ਜਦੋਂ ਕੋਈ ਵਿਸ਼ਵਾਸੀ ਕਿਸੇ ਨਵੀਂ ਸੱਚਾਈ ਨੂੰ ਸਮਝਦਾ ਹੈ, ਉਹ ਅਕਸਰ ਉਸ ਸੱਚਾਈ ਦੇ ਇੱਕ ਪੱਖ 'ਤੇ ਵੱਧ ਜ਼ੋਰ ਦੇਣ ਲੱਗਦਾ ਹੈ ਇਸ ਕਰਕੇ ਬਾਕੀ ਸੱਚਾਈਆਂ, ਜੋ ਉਸ ਪਹਿਲੀ ਸੱਚਾਈ ਨੂੰ ਸੰਤੁਲਿਤ ਕਰਦੀਆਂ ਹਨ, ਉਹ ਨਜ਼ਰਅੰਦਾਜ਼ ਹੋ ਜਾਂਦੀਆਂ ਹਨ। ਇਹ ਗੱਲ ਖ਼ਾਸ ਤੌਰ 'ਤੇ ਅਸਲ ਮਸੀਹੀ ਵਿਸ਼ਵਾਸ ਦੇ ਮਾਮਲੇ ਵਿੱਚ ਸਹੀ ਹੈ।
ਪੁਰਾਣੇ ਨੇਮ ਦੇ ਅਧੀਨ, ਨਿਹਚਾ ਮਹੱਤਵਪੂਰਨ ਨਹੀਂ ਸੀ। ਸਿਰਫ਼ ਕੰਮ ਹੀ ਮਹੱਤਵਪੂਰਨ ਸਨ। ਮੂਸਾ ਦੀ ਬਿਵਸਥਾ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਰੱਖਣ ਬਾਰੇ ਕੁਝ ਨਹੀਂ ਕਿਹਾ। ਪਰ ਇਸਨੇ 613 ਹੁਕਮ ਦਿੱਤੇ - ਕੰਮਾਂ ਦੀ ਇੱਕ ਵੱਡੀ ਸੂਚੀ, ਜੇਕਰ ਮਨੁੱਖ ਪਰਮੇਸ਼ੁਰ ਨੂੰ ਖੁਸ਼ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਪਰ ਜਦੋਂ ਅਸੀਂ ਨਵੇਂ ਨੇਮ ਵੱਲ ਆਉਂਦੇ ਹਾਂ, ਤਾਂ ਅਸੀਂ ਪੜ੍ਹਦੇ ਹਾਂ, "ਤੁਸੀਂ ਨਿਹਚਾ ਰਾਹੀਂ ਪਰਮੇਸ਼ਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ। ਅਤੇ ਤੁਸੀਂ ਇਹ ਕਿਰਪਾ ਵਿਸ਼ਵਾਸ ਰਾਹੀਂ ਪ੍ਰਾਪਤ ਕੀਤੀ ਹੈ। ਤੁਸੀਂ ਆਪਣੇ ਆਪ ਨੂੰ ਨਹੀਂ ਬਚਾਇਆ ਇਹ ਤਾਂ ਪਰਮੇਸ਼ਰ ਵੱਲੋਂ ਦਿੱਤੀ ਦਾਤ ਸੀ। ਨਹੀਂ। ਤੁਸੀਂ ਆਪਣੇ ਉਹਨਾਂ ਕੰਮਾ ਰਾਹੀਂ ਨਹੀਂ ਬਚੇਜਿਹੜੇ ਤੁਸੀਂ ਕੀਤੇ ਹਨ। ਇਸ ਤਰੀਕੇ ਨਾਲ ਕੋਈ ਵੀ ਘਮੰਡ ਨਹੀਂ ਕਰ ਸਕਦਾ ਕਿ ਉਸਨੇ ਖੁਦ ਨੂੰ ਬਚਾਇਆ।"(ਅਫ਼. 2:8, 9)। ਇਸ ਇਕੱਲੀ ਆਇਤ ਨੂੰ ਪੜ੍ਹਦੇ ਹੋਏ, ਬਹੁਤ ਸਾਰੇ ਵਿਸ਼ਵਾਸੀ ਇਸ ਹੱਦ ਤੱਕ ਇੱਕ ਪਾਸੇ ਝੁਕ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਲਈ ਕੰਮ ਬਿਲਕੁਲ ਵੀ ਮਹੱਤਵਪੂਰਨ ਨਹੀਂ ਹਨ - ਕਿਉਂਕਿ (ਜਿਵੇਂ ਕਿ ਇਹ ਆਇਤ ਕਹਿੰਦੀ ਹੈ), ਕੰਮ ਇੱਕ ਵਿਅਕਤੀ ਨੂੰ ਉਸ ਬਾਰੇ ਸ਼ੇਖੀ ਮਾਰਨ ਲਈ ਉਕਸਾਉਂਦੇ ਹਨ ਕਿ ਉਹ ਕੀ ਕਰ ਸਕਦਾ ਹੈ।
