ਬਹੁਤ ਸਾਰੇ ਲੋਕ ਸਿਰਫ਼ ਆਪਣੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ। ਅਜਿਹੇ ਲੋਕ ਯਿਸੂ ਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ, ਉਹ ਉਸਨੂੰ ਆਪਣੇ ਮਾਫ਼ ਕਰਨ ਵਾਲੇ ਵਜੋਂ ਜਾਣਦੇ ਹਨ।
ਸਾਨੂੰ ਗੁੱਸਾ ਅਤੇ ਕਾਮੁਕ ਸੋਚ ਜਿਹੇ ਪਾਪਾਂ ’ਤੇ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਸਿਰਫ਼ ਉਨ੍ਹਾਂ ਦੀ ਗੰਭੀਰਤਾ ਨੂੰ ਹੀ ਨਾ ਦੇਖ ਸਕੀਏ, ਸਗੋਂ ਇਹ ਵੀ ਸਮਝ ਸਕੀਏ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ। ਉਨ੍ਹਾਂ ਦੀ ਗੰਭੀਰਤਾ ਇਸ ਤੱਥ ਤੋਂ ਦੇਖੀ ਜਾ ਸਕਦੀ ਹੈ ਕਿ ਪਹਾੜੀ ਉਪਦੇਸ਼ ਵਿੱਚ ਸਿਰਫ਼ ਇਹ ਦੋ ਪਾਪ ਹਨ ਜਿਨ੍ਹਾਂ ਨੂੰ ਯਿਸੂ ਨੇ ਇੱਕ ਆਦਮੀ ਦੇ ਨਰਕ ਵਿੱਚ ਜਾਣ ਦੀ ਸੰਭਾਵਨਾ ਨਾਲ ਜੋੜਿਆ ਸੀ। ਮੇਰਾ ਮੰਨਣਾ ਇਹ ਹੈ ਕਿ 99% ਮਸੀਹੀ ਇਹ ਮਹਿਸੂਸ ਨਹੀਂ ਕਰਦੇ ਕਿ ਗੁੱਸਾ ਇੱਕ ਬਹੁਤ ਗੰਭੀਰ ਪਾਪ ਹੈ। ਉਹ ਯਕੀਨੀ ਤੌਰ ’ਤੇ ਇਹ ਨਹੀਂ ਮਹਿਸੂਸ ਕਰਦੇ ਕਿ ਗੁੱਸਾ ਉਨ੍ਹਾਂ ਨੂੰ ਨਰਕ ਵਿੱਚ ਲੈ ਜਾ ਸਕਦਾ ਹੈ। ਇਸ ਤਰ੍ਹਾਂ ਉਹ ਮੱਤੀ 5:22 ਵਿੱਚ ਯਿਸੂ ਦੀ ਕਹੀ ਗੱਲ ’ਤੇ ਸੱਚਮੁੱਚ ਵਿਸ਼ਵਾਸ ਨਹੀਂ ਕਰਦੇ। ਉਹ ਕਿਸ ਤਰ੍ਹਾਂ ਦੇ ਮਸੀਹੀ ਹਨ ਜੇਕਰ ਉਹ ਯਿਸੂ ਮਸੀਹ ਦੀ ਕਹੀ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ? ਕੀ ਤੁਸੀਂ, ਉਸ ਨੇ ਗੁੱਸੇ ਬਾਰੇ ਜੋ ਕਿਹਾ ਸੀ ਉਸ ’ਤੇ ਵਿਸ਼ਵਾਸ ਕਰਦੇ ਹੋ? ਜਾਂ ਕੀ ਤੁਸੀਂ ਮਨੋਵਿਗਿਆਨੀਆਂ ’ਤੇ ਵਿਸ਼ਵਾਸ ਕਰਦੇ ਹੋ? ਮਨੋਵਿਗਿਆਨੀ ਤੁਹਾਨੂੰ ਸਵਰਗ ਨਹੀਂ ਲੈ ਜਾ ਸਕਦੇ। ਇਸੇ ਤਰ੍ਹਾਂ, 99% ਮਸੀਹੀ ਅਸਲ ਵਿੱਚ ਇਹ ਵਿਸ਼ਵਾਸ਼ ਨਹੀਂ ਕਰਦੇ ਕਿ ਔਰਤ ਪ੍ਰਤਿ ਆਪਣੀਆਂ ਅੱਖਾਂ ਦੀ ਵਾਸਨਾ ਇੰਨੀ ਗੰਭੀਰ ਹੈ ਕਿ ਤੁਹਾਨੂੰ ਨਰਕ ਵਿੱਚ ਲੈ ਜਾਣ ਲਈ ਕਾਫ਼ੀ ਹੈ। ਜ਼ਿਆਦਾਤਰ ਲੋਕ ਇਸਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲੈਂਦੇ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਸ਼ੈਤਾਨ ਨੇ ਪਾਪ ਨੂੰ ਬਹੁਤ ਹਲਕਾ ਅਤੇ ਗੈਰ-ਮਹੱਤਵਪੂਰਨ ਚੀਜ਼ ਬਣਾ ਦਿੱਤਾ ਹੈ।
ਏਡਜ਼ ਜਾਂ ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਸੋਚੋ, ਕਿੰਨੇ ਲੋਕ ਏਡਜ਼ ਜਾਂ ਕੈਂਸਰ ਵਰਗੀ ਬਿਮਾਰੀ ਨੂੰ ਹਲਕੇ ਵਿੱਚ ਲੈਣਗੇ? ਸਿਰਫ਼ ਉਹ ਲੋਕ ਜੋ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਅਜਿਹੀਆਂ ਬਿਮਾਰੀਆਂ ਕੀ ਕਰ ਸਕਦੀਆਂ ਹਨ। ਜੇਕਰ ਤੁਸੀਂ ਕਿਸੇ ਦੂਰ-ਦੁਰਾਡੇ ਪਿੰਡ ਵਿੱਚ ਇੱਕ ਅਨਪੜ੍ਹ, ਗਰੀਬ ਔਰਤ ਨੂੰ ਦੱਸੋ ਕਿ ਉਸਨੂੰ ਕੈਂਸਰ ਹੈ, ਤਾਂ ਉਹ ਪਰੇਸ਼ਾਨ ਨਹੀਂ ਹੋਵੇਗੀ, ਕਿਉਂਕਿ ਉਹ ਨਹੀਂ ਜਾਣਦੀ ਕਿ ਕੈਂਸਰ ਕੀ ਹੈ। ਦੂਜੇ ਪਾਸੇ, ਇੱਕ ਪੜ੍ਹਿਆ-ਲਿਖਿਆ ਵਿਅਕਤੀ ਬਹੁਤ ਪਰੇਸ਼ਾਨ ਹੋਵੇਗਾ ਜੇਕਰ ਡਾਕਟਰ ਉਸਨੂੰ ਦੱਸੇ ਕਿ ਕੈਂਸਰ ਉਸਦੇ ਸਰੀਰ ਦੇ ਅੰਦਰ ਪੂਰੀ ਤਰ੍ਹਾਂ ਫੈਲ ਗਿਆ ਹੈ। ਉਹ ਪਰੇਸ਼ਾਨ ਕਿਉਂ ਹੈ? ਕਿਉਂਕਿ ਉਹ ਕੈਂਸਰ ਦੇ ਖ਼ਤਰੇ ਬਾਰੇ ਜਾਣਦਾ ਹੈ।
