ਆਗਿਆਕਾਰੀ ਹੋਣਾ ਜਾਂ ਸਮਰਪਿਤ ਜੀਵਨ ਜੀਉਣਾ ਬਾਈਬਲ ਵਿੱਚ ਇੱਕ ਮਹੱਤਵਪੂਰਨ ਗੁਣ ਮੰਨਿਆ ਗਿਆ ਹੈ। ਪਰ ਅੱਜ ਦੇ ਸਮੇਂ ਵਿੱਚ ਇਸ ਗੁਣ ਦੀ ਬਹੁਤੀ ਕਦਰ ਨਹੀਂ ਕੀਤੀ ਜਾਂਦੀ ਬਲਕਿ ਕਈ ਲੋਕ ਇਸ ਨੂੰ ਗੁਣ ਮੰਨਦੇ ਹੀ ਨਹੀਂ। ਤੁਸੀਂ ਸ਼ਾਇਦ ਹੀ ਕਿਸੇ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਇਹ ਕਹਿੰਦੇ ਸੁਣਿਆ ਹੋਵੇ ਕਿ ਆਗਿਆਕਾਰੀ ਹੋਣਾ ਜਾਂ ਸਮਰਪਣ ਉਹਨਾਂ ਦੀ ਕੰਪਨੀ ਦੇ ਬੁਨਿਆਦੀ ਅਸੂਲਾਂ ਵਿੱਚ ਸ਼ਾਮਲ ਹਨ। ਅਜਿਹੀ ਗੱਲ ਅੱਜ ਦੇ ਦੌਰ ਵਿੱਚ ਲਗਭਗ ਅਸੰਭਵ ਜਾਪਦੀ ਹੈ। ਇਹ ਸਪਸ਼ਟ ਸਬੂਤ ਹੈ ਕਿ ਅਸੀਂ ਸਮਰਪਣ ਦੀ ਅਸਲ ਮਹੱਤਤਾ ਨੂੰ ਸਮਝਣ ਤੋਂ ਅਜੇ ਵੀ ਬਹੁਤ ਦੂਰ ਹਾਂ।
ਫਿਰ ਵੀ, ਇਸ ਸ਼ਬਦ ਬਾਰੇ ਸਾਡੇ ਸਮਾਜ ਦੀ ਧਾਰਨਾ ਭਾਵੇਂ ਜੋ ਮਰਜ਼ੀ ਹੋਵੇ, ਸਮਰਪਣ ਅਤੇ ਆਗਿਆਕਾਰੀ ਹੋਣਾ ਪਵਿੱਤਰ ਸ਼ਾਸਤਰ ਵਿੱਚ ਦਰਸਾਏ ਗਏ ਸਭ ਤੋਂ ਅਨਮੋਲ ਗੁਣਾਂ ਵਿੱਚੋਂ ਇੱਕ ਹਨ। ਜਿੱਥੇ ਵੀ ਪੂਰਨ ਏਕਤਾ ਮੌਜੂਦ ਹੁੰਦੀ ਹੈ ਚਾਹੇ ਉਹ ਘਰ ਹੋਵੇ, ਕਲੀਸਿਯਾ ਹੋਵੇ ਜਾਂ ਤ੍ਰਿਏਕ ਪਰਮੇਸ਼ੁਰ, ਉੱਥੇ ਸਮਰਪਣ ਵੀ ਜ਼ਰੂਰ ਹੁੰਦਾ ਹੈ।
ਸੰਪੂਰਨ ਏਕਤਾ ਦੀ ਇੱਕ ਖ਼ਾਸ ਮਿਸਾਲ ਵਜੋਂ ਤ੍ਰਿਏਕ ਪਰਮੇਸ਼ਰ ਨੂੰ ਲੈ ਸਕਦੇ ਹਾਂ ਜਿਸ ਨੂੰ ਸਮਰਪਣ ਨੇ ਸੰਪੂਰਨ ਬਣਾਇਆ ਹੈ। ਯਿਸੂ ਮਸੀਹ ਜੋ ਯੁੱਗਾਂ-ਯੁੱਗਾਂ ਤੋਂ ਆਪਣੇ ਪਿਤਾ ਅਤੇ ਪਵਿੱਤਰ ਆਤਮਾ ਨਾਲ ਸਦੀਵੀ ਅਤੇ ਬਰਾਬਰ ਦੀ ਹੋਂਦ ਰੱਖਦਾ ਸੀ, ਨੇ ਸਾਢੇ ਤੇਤੀ ਸਾਲਾਂ ਲਈ ਸਿਰਫ਼ ਆਪਣੇ ਸਵਰਗੀ ਪਿਤਾ ਹੀ ਨਹੀਂ (ਯੂਹੰਨਾ 5:19, 30; 6:38; 8:28; 14:31) ਸਗੋਂ ਪਵਿੱਤਰ ਆਤਮਾ ਦੀ ਅਗਵਾਈ ਦੇ ਹੇਠ (ਮਤੀ 4:1; ਲੂਕਾ 4:1; ਮਰਕੁਸ 1:12) ਖ਼ੁਸ਼ੀ ਨਾਲ ਖ਼ੁਦ ਨੂੰ ਸਮਰਪਿਤ ਕਰ ਦਿੱਤਾ ।
ਕੀ ਅਸੀਂ ਯਿਸੂ ਮਸੀਹ ਦੇ ਜੀਵਨ ਵਿੱਚ ਪ੍ਰਗਟ ਸਮਰਪਣ ਦੇ ਇਸ ਅਨਮੋਲ ਮੁੱਲ ਨੂੰ ਪਛਾਣਿਆ ਹੈ? ਕੀ ਅਸੀਂ ਇਸ ਨੂੰ ਅਜਿਹਾ ਗੁਣ ਮੰਨਦੇ ਹਾਂ ਜਿਸ ਨੂੰ ਸਾਨੂੰ ਵੀ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ? ਅਤੇ ਕੀ ਅਸੀਂ ਸੱਚੇ ਦਿਲੋਂ ਸਮਰਪਿਤ ਅਤੇ ਆਗਿਆਕਾਰੀ ਬਣਨ ਦੀ ਕੋਸ਼ਿਸ਼ ਕਰਦੇ ਹਾਂ?
ਮੈਨੂੰ ਡਰ ਹੈ ਕਿ ਅੱਜ ਦੇ ਯੁੱਗ ਵਿੱਚ ਜਦੋਂ ਦੁਨੀਆਵੀ ਮਿਆਰ ਸਾਡੇ 'ਤੇ ਹਾਵੀ ਹੋ ਰਹੇ ਹਨ ਅਤੇ ਅਸੀਂ ਇਸ ਅਨਮੋਲ ਗੁਣ ਦੀ ਅਸਲੀ ਮਹੱਤਤਾ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਹਾਂ ਜਾਂ ਘੱਟੋ-ਘੱਟ ਇਸ ਨੂੰ ਅਣਗੌਲ਼ਿਆ ਕਰ ਦਿੰਦੇ ਹਾਂ।
ਹੋ ਸਕਦਾ ਹੈ ਕਿ ਸਾਡੇ ਮਨ ਵਿੱਚ ਇਹ ਡਰ ਹੋਵੇ ਕਿ ਸਮਰਪਣ ਜਾਂ ਆਗਿਆਕਾਰੀ ਹੋਣਾ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਜੀਵਨ ਦਾ ਆਨੰਦ ਘਟਾ ਦੇਵੇਗਾ। ਇਸ ਲਈ ਸਾਨੂੰ ਸਿਰਫ਼ ਯਿਸੂ ਮਸੀਹ ਦੇ ਜੀਵਨ ਵੱਲ ਵੇਖਣ ਦੀ ਲੋੜ ਹੈ ਅਤੇ ਖ਼ੁਦ ਨੂੰ ਪੁੱਛਣਾ ਹੈ ਕਿ ਦੁਨੀਆ ਦੇ ਇਤਿਹਾਸ ਵਿੱਚ ਇਸ ਤੋਂ ਵੱਧ ਬਰਕਤ ਭਰਪੂਰ, ਸੰਤੁਸ਼ਟ, ਸ਼ਕਤੀਸ਼ਾਲੀ, ਅਨੰਦ ਭਰਪੂਰ ਅਤੇ ਫਲਦਾਇਕ ਜੀਵਨ ਹੋਇਆ ਹੈ?
ਮੈਂ ਸੰਸਾਰ ਦੇ ਇਤਿਹਾਸ ਵਿੱਚ ਯਿਸੂ ਮਸੀਹ ਦੇ ਜੀਵਨ ਨਾਲੋਂ ਵੱਧ ਰੋਮਾਂਚਕ ਜੀਵਨ ਦੀ ਕਲਪਨਾ ਨਹੀਂ ਕਰ ਸਕਦਾ। ਜੀਵਨ, ਵਿਸ਼ਰਾਮ, ਆਨੰਦ, ਸ਼ਾਂਤੀ, ਸ਼ਕਤੀ ਅਤੇ ਸਾਡੀ ਹਰ ਲੋੜ ਲਈ ਆਪਣੇ ਸਵਰਗੀ ਪਿਤਾ ਉੱਤੇ ਨਿਰਭਰ ਰਹਿਣ ਨਾਲੋਂ ਵੱਧ ਰੋਮਾਂਚਕ ਹੋਰ ਕੁਝ ਨਹੀਂ। ਅਸੀਂ ਵੇਖਾਂਗੇ ਕਿ ਸਮਰਪਣ ਦਾ ਰਾਹ ਅਸਲ ਵਿੱਚ ਬਰਕਤਾਂ ਦਾ ਰਾਹ ਹੈ। ਸਮਰਪਣ ਉਹ ਕੁੰਜੀ ਹੈ ਜੋ ਸਾਨੂੰ ਉਹ ਸਭ ਕੁਝ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ, ਜਿਸ ਦੀ ਸਾਨੂੰ ਸੱਚਮੁੱਚ ਇੱਛਾ ਅਤੇ ਲੋੜ ਹੈ।
