WFTW Body: 

ਅਫ਼ਸੀਆਂ ਅਧਿਆਇ 4 ਵਿੱਚ ਸਾਨੂੰ ਇੱਕ ਆਗਿਆ ਦਿੱਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ, “ਕ੍ਰੋਧ ਕਰੋ, ਪਰ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਨ ਨਾ ਬਣਨ ਦਿਓ” (ਅਫ਼ਸੀਆਂ 4:26)। ਇਸਦਾ ਮਤਲਬ ਇਹ ਹੈ ਕਿ, ਜਿਸ ਕਿਸਮ ਦਾ ਗੁੱਸਾ ਤੁਹਾਡੀ ਆਪਣੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ ਹੈ ਉਹ ਇੱਕ ਅਜਿਹਾ ਗੁੱਸਾ ਹੈ ਜੋ ਪਾਪ ਨਹੀਂ ਹੈ। ਇਸ ਲਈ ਜਦੋਂ ਯਿਸੂ ਨੇ ਪੁਰਾਣੇ ਨੇਮ ਦੇ ਮਿਆਰ, “ਖੂਨ ਨਾ ਕਰੋ” ਦੀ ਹੱਦ ਵਧਾ ਕੇ, “ਗੁੱਸਾ ਨਾ ਕਰੋ” ਤੱਕ ਦੀ ਹੱਦ ਤੱਕ ਲੈ ਆਂਦਾ, ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਸਹੀ ਕਿਸਮ ਦਾ ਗੁੱਸਾ ਕੀ ਹੈ ਅਤੇ ਗਲਤ ਕਿਸਮ ਦਾ ਗੁੱਸਾ ਕੀ ਹੈ?
ਜਦੋਂ ਵੀ ਕੋਈ ਆਇਤ ਸਾਨੂੰ ਸਹੀ ਢੰਗ ਨਾਲ ਨਹੀਂ ਸਮਝ ਆਉਂਦੀ ਤਾਂ ਸਾਨੂੰ ਆਪਣੇ ਆਤਮਿਕ ਸ਼ਬਦਕੋਸ਼ ਨੂੰ ਦੇਖਣਾ ਚਾਹੀਦਾ ਹੈ: ਬਚਨ ਦੇਹਧਾਰੀ ਹੋਇਆ - ਯਿਸੂ ਮਸੀਹ ਦਾ ਜੀਵਨ। ਯਿਸੂ ਨੇ ਆਪਣੇ ਆਪਨੂੰ ਸੰਸਾਰ ਦਾ ਚਾਨਣ ਕਿਹਾ ਅਤੇ ਉਸ ਬਾਰੇ ਕਿਹਾ ਗਿਆ ਹੈ, “ਉਸ ਵਿੱਚ ਜੀਵਨ ਸੀ। ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ” (ਯੂਹੰਨਾ 1:4)। ਸਾਡੇ ਪ੍ਰਭੂ ਯਿਸੂ ਮਸੀਹ ਦਾ ਜੀਵਨ ਉਹ ਚਾਨਣ ਹੈ ਜੋ ਪਵਿੱਤਰ ਸ਼ਾਸਤਰ ਦੀ ਹਰ ਆਇਤ ਦੀ ਵਿਆਖਿਆ ਕਰਦਾ ਹੈ। ਇਸ ਲਈ ਜਦੋਂ ਅਸੀਂ ਇਹ ਪੜ੍ਹਦੇ ਹਾਂ, “ਕ੍ਰੋਧ ਕਰੋ, ਪਰ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਨ ਨਾ ਬਣਨ ਦਿਓ” ਅਸੀਂ ਪਾਪ ਭਰਪੂਰ ਗੁੱਸੇ ਅਤੇ ਪਾਪ ਰਹਿਤ ਗੁੱਸੇ ਵਿੱਚ ਫ਼ਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਸਾਨੂੰ ਯਿਸੂ ਦੇ ਜੀਵਨ ਵਿੱਚ ਮੌਜੂਦ ਚਾਨਣ ਵੱਲ ਦੇਖਣਾ ਪਵੇਗਾ।
ਯਿਸੂ ਕਦੋਂ ਗੁੱਸੇ ਸੀ ਅਤੇ ਕਦੋਂ ਉਹ ਗੁੱਸੇ ਨਹੀਂ ਸੀ? ਅਸੀਂ ਮਰਕੁਸ 3:1-5 ਵਿੱਚ ਪੜ੍ਹਦੇ ਹਾਂ ਕਿ ਜਦੋਂ ਯਿਸੂ ਪ੍ਰਾਰਥਨਾ ਸਥਾਨ ’ਤੇ ਸੀ, ਤਾਂ ਉਸਨੇ ਆਲੇ-ਦੁਆਲੇ ਉਨ੍ਹਾਂ ਲੋਕਾਂ ਵੱਲ ਗੁੱਸੇ ਨਾਲ ਵੇਖਿਆ ਜੋ ਇੱਕ ਸੁੱਕੇ ਹੱਥ ਵਾਲੇ ਆਦਮੀ ਨੂੰ ਚੰਗਾ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਫ਼ਰੀਸੀਆਂ ’ਤੇ ਗੁੱਸੇ ਹੋਇਆ, ਜੋ ਅਧਰੰਗੀ ਆਦਮੀ ਨੂੰ ਚੰਗਾ ਕਰਨ ਨਾਲੋਂ ਸਬਤ ਦੀ ਰਸਮ ਨੂੰ ਮੰਨਣ ਬਾਰੇ ਵਧੇਰੇ ਚਿੰਤਤ ਸਨ। ਇਹ ਸਹੀ ਕਿਸਮ ਦਾ ਗੁੱਸਾ ਹੈ - ਧਾਰਮਿਕ ਆਗੂਆਂ ਅਤੇ ਧਾਰਮਿਕ ਲੋਕਾਂ ਪ੍ਰਤੀ ਗੁੱਸਾ ਜੋ ਲੋਕਾਂ ਨਾਲੋਂ ਰਸਮਾਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ ਅਤੇ ਅਧਰੰਗੀ ਲੋਕਾਂ ਨੂੰ ਬਚਾਉਣ ਨਾਲੋਂ ਕੁਝ ਰਸਮਾਂ ਨੂੰ ਮੰਨਣ ਨੂੰ ਪਹਿਲ ਦਿੰਦੇ ਹਨ।
ਅੱਜ ਅਧਰੰਗ ਉਨ੍ਹਾਂ ਮਸੀਹੀਆਂ ਵਿੱਚ ਪਾਇਆ ਜਾਂਦਾ ਹੈ ਜੋ ਪਾਪ ਤੋਂ ਹਾਰੇ ਹੋਏ ਹਨ, ਅਤੇ ਜਦੋਂ ਸਾਡੇ ਕੋਲ ਅਜਿਹੇ ਧਾਰਮਿਕ ਆਗੂ ਹਨ ਜੋ ਇਹ ਯਕੀਨੀ ਬਣਾਉਣ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ ਕਿ ਉਹਨਾਂ ਦੇ ਪੈਰੋਕਾਰ ਪਾਪ ਤੋਂ ਮੁਕਤ ਹੋਣ ਦੀ ਬਜਾਏ ਦਸਵੰਧ ਅਦਾ ਕਰਨ। ਉਹ ਫ਼ਰੀਸੀਆਂ ਵਾਲੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ ਜੋ ਸੁੱਕੇ ਹੱਥ ਵਾਲੇ ਆਦਮੀ ਨੂੰ ਚੰਗਾ ਨਹੀਂ ਹੋਣ ਦਿੰਦੇ ਸਨ ਅਤੇ ਲੋਕਾਂ ਦੇ ਦਸਵੰਧ ਦੇਣ ਅਤੇ ਸਬਤ ਮਨਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਸਨ। ਅੱਜ ਅਜਿਹੇ ਬਹੁਤ ਸਾਰੇ ਪ੍ਰਚਾਰਕ ਅਤੇ ਪਾਦਰੀ ਹਨ, ਜੋ ਆਪਣੇ ਪੈਰੋਕਾਰਾਂ ਨੂੰ ਉਹਨਾਂ ਜ਼ਿੰਦਗੀ ਵਿੱਚ ਪਾਪ ਦੀ ਸ਼ਕਤੀ ਤੋਂ ਬਚਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ, ਸਗੋਂ ਇਹ ਯਕੀਨੀ ਬਣਾਉਣ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਕਿ ਉਹ ਆਪਣਾ ਦਸਵੰਧ ਦੇਣ। ਯਿਸੂ ਅਜਿਹੇ ਲੋਕਾਂ ਨੂੰ ਗੁੱਸੇ ਨਾਲ ਦੇਖੇਗਾ ਕਿਉਂਕਿ ਉਹ ਧਰਤੀ ’ਤੇ ਲੋਕਾਂ ਤੋਂ ਉਹਨਾਂ ਦੇ ਦਸਵੰਧ ਦਾ ਭੁਗਤਾਨ ਕਰਾਉਣ ਲਈ ਨਹੀਂ ਆਇਆ ਸੀ; ਉਹ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਉਣ ਲਈ ਆਇਆ ਸੀ। ਉਹ ਲੋਕਾਂ ਤੋਂ ਉਹਨਾਂ ਦਾ ਦਸਵੰਧ ਦਵਾਉਣ ਲਈ ਸਲੀਬ ’ਤੇ ਨਹੀਂ ਮਰਿਆ; ਉਹ ਸਾਨੂੰ ਸਾਡੇ ਪਾਪਾਂ ਤੋਂ ਬਚਾਉਣ ਲਈ ਸਲੀਬ ’ਤੇ ਮਰਿਆ।
ਸਾਡੇ ਮੁਕਤੀਦਾਤਾ ਦਾ ਨਾਮ ਯਿਸੂ ਹੈ ਅਤੇ ਉਹ ਸਾਨੂੰ ਸਾਡੇ ਪਾਪਾਂ ਤੋਂ ਬਚਾਉਣ ਲਈ ਆਇਆ ਸੀ (ਮੱਤੀ 1:21)। ਜਦੋਂ ਲੋਕ ਦੂਜਿਆਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਉਣ ਤੋਂ ਰੋਕਦੇ ਹਨ ਅਤੇ ਕਹਿੰਦੇ ਹਨ, “ਇਸ ਵਿਅਕਤੀ ਦੀ ਗੱਲ ਨਾ ਸੁਣੋ ਕਿਉਂਕਿ ਉਹ ਪਾਪ ਉੱਤੇ ਜਿੱਤ ਦਾ ਪ੍ਰਚਾਰ ਕਰ ਰਿਹਾ ਹੈ, ਪਰ ਮੇਰੀ ਗੱਲ ਸੁਣਦੇ ਰਹੋ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣਾ ਦਸਵੰਧ ਕਿਵੇਂ ਦੇਣਾ ਹੈ”, ਤਾਂ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਯਿਸੂ ਅਜਿਹੇ ਲੋਕਾਂ ਨਾਲ ਗੁੱਸੇ ਹੋਵੇਗਾ। ਅਤੇ ਜੇਕਰ ਤੁਸੀਂ ਯਿਸੂ ਮਸੀਹ ਨਾਲ ਸੰਗਤ ਵਿੱਚ ਹੋ, ਤਾਂ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ ਤੁਹਾਨੂੰ ਵੀ ਅਜਿਹੇ ਲੋਕਾਂ ਨਾਲ ਗੁੱਸੇ ਹੋਣਾ ਚਾਹੀਦਾ ਹੈ, ਜੋ ਦੂਜਿਆਂ ਨੂੰ ਬਚਾਉਣ ਤੋਂ ਰੋਕਦੇ ਹਨ।
ਇੱਕ ਹੋਰ ਉਦਾਹਰਣ ਜਦੋਂ ਯਿਸੂ ਗੁੱਸੇ ਵਿੱਚ ਸੀ, ਯੂਹੰਨਾ 2 ਵਿੱਚ ਹੈ ਜਦੋਂ ਯਿਸੂ ਮੰਦਰ ਵਿੱਚ ਗਿਆ ਅਤੇ ਪੈਸੇ ਬਦਲਣ ਵਾਲਿਆਂ ਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ। ਇਸ ਵਿੱਚ ਲਿਖਿਆ ਹੈ ਕਿ ਉਸਨੇ ਇੱਕ ਕੋਰੜਾ ਬਣਾਇਆ ਅਤੇ ਪੈਸੇ ਬਦਲਣ ਵਾਲਿਆਂ ਦੀਆਂ ਮੇਜ਼ਾਂ ਉਲਟਾ ਦਿੱਤੀਆਂ ਅਤੇ ਕਿਹਾ, “ਇਨ੍ਹਾਂ ਚੀਜ਼ਾਂ ਨੂੰ ਲੈ ਜਾਓ!” ਉਹ ਸੱਚਮੁੱਚ ਗੁੱਸੇ ਵਿੱਚ ਸੀ ਅਤੇ ਚੇਲਿਆਂ ਨੂੰ ਉਹ ਵਚਨ ਯਾਦ ਆਇਆ ਜਿਸ ਵਿੱਚ ਕਿਹਾ ਗਿਆ ਸੀ, “ਤੇਰੇ ਘਰ ਲਈ ਮੇਰੀ ਲਗਨ ਮੈਨੂੰ ਅੰਦਰੋ ਸਾੜ ਰਹੀ ਹੈ” (ਯੂਹੰਨਾ 2:15-17)। ਪਰਮੇਸ਼ੁਰ ਦੇ ਘਰ ਦੀ ਪਵਿੱਤਰਤਾ ਲਈ ਜੋਸ਼ ਭਰਪੂਰ ਗੁੱਸਾ ਸਾਡੇ ਵਿੱਚ ਹੋਣਾ ਚਾਹੀਦਾ ਹੈ ਜਦੋਂ ਅਸੀਂ ਲੋਕਾਂ ਨੂੰ ਧਰਮ ਦੇ ਨਾਮ ’ਤੇ ਜਾਂ ਮਸੀਹ ਦੇ ਨਾਮ ’ਤੇ ਪੈਸਾ ਕਮਾਉਂਦੇ ਅਤੇ ਗਰੀਬਾਂ ਦਾ ਸ਼ੋਸ਼ਣ ਕਰਦੇ ਦੇਖਦੇ ਹਾਂ ਜਿਵੇਂ ਕਬੂਤਰ ਅਤੇ ਭੇਡਾਂ ਵੇਚਣ ਵਾਲੇ ਇਹ ਕਹਿੰਦੇ ਹੋਏ ਗਰੀਬ ਲੋਕਾਂ ਦਾ ਸ਼ੋਸ਼ਣ ਕਰਦੇ ਹਨ, “ਅਸੀਂ ਤੁਹਾਨੂੰ ਇਹ ਭੇਡਾਂ ਅਤੇ ਕਬੂਤਰ ਤੁਹਾਡੇ ਬਲੀਦਾਨ ਲਈ ਵੇਚ ਦੇਵਾਂਗੇ ਪਰ ਬੇਸ਼ੱਕ ਇਹ ਤੁਹਾਨੂੰ ਬਾਜ਼ਾਰ ਵਿੱਚ ਬਾਹਰ ਨਾਲੋਂ ਥੋੜ੍ਹਾ ਜ਼ਿਆਦਾ ਮਹਿੰਗਾ ਪਵੇਗਾ ਕਿਉਂਕਿ ਸਾਨੂੰ ਆਪਣਾ ਕਮਿਸ਼ਨ ਲੈਣਾ ਪੈਂਦਾ ਹੈ।”