ਇਸੇ ਤਰ੍ਹਾਂ, ਜਦੋਂ ਤੁਸੀਂ ਆਤਮਕ ਤੌਰ ਤੇ’ ਅਨਪੜ੍ਹ ਹੁੰਦੇ ਹੋ, ਤਾਂ ਤੁਸੀਂ ਗੁੱਸੇ ਨੂੰ ਇੱਕ ਗੰਭੀਰ ਪਾਪ ਨਹੀਂ ਸਮਝਦੇ। ਜਦੋਂ ਤੁਸੀਂ ਆਤਮਕ ਤੌਰ ’ਤੇ ਅਨਪੜ੍ਹ ਹੁੰਦੇ ਹੋ, ਤਾਂ ਤੁਸੀਂ ਔਰਤਾਂ ਪ੍ਰਤਿ ਵਾਸਨਾ ਨੂੰ ਵੀ ਗੰਭੀਰ ਪਾਪ ਨਹੀਂ ਸਮਝਦੇ। ਇਹ ਤੁਹਾਡੀ ਆਤਮਕ ਅਨਪੜ੍ਹਤਾ ਦੀ ਨਿਸ਼ਾਨੀ ਹੈ, ਜਿਵੇਂ ਉਹ ਅਨਪੜ੍ਹ ਔਰਤ ਨਹੀਂ ਜਾਣਦੀ ਕਿ ਕੈਂਸਰ ਕਿੰਨਾ ਗੰਭੀਰ ਹੈ। ਇਸੇ ਤਰ੍ਹਾਂ, ਜੋ ਆਤਮਕ ਤੌਰ ’ਤੇ ਸਾਖਰ ਹੈ, ਉਹ ਇਨ੍ਹਾਂ ਪਾਪਾਂ ਨੂੰ ਬਹੁਤ ਗੰਭੀਰਤਾ ਨਾਲ ਲਵੇਗਾ। ਉਸਨੂੰ ਪਰਮੇਸ਼ਰ ਦੇ ਸ਼ਬਦਾਂ ਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਸਹਿਜ ਰੂਪ ਵਿੱਚ ਜਾਣਦਾ ਹੈ ਕਿ ਇਹ ਗੰਭੀਰ ਪਾਪ ਹਨ, ਕਿਉਂਕਿ ਇੱਕ ਦੂਜੇ ਨੂੰ ਦੁੱਖ ਦਿੰਦਾ ਹੈ, ਅਤੇ ਦੂਜਾ ਆਪਣੇ ਆਪ ਨੂੰ ਦੁੱਖ ਦਿੰਦਾ ਹੈ। ਇਸ ਲਈ ਸਾਨੂੰ ਇਨ੍ਹਾਂ ਪਾਪਾਂ ਨੂੰ ਵਧੇਰੇ ਧਿਆਨ ਨਾਲ ਦੇਖਣਾ ਚਾਹੀਦਾ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ।
ਜਦੋਂ ਸਵਰਗਦੂਤ ਮੱਤੀ 1 ਵਿੱਚ ਯੂਸੁਫ਼ ਕੋਲ ਆਇਆ, ਤਾਂ ਉਸਨੇ ਨਵੇਂ ਨੇਮ ਦਾ ਪਹਿਲਾ ਵਾਅਦਾ ਦਿੱਤਾ। ਇਹ ਮੱਤੀ 1:21 ਵਿੱਚ ਕਿਹਾ ਗਿਆ ਹੈ, “ਯਿਸੂ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।” ਇਹੀ ਯਿਸੂ ਦੇ ਨਾਮ ਦਾ ਅਰਥ ਹੈ। ਬਹੁਤ ਸਾਰੇ ਲੋਕ ਜੋ ਯਿਸੂ ਦਾ ਨਾਮ ਲੈਂਦੇ ਹਨ, ਉਹ ਇਹ ਵੀ ਨਹੀਂ ਜਾਣਦੇ ਕਿ ਉਸਦੇ ਨਾਮ ਦਾ ਕੀ ਅਰਥ ਹੈ। ਮੱਤੀ 1:21 ਸਾਨੂੰ ਦੱਸਦਾ ਹੈ ਕਿ “ਯਿਸੂ” ਨਾਮ ਦਾ ਅਰਥ ਹੈ “ਉਹ ਜੋ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”
ਗੁੱਸੇ ਅਤੇ ਕਾਮੁਕ ਸੋਚ ਦੇ ਸੰਬੰਧ ਵਿੱਚ, ਸਾਡੇ ਪਾਪਾਂ ਤੋਂ ਬਚਾਏ ਜਾਣ ਅਤੇ ਸਾਨੂੰ ਪਾਪਾਂ ਦੀ ਮਾਫ਼ੀ ਮਿਲਣਾ, ਦੋਵਾਂ ਵਿੱਚ ਕੀ ਫ਼ਰਕ ਹੈ?
