ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਚਰਚ ਚੇਲੇ
WFTW Body: 

ਪ੍ਰਕਾਸ਼ ਦੀ ਪੋਥੀ 14:1-5 ਵਿੱਚ, ਅਸੀਂ ਚੇਲਿਆਂ ਦੀ ਇੱਕ ਛੋਟੀ ਜਿਹੀ ਟੋਲੀ ਬਾਰੇ ਪੜ੍ਹਦੇ ਹਾਂ ਜਿਹਨਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਪੂਰੇ ਦਿਲ ਨਾਲ ਪ੍ਰਭੂ ਦਾ ਅਨੁਸਰਣ ਕੀਤਾ। ਅੰਤਮ ਦਿਨ ਯਿਸੂ ਦੇ ਨਾਲ ਉਹ ਲੋਕ ਜੇਤੂਆਂ ਵਜੋਂ ਖੜੇ ਹਨ ਜਿਹਨਾਂ ਨੇ ਆਪਣੇ-ਆਪ ਨੂੰ ਪਵਿੱਤਰ ਰੱਖਿਆ- ਕਿਉਂਕਿ ਪਰਮੇਸ਼ੁਰ ਉਨ੍ਹਾਂ ਦੇ ਜੀਵਨ ਵਿੱਚ ਆਪਣਾ ਸੰਪੂਰਨ ਉਦੇਸ਼ ਪੂਰਾ ਕਰਨ ਦੇ ਯੋਗ ਸੀ।

ਜਿਹਨਾਂ ਦੇ ਪਾਪ ਮਾਫ਼ ਕੀਤੇ ਗਏ ਹਨ, ਉਹ ਇੱਕ ਵੱਡੀ ਭੀੜ ਹੈ ਜਿਸਦੀ ਗਿਣਤੀ ਕੋਈ ਨਹੀਂ ਕਰ ਸਕਦਾ, ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਪੋਥੀ 7:9, 10 ਵਿੱਚ ਦੇਖਦੇ ਹਾਂ:

ਫੇਰ ਮੈਂ ਤੱਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਦੇਖੀ। ਉੱਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਹਨਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਹਮਣੇ ਖਲੌਤੇ ਹੋਏ ਸਨ। ਉਹਨਾਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸਨ। ਉਹਨਾਂ ਦੇ ਹੱਥ ਵਿੱਚ ਜੈਤੂਨ ਦੀਆਂ ਟਹਿਣੀਆਂ ਸਨ। ਉਹਨਾਂ ਨੇ ਉੱਚੀ ਰੌਲਾ ਪਾਇਆ, ਜਿੱਤ ਸਾਡੇ ਪਰਮੇਸ਼ਰ ਦੀ ਹੈ ਜਿਹੜਾ ਤਖਤ ਤੇ ਬੈਠਾ ਅਤੇ ਲੇਲੇ ਦੀ ਹੈ।

ਪਰ ਪ੍ਰਕਾਸ਼ ਦੀ ਪੋਥੀ 14 ਵਿੱਚ ਚੇਲਿਆਂ ਦੀ ਛੋਟੀ ਟੋਲੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸਨੂੰ ਗਿਣਿਆ ਜਾ ਸਕਦਾ ਹੈ- 144,000। ਭਾਵੇਂ ਇਹ ਗਿਣਤੀ ਸ਼ਾਬਦਿਕ ਹੈ ਜਾਂ ਪ੍ਰਤੀਕਾਤਮਕ (ਜਿਵੇਂ ਕਿ ਇਹ ਪ੍ਰਕਾਸ਼ ਦੀ ਪੋਥੀ ਦਾ ਹਿੱਸਾ ਹੈ) ਇਹ ਮਾਇਨੇ ਨਹੀਂ ਰੱਖਦੀ। ਗੱਲ ਇਹ ਹੈ ਕਿ ਵੱਡੀ ਭੀੜ ਦੇ ਮੁਕਾਬਲੇ ਇਹ ਗਿਣਤੀ ਬਹੁਤ ਘੱਟ ਹੈ।