ਯਿਸੂ ਕਦੋਂ ਗੁੱਸੇ ਨਹੀਂ ਸੀ? ਇੱਕ ਉਦਾਹਰਣ ਹੈ ਜਦੋਂ ਉਸਨੂੰ ਬਆਲ-ਜ਼ਬੂਲ ( ਬਆਲ-ਜ਼ਬੂਲ ਦਾ ਸ਼ਾਸ਼ਕ) ਕਿਹਾ ਸੀ (ਮੱਤੀ 12:22-24)। ਇਹ ਉਦੋਂ ਵਾਪਰਿਆ ਜਦੋਂ ਯਿਸੂ ਨੇ ਇੱਕ ਬੋਲ਼ੇ ਅਤੇ ਗੂੰਗੇ ਆਦਮੀ ਵਿੱਚੋਂ ਦੁਸ਼ਟ ਆਤਮਾ ਨੂੰ ਬਾਹਰ ਕੱਢਿਆ। ਭੀੜ ਨੇ ਇਹ ਦੇਖਿਆ, ਉਤਸ਼ਾਹਿਤ ਹੋਏ, ਅਤੇ ਕਹਿਣ ਲੱਗੇ, “ਇਹ ਦਾਊਦ ਦਾ ਪੁੱਤਰ ਹੈ। ਦੇਖੋ ਉਸਨੇ ਕਿੰਨਾ ਸ਼ਾਨਦਾਰ ਚਮਤਕਾਰ ਕੀਤਾ ਹੈ ਅਤੇ ਇਸ ਆਦਮੀ ਨੂੰ ਆਜ਼ਾਦ ਕਰ ਦਿੱਤਾ ਹੈ!” ਪਰ ਫ਼ਰੀਸੀ ਈਰਖਾਲੂ ਸਨ ਅਤੇ ਉਨ੍ਹਾਂ ਨੇ ਤੁਰੰਤ ਕਿਹਾ, “ਇਹ ਆਦਮੀ ਭੂਤਾਂ ਦੇ ਸਰਦਾਰ ਦੁਆਰਾ ਭੂਤਾਂ ਨੂੰ ਕੱਢ ਰਿਹਾ ਹੈ” (ਮੱਤੀ 12:24)। ਉਹ ਯਿਸੂ ਨੂੰ ਸ਼ੈਤਾਨ ਕਹਿ ਰਹੇ ਸਨ। ਕਲਪਨਾ ਕਰੋ ਕਿ ਜੇਕਰ ਕੋਈ ਤੁਹਾਨੂੰ ਪ੍ਰਭੂ ਦੀ ਸੇਵਾ ਕਰਦੇ ਸਮੇਂ ਸ਼ੈਤਾਨ ਕਹਿੰਦਾ ਹੈ। ਪਰ ਯਿਸੂ ਨੇ ਜਵਾਬ ਦਿੱਤਾ, “ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਬੋਲੇ ਤਾਂ ਉਸਨੂੰ ਮਾਫ਼ ਕਰ ਦਿੱਤਾ ਜਾਵੇਗਾ ਪਰ ਜੇ ਕੋਈ ਪਵਿੱਤਰ ਆਤਮੇ ਦੇ ਵਿਰੁੱਧ ਗੱਲ ਕਰੇ ਤਾਂ ਉਸਨੂੰ ਨਾ ਇਸ ਜੁੱਗ ਵਿੱਚ ਨਾ ਆਉਣ ਵਾਲੇ ਜੁੱਗ ਵਿੱਚ ਮਾਫ਼ ਕੀਤਾ ਜਾਵੇਗਾ” (ਮੱਤੀ 12:32)