ਜੇ ਤੁਸੀਂ ਕਿਸੇ ਗੁਨਾਹ ਭਰਪੂਰ ਵਤੀਰੇ ਨਾਲ ਗੁੱਸੇ ਹੁੰਦੇ ਹੋ, ਅਤੇ ਫਿਰ ਇਸ ਤੋਂ ਤੋਬਾ ਕਰਦੇ ਅਤੇ ਪ੍ਰਭੂ ਨੂੰ ਮਾਫ਼ ਕਰਨ ਲਈ ਕਹਿੰਦੇ ਹੋ, ਤਾਂ ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਅਤੇ ਕੱਲ੍ਹ, ਜੇ ਤੁਸੀਂ ਦੁਬਾਰਾ ਗੁਨਾਹ ਭਰਪੂਰ ਵਤੀਰੇ ਨਾਲ ਗੁੱਸੇ ਹੋਵੋਗੇ ਅਤੇ ਪ੍ਰਭੂ ਨੂੰ ਮਾਫ਼ ਕਰਨ ਲਈ ਕਹੋਗੇ, ਤਾਂ ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਅਤੇ ਜੇਕਰ ਅਗਲੇ ਹਫ਼ਤੇ, ਫਿਰ ਤੁਸੀਂ ਇਹੀ ਕੰਮ ਕਰਦੇ ਹੋ, ਅਤੇ ਤੁਸੀਂ ਉਸ ਨੂੰ ਮਾਫ਼ ਕਰਨ ਲਈ ਕਹੋਗੇ, ਤਾਂ ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਇਸੇ ਤਰ੍ਹਾਂ, ਜੇ ਤੁਸੀਂ ਆਪਣੀਆਂ ਅੱਖਾਂ ਨਾਲ ਕਿਸੇ ਔਰਤ ਪ੍ਰਤਿ ਵਾਸਨਾ ਰੱਖਦੇ ਹੋ ਅਤੇ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਇਹ ਇੱਕ ਪਾਪ ਹੈ, ਅਤੇ ਤੁਸੀਂ ਪ੍ਰਭੂ ਨੂੰ ਮਾਫ਼ ਕਰਨ ਲਈ ਕਹਿੰਦੇ ਹੋ, ਤਾਂ ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਅਤੇ ਜੇ ਤੁਸੀਂ ਕੱਲ੍ਹ ਦੁਬਾਰਾ ਅਜਿਹਾ ਕਰਦੇ ਹੋ, ਅਤੇ ਤੁਸੀਂ ਉਸ ਨੂੰ ਮਾਫ਼ ਕਰਨ ਲਈ ਕਹਿੰਦੇ ਹੋ, ਤਾਂ ਉਹ ਤੁਹਾਨੂੰ ਮਾਫ਼ ਕਰ ਦੇਵੇਗਾ। ਤੁਸੀਂ ਇੰਟਰਨੈੱਟ ਵੱਲ ਮੁੜਦੇ ਹੋ ਅਤੇ ਪੋਰਨੋਗ੍ਰਾਫੀ ਦੇਖਦੇ ਹੋ, ਅਤੇ ਤੁਸੀਂ ਪ੍ਰਭੂ ਨੂੰ ਮਾਫ਼ ਕਰਨ ਲਈ ਕਹਿੰਦੇ ਹੋ, ਅਤੇ ਉਹ ਤੁਹਾਨੂੰ ਮਾਫ਼ ਕਰ ਦਿੰਦਾ ਹੈ।