ਪਰ ਨਵਾਂ ਨੇਮ ਅਸਲ ਵਿੱਚ ਕੀ ਸਿਖਾਉਂਦਾ ਹੈ? ਤੁਸੀਂ ਪਵਿੱਤਰ ਸ਼ਾਸਤਰ ਦੀ ਸਿਰਫ਼ ਇੱਕ ਆਇਤ ਰਾਹੀਂ ਪੂਰੀ ਸੱਚਾਈ ਨਹੀਂ ਲੱਭ ਸਕਦੇ। ਜਦੋਂ ਸ਼ੈਤਾਨ ਨੇ ਉਜਾੜ ਵਿੱਚ ਯਿਸੂ ਨੂੰ ਇੱਕ ਆਇਤ ਦਾ ਹਵਾਲਾ ਦਿੰਦੇ ਹੋਏ ਕਿਹਾ, "ਇਹ ਲਿਖਿਆ ਹੈ..." (ਮੱਤੀ 4:6), ਯਿਸੂ ਨੇ ਕਿਹਾ, "ਦੂਜੇ ਪਾਸੇ, ਇਹ ਵੀ ਲਿਖਿਆ ਹੈ..."। ਇਸ ਲਈ ਅਸੀਂ ਦੇਖਦੇ ਹਾਂ ਕਿ ਪਵਿੱਤਰ ਸ਼ਾਸਤਰ ਦੀ ਇੱਕ ਆਇਤ ਨੂੰ ਅਕਸਰ ਪਵਿੱਤਰ ਸ਼ਾਸਤਰ ਦੀ ਕਿਸੇ ਹੋਰ ਆਇਤ (ਜਾਂ ਆਇਤਾਂ) ਦੁਆਰਾ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ, ਜੇਕਰ ਅਸੀਂ ਪੂਰੀ ਸੱਚਾਈ ਨੂੰ ਸਹੀ ਢੰਗ ਨਾਲ ਸਮਝਣਾ ਹੈ। ਜੇਕਰ ਸ਼ੈਤਾਨ ਨੇ ਪ੍ਰਭੂ ਯਿਸੂ ਨੂੰ ਵੀ ਪਵਿੱਤਰ ਸ਼ਾਸਤਰ ਦੀ ਇੱਕ ਆਇਤ ਨਾਲ ਧੋਖਾ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਅੱਜ ਪਵਿੱਤਰ ਸ਼ਾਸਤਰ ਦੀ ਕਿਸੇ ਇੱਕ ਆਇਤ ਨਾਲ ਵਿਸ਼ਵਾਸੀਆਂ ਨੂੰ ਕਿੰਨਾ ਜ਼ਿਆਦਾ ਧੋਖਾ ਦੇਵੇਗਾ। ਇਸ ਲਈ ਜੇਕਰ ਅਸੀਂ ਧੋਖਾ ਖਾਣ ਤੋਂ ਬਚਣਾ ਹੈ ਤਾਂ ਸਾਨੂੰ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਨ ਵਿੱਚ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਪੰਛੀਆਂ ਵਾਂਗ, ਸੱਚ ਦੇ ਵੀ ਦੋ ਖੰਭ ਹੁੰਦੇ ਹਨ - ਅਤੇ ਜੇਕਰ ਤੁਸੀਂ ਸਿੱਧੇ ਉੱਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੋਵਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇੱਕ ਹੀ ਖੰਭ ਨਾਲ, ਤੁਸੀਂ ਜਾਂ ਤਾਂ ਪੂਰੀ ਤਰ੍ਹਾਂ ਭਟਕ ਜਾਓਗੇ, ਜਾਂ ਚੱਕਰਾਂ ਵਿੱਚ ਘੁੰਮਦੇ ਰਹੋਗੇ ਅਤੇ ਕਦੇ ਵੀ ਕੋਈ ਤਰੱਕੀ ਨਹੀਂ ਕਰੋਗੇ!
ਅਸੀਂ ਅਫ਼ਸੀਆਂ 2 ਵਿੱਚ ਇਹ ਸੰਤੁਲਨ ਦੇਖਦੇ ਹਾਂ, ਜਿੱਥੇ ਇਹ ਇੱਕ ਪਾਸੇ ਕਿਹਾ ਗਿਆ ਹੈ: "ਤੁਸੀਂ ਨਿਹਚਾ ਰਾਹੀਂ ਪਰਮੇਸ਼ਰ ਦੀ ਕਿਰਪਾ ਦੁਆਰਾ ਬਚਾਏ ਗਏ ਹੋ; ਅਤੇ ਇਹ ਤੁਹਾਡੇ ਵੱਲੋਂ ਨਹੀਂ , ਇਹ ਪਰਮੇਸ਼ੁਰ ਦੀ ਦਾਤ ਹੈ; ਕੰਮਾਂ ਦੇ ਨਤੀਜੇ ਵਜੋਂ ਨਹੀਂ , ਤਾਂ ਜੋ ਕੋਈ ਸ਼ੇਖੀ ਨਾ ਮਾਰ ਸਕੇ।" ਪਰ ਇਸ ਲਈ ਕਿ ਕੋਈ ਵੀ ਗੁਮਰਾਹ ਨਾ ਹੋਵੇ, (ਸਿਰਫ਼ ਉਸ "ਇੱਕ ਖੰਭ" 'ਤੇ ਉੱਡਦੇ ਹੋਏ), ਇਸ ਤੋਂ ਤੁਰੰਤ ਅਗਲੀ ਆਇਤ ਵਿੱਚ ਕਿਹਾ ਗਿਆ ਹੈ: "ਅਸੀਂ ਉਸਦੀ ਰਚਨਾ ਹਾਂ, ਪਰਮੇਸ਼ਰ ਨੇ ਸਾਨੂੰ ਮਸੀਹ ਯਿਸੂ ਵਿੱਚ ਨਵੇਂ ਬਣਾਇਆ ਤਾਂ ਜੋ ਅਸੀਂ ਚੰਗੇ ਕੰਮ ਕਰਨ ਦੇ ਯੋਗ ਹੋ ਸਕੀਏ। ਪਰਮੇਸ਼ਰ ਨੇ ਪਹਿਲਾਂ ਹੀ ਇਹਨਾਂ ਸਾਰੀਆਂ ਚੰਗੀਆਂ ਗੱਲਾਂ ਦੀ ਯੋਜਨਾ ਸਾਡੇ ਲਈ ਤਿਆਰ ਕੀਤੀ ਹੋਈ ਹੈ। ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬਿਤਾਈਏ ।(ਅਫ਼ਸੀਆਂ 2:8-10)। ਇਸ ਤਰ੍ਹਾਂ ਅਸੀਂ ਬਚਾਏ ਜਾਂਦੇ ਹਾਂ -ਇਹ ਚੰਗੇ ਕੰਮਾਂ ਦੁਆਰਾ ਨਹੀਂ ਬਲਕਿ ਉਨ੍ਹਾਂ ਚੰਗੇ ਕੰਮਾਂ ਲਈ ਜੋ ਪਰਮੇਸ਼ੁਰ ਨੇ ਸਾਡੇ ਲਈ ਪਹਿਲਾਂ ਤੋਂ ਤਿਆਰ ਕੀਤੇ ਹਨ, ਤਾਂ ਕਿ ਅਸੀਂ ਆਪਣਾ ਜੀਵਨ ਚੰਗੇ ਕੰਮ ਕਰਦਿਆਂ ਬੀਤਾਈਏ।
ਅਸੀਂ ਫ਼ਿਲਿੱਪੀਆਂ 2:12, 13 ਵਿੱਚ ਵੀ ਇਹੀ ਸੰਤੁਲਨ ਦੇਖਦੇ ਹਾਂ। ਉੱਥੇ ਸਾਨੂੰ "ਪਰਮੇਸ਼ਰ ਲਈ ਮਹਾਨ ਇੱਜਤ ਅਤੇ ਡਰ ਨਾਲ ਆਪਣੀ ਮੁਕਤੀ ਦਾ ਕੰਮਕਰਨ ਲਈ" ਕਿਹਾ ਗਿਆ ਹੈ। ਪਰ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ "ਕਿਉਂਕਿ ਇਹ ਪਰਮੇਸ਼ੁਰ ਹੀ ਹੈ ਜੋ ਤੁਹਾਨੂੰ ਇੱਛਾ ਅਤੇ ਸ਼ਕਤੀ ਉਸਦੇ ਚੰਗੇ ਉਦੇਸ਼ ਅਨੁਸਾਰ ਕੰਮ ਕਰਨ ਲਈ ਦਿੰਦਾ ਹੈ। ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਪਰਮੇਸ਼ੁਰ ਪਹਿਲਾਂ ਸਾਡੇ ਅੰਦਰ ਕੀ ਕੰਮ ਕਰਦਾ ਹੈ।