ਜਦੋਂ ਲੋਕ ਉਸਨੂੰ ਸ਼ੈਤਾਨ ਕਹਿੰਦੇ ਸਨ ਤਾਂ ਉਹ ਗੁੱਸੇ ਨਹੀਂ ਹੁੰਦਾ ਸੀ। ਉਸਨੇ ਕਿਹਾ, “ਇਹ ਠੀਕ ਹੈ ਅਤੇ ਜੇ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਬੋਲੇ ਤਾਂ ਉਸਨੂੰ ਮਾਫ਼ ਕਰ ਦਿੱਤਾ ਜਾਵੇਗਾ।” ਜਦੋਂ ਉਹ ਉਸਨੂੰ ਸ਼ੈਤਾਨ ਕਹਿੰਦੇ ਸਨ ਤਾਂ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਸੀ, ਅਤੇ ਉਹ ਪਰੇਸ਼ਾਨ ਨਹੀਂ ਸੀ। ਉਸਨੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਇੱਕ ਸੱਚਾ ਮਸੀਹੀ ਕਦੇ ਵੀ ਲੋਕਾਂ ਦੁਆਰਾ ਉਸਨੂੰ ਮਾੜੇ ਨਾਵਾਂ ਜਿਵੇਂ ਕਿ ਸ਼ੈਤਾਨ, ਸੂਰ, ਕੁੱਤਾ ਜਾਂ ਕੁਝ ਵੀ ਕਹਿਣ ਨਾਲ ਪਰੇਸ਼ਾਨ ਨਹੀਂ ਹੋਵੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇਕਰ ਉਹ ਮਸੀਹ ਵਰਗਾ ਹੈ, ਤਾਂ ਉਹ ਉਨ੍ਹਾਂ ਨੂੰ ਮਾਫ਼ ਕਰੇਗਾ ਅਤੇ ਗੁੱਸੇ ਨਹੀਂ ਹੋਵੇਗਾ। ਉਹ ਉਨ੍ਹਾਂ ਲੋਕਾਂ ਵਿਰੁੱਧ ਕੋਈ ਕੁੜੱਤਣ ਜਾਂ ਗੁੱਸਾ ਵੀ ਨਹੀਂ ਰੱਖੇਗਾ ਜਿਨ੍ਹਾਂ ਨੇ ਉਸਨੂੰ ਇਹ ਨਾਮ ਦਿੱਤੇ ਸਨ।
ਬਹੁਤ ਘੱਟ ਮਸੀਹੀ ਯਿਸੂ ਮਸੀਹ ਵਾਂਗ ਬਣਨਾ ਚਾਹੁੰਦੇ ਹਨ, ਪਰ ਉਹ ਸਾਰੇ ਮਰਨ ਤੋਂ ਬਾਅਦ ਸਵਰਗ ਜਾਣਾ ਚਾਹੁੰਦੇ ਹਨ। ਹਰ ਮਸੀਹੀ ਆਪਣੀ ਮੌਤ ਤੋਂ ਬਾਅਦ ਸਵਰਗ ਜਾਣਾ ਚਾਹੁੰਦਾ ਹੈ, ਪਰ ਉਨ੍ਹਾਂ ਵਿੱਚੋਂ ਕਿੰਨੇ ਲੋਕ ਸਵਰਗ ਜਾਣ ਤੋਂ ਪਹਿਲਾਂ ਇਸ ਧਰਤੀ ’ਤੇ ਯਿਸੂ ਮਸੀਹ ਵਾਂਗ ਰਹਿਣਾ ਚਾਹੁੰਦੇ ਹਨ? ਬਹੁਤ ਘੱਟ। ਇਹੀ ਸਮੱਸਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਅਸਲ ਵਿੱਚ ਮਸੀਹੀ ਨਹੀਂ ਹਨ। ਉਹ ਨਾਮ ਤੋਂ ਮਸੀਹੀ ਹਨ ਕਿਉਂਕਿ ਉਹ ਇੱਕ ਮਸੀਹੀ ਪਰਿਵਾਰ ਵਿੱਚ ਪੈਦਾ ਹੋਏ ਸਨ, ਪਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਯਿਸੂ ਮਸੀਹ ਦੀ ਪ੍ਰਭੂਤਾ ਅੱਗੇ ਸਮਰਪਿਤ ਨਹੀਂ ਕੀਤਾ ਹੈ ਅਤੇ ਇਸ ਲਈ ਜਿੱਥੋਂ ਤੱਕ ਪਰਮੇਸ਼ਰ ਦਾ ਸਵਾਲ ਹੈ, ਉਹ ਮਸੀਹੀ ਨਹੀਂ ਹਨ। ਜਦੋਂ ਮਸੀਹ ਦੁਬਾਰਾ ਆਵੇਗਾ ਅਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਹ ਬਿਲਕੁਲ ਵੀ ਮਸੀਹੀ ਨਹੀਂ ਸਨ, ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਵੇਗੀ, ਕਿਉਂਕਿ ਤੁਸੀਂ ਇੱਕ ਮਸੀਹੀ ਪਰਿਵਾਰ ਵਿੱਚ ਪੈਦਾ ਹੋ ਕੇ ਮਸੀਹੀ ਨਹੀਂ ਹੋ ਸਕਦੇ। ਤੁਹਾਨੂੰ ਇੱਕ ਨਿੱਜੀ ਚੋਣ ਕਰਨੀ ਪਵੇਗੀ।
ਇਹ ਸਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈ। ਅਫ਼ਸੀਆਂ 4:26 ਦਾ ਅਰਥ ਹੈ, “ਕ੍ਰੋਧ ਕਰੋ, ਪਰ ਪਾਪ ਨਾ ਕਰੋ।” ਅਤੇ ਫਿਰ ਅਫ਼ਸੀਆਂ 4:31 ਵਿੱਚ ਪੰਜ ਆਇਤਾਂ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ, “ਸਾਰਾ ਗੁੱਸਾ ਦੂਰ ਕਰ ਦਿਓ।” ਦੋਵੇਂ ਆਇਤਾਂ ਆਪਸ ਵਿੱਚ ਵਿਰੋਧੀ ਲੱਗਦੀਆਂ ਹਨ, ਜਿੱਥੇ ਇੱਕ ਥਾਂ ਇਹ ਕਿਹਾ ਗਿਆ ਹੈ, “ਕ੍ਰੋਧ ਕਰੋ ਪਰ ਪਾਪ ਨਾ ਕਰੋ,” ਅਤੇ ਦੂਜੀ ਥਾਂ ਇਹ ਕਿਹਾ ਗਿਆ ਹੈ, “ਸਾਰਾ ਗੁੱਸਾ ਦੂਰ ਕਰ ਦਿਓ।” ਸਾਨੂੰ ਕਿਹੜਾ ਗੁੱਸਾ ਦੂਰ ਕਰਨਾ ਚਾਹੀਦਾ ਹੈ? ਉਹ ਗੁੱਸਾ ਜੋ ਸੁਆਰਥੀ, ਸਵੈ-ਕੇਂਦ੍ਰਿਤ ਅਤੇ ਪਾਪ ਭਰਪੂਰ ਹੈ। ਉਹ ਗੁੱਸਾ ਕਿਹੜਾ ਹੈ ਜੋ ਸਾਡੇ ਵਿੱਚ ਹੋਣਾ ਚਾਹੀਦਾ ਹੈ? ਉਹ ਜੋ ਪਰਮੇਸ਼ਰ-ਕੇਂਦ੍ਰਿਤ ਹੈ, ਜੋ ਪਰਮੇਸ਼ਰ ਦੇ ਨਾਮ ਦੀ ਮਹਿਮਾ ਨਾਲ ਸਬੰਧਤ ਹੈ। ਸਾਡੇ ਮਨ ਵਿੱਚ ਇਹ ਬੋਝ ਹੋਣਾ ਚਾਹੀਦਾ ਹੈ ਕਿ ਅੱਜ ਧਰਤੀ ਉੱਤੇ ਪਰਮੇਸ਼ਰ ਦੇ ਨਾਮ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ।