"ਧੰਨ ਹੋ ਤੁਸੀਂ, ਜਦੋਂ ਮੇਰੇ ਕਾਰਨ ਲੋਕ ਤੁਹਾਨੂੰ ਬੇਇੱਜ਼ਤ ਕਰਨ, ਸਤਾਉਣ ਅਤੇ ਤੁਹਾਡੇ ਵਿਰੁੱਧ ਬੁਰੀਆਂ ਗੱਲਾਂ ਬੋਲਣ ਅਤੇ ਝੂਠੇ ਦੋਸ਼ ਲਾਉਣ" (ਮੱਤੀ 5:11)। ਇਹ ਆਇਤ ਆਪਣੇ ਤੋਂ ਪਹਿਲਾਂ ਵਾਲੀ ਆਇਤ ਸਮਾਨ ਹੀ ਹੈ, ਜਿਸ ਵਿੱਚ ਕਿਹਾ ਗਿਆ ਹੈ, "ਉਹ ਧੰਨ ਹਨ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ।" ਪਰ ਇੱਥੇ ਯਿਸੂ ਇੱਕ ਮਹਤੱਵਪੂਰਨ ਫ਼ਰਕ ਦੱਸਦਾ ਹੈ।
ਆਇਤ 10 ਅਤੇ 11 ਵਿਚਕਾਰ ਫ਼ਰਕ ਇਹ ਹੈ ਕਿ ਆਇਤ 10 ਵਿੱਚ, ਤੁਸੀਂ ਜੋ ਸਹੀ ਹੈ ਉਸ ਲਈ ਖੜ੍ਹੇ ਹੁੰਦੇ ਹੋ। ਕਈ ਵਾਰ ਗੈਰ-ਮਸੀਹੀ ਵੀ ਸਹੀ ਗੱਲ ਲਈ ਖੜ੍ਹੇ ਹੁੰਦੇ ਹਨ। ਬਹੁਤ ਸਾਰੇ ਲੋਕ ਹਨ ਜਿਹਨਾਂ ਨੇ ਆਪਣੀ ਨੌਕਰੀ ਗੁਆਈ, ਜੱਜ ਜੋ ਸਹੀ ਨਿਰਣੇ ਕਾਰਨ ਮਾਰ ਦਿੱਤੇ ਗਏ, ਅਤੇ ਕਾਰੋਬਾਰੀ, ਨੇਤਾ, ਅਤੇ ਹੋਰ ਵੀ, ਜੋ ਸੱਚ ਲਈ ਖੜ੍ਹੇ ਹੋਏ ਉਹਨਾਂ ਨੂੰ ਦੁਸ਼ਮਣਾਂ ਦੁਆਰਾ ਮਾਰ ਦਿੱਤਾ ਗਿਆ। ਸਿਰਫ਼ ਮਸੀਹੀ ਹੀ ਅਜਿਹਾ ਨਹੀਂ ਕਰਦੇ, ਅਤੇ ਜੋ ਆਪਣੇ-ਆਪਨੂੰ ਮਸੀਹੀ ਕਹਿੰਦੇ ਹਨ ਉਹਨਾਂ ਲਈ ਇਹ ਸ਼ਰਮਨਾਕ ਗੱਲ ਹੈ ਕਿ ਕਈ ਵਾਰ ਉਹਨਾਂ ਨਾਲੋਂ ਗੈਰ-ਮਸੀਹੀ ਇਮਾਨਦਾਰੀ ਲਈ ਖੜ੍ਹੇ ਹੋਣ ਲਈ ਵਧੇਰੇ ਉਤਸੁਕ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਜਿਹੜੇ ਮਸੀਹੀ ਇਹ ਕਲਪਨਾ ਕਰਦੇ ਹਨ ਕਿ ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰ ਰਹੇ ਹਨ। ਜਦੋਂ ਉਹ ਸਮਝੌਤਾਵਾਦੀ ਅਤੇ ਪਿੱਛੇ ਹਟਣ ਵਾਲਿਆਂ ਵਜੋਂ ਬੇਨਕਾਬ ਹੋਣਗੇ ਤਾਂ ਉਹਨਾਂ ਨੂੰ ਨਿਆਂ ਦੇ ਦਿਨ ਝਟਕਾ ਲਗੇਗਾ। ਜੇਕਰ ਤੁਸੀਂ ਧਰਮੀ ਹੋ ਅਤੇ ਧਾਰਮਿਕਤਾ ਲਈ ਸਤਾਏ ਜਾਣ ਲਈ ਤਿਆਰ ਹੋ, ਤਾਂ ਸਵਰਗ ਦਾ ਰਾਜ ਤੁਹਾਡਾ ਹੈ; ਵਰਨਾ ਨਹੀਂ।
