ਪੁਰਾਣੇ ਨੇਮ ਵਿੱਚ, ਕਾਨੂੰਨ ਕਹਿੰਦਾ ਸੀ, "ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ। " ਇਹ ਇੱਕ ਅਜਿਹਾ ਕਾਨੂੰਨ ਸੀ ਜੋ ਪਰਮੇਸ਼ੁਰ ਨੇ ਕੂਚ 21 , ਲੇਵੀਆਂ 24, ਅਤੇ ਬਿਵਸਥਾ ਸਾਰ 19ਵਿੱਚ ਦਿੱਤਾ ਸੀ। ਪਰਮੇਸ਼ੁਰ ਇਹ ਨਹੀਂ ਕਹਿ ਰਿਹਾ ਸੀ ਕਿ ਜੇਕਰ ਕੋਈ ਤੁਹਾਡੀ ਅੱਖ ਕੱਢਦਾ ਹੈ ਤਾਂ ਤੁਹਾਨੂੰ ਉਸਦੀ ਅੱਖ ਕੱਢਣੀ ਚਾਹੀਦੀ ਹੈ। ਉਹ ਜੋ ਕਹਿ ਰਿਹਾ ਸੀ ਉਹ ਇਹ ਸੀ ਕਿ, ਜੇਕਰ ਉਸਨੇ ਤੁਹਾਡੀ ਸਿਰਫ਼ ਇੱਕ ਹੀ ਕੱਢੀ ਹੈ ਤਾਂ ਉਸਦੀਆਂ ਦੋਵੇਂ ਅੱਖਾਂ ਨਾ ਕੱਢੋ। ਸਭ ਤੋਂ ਵਧੀਆ ਤਰੀਕਾ ਇਹ ਸੀ ਕਿ ਤੂੰ ਉਸ ਨੂੰ ਮਾਫ ਕਰ ਕੇ ਛੱਡ ਦੇ ਅਤੇ ਉਸ ਦੀ ਕੋਈ ਅੱਖ ਨਾ ਕੱਢੀਂ।"ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ " ਇਸ ਤਰ੍ਹਾਂ ਕਹਿ ਕੇ ਪਰਮੇਸ਼ੁਰ ਸਜ਼ਾ ਨੂੰ ਸੀਮਤ ਕਰ ਰਿਹਾ ਸੀ।
ਪਰ ਯਿਸੂ ਨੇ ਇਸ ਮਿਆਰ ਨੂੰ ਉੱਚਾ ਚੁੱਕਿਆ,ਅਤੇ ਕਿਹਾ,"ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗੱਲ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। ਅਤੇ ਜੇ ਕੋਈ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਨ ਲਈ ਮਜਬੂਰ ਕਰੇ ਤਾਂ ਤੁਸੀਂ ਉਸਦੇ ਨਾਲ ਦੋ ਮੀਲ ਚੱਲੋ। " (ਮੱਤੀ 5:39-41)। ਰੋਮੀ ਸਿਪਾਹੀ ਕਈ ਵਾਰ ਆਪਣੇ ਗੁਲਾਮ ਯਹੂਦੀ ਲੋਕਾਂ ਨੂੰ ਉਹਨਾਂ ਦਾ ਸਮਾਨ ਅਤੇ ਜੰਗੀ ਉਪਕਰਨ ਜਾਂ ਹਥਿਆਰ ਇੱਕ ਮੀਲ ਤੱਕ ਚੁੱਕਣ ਲਈ ਮਜਬੂਰ ਕਰਦੇ ਸਨ। ਇਸ ਲਈ ਉਹਨਾਂ ਨੂੰ ਇਹ ਕਰਨਾ ਪੈਂਦਾ ਸੀ। ਯਿਸੂ ਸਾਨੂੰ ਦੱਸਦਾ ਹੈ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਉਸ ਵਿਅਕਤੀ ਨਾਲ ਦੋ ਮੀਲ ਜਾਣਾ ਚਾਹੀਦਾ ਹੈ,ਇਸ ਬਾਰੇ ਉਸ ਨਾਲ ਲੜਨਾ ਨਹੀਂ ਚਾਹੀਦਾ,ਉਸ ਨੂੰ, ਜੋ ਉਹ ਤੁਹਾਡੇ ਤੋਂ ਮੰਗਦਾ ਹੈ ਦੇਣਾ ਚਾਹੀਦਾ ਹੈ,ਅਤੇ ਉਸ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਜੋ ਤੁਹਾਡੇ ਤੋਂ ਉਧਾਰ ਲੈਣਾ ਚਾਹੁੰਦਾ ਹੈ।
ਸਾਨੂੰ ਇਹਨਾਂ ਗੱਲਾਂ ਨੂੰ ਉਸੇ ਭਾਵਨਾ ਨਾਲ ਸਮਝਣ ਦੀ ਲੋੜ ਹੈ ਜਿਸ ਵਿੱਚ ਇਹ ਕਹੀਆਂ ਗਈਆਂ ਹਨ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਯਿਸੂ ਦਾ ਕੀ ਮਤਲਬ ਸੀ? ਕੀ ਅਸੀਂ ਲੋਕਾਂ ਦੇ ਪੈਰਾਂ ਹੇਠ ਆਉਣ ਵਾਲੇ ਪਾਇਦਾਨ ਵਾਂਗ ਬਣ ਜਾਈਏ? ਕੀ ਲੋਕ ਸਾਡੇ ਨਾਲ ਕੁਝ ਮਰਜ਼ੀ ਕਰਨ ਅਸੀਂ ਕੁੱਝ ਨਾ ਕਹੀਏ? ਅਜਿਹਾ ਨਹੀਂ ਹੋ ਸਕਦਾ। ਜਦੋਂ ਵੀ ਤੁਸੀਂ ਪਵਿੱਤਰ ਸ਼ਾਸਤਰ ਦੀ ਕਿਸੇ ਆਇਤ ਨੂੰ ਠੀਕ ਢੰਗ ਨਾਲ ਨਾ ਸਮਝ ਸਕੋਂ, ਤਾਂ ਖੁਦ ਯਿਸੂ ਮਸੀਹ ਦੀ ਉਦਾਹਰਣ ਵੱਲ ਦੇਖੋ - ਕਿਉਂਕਿ ਯਿਸੂ ਹੀ ਸ਼ਬਦ ਹੈ ਜੋ ਮਨੁੱਖ ਬਣ ਗਿਆ ਸੀ। ਪੁਰਾਣੇ ਨੇਮ ਵਿੱਚ, ਉਹਨਾਂ ਕੋਲ ਪ੍ਰਾਚੀਨ ਯਹੂਦੀ ਲਿਖਾਰੀ ਸਨ ਜੋ ਕਾਨੂੰਨ ਦੀ ਹਰ ਛੋਟੀ ਤੋਂ ਛੋਟੀ ਗੱਲ ਸਮਝਾਉਣ ਲਈ ਉਸਦੀ ਜਾਂਚ ਕਰਦੇ ਸਨ। ਨਵੇਂ ਨੇਮ ਵਿੱਚ, ਸਾਨੂੰ ਆਇਤਾਂ ਦਾ ਓਨਾ ਵਿਸ਼ਲੇਸ਼ਣ ਕਰਨ ਦੀ ਲੋੜ ਨਹੀਂ ਹੈ ਜਿੰਨਾ ਅਸੀਂ ਯਿਸੂ ਵੱਲ ਦੇਖਦੇ ਹਾਂ, ਕਿਉਂਕਿ ਉਹ ਸਾਡੇ ਕੋਲ ਹੁਣ ਉਸਦੀ ਉਦਾਹਰਣ ਹਨ।