ਇਹ ਉਹ ਬਚੇ ਹੋਏ ਲੋਕ ਹਨ ਜੋ ਸੰਸਾਰ ਵਿੱਚ ਪਰਮੇਸ਼ੁਰ ਪ੍ਰਤੀ ਸੱਚੇ ਅਤੇ ਵਫ਼ਾਦਾਰ ਰਹੇ। ਉਨ੍ਹਾਂ ਦੀ ਪਰਖ ਕੀਤੀ ਗਈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਦਾ ਪ੍ਰਮਾਣ ਪੱਤਰ ਪ੍ਰਾਪਤ ਹੋਇਆ। ਪਰਮੇਸ਼ੁਰ ਖੁਦ ਉਨ੍ਹਾਂ ਬਾਰੇ ਪ੍ਰਮਾਣਿਤ ਕਰਦਾ ਹੈ ਕਿ,

ਜਿਹਨਾਂ ਨੇ ਆਪਣੇ ਆਪ ਨੂੰ ਪਵਿੱਤਰ ਰੱਖਿਆ...ਉਹ ਜਿੱਥੇ ਕਿਤੇ ਵੀ ਲੇਲਾ ਜਾਂਦਾ ਉਸਦਾ ਪਿੱਛਾ ਕਰਦੇ...ਇਹ ਲੋਕ ਝੂਠ ਬੋਲਣ ਦੇ ਦੋਸ਼ੀ ਨਹੀਂ ਸਨ... ਇਹ ਲੋਕ ਬਿਨਾਂ ਕਿਸੇ ਦੋਸ਼ ਤੋਂ ਸਨ (ਪਰਕਾਸ਼ ਦੀ ਪੋਥੀ 14:4,5)।

ਇਹ ਪਰਮੇਸ਼ੁਰ ਦੇ ਪਹਿਲੇ ਫਲ ਹਨ। ਇਹਨਾਂ ਵਿੱਚ ਮਸੀਹ ਦੀ ਲਾੜੀ ਸ਼ਾਮਲ ਹੈ। ਲੇਲੇ ਦੇ ਵਿਆਹ ਦੇ ਦਿਨ, ਇਹ ਸਾਰਿਆਂ ਲਈ ਸਪੱਸ਼ਟ ਹੋ ਜਾਵੇਗਾ ਕਿ ਹਰ ਪਰਿਸਥਿਤੀ ਵਿੱਚ ਵਿੱਚ ਚਾਹੇ ਉਹ ਕਿਹੋ ਜਿਹੀ ਵੀ ਹੋਵੇ- ਪਰਮੇਸ਼ੁਰ ਪ੍ਰਤੀ ਪੂਰੀ ਤਰ੍ਹਾਂ ਸੱਚਾ ਅਤੇ ਵਫ਼ਾਦਾਰ ਰਹਿਣਾ ਸਭ ਤੋਂ ਵਧੇਰੇ ਸਾਰਥਕ ਸੀ।

ਉਸ ਦਿਨ, ਸਵਰਗ ਵਿੱਚ ਪੁਕਾਰ ਹੋਵੇਗੀ,

ਆਓ, ਅਸੀਂ ਆਨੰਦ ਮਾਣੀਏ ਅਤੇ ਖੁਸ਼ ਹੋਈਏ ਅਤੇ ਪਰਮੇਸ਼ਰ ਨੂੰ ਮਹਿਮਾ ਦੇਈਏ ਅਸੀਂ ਇੰਝ ਉਸਦੀ ਉਸਤਤ ਕਰੀਏ ਜਿਵੇਂ ਲੇਲੇ ਦਾ ਵਿਆਹ ਆਇਆ ਹੈ। ਅਤੇ ਲੇਲੇ ਦੀ ਵਹੁਟੀ ਨੇ ਆਪਣੇ ਆਪ ਨੂੰ ਸਿੰਗਾਰਿਆ ਹੈ (ਪਰਕਾਸ਼ ਦੀ ਪੋਥੀ 19:7)।

