ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਚਰਚ ਚੇਲੇ
WFTW Body: 

ਅਸੀਂ ਮੱਤੀ 5:42 ਵਿੱਚ ਪੜ੍ਹਦੇ ਹਾਂ, "ਜੇਕਰ ਕੋਈ ਤੁਹਾਡੇ ਤੋਂ ਉਧਾਰ ਚਾਹੁੰਦਾ ਹੈ ਤਾਂ ਉਸਨੂੰ ਦੇਣ ਤੋਂ ਮਨ੍ਹਾਂ ਨਾ ਕਰੋ। ਕਈ ਵਾਰ ਅਸੀਂ ਪਵਿੱਤਰ ਸ਼ਾਸਤਰ ਦੀ ਤੁਲਨਾ ਪਵਿੱਤਰ ਸ਼ਾਸਤਰ ਨਾਲ ਕਰਕੇ ਗੱਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਇਸ ਲਈ ਕਿਸੇ ਆਇਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਇਸ ਨਾਲ ਮਿਲਦੇ-ਜੁਲਦੇ ਹਵਾਲੇ ਵੱਲ ਧਿਆਨ ਦੇਣਾ ਚਾਹੀਦਾ ਹੈ। ਯਿਸੂ ਨੇ ਲੂਕਾ 6:35ਵਿੱਚ ਕਿਹਾ, "ਵਾਪਸ ਲੈਣ ਦੀ ਆਸ ਤੋਂ ਬਿਨਾਂ ਉਧਾਰ ਦਿਓ।"

ਮੈਨੂੰ ਯਾਦ ਹੈ ਕਿ ਇੱਕ ਵਾਰ ਇੱਕ ਭਰਾ ਨੇ ਮੈਨੂੰ ਦੱਸਿਆ ਕਿ ਉਸ ਨੇ ਕਿਸੇ ਹੋਰ ਭਰਾ ਨੂੰ ਤਿੰਨ ਹਜ਼ਾਰ ਰੁਪਏ ਉਧਾਰ ਦਿੱਤੇ ਸਨ। ਉਸ ਨੇ ਵਾਅਦਾ ਕੀਤਾ ਸੀ ਕਿ ਉਹ ਪੈਸੇ ਵਾਪਸ ਕਰ ਦੇਵੇਗਾ ਪਰ ਬਹੁਤ ਸਮਾਂ ਲੰਘ ਗਿਆ ਅਤੇ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਮੈਂ ਇਸ ਭਰਾ ਨੂੰ ਕਿਹਾ ਕਿ ਪਵਿੱਤਰ ਸ਼ਾਸਤਰ ਦੀ ਉਲੰਘਣਾ ਤਾਂ ਤੂੰ ਖ਼ੁਦ ਕੀਤੀ ਹੈ ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਕਿਹਾ ਗਿਆ ਹੈ ਕਿ "ਵਾਪਸ ਲੈਣ ਦੀ ਆਸ ਰੱਖੇ ਬਿਨਾਂ ਉਧਾਰ ਦਿਓ।" ਜੇ ਤੁਸੀਂ ਵਾਪਸ ਮਿਲਣ ਦੀ ਉਮੀਦ ਨਾਲ ਉਧਾਰ ਦਿੰਦੇ ਹੋ ਤਾਂ ਤੁਸੀਂ ਕੀ ਉਪਕਾਰ ਕੀਤਾ? ਪਾਪੀ ਵੀ ਪਾਪੀਆਂ ਨੂੰ ਇਸੇ ਲਈ ਉਧਾਰ ਦਿੰਦੇ ਹਨ ਕਿ ਉਨ੍ਹਾਂ ਨੂੰ ਉਹੀ ਰਕਮ ਵਾਪਸ ਮਿਲੇ (ਲੂਕਾ 6:34)। ਪਰ ਮਸੀਹ ਵਿੱਚ ਵਿਸ਼ਵਾਸੀ ਨੂੰ ਵੱਖਰਾ ਹੋਣਾ ਚਾਹੀਦਾ ਹੈ ਉਸ ਨੂੰ ਬਿਨਾਂ ਕਿਸੇ ਵਾਪਸੀ ਦੀ ਉਮੀਦ ਦੇ ਉਧਾਰ ਦੇਣਾ ਚਾਹੀਦਾ ਹੈ।

ਯਿਸੂ ਦਾ ਭਾਵ ਇਹ ਸੀ ਕਿ ਤੁਹਾਨੂੰ ਸਿਰਫ਼ ਓਨੀ ਹੀ ਰਕਮ ਉਧਾਰ ਦੇਣੀ ਚਾਹੀਦੀ ਹੈ ਜਿਸ ਨੂੰ ਤੁਸੀਂ ਦਾਨ ਸਮਝ ਕੇ ਭੁੱਲ ਸਕੋ। ਇਸ ਲਈ ਮੈਂ ਇਸ ਭਰਾ ਨੂੰ ਕਿਹਾ ਕਿ ਜਦੋਂ ਉਸ ਦੂਜੇ ਭਰਾ ਨੇ ਤਿੰਨ ਹਜ਼ਾਰ ਰੁਪਏ ਮੰਗੇ ਸਨ ਤਾਂ ਸ਼ਾਇਦ ਉਸ ਨੂੰ ਪੂਰੀ ਰਕਮ ਦੇਣੀ ਹੀ ਨਹੀਂ ਸੀ ਚਾਹੀਦੀ। ਉਸ ਨੂੰ ਕਹਿਣਾ ਚਾਹੀਦਾ ਸੀ, "ਮਾਫ਼ ਕਰੀਂ, ਮੈਂ ਤੈਨੂੰ ਤਿੰਨ ਹਜ਼ਾਰ ਰੁਪਏ ਦੇਣ ਦੇ ਸਮਰੱਥ ਨਹੀਂ ਪਰ ਪੰਜ ਸੌ ਰੁਪਏ ਦੇ ਸਕਦਾ ਹਾਂ।" ਭਾਵ, ਸਿਰਫ਼ ਓਨੀ ਹੀ ਰਕਮ ਉਧਾਰ ਦਿਓ ਜਿਸ ਦੇ ਮੁੜ ਨਾ ਮਿਲਣ ਦਾ ਤੁਹਾਨੂੰ ਕੋਈ ਫ਼ਿਕਰ ਨਾ ਹੋਵੇ। ਇਸ ਨੂੰ ਦਾਨ ਸਮਝੋ ਅਤੇ ਜੇ ਉਹ ਵਾਪਸ ਨਹੀਂ ਕਰਦਾ ਤਾਂ ਬੱਸ ਏਨੀ ਹੀ ਗੱਲ ਹੈ। ਪਰ ਜੇ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਤਾਂ ਪਵਿੱਤਰ ਸ਼ਾਸਤਰ ਦੀ ਉਲੰਘਣਾ ਤੁਸੀਂ ਹੀ ਕੀਤੀ ਹੈ। ਸਾਨੂੰ ਇਹਨਾਂ ਗੱਲਾਂ ਦੇ ਅੰਦਰੂਨੀ ਭਾਵ ਨੂੰ ਸਮਝਣ ਦੀ ਲੋੜ ਹੈ।

