟੀਚਾ ਹੈ ਜਿਸ ਵੱਲ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ।

ਇੱਕ ਮਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਉਸਦੇ ਆਲੇ-ਦੁਆਲੇ ਦੇ ਲੋਕ ਉਸਦੇ ਬੱਚੇ ਲਈ ਕੁਝ ਕੁਰਬਾਨ ਕਰ ਰਹੇ ਹਨ ਜਾਂ ਨਹੀਂ। ਉਹ ਖੁਸ਼ੀ ਨਾਲ ਆਪਣਾ ਸਭ ਕੁਝ ਕੁਰਬਾਨ ਕਰ ਦਿੰਦੀ ਹੈ। ਇਸੇ ਤਰ੍ਹਾਂ, ਜਿਸਨੇ ਕਲੀਸਿਆ ਨੂੰ ਆਪਣੇ ਬੱਚੇ ਵਾਂਗ ਦੇਖਿਆ ਹੈ, ਉਸਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੋਵੇਗੀ ਕਿ ਉਸਦੇ ਆਲੇ-ਦੁਆਲੇ ਦੇ ਲੋਕ ਕਲੀਸਿਆ ਲਈ ਕੁਝ ਕੁਰਬਾਨ ਕਰ ਰਹੇ ਹਨ ਜਾਂ ਨਹੀਂ। ਉਹ ਖੁਸ਼ੀ ਨਾਲ ਆਪਣੇ ਆਪ ਨੂੰ ਕੁਰਬਾਨ ਕਰ ਦੇਵੇਗਾ, ਅਤੇ ਉਸਨੂੰ ਕਿਸੇ ਹੋਰ ਦੇ ਵਿਰੁੱਧ ਕੋਈ ਸ਼ਿਕਾਇਤ ਜਾਂ ਉਸਦੀ ਕੋਈ ਮੰਗ ਨਹੀਂ ਹੋਵੇਗੀ। ਜੋ ਲੋਕ ਸ਼ਿਕਾਇਤ ਕਰਦੇ ਹਨ ਕਿ ਦੂਸਰੇ ਕਲੀਸਿਆ ਦੀ ਖ਼ਾਤਰ ਕੁਰਬਾਨੀ ਨਹੀਂ ਕਰ ਰਹੇ ਹਨ, ਉਹ ਮਾਵਾਂ ਨਹੀਂ ਹਨ ਸਗੋਂ ਭਾੜੇ ਦੀਆਂ ਨਰਸਾਂ ਹਨ। ਅਜਿਹੀਆਂ ਨਰਸਾਂ ਦੇ ਕੰਮ ਦੇ ਘੰਟੇ ਨਿਸ਼ਚਿਤ ਹੁੰਦੇ ਹਨ, ਅਤੇ ਜਦੋਂ ਅਗਲੀ 8-ਘੰਟੇ ਦੀ ਸ਼ਿਫਟ ਲਈ ਨਰਸ ਸਮੇਂ ਸਿਰ ਨਹੀਂ ਆਉਂਦੀ ਤਾਂ ਉਹ ਸ਼ਿਕਾਇਤ ਕਰਨਗੀਆਂ।

ਪਰ ਇੱਕ ਮਾਂ ਹਰ ਰੋਜ਼ 8 ਘੰਟੇ ਦੀ ਸ਼ਿਫਟ ਵਿੱਚ ਕੰਮ ਨਹੀਂ ਕਰਦੀ। ਉਹ ਹਰ ਸਾਲ 24 ਘੰਟੇ ਦੀ ਸ਼ਿਫਟ ਵਿੱਚ ਕੰਮ ਕਰਦੀ ਹੈ - ਸਾਲ ਦਰ ਸਾਲ - ਅਤੇ ਉਸਨੂੰ ਇਸਦਾ ਭੁਗਤਾਨ ਵੀ ਨਹੀਂ ਮਿਲਦਾ। ਜਦੋਂ ਉਸਦਾ ਬੱਚਾ 20 ਸਾਲ ਦਾ ਹੁੰਦਾ ਹੈ, ਤਾਂ ਵੀ ਮਾਂ ਦਾ ਕੰਮ ਖਤਮ ਨਹੀਂ ਹੁੰਦਾ!! ਸਿਰਫ਼ ਮਾਵਾਂ ਹੀ ਆਪਣੇ ਬੱਚਿਆਂ ਨੂੰ ਹਰ ਰੋਜ਼ ਦੁੱਧ ਪਿਲਾ ਸਕਦੀਆਂ ਹਨ। ਨਰਸਾਂ ਉਨ੍ਹਾਂ ਬੱਚਿਆਂ ਲਈ ਦੁੱਧ ਨਹੀਂ ਪੈਦਾ ਕਰ ਸਕਦੀਆਂ ਜਿਨ੍ਹਾਂ ਦੀ ਉਹ ਦੇਖਭਾਲ ਕਰਦੀਆਂ ਹਨ। ਇਸੇ ਤਰ੍ਹਾਂ, ਜਿਹੜੇ ਲੋਕ ਕਲੀਸਿਆ ਵਿੱਚ ਮਾਵਾਂ ਵਾਂਗ ਹਨ, ਉਨ੍ਹਾਂ ਕੋਲ ਹਮੇਸ਼ਾ ਆਪਣੇ ਆਤਮਿਕ ਬੱਚਿਆਂ ਲਈ ਹਰ ਸਭਾ ਵਿੱਚ ਕੋਈ ਬਚਨ ਹੋਵੇਗਾ। ਬਹੁਤ ਸਾਰੇ ਪ੍ਰਾਚੀਨਾਂ ਕੋਲ ਕਲੀਸੀਆ ਲਈ ਕੋਈ ਬਚਨ ਨਹੀਂ ਹੁੰਦਾ ਕਿਉਂਕਿ ਉਹ ਨਰਸਾਂ ਹਨ, ਮਾਵਾਂ ਨਹੀਂ।