ਜਿਹੜੇ ਲੋਕ ਸੰਸਾਰ ਵਿੱਚ ਆਪਣਾ ਲਾਭ ਅਤੇ ਇੱਜ਼ਤ ਚਾਹੁੰਦੇ ਸਨ, ਉਨ੍ਹਾਂ ਨੂੰ ਉਸ ਦਿਨ ਅਹਿਸਾਸ ਹੋਵੇਗਾ ਕਿ ਉਨ੍ਹਾਂ ਦਾ ਅਸਲ ਵਿੱਚ ਨੁਕਸਾਨ ਕਿੰਨਾ ਵੱਡਾ ਹੈ। ਜਿਹੜੇ ਲੋਕ ਪਿਤਾ ਜਾਂ ਮਾਤਾ, ਪਤਨੀ ਜਾਂ ਬੱਚਿਆਂ, ਭੈਣਾਂ-ਭਰਾਵਾਂ ਜਾਂ ਆਪਣੀ ਜ਼ਿੰਦਗੀ, ਜਾਂ ਭੌਤਿਕ ਚੀਜ਼ਾਂ ਨੂੰ ਪ੍ਰਭੂ ਤੋਂ ਵੱਧ ਪਿਆਰ ਕਰਦੇ ਸਨ, ਉਨ੍ਹਾਂ ਨੂੰ ਉਸ ਦਿਨ ਆਪਣੇ ਸਦੀਵੀ ਨੁਕਸਾਨ ਦਾ ਪਤਾ ਲੱਗੇਗਾ।

ਫਿਰ ਇਹ ਸਪੱਸ਼ਟ ਹੋ ਜਾਵੇਗਾ ਕਿ ਸੰਸਾਰ ਵਿੱਚ ਸਭ ਤੋਂ ਬੁੱਧੀਮਾਨ ਲੋਕ ਉਹ ਸਨ ਜਿਹਨਾਂ ਨੇ ਯਿਸੂ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਅਤੇ ਜਿਹਨਾਂ ਨੇ ਆਪਣੇ ਪੂਰੇ ਦਿਲ ਨਾਲ ਉਸੇ ਤਰ੍ਹਾਂ ਚੱਲਣ ਦੀ ਕੋਸ਼ਿਸ਼ ਕੀਤੀ ਜਿਵੇਂ ਉਹ ਚੱਲਦਾ ਸੀ। ਮਸੀਹੀ-ਜਗਤ ਦਾ ਖੋਖਲਾ ਸਨਮਾਨ ਫਿਰ ਫ਼ਜ਼ੂਲ ਦਿਖਾਈ ਦੇਵੇਗਾ। ਪੈਸਾ ਅਤੇ ਭੌਤਿਕ ਚੀਜ਼ਾਂ ਜੋ ਅਸੀਂ ਫਿਰ ਦੇਖਾਂਗੇ, ਉਹ ਸਿਰਫ਼ ਸਾਧਨ ਸਨ ਜਿਹਨਾਂ ਦੁਆਰਾ ਪਰਮੇਸ਼ੁਰ ਨੇ ਸਾਨੂੰ ਇਹ ਦੇਖਣ ਲਈ ਪਰਖਿਆ, ਕੀ ਅਸੀਂ ਮਸੀਹ ਦੀ ਲਾੜੀ ਬਣਨ ਦੇ ਯੋਗ ਹਾਂ।

ਕਾਸ਼ ਕਿ ਸਾਡੀਆਂ ਅੱਖਾਂ ਹੁਣ ਵੀ ਖੁੱਲ੍ਹ ਜਾਣ ਤਾਂ ਜੋ ਅਸੀਂ ਉਸ ਆਉਣ ਵਾਲੇ ਦਿਨ ਦੀਆਂ ਹਕੀਕਤਾਂ ਨੂੰ ਸਾਫ਼-ਸਾਫ਼ ਦੇਖ ਸਕੀਏ!

ਕਿਸੇ ਵੀ ਮਨੁੱਖ ਲਈ ਸਭ ਤੋਂ ਵੱਡਾ ਸਨਮਾਨ ਇਹ ਹੋ ਸਕਦਾ ਹੈ ਕਿ ਉਸ ਦਿਨ ਉਸਨੂੰ ਮਸੀਹ ਦੀ ਲਾੜੀ ਦੇ ਰੂਪ ਵਿੱਚ ਜਗ੍ਹਾ ਮਿਲੇ- ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜਿਸਨੂੰ ਖੁਦ ਪਰਮੇਸ਼ਰ ਦੁਆਰਾ ਪਰਖਿਆ ਅਤੇ ਪ੍ਰਵਾਨ ਕੀਤਾ ਗਿਆ ਹੈ!

ਜਿਸਦੇ ਸੁਣਨ ਦੇ ਕੰਨ ਹਨ, ਉਹ ਸੁਣੇ। ਆਮੀਨ।