ਯਾਕੂਬ 2:17,18 ਵਿੱਚ, ਇਹ ਕਿਹਾ ਗਿਆ ਹੈ ਕਿ "ਨਿਹਚਾ ਦੇ ਨਾਲ ਵੀ ਇਹੀ ਹੈ। ਜੇ ਨਿਹਚਾ ਕੁੱਝ ਨਹੀਂ ਸੰਵਾਰਦੀ ਤਾਂ ਉਹ ਨਿਹਚਾ ਨਿਰਜੀਵ ਹੈ। ਕਿਉਂਕਿ ਉਹ ਇਕੱਲੀ ਹੈ।" ਅਤੇ ਫਿਰ ਯਾਕੂਬ ਅੱਗੇ ਕਹਿੰਦਾ ਹੈ, "ਕੋਈ ਵਿਅਕਤੀ ਸ਼ਾਇਦ ਇਹ ਆਖੇ,'ਤੂੰ ਨਿਹਚਾ ਰੱਖਦਾ ਹੈਂ ਪਰ ਮੈਂ ਕੰਮ ਕਰਦਾ ਹਾਂ।' ਪਰ ਅੱਗੇ ਯਾਕੂਬ (ਪਵਿੱਤਰ ਦੀ ਪ੍ਰੇਰਨਾ ਨਾਲ) ਕਹਿੰਦਾ ਹੈ, "ਮੈਨੂੰ ਆਪਣੀ ਨਿਹਚਾ ਦਿਖਾ! ਤੇਰੀ ਨਿਹਚਾ ਕੁੱਝ ਵੀ ਨਹੀਂ ਕਰਦੀ। ਮੈਂ ਆਪਣੇ ਅਮਲਾਂ ਰਾਹੀਂ ਤੈਨੂੰ ਆਪਣੀ ਨਿਹਚਾ ਦਿਖਾਵਾਂਗਾ।" ਇਸ ਤਰ੍ਹਾਂ ਅਜਿਹੀ ਨਿਹਚਾ ਜੋ "ਨਿਹਚਾ ਦੇ ਕੰਮ ਨਹੀਂ ਕਰਦੀ" ਉਹ ਨਿਰਜੀਵ ਹੈ। ਇਸ ਤਰ੍ਹਾਂ ਨਿਰਜੀਵ ਨਿਹਚਾ ਅਤੇ ਸਜੀਵ ਨਿਹਚਾ ਦੇ ਵਿੱਚ ਇਹੀ ਫ਼ਰਕ ਹੈ।
ਸੱਚਾ ਮਸੀਹੀ ਵਿਸ਼ਵਾਸ ਹਮੇਸ਼ਾ ਨਿਹਚਾ ਦੇ ਕੰਮ ਪੈਦਾ ਕਰੇਗਾ - ਯਾਨੀ ਕਿ, ਪਵਿੱਤਰ ਆਤਮਾ 'ਤੇ ਨਿਰਭਰ ਰਹਿ ਕੇ ਕੀਤੇ ਹੋਏ ਕੰਮ। ਕਿਉਂਕਿ ਵਿਸ਼ਵਾਸ ਅਸਲ ਵਿੱਚ ਇਹੀ ਹੈ: ਪਵਿੱਤਰ ਆਤਮਾ 'ਤੇ ਨਿਰਭਰਤਾ, ਜਿਵੇਂ ਟਹਿਣੀ ਫਲ ਪੈਦਾ ਕਰਨ ਲਈ ਰੁੱਖ 'ਤੇ ਨਿਰਭਰ ਕਰਦੀ ਹੈ। ਇਸ ਲਈ, ਜੇਕਰ ਸਾਡੇ ਕੋਲ ਸੱਚਮੁੱਚ ਸੱਚਾਈ ਦਾ ਸੰਤੁਲਨ ਹੈ ਜੋ ਨਵੇਂ ਨੇਮ ਵਿੱਚ ਪਾਇਆ ਜਾਂਦਾ ਹੈ, ਤਾਂ ਇਹ ਸਾਡੇ ਜੀਵਨ ਵਿੱਚ ਮਸੀਹ ਦੀ ਸਮਾਨਤਾ ਰਾਹੀਂ ਦੇਖਿਆ ਜਾਵੇਗਾ - ਸਾਡੇ ਘਰੇਲੂ ਸੰਬੰਧਾਂ ਵਿੱਚ ਅਤੇ ਸਾਡੇ ਕੰਮ ਦੇ ਸਥਾਨਾਂ 'ਤੇ - ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ, ਨਿਹਚਾ ਦੁਆਰਾ (ਭਾਵ, ਉਸ 'ਤੇ ਸਾਡੀ ਨਿਰਭਰਤਾ ਦੁਆਰਾ) ਪੈਦਾ ਹੁੰਦਾ ਹੈ।