ਮੱਤੀ 5: 11 ਯਿਸੂ ਲਈ ਸਤਾਏ ਜਾਣ ਵਾਰੇ ਗੱਲ ਕਰਦਾ ਹੈ। ਜੇਕਰ ਤੁਸੀਂ ਇਸ ਗੱਲ ਬਾਰੇ ਚੁੱਪ ਰਹਿੰਦੇ ਹੋ ਕਿ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ, ਤਾਂ ਤੁਹਾਨੂੰ ਕੰਮ ਵਾਲੀ ਥਾਂ 'ਤੇ ਕੁੱਝ ਲਾਭ ਮਿਲ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਧਰਮੀ ਹੋ ਅਤੇ ਦੂਜਿਆਂ ਦੁਆਰਾ ਇਸਦੀ ਕਦਰ ਕੀਤੀ ਜਾਂਦੀ ਹੈ ਪਰ ਜੇਕਰ ਤੁਸੀਂ ਇਸ ਤੱਥ ਬਾਰੇ ਚੁੱਪ ਰਹਿੰਦੇ ਹੋ ਕਿ ਕਿ ਤੁਸੀਂ ਯਿਸੂ ਮਸੀਹ ਨੂੰ ਮੁਕਤੀ ਦੇ ਰਾਹ ਵਜੋਂ ਸਵੀਕਾਰ ਕੀਤਾ ਹੈ ਕਿਉਂਕਿ ਤੁਹਾਨੂੰ ਡਰ ਹੈ ਕਿ ਤੁਹਾਨੂੰ ਤਰੱਕੀ ਨਹੀਂ ਮਿਲੇਗੀ। ਜਾਂ ਹੋ ਸਕਦਾ ਹੈ ਕਿ ਤੁਸੀਂ ਦੂਜਿਆਂ ਨੂੰ ਇਹ ਵਿਸ਼ਵਾਸ਼ ਦਵਾਉਣਾ ਚਾਹੋਂਗੇ ਕਿ ਤੁਸੀਂ ਗੈਰ-ਮਸੀਹੀ ਹੋ, ਜਿਵੇਂ ਤੁਹਾਡਾ ਬੌਸ ਹੈ ਅਤੇ ਤੁਹਾਨੂੰ ਮਸੀਹ ਲਈ ਗਵਾਹ ਹੋਣ ਵਿੱਚ ਸ਼ਰਮ ਆਉਂਦੀ ਹੈ। ਮੈਂ ਸਰਕਾਰੀ ਦਫ਼ਤਰਾਂ ਅਤੇ ਬੈਕਾਂ ਵਿੱਚ ਦੇਖਿਆ ਹੈ ਕਿ ਜਿੱਥੇ ਗੈਰ-ਮਸੀਹੀ ਆਪਣੀ ਮਨਪਸੰਦ ਮੂਰਤੀ ਦੀ ਤਸਵੀਰ ਵਾਲਾ ਕੈਲੰਡਰ ਲਗਾਉਂਦੇ ਹਨ, ਪਰ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਤੁਹਾਨੂੰ ਕੋਈ ਅਜਿਹਾ ਮਸੀਹੀ ਮਿਲੇ ਜੋ ਪਰਮੇਸ਼ਰ ਦੇ ਵਚਨ ਵਾਲਾ ਕੈਲੰਡਰ ਲਗਾਉਣ ਲਈ ਤਿਆਰ ਹੋਵੇ, ਜੋ ਇਸ ਤੱਥ ਦਾ ਐਲਾਨ ਕਰਦਾ ਹੈ ਕਿ ਉਹ ਇੱਕ ਮਸੀਹੀ ਹੈ। ਇਹ ਇਸ ਲਈ ਹੈ ਕਿਉਂਕਿ ਉਸਨੂੰ ਡਰ ਲਗਦਾ ਹੈ ਕਿ ਲੋਕ ਉਸ ਬਾਰੇ ਕੀ ਕਹਿਣਗੇ। "ਕੀ ਮੇਰਾ ਬੌਸ ਇਸਨੂੰ ਦੇਖੇਗਾ ਅਤੇ ਮੈਨੂੰ ਤਰੱਕੀ ਨਹੀਂ ਮਿਲੇਗੀ ਜਾਂ ਉਹ ਰੁਕਾਵਟ ਪੈਦਾ ਕਰੇਗਾ ਜਾਂ ਕਿਸੇ ਤਰੀਕੇ ਨਾਲ ਮੈਨੂੰ ਪਰੇਸ਼ਾਨ ਕਰੇਗਾ?"