ਪਰ ਕੀ ਤੁਸੀਂ ਇਨ੍ਹਾਂ ਪਾਪਾਂ ਤੋਂ ਬਚ ਗਏ ਹੋ? ਨਹੀਂ। ਕੀ ਤੁਹਾਨੂੰ ਮਾਫ਼ ਕੀਤਾ ਗਿਆ ਹੈ? ਹਾਂ। ਤੁਹਾਡੀ ਜ਼ਿੰਦਗੀ ਦਾ ਪੈਟਰਨ ਪਾਪ ਕਰਨਾ ਹੈ, ਪ੍ਰਭੂ ਨੂੰ ਮਾਫ਼ ਕਰਨ ਲਈ ਕਹਿਣਾ, ਦੁਬਾਰਾ ਪਾਪ ਕਰਨਾ, ਅਤੇ ਪ੍ਰਭੂ ਨੂੰ ਫਿਰ ਤੋਂ ਮਾਫ਼ ਕਰਨ ਲਈ ਕਹਿਣਾ। ਇਹ ਇੱਕ ਨਾ ਰੁਕਣ ਵਾਲਾ ਚੱਕਰ ਹੈ। ਕੀ ਤੁਹਾਨੂੰ ਮਾਫ਼ ਕੀਤਾ ਗਿਆ ਹੈ? ਹਾਂ! ਤੁਸੀਂ ਹਜ਼ਾਰ ਵਾਰ ਪਾਪ ਕਰ ਸਕਦੇ ਹੋ, ਅਤੇ ਤੁਹਾਡੇ ਸਾਰੇ ਪਾਪ ਮਾਫ਼ ਹੋ ਗਏ ਹਨ, ਪਰ ਕੀ ਤੁਸੀਂ ਆਪਣੇ ਪਾਪ ਤੋਂ ਬਚ ਗਏ ਹੋ? ਨਹੀਂ, ਕਿਉਂਕਿ ਤੁਸੀਂ ਇਹ ਕਰਦੇ ਰਹਿੰਦੇ ਹੋ! ਇਹ ਇੱਕ ਟੋਏ ਵਿੱਚੋਂ ਬਾਹਰ ਆਉਣ ਅਤੇ ਦੁਬਾਰਾ ਟੋਏ ਵਿੱਚ ਡਿੱਗਣ ਵਰਗਾ ਹੈ; ਤੁਸੀਂ ਕਿਸੇ ਨੂੰ ਤੁਹਾਨੂੰ ਬਾਹਰ ਕੱਢਣ ਲਈ ਕਹਿੰਦੇ ਹੋ, ਉਹ ਤੁਹਾਨੂੰ ਬਾਹਰ ਕੱਢਦਾ ਹੈ, ਅਤੇ ਫਿਰ ਕੱਲ੍ਹ ਤੁਸੀਂ ਦੁਬਾਰਾ ਟੋਏ ਵਿੱਚ ਡਿੱਗ ਜਾਂਦੇ ਹੋ। ਹਰ ਵਾਰ ਜਦੋਂ ਤੁਸੀਂ ਕਿਸੇ ਨੂੰ ਤੁਹਾਨੂੰ ਬਾਹਰ ਕੱਢਣ ਲਈ ਕਹਿੰਦੇ ਹੋ, ਤਾਂ ਤੁਸੀਂ ਦੁਬਾਰਾ ਟੋਏ ਵਿੱਚ ਡਿੱਗ ਜਾਂਦੇ ਹੋ। ਇਹ ਕਦੋਂ ਖਤਮ ਹੋਣ ਵਾਲਾ ਹੈ?