"ਜੇ ਕੋਈ ਤੁਹਾਡੀ ਸੱਜੀ ਗੱਲ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ।" ਇਸ ਤੋਂ ਯਿਸੂ ਦਾ ਕੀ ਮਤਲਬ ਸੀ? ਅਸੀਂ ਦੇਖਦੇ ਹਾਂ ਕਿ ਯਿਸੂ ਖੁਦ, ਜਦੋਂ ਸਲੀਬ 'ਤੇ ਚੜ੍ਹਾਉਣ ਤੋਂ ਠੀਕ ਪਹਿਲਾਂ ਉਹ ਮੁਕੱਦਮੇ ਦੌਰਾਨ ਮੁੱਖ ਜਾਜਕਾਂ ਦੇ ਸਾਹਮਣੇ ਖੜ੍ਹੇ ਸਨ, ਤਾਂ ਉਹਨਾਂ ਨੂੰ ਥੱਪੜ ਮਾਰਿਆ ਗਿਆ ਸੀ ਅਤੇ ਉਸਨੇ ਦੂਜੀ ਗੱਲ੍ਹ ਉਹਨਾਂ ਵੱਲ ਨਹੀਂ ਘੁਮਾਈ। ਉਸਨੇ ਯੂਹੰਨਾ 18:23 ਵਿੱਚ ਕਿਹਾ, "ਜੇ ਮੈਂ ਸਹੀ ਕਿਹਾ ਹੈ,ਤਾਂ ਤੁਸੀਂ ਮੈਨੂੰ ਕਿਉਂ ਥੱਪੜ ਮਾਰਦੇ ਹੋ ?" ਉਹਨਾਂ ਨੇ ਇਸਦਾ ਜਵਾਬ ਨਹੀਂ ਦਿੱਤਾ (ਸ਼ਾਇਦ ਉਹਨਾਂ ਨੇ ਉਸਨੂੰ ਦੁਬਾਰਾ ਥੱਪੜ ਮਾਰਿਆ ਅਤੇ ਉਸਨੇ ਜਵਾਬ ਨਹੀਂ ਦਿੱਤਾ)। ਜਦੋਂ ਉਹਨਾਂ ਨੇ ਉਸਨੂੰ ਥੱਪੜ ਮਾਰਿਆ, ਤਾਂ ਉਸਨੇ ਆਪਣੀ ਦੂਜੀ ਗੱਲ੍ਹ ਵੀ ਥੱਪੜ ਮਾਰਨ ਲਈ ਨਹੀਂ ਦਿੱਤੀ। ਇਸ ਲਈ, ਸਾਨੂੰ ਮਸੀਹ ਦੀ ਗੱਲ ਦੇ ਪਿੱਛੇ ਦੀ ਭਾਵਨਾ ਨੂੰ ਸਮਝਣ ਲਈ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਸਾਨੂੰ ਖੁਦ ਯਿਸੂ 'ਤੇ ਦੋਸ਼ ਲਗਾਉਣਾ ਪਵੇਗਾ ਕਿ ਉਹ ਜੋ ਪ੍ਰਚਾਰ ਕਰਦਾ ਸੀ ਉਸਦੀ ਪਾਲਣਾ ਨਹੀਂ ਕਰ ਰਿਹਾ ਸੀ।
ਇੱਥੇ ਸਿਧਾਂਤ ਇਹ ਹੈ: ਮੈਂ ਬਦਲਾ ਨਹੀਂ ਲੈਣਾ ਚਾਹੁੰਦਾ;ਮੈਂ ਕਿਸੇ ਤੋਂ ਮੇਰੇ ਨਾਲ ਕੀਤੇ ਗਏ ਵਿਵਹਾਰ ਲਈ ਬਦਲਾ ਨਹੀਂ ਲੈਣਾ ਚਾਹੁੰਦਾ।ਜੇ ਕੋਈ ਮੈਨੂੰ ਸ਼ੈਤਾਨ ਕਹਿੰਦਾ ਹੈ, ਤਾਂ ਮੈਂ ਉਸ ਵਿਅਕਤੀ ਨੂੰ ਸ਼ੈਤਾਨ ਨਹੀਂ ਕਹਾਂਗਾ। ਜੇ ਮੈਨੂੰ ਥੱਪੜ ਮਾਰਿਆ ਜਾਂਦਾ ਹੈ, ਤਾਂ ਮੈਂ ਬਦਲਾ ਨਹੀਂ ਲਵਾਂਗਾ। ਮੈਂ ਸਿਰਫ਼ ਪਿੱਛੇ ਬੈਠ ਕੇ ਪਰਮੇਸ਼ਰ 'ਤੇ ਭਰੋਸਾ ਕਰਨਾ ਪਸੰਦ ਕਰਾਂਗਾ ਕਿ ਉਹ ਮੈਨੂੰ ਮੇਰਾ ਫਾਇਦਾ ਉਠਾਏ ਜਾਣ ਤੋਂ ਬਚਾਵੇਗਾ।
ਜਦੋਂ ਉਹ ਕਹਿੰਦੇ ਹਨ ਕਿ ਜੇਕਰ ਕੋਈ ਤੁਹਾਡੀ ਕਮੀਜ਼ ਲੈਣ ਲਈ ਤੁਹਾਡੇ 'ਤੇ ਅਦਾਲਤ ਵਿੱਚ ਮੁਕੱਦਮਾ ਕਰੇ, ਤਾਂ ਆਪਣਾ ਕੋਟ ਵੀ ਉਸਨੂੰ ਦੇ ਦਿਓ, ਤਾਂ ਇਸ ਤੋਂ ਉਹਨਾਂ ਦਾ ਕੀ ਮਤਲਬ ਹੈ? ਉਦਾਹਰਣ ਵਜੋਂ, ਜੇਕਰ ਕੋਈ ਬੇਇਨਸਾਫ਼ੀ ਨਾਲ ਝੂਠ ਬੋਲਦਾ ਹੈ ਅਤੇ ਤੁਹਾਡੀ ਆਪਣੀ ਜਾਇਦਾਦ ਲਈ ਤੁਹਾਡੇ 'ਤੇ ਮੁਕੱਦਮਾ ਕਰਦਾ ਹੈ ਅਤੇ ਇਹ ਕਹਿੰਦਾ ਕਿ ਇਹ ਉਸਦੀ ਜਾਇਦਾਦ ਹੈ - ਸ਼ਾਇਦ ਉਸਨੇ ਅਦਾਲਤ ਵਿੱਚ ਕੁਝ ਝੂਠੇ ਦਸਤਾਵੇਜ਼ ਵੀ ਪੇਸ਼ ਕੀਤੇ ਹਨ ਅਤੇ ਉਹ ਤੁਹਾਡਾ ਘਰ ਤੁਹਾਡੇ ਤੋਂ ਖੋਹਣਾ ਚਾਹੁੰਦਾ ਹੈ - ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਤੁਹਾਨੂੰ ਉਸਨੂੰ ਕਹਿਣਾ ਚਾਹੀਦਾ ਹੈ ਕਿ ਉਹ ਤੁਹਾਡਾ ਘਰ ਲੈ ਲਵੇ ਅਤੇ ਆਪਣਾ ਦੂਜਾ ਘਰ ਵੀ ਉਸ ਨੂੰ ਦੇ ਦਿਓ? ਕੀ ਇਸ ਦਾ ਇਹੀ ਮਤਲਬ ਹੈ?
ਯਿਸੂ ਦਾ ਇਹ ਮਤਲਬ ਬਿਲਕੁਲ ਵੀ ਨਹੀਂ ਸੀ। ਫਿਰ ਤੋਂ, ਸਾਨੂੰ ਭਾਵਨਾ ਨੂੰ ਸਮਝਣ ਦੀ ਲੋੜ ਹੈ। ਜੇ ਕੋਈ ਤੁਹਾਨੂੰ ਇੱਕ ਮੀਲ ਜਾਣ ਲਈ ਮਜਬੂਰ ਕਰਦਾ ਹੈ, ਤਾਂ ਉਸਦੇ ਨਾਲ ਦੋ ਮੀਲ ਜਾਓ। ਦੂਜੇ ਸ਼ਬਦਾਂ ਵਿੱਚ, ਜੇ ਕੋਈ ਤੁਹਾਨੂੰ ਕੁਝ ਕਰਨ ਲਈ ਮਜਬੂਰ ਕਰਦਾ ਹੈ, ਤਾਂ ਜ਼ਿਆਦਾ ਕਰੋ। ਤੁਹਾਨੂੰ ਇਸਦੀ ਭਾਵਨਾ ਨੂੰ ਸਮਝਣਾ ਚਾਹੀਦਾ ਹੈ। ਯਿਸੂ ਸਾਨੂੰ ਇਹ ਵੀ ਹਿਦਾਇਤ ਦਿੰਦੇ ਹਨ ਕਿ ਜੇ ਕੋਈ ਸਾਡੇ ਤੋਂ ਉਧਾਰ ਲੈਣਾ ਚਾਹੁੰਦਾ ਹੈ, ਉਸਨੂੰ ਮਨ੍ਹਾਂ ਨਾ ਕਰੋ। ਕੀ ਉਹ ਇਹ ਕਹਿ ਰਹੇ ਹਨ ਕਿ ਜੇ ਕੋਈ ਤੁਹਾਡੇ ਤੋਂ ਉਧਾਰ ਲੈਣਾ ਚਾਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਪੈਸੇ ਦੇਣੇ ਚਾਹੀਦੇ ਹਨ? ਇੱਥੇ ਭਾਰਤ ਵਿੱਚ, ਜੇਕਰ ਤੁਸੀਂ ਕਿਸੇ ਨੂੰ ਇੱਕ ਵਾਰ ਪੈਸੇ ਦਿੰਦੇ ਹੋ ਅਤੇ ਤੁਹਾਨੂੰ ਇੱਕ ਅਜਿਹੇ ਵਿਅਕਤੀ ਵਜੋਂ ਪ੍ਰਸਿੱਧੀ ਮਿਲਦੀ ਹੈ ਜੋ ਕਿਸੇ ਨੂੰ ਵੀ ਖੁੱਲ੍ਹਦਿਲੀ ਨਾਲ ਦਿੰਦਾ ਰਹਿੰਦਾ ਹੈ, ਤਾਂ ਤੁਸੀਂ ਕੁਝ ਹੀ ਸਮੇਂ ਵਿੱਚ ਦੀਵਾਲੀਆ ਹੋ ਜਾਓਗੇ!
ਜੇਕਰ ਤੁਸੀਂ ਇਨ੍ਹਾਂ ਸ਼ਬਦਾਂ ਦੀ ਭਾਵਨਾ ਨੂੰ ਨਹੀਂ ਸਮਝਦੇ, ਅਤੇ ਅੰਨ੍ਹੇਵਾਹ ਇਨ੍ਹਾਂ ਨੂੰ ਸ਼ਾਬਦਿਕ ਰੂਪ ਵਿੱਚ ਲੈਂਦੇ ਹੋ, ਤਾਂ ਤੁਸੀਂ ਬਹੁਤ ਮੁਸੀਬਤ ਵਿੱਚ ਫਸ ਜਾਓਗੇ। ਯਿਸੂ ਸਾਨੂੰ ਪਾਪ ਪ੍ਰਤੀ ਰੈਡੀਕਲ ਰਵੱਈਆ ਰੱਖਣਾ ਸਿਖਾ ਰਿਹਾ ਹੈ, ਜਿਵੇਂ ਕਿ ਜਦੋਂ ਉਸਨੇ ਸਾਨੂੰ ਇੱਕ ਅੰਨ੍ਹੇ ਆਦਮੀ ਵਾਂਗ, ਜਾਂ ਕੱਟੇ ਹੋਏ ਹੱਥ ਵਾਲੇ ਵਾਂਗ ਹੋਣ ਦੀ ਹਿਦਾਇਤ ਦਿੱਤੀ ਸੀ। ਇਸ ਭਾਵਨਾ ਨੂੰ ਵੀ ਸਾਨੂੰ ਇਹਨਾਂ ਸਾਰੀਆਂ ਗੱਲਾਂ ਵਾਂਗ ਸਮਝਣ ਦੀ ਲੋੜ ਹੈ: ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ, ਫਾਇਦਾ ਉਠਾਏ ਜਾਣ ਲਈ ਤਿਆਰ ਰਹੋ, ਅਤੇ ਇੱਥੋਂ ਤੱਕ ਕਿ ਆਪਣੇ ਆਪ ਦਾ ਇਨਕਾਰ ਕਰਨ ਲਈ ਵੀ ਤਿਆਰ ਰਹੋ; ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਕੋਈ ਅਧਿਕਾਰ ਨਹੀਂ ਹਨ।