ਯਿਸੂ ਦਾ ਕੀ ਭਾਵ ਸੀ ਜਦੋਂ ਉਸ ਨੇ ਕਿਹਾ, "ਜੇਕਰ ਕੋਈ ਤੁਹਾਡੇ ਤੋਂ ਉਧਾਰ ਮੰਗੇ ਤਾਂ ਉਸ ਤੋਂ ਮੂੰਹ ਨਾ ਮੋੜ"? ਜਦੋਂ ਮੈਂ ਇੱਕ ਨੌਜਵਾਨ ਮਸੀਹੀ ਸੀ ਮੈਂ ਜਲ ਸੈਨਾ ਵਿੱਚ ਅਫ਼ਸਰ ਵਜੋਂ ਕਾਫ਼ੀ ਪੈਸੇ ਕਮਾਉਂਦਾ ਸੀ (ਲੋੜ ਤੋਂ ਕਿਤੇ ਵੱਧ) ਅਤੇ ਮੇਰੇ ਕੋਲ ਬਚਤ ਲਈ ਬਹੁਤ ਪੈਸਾ ਹੁੰਦਾ ਸੀ। ਕਲੀਸਿਯਾ ਵਿੱਚ ਇੱਕ ਗ਼ਰੀਬ ਭਰਾ ਸੀ ਜੋ ਇਹ ਜਾਣਦਾ ਸੀ ਅਤੇ ਮੇਰੇ ਕੋਲ ਆ ਕੇ ਪੈਸੇ ਉਧਾਰ ਮੰਗਦਾ ਸੀ। ਮੈਂ ਪੁੱਛਿਆ ਕਿ ਉਸ ਨੂੰ ਕਿੰਨੇ ਚਾਹੀਦੇ ਹਨ ਅਤੇ ਉਸ ਨੇ ਇੱਕ ਮਹੀਨੇ ਵਿੱਚ ਵਾਪਸ ਕਰਨ ਦਾ ਵਾਅਦਾ ਕੀਤਾ। ਅਗਲੇ ਮਹੀਨੇ ਉਹ ਫੇਰ ਮੇਰੇ ਕੋਲ ਆਇਆ ਅਤੇ ਆਖਿਆ ਕਿ ਉਹ ਹਾਲੇ ਵੀ ਪੈਸੇ ਵਾਪਸ ਨਹੀਂ ਕਰ ਸਕਦਾ ਅਤੇ ਉਸ ਨੇ ਹੋਰ ਪੈਸੇ ਮੰਗੇ ਇਸ ਲਈ ਮੈਂ ਉਸ ਨੂੰ ਹੋਰ ਪੈਸੇ ਦੇ ਦਿੱਤੇ। ਮੇਰੇ ਮਨ ਵਿੱਚ ਇਹੀ ਆਇਤ ਸੀ, "ਜੇਕਰ ਕੋਈ ਤੁਹਾਡੇ ਤੋਂ ਉਧਾਰ ਮੰਗੇ ਤਾਂ ਉਸ ਤੋਂ ਮੂੰਹ ਨਾ ਮੋੜ", ਅਤੇ ਮੈਂ ਕਈ ਮਹੀਨਿਆਂ ਤੱਕ ਉਸ ਨੂੰ ਪੈਸੇ ਦਿੰਦਾ ਰਿਹਾ। ਮੈਂ ਇਸ ਲਈ ਬਸ ਚੁੱਪ ਰਿਹਾ ਕਿ ਮੈਂ ਪਵਿੱਤਰ ਸ਼ਾਸਤਰ ਦੀ ਪਾਲਣਾ ਕਰ ਰਿਹਾ ਹਾਂ। ਮੈਂ ਇੱਕ ਨਵਾਂ-ਨਵਾਂ ਬਪਤਿਸਮਾ ਲੈ ਚੁੱਕਾ ਜਵਾਨ ਮਸੀਹੀ ਸੀ ਅਤੇ ਮੈਨੂੰ ਜਿੰਨੀ ਸਮਝ ਸੀ ਉਸ ਅਨੁਸਾਰ ਮੈਂ ਪਵਿੱਤਰ ਸ਼ਾਸਤਰ ਦੀ ਪਾਲਣਾ ਕਰ ਰਿਹਾ ਸੀ ਪਰ ਕੁਝ ਸਮੇਂ ਬਾਅਦ ਇਹ ਪੈਸੇ ਲੈਣ ਵਾਲਾ ਵਿਅਕਤੀ ਵਿਸ਼ਵਾਸ ਤੋਂ ਭਟਕ ਗਿਆ ਅਤੇ ਸ਼ਰਾਬ ਪੀਣ ਅਤੇ ਹੋਰ ਬੁਰੀਆਂ ਆਦਤਾਂ ਵਿੱਚ ਪੈ ਗਿਆ। ਜਦੋਂ ਮੈਨੂੰ ਇਹ ਪਤਾ ਲੱਗਾ ਤਾਂ ਮੈਂ ਉਸ ਨੂੰ ਚਿੱਠੀ ਲਿਖੀ ਕਿ ਜੇ ਉਹ ਇਹ ਪੈਸੇ ਸ਼ਰਾਬ ਤੇ ਖਰਚਣ ਲਈ ਅਤੇ ਸ਼ੈਤਾਨ ਦੇ ਰਾਜ ਨੂੰ ਵਧਾਉਣ ਲਈ ਵਰਤ ਰਿਹਾ ਹੈ ਤਾਂ ਬਿਹਤਰ ਹੋਵੇਗਾ ਕਿ ਉਹ ਪੈਸੇ ਮੈਨੂੰ ਵਾਪਸ ਕਰ ਦੇਵੇ ਕਿਉਂਕਿ ਇਹ ਪੈਸਾ ਪਰਮੇਸ਼ੁਰ ਦੇ ਰਾਜ ਲਈ ਵਰਤੇ ਜਾਣ ਵਾਸਤੇ ਸੀ। ਉਹ ਮੇਰੇ 'ਤੇ ਬਹੁਤ ਗੁੱਸੇ ਹੋਇਆ ਅਤੇ ਕਹਿਣ ਲੱਗਾ ਕਿ ਮ੍ਰਿਤ ਸੰਪਰਦਾਇ ਵੀ ਉਸ ਤੋਂ ਉਹੋ ਜਿਹੀਆਂ ਮੰਗਾਂ ਨਹੀਂ ਕਰਦੇ ਜੋ ਮੈਂ ਕਰ ਰਿਹਾ ਹਾਂ।

ਅਤੇ ਪਰਮੇਸ਼ਰ ਨੇ ਮੈਨੂੰ ਕਿਹਾ ਕਿ ਇਸ ਗੱਲ ਨੂੰ ਭੁੱਲ ਜਾ। ਮੈਂ ਉਸ ਨੂੰ ਫੇਰ ਕਦੇ ਵੀ ਚਿੱਠੀ ਨਹੀਂ ਲਿਖੀ ਅਤੇ ਨਾ ਹੀ ਮੈਨੂੰ ਪੈਸੇ ਵਾਪਸ ਮਿਲੇ। ਮੈਂ ਸੋਚਿਆ, "ਪਰਮੇਸ਼ਰ, ਮੈਂ ਕੀ ਗ਼ਲਤ ਕੀਤਾ? ਮੈਂ ਤਾਂ ਤੇਰੀ ਪਵਿੱਤਰ ਸ਼ਾਸਤਰ ਦੀ ਪਾਲਣਾ ਕੀਤੀ ਜਿੱਥੇ ਕਿਹਾ ਗਿਆ ਹੈ, 'ਜੇਕਰ ਕੋਈ ਤੁਹਾਡੇ ਤੋਂ ਉਧਾਰ ਮੰਗੇ ਤਾਂ ਉਸ ਤੋਂ ਮੂੰਹ ਨਾ ਮੋੜ।'" ਤਦ ਪਰਮੇਸ਼ਰ ਨੇ ਮੈਨੂੰ ਇੱਕ ਗੱਲ ਸਿਖਾਈ, ਜਿਸ ਨੇ ਇਨ੍ਹਾਂ ਲਗਭਗ ਪੰਜਾਹ ਸਾਲਾਂ ਦੌਰਾਨ ਮੇਰੀ ਬਹੁਤ ਮਦਦ ਕੀਤੀ ਹੈ। ਉਹ ਗੱਲ ਇਹ ਹੈ ਕਿ ਸਾਨੂੰ ਪਵਿੱਤਰ ਸ਼ਾਸਤਰ ਦੀ ਤੁਲਨਾ ਪਵਿੱਤਰ ਸ਼ਾਸਤਰ ਨਾਲ ਕਰਨੀ ਚਾਹੀਦੀ ਹੈ। ਪਰਮੇਸ਼ਰ ਨੇ ਮੈਨੂੰ ਦਿਖਾਇਆ ਕਿ ਮੈਂ ਉਸ ਪੈਸੇ ਨੂੰ ਆਪਣਾ ਸਮਝ ਕੇ ਵਰਤਿਆ ਸੀ। ਇੱਕ ਆਇਤ ਕਹਿੰਦੀ ਹੈ ਕਿ ਜੇਕਰ ਕੋਈ ਮੰਗੇ, ਉਸ ਨੂੰ ਉਧਾਰ ਦਿਓ ਪਰ ਕਿਸੇ ਹੋਰ ਆਇਤ ਵਿੱਚ ਲਿਖਿਆ ਹੈ ਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਅਸਲ ਵਿੱਚ ਮੇਰਾ ਨਹੀਂ। ਧਰਤੀ 'ਤੇ ਸਭ ਕੁਝ ਪਰਮੇਸ਼ਰ ਦਾ ਹੈ। "ਧਰਤੀ ਪਰਮੇਸ਼ਰ ਦੀ ਹੈ ਅਤੇ ਜੋ ਕੁਝ ਉਸ ਵਿੱਚ ਹੈ ਸਭ ਉਸੇ ਦਾ ਹੈ" (1 ਕੁਰਿੰਥੀਆਂ 10:26)। ਇਸ ਲਈ ਜਦੋਂ ਮੈਨੂੰ ਤਨਖ਼ਾਹ ਮਿਲਦੀ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਮੇਰੀ ਹੈ ਤਾਂ ਮੈਨੂੰ ਸਮਝਣਾ ਚਾਹੀਦਾ ਹੈ ਕਿ ਇਹ ਮੇਰੀ ਨਹੀਂ ਹੈ। ਮੈਨੂੰ ਇਸ ਤੇ ਆਪਣਾ ਹੱਕ ਨਹੀਂ ਜਤਾਉਣਾ ਚਾਹੀਦਾ ਸਗੋਂ ਪਰਮੇਸ਼ਰ ਨੂੰ ਸਮਰਪਿਤ ਕਰਨਾ ਚਾਹੀਦਾ ਹੈ। ਭਾਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਮੈਨੂੰ ਤਨਖ਼ਾਹ ਮਿਲ ਜਾਵੇ ਅਤੇ ਉਹ ਮੇਰੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਵੇ ਫਿਰ ਵੀ ਮੈਨੂੰ ਕਹਿਣਾ ਚਾਹੀਦਾ ਹੈ "ਇਹ ਮੇਰਾ ਪੈਸਾ ਨਹੀਂ; ਇਹ ਪਰਮੇਸ਼ੁਰ ਦਾ ਪੈਸਾ ਹੈ।"

ਉਸ ਸਮੇਂ ਮੇਰੇ ਮਨ ਵਿੱਚ ਇੱਕ ਉਦਾਹਰਨ ਆਈ। ਮੰਨ ਲਓ ਕਿ ਕਿਸੇ ਨੇ ਮੈਨੂੰ ਪੰਜ ਹਜ਼ਾਰ ਰੁਪਏ ਸੰਭਾਲ ਕੇ ਰੱਖਣ ਲਈ ਦਿੱਤੇ ਹੋਣ ਅਤੇ ਬਾਅਦ ਵਿੱਚ ਵਾਪਸ ਲੈਣੇ ਹੋਣ। ਉਸੇ ਵੇਲੇ ਕੋਈ ਹੋਰ ਵਿਅਕਤੀ ਮੇਰੇ ਕੋਲ ਆ ਕੇ ਕਹੇ ਕਿ ਉਸ ਨੇ ਸੁਣਿਆ ਹੈ ਕਿ ਮੇਰੇ ਕੋਲ ਪੰਜ ਹਜ਼ਾਰ ਰੁਪਏ ਹਨ ਅਤੇ ਉਹ ਮੇਰੇ ਕੋਲੋਂ ਤਿੰਨ ਹਜ਼ਾਰ ਰੁਪਏ ਉਧਾਰ ਮੰਗੇ। ਮੈਂ ਕੀ ਕਹਾਂਗਾ? ਮੈਂ ਕਹਾਂਗਾ, "ਮਾਫ਼ ਕਰਨਾ ਭਰਾ, ਇਹ ਪੈਸੇ ਮੇਰੇ ਨਹੀਂ ਹਨ; ਇਹ ਕਿਸੇ ਹੋਰ ਦੇ ਹਨ। ਉਸ ਨੇ ਇਹ ਪੈਸੇ ਸਿਰਫ਼ ਮੇਰੇ ਕੋਲ ਰੱਖਣ ਲਈ ਦਿੱਤੇ ਹਨ। ਮੈਂ ਉਸ ਤੋਂ ਪੁੱਛ ਲੈਂਦਾ ਹਾਂ। ਜੇ ਉਹ ਤੁਹਾਨੂੰ ਇਹ ਪੈਸੇ ਦੇਣ ਦੀ ਇਜਾਜ਼ਤ ਦੇਵੇਗਾ ਤਾਂ ਮੈਂ ਤੁਹਾਨੂੰ ਦੇ ਦਿਆਂਗਾ।" ਕੀ ਇਹ ਹੀ ਸਹੀ ਤਰੀਕਾ ਨਹੀਂ ਹੋਵੇਗਾ ਕਿਉਂਕਿ ਇਹ ਪੈਸਾ ਮੇਰਾ ਹੈ ਹੀ ਨਹੀਂ? ਜੇ ਮੈਂ ਆਪਣੀ ਤਨਖ਼ਾਹ ਨੂੰ ਪਰਮੇਸ਼ਰ ਦਾ ਪੈਸਾ ਸਮਝਦਾ ਤਾਂ ਮੈਂ ਉਸ ਨੂੰ ਇੰਨੀ ਆਸਾਨੀ ਨਾਲ ਖਰਚ ਨਾ ਕਰਦਾ ਜਿਵੇਂ ਮੈਂ ਕੀਤਾ ਸੀ। ਜਦੋਂ ਉਹ ਭਰਾ ਮੇਰੇ ਕੋਲ ਉਧਾਰ ਮੰਗਣ ਆਉਂਦਾ, ਮੈਂ ਆਖਦਾ, "ਹਾਂ, ਠੀਕ ਹੈ ਲੋੜਵੰਦ ਨੂੰ ਉਧਾਰ ਦੇਣਾ ਸਹੀ ਗੱਲ ਹੈ ਪਰ ਮੈਨੂੰ ਪਹਿਲਾਂ ਉਸ ਨੂੰ ਪੁੱਛ ਲੈਣ ਦੇ ਜਿਸ ਦਾ ਇਹ ਪੈਸਾ ਹੈ (ਅਜਿਹੀ ਸਥਿਤੀ ਵਿੱਚ)।" ਮੈਂ ਇਹ ਗੱਲ ਪਰਮੇਸ਼ਰ ਸਾਹਮਣੇ ਰੱਖਦਾ ਅਤੇ ਕਹਿੰਦਾ ਹਾਂ, "ਪਰਮੇਸ਼ਰ, ਕੀ ਤੂੰ ਚਾਹੁੰਦਾ ਹੈਂ ਕਿ ਮੈਂ ਇਹ ਇਸ ਵਿਅਕਤੀ ਨੂੰ ਦੇਵਾਂ?" ਅਤੇ ਸ਼ਾਇਦ ਪਰਮੇਸ਼ਰ ਹਾਂ ਜਾਂ ਨਾਂਹ ਆਖਦਾ।

ਪਰਮੇਸ਼ੁਰ ਇੱਕ ਜੀਉਂਦਾ ਪਰਮੇਸ਼ੁਰ ਹੈ ਉਹ ਬੋਲਦਾ ਹੈ। ਸ਼ਾਇਦ ਪਹਿਲੀ ਵਾਰ ਉਹ ਹਾਂ ਕਹਿੰਦਾ ਅਤੇ ਦੂਜੀ ਵਾਰ ਸ਼ਾਇਦ ਨਾਂਹ ਪਰ ਮੈਂ ਸੁਣਨ ਲਈ ਰੁਕਿਆ ਹੀ ਨਹੀਂ। ਮੈਂ ਸਿਰਫ਼ ਬਚਨ ਦੇ ਸ਼ਾਬਦਿਕ ਅਰਥਾਂ ਨੂੰ ਸਮਝ ਕੇ ਬੰਧਨ ਵਿੱਚ ਪੈ ਗਿਆ ਪਰ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਹੀ ਮੈਂ ਪਵਿੱਤਰ ਸ਼ਾਸਤਰ ਦੀ ਆਗਿਆ ਮੰਨਣ ਬਾਰੇ ਇੱਕ ਮਹੱਤਵਪੂਰਨ ਸਬਕ ਸਿੱਖ ਲਿਆ, "ਇਹ ਲਿਖਿਆ ਹੈ" ਅਤੇ "ਇਹ ਵੀ ਲਿਖਿਆ ਹੈ।" ਸਹੀ ਸਮਝ ਪ੍ਰਾਪਤ ਕਰਨ ਲਈ ਇੱਕ ਆਇਤ ਨੂੰ ਦੂਜੀ ਆਇਤ ਨਾਲ ਤੁਲਨਾ ਕਰਕੇ ਸੰਤੁਲਿਤ ਕਰਨਾ ਲਾਜ਼ਮੀ ਹੈ। ਅੱਜ ਵੀ ਮੈਂ ਹਰ ਮੰਗਣ ਵਾਲੇ ਨੂੰ ਉਧਾਰ ਦੇਣ ਲਈ ਤਿਆਰ ਹਾਂ ਜਿਵੇਂ ਇੱਥੇ ਲਿਖਿਆ ਹੈ। ਪਰ ਮੈਂ ਇਹ ਵੀ ਸਮਝਦਾ ਹਾਂ ਕਿ ਮੇਰੇ ਕੋਲ ਜੋ ਵੀ ਹੈ ਉਹ ਪਰਮੇਸ਼ਰ ਦਾ ਹੈ ਇਸ ਲਈ ਮੈਂ ਪਰਮੇਸ਼ਰ ਨੂੰ ਪੁੱਛੇ ਬਿਨਾਂ ਇਹ ਦੇ ਨਹੀਂ ਸਕਦਾ ਅਤੇ ਬਾਅਦ ਵਿੱਚ ਜਦੋਂ ਵੀ ਲੋਕ ਮੇਰੇ ਕੋਲ ਪੈਸੇ ਮੰਗਣ ਆਏ ਤਾਂ ਮੈਂ ਇਹੀ ਕੀਤਾ। ਹੁਣ ਮੈਂ ਕਹਿੰਦਾ ਹਾਂ, "ਮੈਨੂੰ ਪਰਮੇਸ਼ਰ ਤੋਂ ਪੁੱਛ ਲੈਣ ਦਿਓ ਜੇ ਮੇਰੀ ਆਤਮਾ ਵਿੱਚ ਮੈਨੂੰ ਆਜ਼ਾਦੀ ਮਹਿਸੂਸ ਹੋਈ ਤਾਂ ਮੈਂ ਤੁਹਾਨੂੰ ਦੇ ਦਿਆਂਗਾ।" ਕਈ ਵਾਰ ਮੈਂ ਪੈਸੇ ਦਿੱਤੇ ਹਨ ਅਤੇ ਉਹ ਮੈਨੂੰ ਕਦੇ ਵਾਪਸ ਨਹੀਂ ਮਿਲੇ। ਕਈ ਵਾਰ ਮੈਂ ਨਹੀਂ ਦਿੱਤੇ ਕਿਉਂਕਿ ਪਰਮੇਸ਼ਰ ਨੇ ਮੈਨੂੰ ਦੇਣ ਦੀ ਆਜ਼ਾਦੀ ਨਹੀਂ ਦਿੱਤੀ ਸੀ ਹਾਲਾਂਕਿ ਮੇਰਾ ਦਿਲ ਦੇਣ ਲਈ ਤਿਆਰ ਸੀ।

ਇਹ ਇਸ ਗੱਲ ਦੀ ਇੱਕ ਉਦਾਹਰਨ ਹੈ ਕਿ ਸਾਨੂੰ ਯਿਸੂ ਵੱਲੋਂ ਕਹੀਆਂ ਇਨ੍ਹਾਂ ਸਾਰੀਆਂ ਗੱਲਾਂ ਦੀ ਭਾਵਨਾ ਨੂੰ ਕਿਵੇਂ ਸਮਝਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਲੋਕਾਂ ਨੂੰ ਆਪਣਾ ਨਾਜਾਇਜ਼ ਫ਼ਾਇਦਾ ਚੁੱਕਣ ਦੇਈਏ। ਅਸਲ ਅਸੂਲ ਇਹ ਹੈ ਕਿ ਅਸੀਂ ਕਿਸੇ ਤੋਂ ਬਦਲਾ ਨਹੀਂ ਲੈਂਦੇ ਅਤੇ ਜਿਸ ਨੇ ਸਾਨੂੰ ਦੁੱਖ ਦਿੱਤਾ ਹੋਵੇ ਉਸ ਤੋਂ ਹਿਸਾਬ ਬਰਾਬਰ ਕਰਨ ਦੀ ਇੱਛਾ ਨਹੀਂ ਰੱਖਦੇ।