"ਧੰਨ ਹਨ ਉਹ ਜਿਹੜੇ ਮੇਰੇ ਕਾਰਨ ਸਤਾਏ ਜਾ ਰਹੇ ਹਨ, ਅਤੇ ਜੋ ਮੇਰੇ ਤੋਂ ਸ਼ਰਮਿੰਦਾ ਨਹੀਂ ਹਨ।" ਕੀ ਤੁਸੀਂ ਆਪਣੇ ਕੰਮ ਵਾਲੀ ਥਾਂ 'ਤੇ ਯਿਸੂ ਦੇ ਕਾਰਨ ਸ਼ਰਮਿੰਦਾ ਹੋ। ਇਸ ਗੱਲ ਦੀ ਸ਼ੇਖੀ ਨਾ ਮਾਰੋ ਕਿ ਤੁਸੀਂ ਬਾਹਰੀ ਤੌਰ 'ਤੇ ਧਰਮੀ ਹੋ ਕਿਉਂਕਿ ਬਹੁਤ ਸਾਰੇ ਗੈਰ-ਮਸੀਹੀ ਵੀ ਬਾਹਰੀ ਤੌਰ 'ਤੇ ਧਰਮੀ ਹਨ। ਇਸ ਤੋਂ ਅੱਗੇ ਵਧੋ ਇੱਕ ਕਦਮ ਹੋਰ ਅੱਗੇ, ਐਲਾਨ ਕਰੋ, "ਮੈਂ ਵੀ ਮਸੀਹੀ ਹਾਂ। ਮੈਂ ਯਿਸੂ ਮਸੀਹ ਦਾ ਚੇਲਾ ਹਾਂ।" ਜੇਕਰ ਤੁਸੀਂ ਪਰਮੇਸ਼ਰ ਅਤੇ ਉਸਦੇ ਬਚਨ ਲਈ ਖੜ੍ਹੇ ਹੋ (ਅਤੇ ਇਹ ਸਿਰਫ਼ ਕੰਮ ਵਾਲੀ ਥਾਂ 'ਤੇ ਹੀ ਨਹੀਂ, ਇੱਕ ਪ੍ਰਚਾਰਕ ਵਜੋਂ ਵੀ ਜੇਕਰ ਤੁਸੀਂ ਪਰਮੇਸ਼ਰ ਦੇ ਬਚਨ ਵਿੱਚ ਸਿਖਾਈ ਗਈ ਹਰ ਗੱਲ ਦੇ ਲਈ ਖੜ੍ਹੇ ਹੋ), ਜੇਕਰ ਤੁਸੀਂ ਅੱਜ ਮਸੀਹੀ ਮੰਡਲੀ ਵਿੱਚ ਧੋਖੇ ਨੂੰ ਬੇਨਕਾਬ ਕਰਨ ਲਈ ਉਤਸੁਕ ਹੋ, ਤਾਂ ਲੋਕ ਤੁਹਾਡਾ ਅਪਮਾਨ ਕਰਨਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਤੁਹਾਡੇ ਬਾਰੇ ਹਰ ਤਰ੍ਹਾਂ ਦੀਆਂ ਬੁਰਾਈਆਂ ਦੀਆਂ ਝੂਠੀਆਂ ਕਹਾਣੀਆਂ ਕਹਿਣਗੇ ਕਿਉਂਕਿ ਤੁਸੀਂ ਸੱਚਾਈ ਲਈ ਖੜ੍ਹੇ ਹੋ।