ਇੱਕ ਭਰਾ, ਜੋ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ, ਨੇ ਇੱਕ ਵਾਰ ਕਿਸੇ ਚਰਚ ਦੀ ਮੀਟਿੰਗ ਵਿੱਚ ਗਵਾਹੀ ਦਿੱਤੀ ਕਿ ਜਦੋਂ ਉਹ ਸੜਕ 'ਤੇ ਗੱਡੀ ਚਲਾ ਰਿਹਾ ਸੀ, ਤਾਂ ਉਹ ਕਈ ਵਾਰ ਰਾਤ ਦੇ ਸਮੇਂ ਕਿਸੇ ਕਾਰ ਨੂੰ ਸਾਹਮਣੇ ਤੋਂ ਆਉਂਦੇ ਵੇਖਦਾ ਸੀ ਜਿਸ ਦੀਆਂ ਹੈੱਡਲਾਈਟਾਂ ਦੀ ਚਮਕ ਬਹੁਤ ਤੇਜ ਹੁੰਦੀ ਸੀ ਜਿਸ ਕਾਰਨ ਉਸਨੂੰ ਦਿਖਣਾ ਬੰਦ ਹੋ ਜਾਂਦਾ ਸੀ। ਜਦੋਂ ਸਾਹਮਣੇ ਤੋਂ ਕੋਈ ਕਾਰ ਆ ਰਹੀ ਹੋਵੇ ਤਾਂ ਉਹਨਾਂ ਨੂੰ ਆਪਣੀਆਂ ਲਾਈਟਾਂ ਡਿਮ ਕਰ ਦੇਣੀਆਂ ਚਾਹੀਦੀਆਂ ਹਨ, ਪਰ ਇਨ੍ਹਾਂ ਲੋਕਾਂ ਨੇ ਅਜਿਹਾ ਨਹੀਂ ਕੀਤਾ। ਕਿਉਂਕਿ ਉਹਨਾਂ ਦੀਆਂ ਤੇਜ ਲਾਈਟਾਂ ਕਾਰਨ ਉਸਨੂੰ ਦੇਖਣਾ ਮੁਸ਼ਕਲ ਹੁੰਦਾ ਸੀ। ਇਸ ਲਈ ਉਸਨੇ ਮਹਿਸੂਸ ਕੀਤਾ ਕਿ ਉਹ ਆਪਣੀ ਬੱਸ ਦੀਆਂ ਹੈੱਡਲਾਈਟਾਂ ਨੂੰ ਉਹਨਾਂ ਵੱਲ ਹੋਰ ਤੇਜ ਚਮਕਾਵੇ ਤਾਂ ਕਿ ਦੂਜੇ ਡਰਾਈਵਰ ਨੂੰ ਸਬਕ ਸਿਖਾਇਆ ਜਾ ਸਕੇ। ਉਸਨੂੰ ਅਚਾਨਕ ਅਹਿਸਾਸ ਹੋਇਆ ਕਿ ਉਹ ਇੱਕ ਮਸੀਹੀ ਹੈ ਅਤੇ ਉਸਨੂੰ ਬਦਲਾ ਨਹੀਂ ਲੈਣਾ ਚਾਹੀਦਾ ਅਤੇ ਉਸਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਉਸ ਭਰਾ ਨੇ ਬਦਲਾ ਲੈਣ ਦੇ ਆਰਥ ਨੂੰ ਕਿਸ ਤਰ੍ਹਾਂ ਸਮਝਿਆ ਹੈ: ਕਿਸੇ ਦੂਜੇ ਵਿਅਕਤੀ ਨੂੰ ਉਸੇ ਤਰ੍ਹਾਂ ਨੁਕਸਾਨ ਪਹੁੰਚਾਉਣਾ ਜਿਸ ਤਰ੍ਹਾਂ ਉਸਨੇ ਨੁਕਸਾਨ ਪਹੁੰਚਾਇਆ ਸੀ!