ਇੱਕ ਮਾਂ ਆਪਣੇ ਬੱਚਿਆਂ ਤੋਂ ਕਿਸੇ ਵੀ ਭੁਗਤਾਨ ਦੀ ਉਮੀਦ ਨਹੀਂ ਰੱਖਦੀ। ਕੋਈ ਵੀ ਬੱਚਾ ਕਦੇ ਵੀ ਆਪਣੀ ਮਾਂ ਨੂੰ ਉਸਦੀ ਸੇਵਾ ਲਈ ਭੁਗਤਾਨ ਨਹੀਂ ਕਰਦਾ। ਦਰਅਸਲ, ਜੇਕਰ ਤੁਸੀਂ ਇੱਕ ਮਾਂ ਨੂੰ ਮਿਲਣ ਵਾਲੀ ਤਨਖਾਹ ਦਾ ਹਿਸਾਬ ਲਗਾਓ, 20 ਰੁਪਏ ਪ੍ਰਤੀ ਘੰਟੇ (ਨਰਸਾਂ ਨੂੰ ਦਿੱਤੇ ਜਾਣ ਵਾਲੇ) ਦੀ ਦਰ ਨਾਲ, ਤਾਂ ਤੁਸੀਂ ਦੇਖੋਗੇ ਕਿ ਹਰ ਬੱਚਾ 20 ਸਾਲ ਦੀ ਉਮਰ ਤੱਕ ਆਪਣੀ ਮਾਂ ਦਾ 30 ਲੱਖ ਰੁਪਏ ਤੋਂ ਵੱਧ ਦਾ ਦੇਣਦਾਰ ਹੁੰਦਾ ਹੈ। ਕਿਹੜਾ ਬੱਚਾ ਆਪਣੀ ਮਾਂ ਨੂੰ ਇੰਨੀ ਰਕਮ ਵਾਪਸ ਕਰ ਸਕਦਾ ਹੈ?

ਹੁਣ ਸਾਡੇ ਸਾਹਮਣੇ ਇਹ ਸਵਾਲ ਆਉਂਦਾ ਹੈ ਕਿ ਯਿਸੂ ਦੇ ਆਉਣ ਤੱਕ ਕੌਣ ਪ੍ਰਭੂ ਲਈ ਇਸ ਤਰ੍ਹਾਂ ਕੰਮ ਕਰਨ ਅਤੇ ਬਿਨਾਂ ਭੁਗਤਾਨ ਆਪਣੇ ਆਪ ਨੂੰ ਉਸਦੀ ਕਲੀਸਿਯਾ ਨੂੰ ਦੇਣ ਲਈ ਤਿਆਰ ਹੈ? ਜੇਕਰ ਪਰਮੇਸ਼ਰ ਕਿਤੇ ਵੀ ਅਜਿਹੀ ਆਤਮਾ ਵਾਲਾ ਸਿਰਫ਼ ਇੱਕ ਵਿਅਕਤੀ ਲੱਭ ਸਕਦਾ ਹੈ, ਤਾਂ ਪਰਮੇਸ਼ਰ ਕਲੀਸਿਆ ਬਣਾਉਣ ਲਈ 10,000 ਅਧੂਰੇ ਦਿਲ ਵਾਲੇ ਵਿਅਕਤੀ ਜੋ ਕੁਰਬਾਨੀ ਦੀ ਭਾਵਨਾ ਤੋਂ ਬਿਨਾਂ ਉਸਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਨਾਲੋਂ ਉਸਨੂੰ ਵਰਤੇਗਾ, ।

ਜਦੋਂ ਯਿਸੂ ਧਰਤੀ ’ਤੇ ਵਾਪਸ ਆਵੇਗਾ ਅਤੇ ਤੁਸੀਂ ਉਸਦੇ ਸਾਹਮਣੇ ਖੜ੍ਹੇ ਹੋਵੋਗੇ, ਤਾਂ ਕੀ ਤੁਹਾਨੂੰ ਆਪਣੇ ਜੀਵਨ ਜਿਊਣ ਦੇ ਢੰਗ ’ਤੇ ਕੋਈ ਪਛਤਾਵਾ ਹੋਵੇਗਾ, ਜਾਂ ਕੀ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਉਪਯੋਗੀ ਢੰਗ ਨਾਲ ਬਿਤਾਏ ਜੀਵਨ ਨੂੰ ਪਿੱਛੇ ਮੁੜ ਕੇ ਦੇਖ ਸਕੋਗੇ? ਬਹੁਤ ਸਾਰੇ ਲੋਕ ਧਰਤੀ ’ਤੇ ਭਟਕ ਰਹੇ ਹਨ ਅਤੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿ ਦੇਰ ਹੋਵੇ, ਜਾਗੋ ਅਤੇ ਪਰਮੇਸ਼ੁਰ ਅੱਗੇ ਬੇਨਤੀ ਕਰੋ ਕਿ ਉਹ ਤੁਹਾਨੂੰ ਦਿਖਾਵੇ ਕਿ ਉਸਦਾ ਰਸਤਾ ਕੁਰਬਾਨੀ ਦਾ ਰਸਤਾ ਹੈ। ਜਿਸਦੇ ਸੁਣਨ ਲਈ ਕੰਨ ਹਨ, ਉਹ ਸੁਣੇ।