WFTW Body: 

ਮੱਤੀ 5:17 ਵਿੱਚ ਕਿਹਾ ਗਿਆ ਹੈ, “ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ; ਮੈਂ ਉਹਨਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ, ਸਗੋਂ ਉਹਨਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ।” ਪਰਮੇਸ਼ੁਰ ਦੇ ਉਪਦੇਸ਼ਾਂ ਪਿੱਛੇ ਮੂਲ ਸਿਧਾਂਤ ਉਸਦਾ ਜੀਵਨ ਹੈ। ਬਿਵਸਥਾ ਵਿੱਚ, ਉਸ਼ਨੇ ਇੱਕ ਸੀਮਤ ਤਰੀਕੇ ਨਾਲ, ਆਪਣੇ ਸੁਭਾਅ ਨੂੰ ਲਿਖਤ ਰੂਪ ਵਿੱਚ ਪੇਸ਼ ਕੀਤਾ ਸੀ। ਮੂਰਤੀ-ਪੂਜਾ ਦੀ ਅਣਹੋਂਦ ਅਤੇ ਪਰਮੇਸ਼ੁਰ ਨੂੰ ਪਹਿਲਾ ਸਥਾਨ ਦੇਣਾ, ਮਾਤਾ-ਪਿਤਾ ਦਾ ਸਤਿਕਾਰ ਕਰਨਾ, ਕਦੇ ਵੀ ਦੂਜੇ ਲੋਕਾਂ ਨੂੰ ਕਤਲ, ਵਿਭਚਾਰ ਜਾਂ ਅਜਿਹੀ ਕਿਸੇ ਵੀ ਚੀਜ਼ ਨਾਲ ਨੁਕਸਾਨ ਨਾ ਪਹੁੰਚਾਉਣਾ ਆਦਿ, ਮਨੁੱਖ ਵਿੱਚ ਪਰਮੇਸ਼ੁਰ ਦੇ ਜੀਵਨ ਦਾ ਪ੍ਰਗਟਾਵਾ ਸੀ, ਅਤੇ ਯਿਸੂ ਨੇ ਉਸ ਜੀਵਨ ਨੂੰ ਪ੍ਰਗਟ ਕੀਤਾ। ਉਸਨੇ ਕਿਹਾ,“ਮੈਂ ਬਿਵਸਥਾ ਨੂੰ ਨਸ਼ਟ ਕਰਨ ਨਹੀਂ ਆਇਆ ਹਾਂ।” ਬਿਵਸਥਾ ਦੇ ਪਿੱਛੇ ਮੂਲ ਸਿਧਾਂਤ ਕਦੇ ਵੀ ਨਸ਼ਟ ਨਹੀਂ ਕੀਤਾ ਗਿਆ ਸੀ। ਕੁਝ ਲੋਕ ਇਸ ਆਇਤ ਨੂੰ ਗਲਤ ਸਮਝਦੇ ਹਨ ਕਿ ਸਾਨੂੰ ਸਬਤ ਵੀ ਰੱਖਣਾ ਚਾਹੀਦਾ ਹੈ।
ਕੁਲੁੱਸੀਆਂ 2:16 ਵਿੱਚ ਲਿਖਿਆ ਹੈ, “ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮਸਿਯਾ ਜਾਂ ਸਬਤ। ਕਿਉਂਕਿ ਅਤੀਤ ਵਿੱਚ ਇਹ ਗੱਲਾਂ ਕੇਵਲ ਪਰਛਾਵਾਂ ਮਾਤਰ ਸਨ।” ਕੀ ਤੁਸੀਂ ਦੇਖਿਆ ਕਿ ਉਸਨੇ ਚੌਥਾ ਹੁਕਮ ਸ਼ਾਮਲ ਕੀਤਾ ਸੀ, ਸਬਤ ਨੂੰ ਮੰਨਣਾ? ਉਹ ਕਹਿੰਦਾ ਹੈ ਕਿ ਇਹ ਸਿਰਫ਼ ਇੱਕ ਪਰਛਾਵਾਂ ਹੈ। ਇਹ ਮਸੀਹ ਵਿੱਚ ਪੂਰਾ ਹੁੰਦਾ ਹੈ। ਅੱਜ ਦੀ ਭਾਸ਼ਾ ਵਿੱਚ, ਤੁਸੀਂ ਕਹਿ ਸਕਦੇ ਹੋ ਕਿ ਇਹ ਇੱਕ ਫੋਟੋ ਵਾਂਗ ਹੈ। ਜਦੋਂ ਤੱਕ ਮਸੀਹ ਨਹੀਂ ਆਇਆ, ਤੁਹਾਨੂੰ ਫੋਟੋ ਦੀ ਲੋੜ ਸੀ। ਜੇ ਮੈਂ ਆਪਣੀ ਪਤਨੀ ਨਾਲ ਯਾਤਰਾ ਨਹੀਂ ਕਰ ਰਿਹਾ ਹਾਂ, ਤਾਂ ਮੈਂ ਉਸਦੀ ਫੋਟੋ ਆਪਣੇ ਨਾਲ ਲੈ ਜਾ ਸਕਦਾ ਹਾਂ ਅਤੇ ਇਸਨੂੰ ਦੇਖ ਸਕਦਾ ਹਾਂ, ਪਰ ਜੇ ਮੈਂ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਹਾਂ, ਤਾਂ ਮੈਨੂੰ ਫੋਟੋ ਦੇਖਣ ਦੀ ਕੀ ਲੋੜ ਹੈ? ਉਹ ਆਦਮੀ ਕੋਈ ਗੜਬੜ ਕਰ ਰਿਹਾ ਹੈ ਜੋ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਹੈ ਪਰ ਉਸਦੀ ਫੋਟੋ ਦੇਖਦਾ ਰਹਿੰਦਾ ਹੈ!
ਇਸ ਲਈ ਮਸੀਹ ਦੇ ਆਉਣ ਨਾਲ ਨੇਮ ਸੰਪੂਰਣ ਹੋ ਗਿਆ ਹੈ। ਉਹ ਕਹਿੰਦਾ ਹੈ ਕਿ ਇਹ ਸਿਰਫ਼ ਇੱਕ ਪਰਛਾਵਾਂ ਸੀ। ਇਹ ਮਸੀਹ ਦੀ ਇੱਕ ਸਹੀ ਤਸਵੀਰ ਹੈ - ਪੁਰਾਣੇ ਨੇਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਮਸੀਹ ਨੂੰ ਸਹੀ ਢੰਗ ਨਾਲ ਦਰਸਾਇਆ - ਪਰ ਇਹ ਸਿਰਫ਼ ਇੱਕ ਤਸਵੀਰ ਹੈ। ਅਸਲੀਅਤ ਮਸੀਹ ਵਿੱਚ ਹੈ। ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਜਦੋਂ ਯਿਸੂ ਬਿਵਸਥਾ ਨੂੰ ਸੰਪੂਰਨ ਕਰਨ ਬਾਰੇ ਗੱਲ ਕਰਦਾ ਹੈ। ਸਬਤ ਮਸੀਹ ਵਿੱਚ ਪੂਰਾ ਹੋਇਆ ਸੀ, ਅਤੇ ਹੁਣ ਇਹ ਅੰਦਰੂਨੀ ਸਬਤ ਹੈ ਜਿਸਨੂੰ ਪ੍ਰਭੂ ਸਾਡੇ ਦਿਲਾਂ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। “ਮੇਰੇ ਕੋਲ ਆਓ ਅਤੇ ਮੈਂ ਤੁਹਾਨੂੰ ਆਰਾਮ ਦਿਆਂਗਾ” (ਮੱਤੀ 11:28)। ਉਹ ਅੰਦਰੂਨੀ ਆਰਾਮ ਉਦੋਂ ਆਉਂਦਾ ਹੈ ਜਦੋਂ ਅਸੀਂ ਉਸਦਾ ਜੂਲਾ ਆਪਣੇ ਉੱਤੇ ਲੈਂਦੇ ਹਾਂ। ਕੁਝ ਲੋਕ ਸਬਤ ਨੂੰ ਇੱਕ ਹੁਕਮ ਮੰਨਣ ਬਾਰੇ ਸੋਚਦੇ ਹਨ ਜਿਸਨੂੰ ਕਦੇ ਵੀ ਰੱਦ ਨਹੀਂ ਕੀਤਾ ਜਾਣਾ ਚਾਹੀਦਾ। ਨਹੀਂ, ਬਿਵਸਥਾ ਦੀ ਸੰਪੂਰਨਤਾ ਹੁਣ ਸਾਡੇ ਦਿਲਾਂ ਦੇ ਅੰਦਰ ਪਵਿੱਤਰ ਆਤਮਾ ਦੁਆਰਾ ਹੁੰਦੀ ਹੈ।
ਰੋਮੀਆਂ 8:4 ਵਿੱਚ, ਇਸਨੂੰ ਇਸ ਤਰ੍ਹਾਂ ਸਮਝਾਇਆ ਗਿਆ ਹੈ, “ਪਰਮੇਸ਼ਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।” ਇਸ ਤਰ੍ਹਾਂ ਬਿਵਸਥਾ ਪੂਰੀ ਹੁੰਦੀ ਹੈ। ਸਾਨੂੰ ਪਵਿੱਤਰ ਸ਼ਾਸਤਰ ਦੀ ਤੁਲਨਾ ਪਵਿੱਤਰ ਸ਼ਾਸਤਰ ਨਾਲ ਕਰਨੀ ਪਵੇਗੀ। ਬਿਵਸਥਾ ਮਿਟੇਗੀ ਨਹੀਂ। ਯਿਸੂ ਬਿਵਸਥਾ ਨੂੰ ਨਸ਼ਟ ਕਰਨ ਲਈ ਨਹੀਂ ਆਇਆ ਸੀ, ਸਗੋਂ ਇਸਨੂੰ ਸੰਪੂਰਣ ਕਰਨ ਲਈ ਆਇਆ ਸੀ, ਅਤੇ ਇਹ ਸਾਡੇ ਵਿੱਚ ਵੀ ਪੂਰਾ ਹੋਣਾ ਚਾਹੀਦਾ ਹੈ। ਇਹ ਸਾਡੇ ਵਿੱਚ ਕਿਵੇਂ ਪੂਰਾ ਹੋਣ ਵਾਲਾ ਹੈ? ਬਿਵਸਥਾ ਦੀ ਧਾਰਮਿਕ ਮੰਗ ਸਾਡੇ ਵਿੱਚ ਪੂਰੀ ਹੁੰਦੀ ਹੈ ਜਦੋਂ ਅਸੀਂ ਸਰੀਰ ਦੇ ਅਨੁਸਾਰ ਨਹੀਂ, ਸਗੋਂ ਹਰ ਰੋਜ਼ ਪਵਿੱਤਰ ਆਤਮਾ ਦੇ ਅਨੁਸਾਰ ਚੱਲਦੇ ਹਾਂ (ਰੋਮੀਆਂ 8:4)। ਇਹ ਸਬਤ ਜਾਂ ਹੋਰ ਹੁਕਮਾਂ ਨੂੰ ਮੰਨਣ ਨਾਲ ਨਹੀਂ ਹੁੰਦਾ।
ਮੱਤੀ 5:20, ਯਿਸੂ ਦੱਸਦਾ ਹੈ ਕਿ ਅਸੀਂ ਵਿਵਸਥਾ ਨੂੰ ਸੰਪੂਰਣ ਕਰਨ ਲਈ ਕਿੰਨੇ ਤਿਆਰ ਹਾਂ: “ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।” ਯਿਸੂ ਮਸੀਹ ਬਿਵਸਥਾ ਨੂੰ ਪੂਰਾ ਕਰਨ ਲਈ ਆਇਆ ਸੀ, ਅਤੇ ਸਾਡੇ ਜੀਵਨ ਵਿੱਚ ਵੀ, ਪਰਮੇਸ਼ੁਰ ਦੀ ਬਿਵਸਥਾ ਨੂੰ ਸਾਡੇ ਦਿਲਾਂ ਵਿੱਚ ਪੂਰਾ ਹੋਣਾ ਚਾਹੀਦਾ ਹੈ। ਪੁਰਾਣੇ ਨੇਮ ਵਿੱਚ, ਉਨ੍ਹਾਂ ਨੇ ਇਸਨੂੰ ਬਾਹਰੀ ਤੌਰ ’ਤੇ ਕਈ ਤਰੀਕਿਆਂ ਨਾਲ ਪੂਰਾ ਕੀਤਾ - ਉਨ੍ਹਾਂ ਨੇ “ਕੱਪ ਨੂੰ ਬਾਹਰ” ਤੋਂ ਸਾਫ਼ ਰੱਖਿਆ। ਪਰ ਇਹ ਕੱਪ ਦਾ ਅੰਦਰ ਹੈ ਜਿਸ ਵਿੱਚ ਪਰਮੇਸ਼ੁਰ ਹੁਣ ਦਿਲਚਸਪੀ ਰੱਖਦਾ ਹੈ। ਸਾਨੂੰ ਧਰਤੀ ਦਾ ਲੂਣ ਅਤੇ ਦੁਨੀਆਂ ਦਾ ਚਾਨਣ ਹੋਣਾ ਚਾਹੀਦਾ ਹੈ, ਅਤੇ ਉਹ ਜੀਵਨ ਪਵਿੱਤਰ ਆਤਮਾ ਰਾਹੀਂ ਅੰਦਰੋਂ ਪ੍ਰਗਟ ਹੋਣਾ ਚਾਹੀਦਾ ਹੈ।
ਫ਼ਿਲਿੱਪੀਆਂ 2:12, 13 ਵਿੱਚ ਕਿਹਾ ਗਿਆ ਹੈ, “ਪਰਮੇਸ਼ਰ ਲਈ ਮਹਾਨ ਇੱਜਤ ਅਤੇ ਡਰ ਨਾਲ ਆਪਣੀ ਮੁਕਤੀ ਸੰਪੂਰਣ ਕਰਨ ਲਈ ਕੰਮ ਕਰਨਾ ਜ਼ਾਰੀ ਰੱਖੋ, ਕਿਉਂਕਿ ਇਹ ਪਰਮੇਸ਼ੁਰ ਹੀ ਹੈ ਜੋ ਤੁਹਾਡੇ ਅੰਦਰ ਇੱਛਾ ਤੇ ਸ਼ਕਤੀ ਉਸਦੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਦਿੰਦਾ ਹੈ।”
ਇਸ ਆਇਤ ਬਾਰੇ ਕੁਝ ਨੁਕਤੇ ਇਹ ਹਨ:
(i) ਮੁਕਤੀ (ਭੂਤਕਾਲ ਵਿੱਚ) ਸਭ ਤੋਂ ਪਹਿਲਾਂ ਪਰਮੇਸ਼ਰ ਦੇ ਕ੍ਰੋਧ ਅਤੇ ਨਿਰਣੇ ਤੋਂ ਮੁਕਤੀ ਹੈ। ਇਹ ਮੁਕਤੀ ਪਰਮੇਸ਼ਰ ਵੱਲੋਂ ਇੱਕ ਮੁਫ਼ਤ ਤੋਹਫ਼ਾ ਹੈ ਅਤੇ ਅਸੀਂ ਇਸਨੂੰ ਪ੍ਰਾਪਤ ਕਰਨ ਲਈ ਕਦੇ ਵੀ ਕੰਮ ਨਹੀਂ ਕਰ ਸਕਦੇ। ਯਿਸੂ ਨੇ ਇਸਨੂੰ ਸਲੀਬ ’ਤੇ ਸਾਡੇ ਲਈ “ਮੁਕੰਮਲ” ਕਰ ਦਿੱਤਾ ਹੈ। ਪਰ ਮੁਕਤੀ, ਆਦਮ ਦੇ ਸੁਭਾਅ (ਦੇਹ) ਅਤੇ ਸਾਡੇ ਪਾਪੀ, ਸੰਸਾਰਿਕ ਵਿਵਹਾਰ (ਬੋਲਚਾਲ ਦਾ ਲਹਿਜਾ, ਚਿੜਚਿੜਾਪਨ, ਅਸ਼ੁੱਧਤਾ, ਭੌਤਿਕਵਾਦ) ਆਦਿ ਤੋਂ ਮੁਕਤੀ (ਵਰਤਮਾਨ ਕਾਲ) ਨੂੰ ਵੀ ਦਰਸਾਉਂਦੀ ਹੈ। ਇਹ ਉਹ ਮੁਕਤੀ ਹੈ ਜਿਸ ਬਾਰੇ ਉਪਰੋਕਤ ਆਇਤ ਵਿੱਚ ਦੱਸਿਆ ਗਿਆ ਹੈ। ਇੱਥੇ ਸਾਡੀ ਮੁਕਤੀ ਦੇ ਤਿੰਨ ਕਾਲ ਹਨ:
ਅਸੀਂ ਪਾਪ ਦੀ ਸਜ਼ਾ ਤੋਂ ਬਚ ਗਏ ਹਾਂ।
ਅਸੀਂ ਪਾਪ ਦੀ ਸ਼ਕਤੀ ਤੋਂ ਬਚਾਏ ਜਾ ਰਹੇ ਹਾਂ।
ਜਦੋਂ ਮਸੀਹ ਵਾਪਸ ਆਵੇਗਾ, ਤਾਂ ਅਸੀਂ ਪਾਪ ਦੀ ਉਪਸਥਿਤੀ ਤੋਂ ਬਚਾਏ ਜਾਵਾਂਗੇ।
(ii) ਜਦੋਂ ਵੀ ਪਰਮੇਸ਼ੁਰ ਦਾ ਬਚਨ, ਸਾਡੇ ਵਿੱਚ ਪਰਮੇਸ਼ੁਰ ਦੇ ਕੰਮ ਕਰਨ ਬਾਰੇ ਗੱਲ ਕਰਦਾ ਹੈ, ਇਹ ਹਮੇਸ਼ਾ ਪਵਿੱਤਰ ਆਤਮਾ ਦੀ ਸੇਵਕਾਈ ਦਾ ਹਵਾਲਾ ਦਿੰਦਾ ਹੈ। ਅਤੇ ਉਸਦਾ ਮੁੱਖ ਕੰਮ ਸਾਨੂੰ ਪਵਿੱਤਰ ਕਰਨਾ (ਸਾਨੂੰ ਪਾਪ ਅਤੇ ਸੰਸਾਰ ਤੋਂ ਵੱਖ ਕਰਨਾ) ਅਤੇ ਸਾਨੂੰ ਪਵਿੱਤਰ ਬਣਾਉਣਾ ਹੈ। ਇਸ ਲਈ ਜਦੋਂ ਪਰਮੇਸ਼ੁਰ ਸਾਡੇ ਵਿੱਚ “ਕੰਮ ਕਰਦਾ ਹੈ”, ਤਾਂ ਸਾਨੂੰ ਵੀ “ਕੰਮ ਕਰਨਾ” ਪੈਂਦਾ ਹੈ। ਜਦੋਂ ਪਰਮੇਸ਼ੁਰ ਸਾਡੇ ਨਾਲ ਗੱਲ ਕਰਦੇ ਸਮੇਂ ਸਾਡੇ ਕਿਸੇ ਰਵੱਈਏ ਜਾਂ ਵਿਚਾਰ ਜਾਂ ਵਿਵਹਾਰ ਵੱਲ ਇਸ਼ਾਰਾ ਕਰਦਾ ਹੈ ਜਿਸਨੂੰ ਬਦਲਣ ਦੀ ਲੋੜ ਹੈ, ਤਾਂ ਉਸ ਸਮੇਂ ਪਰਮੇਸ਼ੁਰ “ਸਾਡੇ ਵਿੱਚ ਕੰਮ ਕਰ ਰਿਹਾ ਹੈ”। ਜਦੋਂ ਅਸੀਂ ਉਸ ਸੁਧਾਰ ਨੂੰ ਸਵੀਕਾਰ ਕਰਦੇ ਹਾਂ ਅਤੇ “ਆਪਣੇ ਆਪ ਨੂੰ ਸਰੀਰ ਜਾਂ ਆਤਮਾ ਦੀ ਅਸ਼ੁੱਧਤਾ ਤੋਂ ਸਾਫ਼ ਕਰਦੇ ਹਾਂ ਜਿਸਨੂੰ ਉਹ ਦਰਸਾਉਂਦਾ ਹੈ” (2 ਕੁਰਿੰ. 7:1 ਵੇਖੋ) - ਸਾਡੀ ਜ਼ਿੰਦਗੀ ਵਿੱਚ ਉਹ ਖਾਸ ਆਦਤ - ਤਾਂ ਅਸੀਂ “ਆਪਣੀ ਮੁਕਤੀ ਦਾ ਕੰਮ ਕਰ ਰਹੇ ਹਾਂ”।