ਜੇ ਮੈਂ ਯਿਸੂ ਦੁਆਰਾ ਸਿਖਾਏ ਗਏ ਸਿਧਾਂਤ ਨੂੰ ਸਮਝਦਾ ਹਾਂ, ਤਾਂ ਮੈਂ ਉਸ ਸਿਧਾਂਤ ਦਾ ਪਾਲਣ ਉਦੋਂ ਵੀ ਕਰਾਂਗਾ ਜਦੋਂ ਮੈਂ ਸੜਕ 'ਤੇ ਗੱਡੀ ਚਲਾ ਰਿਹਾ ਹੋਵਾਂਗਾ ਅਤੇ ਕੋਈ ਆਪਣੀਆਂ ਹੈੱਡਲਾਈਟਾਂ ਨੂੰ ਮੇਰੀਆਂ ਅੱਖਾਂ ਵਿੱਚ ਮਾਰਦਾ ਹੈ। ਇਹ ਸਥਿਤੀ ਸਾਇਦ ਪਵਿੱਤਰ ਸ਼ਾਸਤਰ ਵਿੱਚ ਕਿਤੇ ਵੀ ਨਾ ਲਿਖੀ ਗਈ ਹੋਵੇ, ਪਰ ਮੈਂ ਸਿਧਾਂਤਾਂ ਨੂੰ ਸਮਝਾਂਗਾ ਅਤੇ ਝੁਕਣ ਲਈ ਤਿਆਰ ਹੋਵਾਂਗਾ, ਇਹ ਮੰਨਦੇ ਹੋਏ ਕਿ ਮੇਰਾ ਸਮਾਂ, ਮੇਰਾ ਪੈਸਾ ਅਤੇ ਮੇਰੀ ਊਰਜਾ ਮੁੱਖ ਤੌਰ 'ਤੇ ਪ੍ਰਭੂ ਦੀ ਹੈ। ਮੈਂ ਮਨੁੱਖਾਂ ਦਾ ਗੁਲਾਮ ਨਹੀਂ ਹਾਂ ਅਤੇ ਜੇ ਕੋਈ ਮੈਨੂੰ ਆਪਣਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੇ, ਕਿਸੇ ਨੂੰ ਵੀ ਮੈਂ ਇਸਦੀ ਇਜਾਜ਼ਤ ਨਹੀਂ ਦੇਵਾਂਗਾ। ਮੁੱਖ ਤੌਰ 'ਤੇ ਮੈਂ ਪ੍ਰਭੂ ਦਾ ਗੁਲਾਮ ਹਾਂ ਅਤੇ ਮੈਂ ਮਨੁੱਖਾਂ ਦਾ ਗੁਲਾਮ ਨਹੀਂ ਬਣਾਂਗਾ।
ਇਸ ਲਈ ਜੇ ਮੈਂ ਇਸਨੂੰ ਧਿਆਨ ਵਿੱਚ ਰੱਖਦਾ ਹਾਂ, ਤਾਂ ਮੈਂ ਇਹਨਾਂ ਸਿਧਾਂਤਾਂ ਨੂੰ ਸਮਝਦਾ ਹਾਂ: ਮੈਂ ਕਦੇ ਵੀ ਬਦਲਾ ਨਹੀਂ ਲੈਣਾ ਚਾਹੁੰਦਾ, ਮੈਂ ਕਦੇ ਵੀ ਉਸ ਵਿਅਕਤੀ ਨਾਲ ਉਸ ਤਰ੍ਹਾਂ ਦਾ ਸਲੂਕ ਨਹੀਂ ਕਰਨਾ ਚਾਹੁੰਦਾ ਜਿਵੇਂ ਉਹ ਮੇਰੇ ਨਾਲ ਕਰਦਾ ਹੈ, ਅਤੇ ਮੈਂ ਉਸਨੂੰ ਉਸ ਤਰ੍ਹਾਂ ਜਵਾਬ ਨਹੀਂ ਦੇਣਾ ਚਾਹੁੰਦਾ ਜਿਵੇਂ ਉਸਨੇ ਮੈਨੂੰ ਦਿੱਤਾ ਸੀ। ਮੈਂ ਨਿਮਰ ਹੋਣਾ ਚਾਹੁੰਦਾ ਹਾਂ, ਮੈਂ ਦਿਆਲੂ ਹੋਣਾ ਚਾਹੁੰਦਾ ਹਾਂ, ਅਤੇ ਮੈਂ ਆਪਣੇ ਹੱਕਾਂ ਦਾ ਤਿਆਗ ਕਰਨਾ ਚਾਹੁੰਦਾ ਹਾਂ।