ਯਿਸੂ ਨੇ ਹੁਣ ਤੱਕ ਤੁਹਾਡੇ ਲਈ ਕੀ ਕੀਤਾ ਹੈ? ਯਿਸੂ ਨੇ ਤੁਹਾਨੂੰ ਮਾਫ਼ ਕਰ ਦਿੱਤਾ ਹੈ। ਫਿਰ ਇਮਾਨਦਾਰ ਬਣੋ ਅਤੇ ਕਹੋ, “ਮੈਂ ਯਿਸੂ ਨੂੰ ਆਪਣੇ ਮਾਫ਼ ਕਰਨ ਵਾਲੇ ਵਜੋਂ ਜਾਣਦਾ ਹਾਂ, ਪਰ ਮੈਂ ਉਸਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦਾ। ਮੈਂ ਉਸਨੂੰ ਮੇਰੇ ਪਾਪਾਂ ਨੂੰ ਮਾਫ਼ ਕਰਨ ਵਾਲੇ ਵਜੋਂ ਜਾਣਦਾ ਹਾਂ, ਪਰ ਮੇਰੇ ਪਾਪਾਂ ਤੋਂ ਮੈਨੂੰ ਬਚਾਉਣ ਵਾਲੇ ਵਜੋਂ ਨਹੀਂ” ਸਾਨੂੰ ਇਮਾਨਦਾਰ ਹੋਣਾ ਪਵੇਗਾ। ਜੇਕਰ ਅਸੀਂ ਖੁਦ ਨਾਲ ਹੀ ਬੇਈਮਾਨ ਹਾਂ, ਤਾਂ ਅਸੀਂ ਕਦੇ ਵੀ ਬਾਈਬਲ ਦੇ ਵਾਅਦਿਆਂ ਦੀ ਪੂਰਨਤਾ ਤੱਕ ਨਹੀ ਪਹੁੰਚ ਸਕਾਂਗੇ। ਪਰਮੇਸ਼ੁਰ ਇਮਾਨਦਾਰ ਲੋਕਾਂ ਨੂੰ ਪਿਆਰ ਕਰਦਾ ਹੈ। ਮੈਂ ਤੁਹਾਨੂੰ ਪਰਮੇਸ਼ੁਰ ਅੱਗੇ ਇਮਾਨਦਾਰ ਹੋਣ ਲਈ ਉਤਸ਼ਾਹਿਤ ਕਰਦਾ ਹਾਂ, ਅਤੇ ਉਸਨੂੰ ਇਮਾਨਦਾਰੀ ਨਾਲ, ਆਪਣੇ ਦਿਲੋਂ ਕਹੋ, “ਪ੍ਰਭੂ ਯਿਸੂ, ਮੈਂ ਸਿਰਫ਼ ਤੁਹਾਨੂੰ ਆਪਣੇ ਮਾਫ਼ ਕਰਨ ਵਾਲੇ ਵਜੋਂ ਜਾਣਦਾ ਹਾਂ। ਮੈਂ ਤੁਹਾਨੂੰ ਆਪਣੇ ਮੁਕਤੀਦਾਤਾ ਵਜੋਂ ਨਹੀਂ ਜਾਣਦਾ।”
ਦਰੱਖਤ ਨਾਲੋਂ ਵੱਖ ਹੋ ਕੇ ਇੱਕ ਟਾਹਣੀ ਫਲ ਨਹੀਂ ਦੇ ਸਕਦੀ ਅਤੇ ਹਰ ਟਾਹਣੀ 50 ਸਾਲਾਂ ਤੱਕ ਉਸ ਦਰੱਖਤ ਵਿੱਚ ਰਹਿਣ ਤੋਂ ਬਾਅਦ ਆਪਣੇ ਦਰੱਖਤ ਨੂੰ ਕਹਿ ਸਕਦੀ ਹੈ, “ਤੇਰੇ ਬਿਨਾਂ, ਮੈਂ ਕੋਈ ਫਲ ਨਹੀਂ ਦੇ ਸਕਦੀ; ਪਰ ਜੇ ਮੈਂ ਤੇਰੇ ਵਿੱਚ ਹਾਂ, ਤਾਂ ਫਲ ਪੈਦਾ ਕਰਨਾ ਲਗਭਗ ਆਸਾਨ ਹੈ।” ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਟਾਹਣੀ ਸੰਘਰਸ਼ ਕਰ ਰਹੀ ਹੈ? ਅੰਬ ਦੇ ਦਰੱਖਤ ਨੂੰ ਦੇਖੋ: ਕੀ ਉਸਦੀ ਟਾਹਣੀ ਅੰਬ ਪੈਦਾ ਕਰਨ ਲਈ ਸੰਘਰਸ਼ ਕਰ ਰਹੀ ਹੈ? ਨਹੀਂ। ਪਰ ਜੇਕਰ ਤੁਸੀਂ ਉਸ ਦਰੱਖਤ ਦੀ ਉਸ ਟਾਹਣੀ ਨੂੰ ਕੱਟ ਦਿੰਦੇ ਹੋ, ਭਾਵੇਂ ਇਹ 50 ਸਾਲਾਂ ਤੋਂ ਅੰਬ ਪੈਦਾ ਕਰ ਰਹੀ ਹੋਵੇ, ਤਾਂ ਇਹ ਤੁਰੰਤ ਉਤਪਾਦਨ ਬੰਦ ਕਰ ਦਿੰਦੀ ਹੈ, ਕਿਉਂਕਿ ਇਹ ਸੁੱਕ ਜਾਂਦੀ ਹੈ। ਜਦੋਂ ਤੱਕ ਇਹ ਦਰੱਖਤ ਵਿੱਚ ਹੈ, ਰੁੱਖ ਦਾ ਰਸ ਅੰਦਰ ਵਹਿੰਦਾ ਹੈ, ਅਤੇ ਇਸ ਤਰ੍ਹਾਂ ਅੰਬ ਪੈਦਾ ਹੁੰਦੇ ਹਨ। ਇਹੀ ਪਾਪ ਨੂੰ ਦੂਰ ਕਰਨ ਦਾ ਸਿਧਾਂਤ ਹੈ ਅਤੇ ਇਹੀ ਸਾਨੂੰ ਹਰ ਕੌਮ ਵਿੱਚ ਹਰ ਵਿਅਕਤੀ ਨੂੰ ਸਿਖਾਉਣ ਦੀ ਲੋੜ ਹੈ ਜੋ ਇੱਕ ਚੇਲਾ ਹੈ।
ਪਿਆਰੇ ਦੋਸਤੋ, ਤੁਹਾਨੂੰ ਇਹ ਸਮਝਣਾ ਪਵੇਗਾ ਕਿ ਮਸੀਹ ਤੋਂ ਬਿਨਾਂ, ਤੁਸੀਂ ਕਿਸੇ ਵੀ ਪਾਪ ਨੂੰ ਦੂਰ ਨਹੀਂ ਕਰ ਸਕਦੇ। ਯਕੀਨਨ, ਤੁਸੀਂ ਬਾਹਰੀ ਪਾਪਾਂ ਨੂੰ ਦੂਰ ਕਰ ਸਕਦੇ ਹੋ ਪਰ ਇਹ ਕੀ ਸਾਬਤ ਕਰਦਾ ਹੈ? ਦੁਨੀਆਂ ਵਿੱਚ ਬਹੁਤ ਸਾਰੇ ਨਾਸਤਿਕ ਹਨ ਜੋ ਕਿਸੇ ਦਾ ਕਤਲ ਨਹੀਂ ਕਰਦੇ, ਅਤੇ ਜੋ ਸਰੀਰਕ ਤੌਰ ’ਤੇ ਵਿਭਚਾਰ ਵੀ ਨਹੀਂ ਕਰਦੇ। ਕੱਪ ਨੂੰ ਬਾਹਰੋਂ ਸਾਫ਼ ਰੱਖਣ ਲਈ, ਤੁਹਾਨੂੰ ਯਿਸੂ ਮਸੀਹ ਦੀ ਲੋੜ ਨਹੀਂ ਹੈ; ਤੁਹਾਨੂੰ ਸਿਰਫ਼ ਇੱਕ ਚੰਗਾ ਫ਼ਰੀਸੀ ਬਣਨ ਦੀ ਲੋੜ ਹੈ। ਗੈਰ-ਮਸੀਹੀ, ਇੱਥੋਂ ਤੱਕ ਕਿ ਨਾਸਤਿਕ ਵੀ ਹਨ, ਜੋ ਕਦੇ ਧੋਖਾ ਨਹੀਂ ਦਿੰਦੇ, ਜੋ ਇਮਾਨਦਾਰ ਹਨ, ਅਤੇ ਜਿਨ੍ਹਾਂ ਦਾ ਬਾਹਰੀ ਜੀਵਨ ਬਹੁਤ ਸਿੱਧਾ ਹੈ; ਪਰ ਜਦੋਂ ਅੰਦਰੂਨੀ ਜੀਵਨ ਦੀ ਗੱਲ ਆਉਂਦੀ ਹੈ, ਤਾਂ ਉਹ ਅੰਦਰੋਂ ਭ੍ਰਿਸ਼ਟ ਹਨ। ਅੰਦਰੂਨੀ ਇਮਾਨਦਾਰੀ ਸਵੈ-ਨਿਯੰਤਰਣ ਤੋਂ ਵੱਧ ਹੈ। ਤੁਸੀਂ ਯੋਗ ਦੀਆਂ ਸ਼ਕਤੀਆਂ ਨਾਲ ਬਾਹਰੋਂ ਗੁੱਸੇ ਨੂੰ ਪ੍ਰਗਟ ਕਰਨ ਤੋਂ ਰੋਕ ਸਕਦੇ ਹੋ, ਪਰ ਇਹ ਮੁਕਤੀ ਨਹੀਂ ਹੈ। ਇਹ ਸਿਰਫ਼ ਬੋਤਲ ਨੂੰ ਕੱਸ ਕੇ ਬੰਦ ਕਰਨਾ ਹੈ ਤਾਂ ਜੋ ਜ਼ਹਿਰ ਅੰਦਰ ਹੀ ਰਹੇ; ਇਹ ਅਜੇ ਵੀ ਤੁਹਾਨੂੰ ਤਬਾਹ ਕਰ ਸਕਦੀ ਹੈ। ਇਹ ਉਹ ਮੁਕਤੀ ਨਹੀਂ ਹੈ ਜੋ ਮਸੀਹ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
ਮਸੀਹ ਸਾਨੂੰ ਅੰਦਰਲੇ ਗੁੱਸੇ ਤੋਂ ਛੁਟਕਾਰਾ ਦਿੰਦਾ ਹੈ। ਮੈਂ ਬੋਤਲ ਖੋਲ੍ਹ ਸਕਦਾ ਹਾਂ, ਅਤੇ ਉੱਥੇ ਕੋਈ ਜ਼ਹਿਰ ਨਹੀਂ ਹੈ। ਜੇ ਤੁਸੀਂ ਮੇਰੇ ਦਿਲ ਦੇ ਅੰਦਰ ਦੇਖੋ, ਤਾਂ ਉੱਥੇ ਕੋਈ ਗੁੱਸਾ ਨਹੀਂ ਹੈ; ਇਹ ਬਹੁਤ ਜ਼ਿਆਦਾ ਕੋਸ਼ਿਸ਼ ਕਾਰਨ ਨਹੀਂ ਹੈ। ਜੇਕਰ ਮੈਂ ਆਪਣਾ ਮੂੰਹ ਬੰਦ ਰੱਖਣ ਅਤੇ ਆਪਣਾ ਆਪਾ ਨਾ ਗੁਆਉਣ ਲਈ ਬਹੁਤ ਜ਼ਿਆਦਾ ਕੋਸ਼ਿਸ ਕਰ ਰਿਹਾ ਤਾਂ ਇਹ ਯੋਗਾ ਹੈ, ਪਰ ਇਹ ਗੁੱਸੇ ਤੋਂ ਛੁਟਕਾਰਾ ਨਹੀਂ ਹੈ। ਗੁੱਸੇ ਤੋਂ ਛੁਟਕਾਰਾ ਉਹ ਥਾਂ ਹੈ ਜਿੱਥੇ ਮਸੀਹ ਸਾਨੂੰ ਸਾਡੇ ਦਿਲਾਂ ਦੇ ਅੰਦਰਲੇ ਗੁੱਸੇ ਤੋਂ ਛੁਟਕਾਰਾ ਦਿੰਦਾ ਹੈ। ਇਹ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਅਤੇ ਜੇ ਤੁਸੀਂ ਅਜਿਹੇ ਇੱਕ ਦਿਲ ਦੇ ਅੰਦਰ ਦੇਖੋ, ਤਾਂ ਕੋਈ ਗੁੱਸਾ ਨਹੀਂ ਹੈ। ਜੇ ਤੁਸੀਂ ਉਸ ਦਿਲ ਦੇ ਅੰਦਰ ਦੇਖੋ, ਤਾਂ ਔਰਤਾਂ ਪ੍ਰਤਿ ਵਾਸਨਾ ਨਹੀਂ ਹੈ। ਸਿਰਫ਼ ਯਿਸੂ ਹੀ ਅਜਿਹਾ ਕਰ ਸਕਦਾ ਹੈ।