ਕੰਮਾਂ ਤੋਂ ਬਿਨਾਂ ਨਿਹਚਾ ਇੱਕ ਨਿਰਜੀਵ ਬੌਧਿਕ ਵਿਸ਼ਵਾਸ ਹੈ - ਅਤੇ ਇਹ ਪਵਿੱਤਰ ਆਤਮਾ ਦੁਆਰਾ ਇੱਕ ਵਿਅਕਤੀ ਦੇ ਦਿਲ ਵਿੱਚ ਪੈਦਾ ਕੀਤੀ ਗਈ ਅਸਲ ਨਿਹਚਾ ਨਹੀਂ ਹੈ। ਅਸਲ ਮਸੀਹੀ ਨਿਹਚਾ ਪਰਮੇਸ਼ਰ ਉੱਤੇ ਪੂਰੀ ਤਰ੍ਹਾਂ ਨਿਰਭਰਤਾ ਹੈ, ਜੋ ਹਮੇਸ਼ਾ ਇੱਕ ਵਿਅਕਤੀ ਦੇ ਜੀਵਨ ਵਿੱਚ ਮਸੀਹ ਵਰਗਾ ਬਣਨ ਦਾ ਫਲ ਪੈਦਾ ਕਰਦੀ ਹੈ। ਦੂਜੇ ਪਾਸੇ, ਨਿਹਚਾ ਤੋਂ ਬਿਨਾਂ ਕੰਮ ਇਸ ਤਰ੍ਹਾਂ ਹੈ ਜਿਵੇਂ ਇੱਕ ਆਦਮੀ ਹੈ ਜੋ ਆਪਣੇ ਮਨੁੱਖੀ ਯਤਨਾਂ ਦੁਆਰਾ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸਦੇ ਨਤੀਜੇ ਵਜੋਂ ਸਵੈ-ਧਾਰਮਿਕਤਾ ਪੈਦਾ ਹੁੰਦੀ ਹੈ - ਜਿਸਨੂੰ ਪਵਿੱਤਰ ਸ਼ਾਸਤਰ "ਗੰਦੇ ਚੀਥੜੇ" ਕਹਿੰਦਾ ਹੈ। ("ਸਾਡੇ ਸਾਰੇ ਧਾਰਮਿਕ ਕੰਮ ਇੱਕ ਗੰਦੇ ਕੱਪੜੇ ਵਾਂਗ ਹਨ"- ਯਸਾਯਾਹ 64:6)।
ਇਸ ਲੇਖ ਵਿੱਚ ਮੈਂ ਜੋ ਸਾਂਝਾ ਕੀਤਾ ਹੈ ਉਹ ਬਹੁਤ ਮਹੱਤਵਪੂਰਨ ਸੱਚਾਈ ਹੈ - ਕਿਉਂਕਿ ਸਾਡੀ ਸਦੀਵੀ ਤਕਦੀਰ ਇਸ ਉੱਤੇ ਨਿਰਭਰ ਹੈ- ਅਤੇ ਇਸ ਲਈ ਅਸੀਂ ਇਸ ਮਾਮਲੇ ਵਿੱਚ ਗਲਤੀ ਬਰਦਾਸ਼ਤ ਨਹੀਂ ਕਰ ਸਕਦੇ। ਇਸ ਲਈ ਸ਼ੈਤਾਨ ਨੂੰ ਤੁਹਾਨੂੰ ਇੱਕ ਝੂਠੇ "ਵਿਸ਼ਵਾਸ" ਨਾਲ ਧੋਖਾ ਨਾ ਦੇਣ ਦਿਓ ਜੋ ਕਿ ਸਿਰਫ਼ ਇੱਕ ਬੌਧਿਕ ਵਿਸ਼ਵਾਸ ਹੈ ਜੋ ਸਾਡੇ ਵਿੱਚ ਮਸੀਹ ਦਾ ਜੀਵਨ ਪੈਦਾ ਨਹੀਂ ਕਰਦਾ।
ਜਿਸਦੇ ਸੁਣਨ ਦੇ ਕੰਨ ਹਨ, ਉਹ ਸੁਣੇ। ਆਮੀਨ।