ਜਦੋਂ ਅਜਿਹਾ ਵਾਪਰੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਆਪਣੇ ਆਪ ਲਈ ਦੁਖੀ ਹੋਣਾ ਚਾਹੀਦਾ ਹੈ? ਅਜਿਹਾ ਬਿਲਕੁਲ ਨਹੀਂ ਹੈ! ਇਸ ਵਿੱਚ ਕਿਹਾ ਗਿਆ ਹੈ,"ਖੁਸ਼ ਹੋਵੋ ਅਤੇ ਆਨੰਦ ਮਨਾਓ, ਕਿਉਂ ਜੋ ਤੁਹਾਡਾ ਫਲ ਸਵਰਗ ਵਿੱਚ ਵੱਡਾ ਹੈ" (ਮਤੀ 5:12)।ਤੁਸੀਂ ਇਸ ਸੰਸਾਰ ਵਿੱਚ ਫਲ ਪ੍ਰਾਪਤ ਨਹੀਂ ਕਰੋਗੇ। ਹੋ ਸਕਦਾ ਹੈ ਕਿ ਤੁਹਾਨੂੰ ਸਤਾਇਆ ਜਾਵੇ ਅਤੇ ਬਾਹਰ ਕੱਢ ਦਿੱਤਾ ਜਾਵੇ ਪਰ ਸਵਰਗ ਵਿੱਚ ਤੁਹਾਡਾ ਇਨਾਮ ਬਹੁਤ ਵੱਡਾ ਹੈ ਕਿਉਂਕਿ ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਦੇ ਸਾਰੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ। ਜੇਕਰ ਤੁਸੀਂ ਪੁਰਾਣੇ ਨੇਮ ਦੇ ਨਬੀਆਂ ਵੱਲ ਨਜ਼ਰ ਮਾਰੋ, ਤਾਂ ਤੁਸੀਂ ਦੇਖੋਗੇ ਕਿ ਪਰਮੇਸ਼ਰ ਦੇ ਸੱਚੇ ਨਬੀਆਂ ਨੂੰ ਵੀ ਸਤਾਇਆ ਗਿਆ ਸੀ। ਹਾਲਾਂਕਿ ਉਹਨਾਂ 'ਤੇ ਹੋਏ ਅਤਿਆਚਾਰਾਂ ਦਾ ਹਮੇਸ਼ਾ ਜ਼ਿਕਰ ਨਹੀਂ ਕੀਤਾ ਜਾਂਦਾ। ਉਦਾਹਰਣ ਲਈ ਯਸਾਯਾਹ ਵਰਗੇ ਮਨੁੱਖ ਨੂੰ ਦੇਖ ਸਕਦੇ ਹਾਂ, ਜਿਸਨੇ ਇਜ਼ਾਰਾਇਲ ਦੇ ਲੋਕਾਂ ਖਿਲਾਫ਼ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਯਸਾਯਾਹ ਦੀ ਕਿਤਾਬ ਵਿੱਚ ਇਹ ਨਹੀਂ ਦੱਸਿਆ ਗਿਆ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ ਸੀ, ਪਰ ਈਸਾ ਦੀ ਜਬਾਨੀ ਸਿੱਖਿਆ ਵਿੱਚ ਇਸਦਾ ਜ਼ਿਕਰ ਹੈ ਕਿ ਉਹ ਇਕ ਖਾਲੀ ਲੱਕੜ ਦੇ ਲੱਠੇ ਅੰਦਰ ਸੀ ਅਤੇ ਉਸਦੇ ਸਤਾਉਣ ਵਾਲਿਆਂ ਨੇ ਉਸਨੂੰ ਦੋ ਟੁਕੜਿਆਂ ਵਿੱਚ ਵੱਢ ਦਿੱਤਾ।
ਉਹ ਇਬਰਾਨੀਆਂ 11 ਵਿੱਚ ਜ਼ਿਕਰ ਕੀਤੇ ਗਏ ਲੋਕਾਂ ਵਿੱਚੋਂ ਇੱਕ ਹੈ। ਜਿਹੜੇ ਵੀ ਮਸੀਹ ਲਈ ਖੜ੍ਹੇ ਹਨ, ਉਹਨਾਂ ਸਾਰਿਆਂ ਨੂੰ ਸਤਾਇਆ ਜਾਵੇਗਾ। ਰਸੂਲਾਂ ਦੇ ਕਰਤੱਵ 7 ਵਿੱਚ ਜਦੋਂ ਸਟੀਫਨ ਮੁੱਖ ਪਾਦਰੀਆਂ ਦੇ ਸਾਹਮਣੇ ਖੜ੍ਹਾ ਸੀ, ਤਾਂ ਉਹ ਲੰਬੇ ਸੰਦੇਸ਼ ਦੇ ਅੰਤ ਵਿੱਚ ਭੀੜ ਨੂੰ ਇੱਕ ਬਹੁਤ ਮਹਤੱਵਪੂਰਨ ਸਵਾਲ ਪੁੱਛਦਾ ਹੈ। ਉਹ ਰਸੂਲਾਂ ਦੇ ਕਰਤੱਬ 7:52 ਵਿੱਚ ਕਹਿੰਦਾ ਹੈ, "ਨਬੀਆਂ ਵਿੱਚੋਂ ਕਿਸਨੂੰ ਤੁਹਾਡੇ ਪਿਉ-ਦਾਦਿਆਂ ਨੇ ਨਹੀਂ ਸਤਾਇਆ? ਸਗੋਂ ਉਹਨਾਂ ਨੇ ਉਸ ਧਰਮੀ ਦੇ ਆਉਣ ਦੀ ਖਬਰ ਦੇਣ ਵਾਲਿਆਂ ਨੂੰ ਵੱਢ ਸੁੱਟਿਆ ਜਿਸ ਦੇ ਹੁਣ ਤੁਸੀਂ ਫੜਵਾਉਣ ਵਾਲੇ ਅਤੇ ਖੂਨੀ ਹੋਏ। ਤੁਹਾਡੇ ਪੁਰਖਿਆਂ ਨੇ ਇਜ਼ਰਾਇਲ ਵਿੱਚ ਕਿਸ ਨਬੀ ਨੂੰ ਨਹੀਂ ਸਤਾਇਆ? ਕੀ ਤੁਸੀਂ ਨਾਮ ਲੈ ਸਕਦੇ ਹੋ?" ਸਟੀਫਨ ਇਜ਼ਰਾਇਲ ਦੇ ਇਤਿਹਾਸ ਦਾ ਵਰਨਣ ਕਰ ਰਿਹਾ ਸੀ। ਉਸਨੇ ਇਜ਼ਰਾਇਲ ਦੇ ਇਤਿਹਾਸ ਦਾ ਅਧਿਐਨ ਕੀਤਾ ਅਤੇ ਇਹ ਸਿੱਟਾ ਕੱਢਿਆ ਕਿ ਸਮੁੱਚੇ ਇਤਿਹਾਸ ਵਿੱਚ ਅਜਿਹਾ ਇੱਕ ਵੀ ਨਬੀ ਨਹੀਂ ਸੀ ਜਿਸਨੂੰ ਸਤਾਇਆ ਨਹੀਂ ਗਿਆ। ਕੋਈ ਵੀ ਸੱਚਾ ਨਬੀ ਨਾ ਤਾਂ ਪੁਰਾਣੇ ਨੇਮ ਵਿੱਚ ਅਤੇ ਨਾ ਹੀ ਨਵੇਂ ਨੇਮ ਪ੍ਰਸਿੱਧ ਸੀ।
ਪਾਦਰੀ ਪ੍ਰਸਿੱਧ ਹੋ ਸਕਦੇ ਹਨ, ਪ੍ਰਚਾਰਕ ਪ੍ਰਸਿੱਧ ਹੋ ਸਕਦੇ ਹਨ, ਅਤੇ ਕਈ ਵਾਰ ਰਸੂਲ ਵੀ ਪ੍ਰਸਿੱਧ ਹੋ ਸਕਦੇ ਹਨ। ਅਧਿਆਪਕ ਵੀ ਪ੍ਰਸਿੱਧ ਹੋ ਸਕਦਾ ਹੈ ਪਰ ਇੱਕ ਨਬੀ ਕਦੇ ਵੀ ਪ੍ਰਸਿੱਧ ਨਹੀਂ ਹੁੰਦਾ ਕਿਉਂਕਿ ਉਹ ਕਿਸੇ ਚਰਚ ਜਾਂ ਲੋਕਾਂ ਵਿੱਚ ਦੋਸ਼ਾਂ ਦਾ ਨਿਦਾਨ ਕਰਨ ਅਤੇ ਉਹਨਾਂ ਨੂੰ ਉਜਾਗਰ ਕਰਨ ਲਈ ਆਉਂਦਾ ਹੈ। ਉਹ ਚਰਚ ਆ ਕੇ ਉਹੀ ਗੱਲਾਂ ਕਰਦਾ ਹੈ ਜਿਹਨਾਂ ਨੂੰ ਸੁਨਣ ਦੀ ਜ਼ਰੂਰਤ ਹੈ ਨਾ ਕਿ ਉਹ ਜੋ ਸਭ ਸੁਣਨਾ ਪਸੰਦ ਕਰਦੇ ਹਨ। ਉਹ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਵਿੱਚੋਂ ਉਹ ਸਭ ਦਿਖਾਏਗਾ ਜਿਸਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਹ ਉਹਨਾਂ ਨੂੰ ਉਹਨਾਂ ਦੇ ਜੀਵਨ ਵਿੱਚ ਉਹ ਦਿਖਾਏਗਾ ਜਿੱਥੇ ਉਹ ਪਰਮੇਸ਼ਰ ਦੇ ਮਿਆਰਾਂ ਤੋਂ ਘੱਟ ਹਨ ਅਤੇ ਫਿਰ ਉਹਨਾਂ ਨੂੰ ਸਤਾਇਆ ਜਾਵੇਗਾ। ਇਹ ਅੱਜ ਵੀ ਹੁੰਦਾ ਹੈ। ਯਿਸੂ ਲਈ ਖੜ੍ਹੇ ਹੋਣ ਦਾ ਇਹੀ ਅਰਥ ਹੈ, "ਮੇਰੇ ਅਤੇ ਮੇਰੇ ਬਚਨ ਦੇ ਕਾਰਨ।" ਜੇਕਰ ਤੁਹਾਨੂੰ ਸਤਾਇਆ ਜਾ ਰਿਹਾ ਹੈ ਤਾਂ ਤੁਸੀਂ ਧੰਨ ਹੋ ਅਤੇ ਤੁਹਾਨੂੰ ਈਰਖਾ ਕੀਤੀ ਜਾਣੀ ਚਾਹੀਦੀ ਹੈ। ਇੱਕ ਹੋਰ ਸੰਸਕਰਣ ਵਿੱਚ ਕਿਹਾ ਗਿਆ ਹੈ, "ਖੁਸੀ ਨਾਲ ਛਾਲ ਮਾਰੋ!" ਤੁਹਾਨੂੰ ਉਤਸਾਹਿਤ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਨਬੀਆਂ ਅਤੇ ਯਿਸੂ ਮਸੀਹ ਦੇ ਕਦਮਾਂ 'ਤੇ ਚਲ ਰਹੇ ਹੋ।