ਇੱਕ ਵਾਰ ਜਦੋਂ ਅਸੀਂ ਸਮਰਪਣ ਦਾ ਮੁੱਲ ਪਛਾਣ ਲੈਂਦੇ ਹਾਂ ਤਾਂ ਇੱਕ ਸੂਖਮ ਧੋਖਾ ਸਾਨੂੰ ਗੁਮਰਾਹ ਕਰ ਸਕਦਾ ਹੈ ਇਹ ਵਿਸ਼ਵਾਸ ਕਿ "ਮੈਨੂੰ ਸਿਰਫ਼ ਪਰਮੇਸ਼ਰ ਪ੍ਰਤਿ ਸਮਰਪਿਤ ਹੋਣ ਦੀ ਲੋੜ ਹੈ।" ਭਾਵੇਂ ਮੈਂ "ਸਾਰੇ ਵਿਸ਼ਵਾਸੀਆਂ ਦੇ ਜਾਜਕ ਹੋਣ" ਵਿੱਚ ਵਿਸ਼ਵਾਸ ਰੱਖਦਾ ਹਾਂ ਅਤੇ ਇਹ ਵੀ ਮੰਨਦਾ ਹਾਂ ਕਿ ਯਿਸੂ ਮਸੀਹ ਤੋਂ ਬਿਨਾਂ ਕਿਸੇ ਨੂੰ ਵੀ ਕਿਸੇ ਮਧਿਅਸਥ ਦੀ ਲੋੜ ਨਹੀਂ (ਇਬਰਾਨੀਆਂ 7:25), ਫੇਰ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਨਵੇਂ ਨੇਮ ਦੇ ਯੁੱਗ ਵਿੱਚ ਵੀ, ਸਾਨੂੰ "ਕੋਰਹ ਦੇ ਵਿਦਰੋਹ" ਤੋਂ ਆਪਣੇ ਦਿਲਾਂ ਦੀ ਰੱਖਿਆ ਕਰਨ ਦਾ ਹੁਕਮ ਦਿੱਤਾ ਗਿਆ ਹੈ। (ਯਹੂਦਾਹ 1:11)।
ਕੋਰਹ ਦਾ ਵਿਦਰੋਹ ਉਸ ਅਧਿਕਾਰ ਦਾ ਵਿਰੋਧ ਕਰਨ ਦਾ ਸੀ ਜੋ ਪਰਮੇਸ਼ਰ ਨੇ ਉਸ 'ਤੇ ਠਹਿਰਾਇਆ ਸੀ। ਆਖ਼ਰਕਾਰ, ਉਸ ਦੀ ਆਪਣੀ ਸੋਚ ਅਨੁਸਾਰ, ਉਹ ਇੱਕ ਲੇਵੀ ਸੀ, ਅਤੇ ਪਰਮੇਸ਼ਰ ਵੱਲੋਂ ਅਜਿਹੇ ਖ਼ਾਸ ਰੁਤਬੇ ਦਾ ਮਾਲਕ ਹੋਣ ਕਾਰਨ ਉਸ ਨੂੰ ਕਿਸੇ ਹੋਰ ਮਨੁੱਖ ਪ੍ਰਤਿ ਸਮਰਪਿਤ ਹੋਣ ਦੀ ਲੋੜ ਨਹੀਂ ਸੀ। ਅਜਿਹੀ ਸੋਚ ਸਾਡੇ ਦਿਲਾਂ ਵਿੱਚ ਵੀ ਆ ਸਕਦੀ ਹੈ ਮੇਰੇ ਕੋਲ ਯਿਸੂ ਮਸੀਹ ਹੈ, ਇਸ ਲਈ ਮੈਨੂੰ ਆਪਣੀ ਕਲੀਸਿਯਾ ਵਿੱਚ ਜਾਂ ਕਿਤੇ ਵੀ ਕਿਸੇ ਆਗੂ ਦੇ ਅਧੀਨ ਹੋਣ ਦੀ ਕੋਈ ਲੋੜ ਜਾਂ ਹੁਕਮ ਨਹੀਂ। ਪਰ ਇਸੇ ਰਵੱਈਏ ਦੇ ਕਾਰਨ ਕੋਰਹ ਦਾ ਭਿਆਨਕ ਅੰਤ ਹੋਇਆ। ਇਸ ਲਈ ਯਹੂਦਾ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਅਸੀਂ ਅਜਿਹੇ ਅੰਜਾਮ ਤੋਂ ਬਚੇ ਰਹੀਏ। ਪਰਮੇਸ਼ੁਰ ਨੇ ਆਪਣੇ ਇੱਜੜ ਦੀ ਦੇਖਭਾਲ ਲਈ ਕਲੀਸਿਯਾ ਵਿੱਚ ਆਗੂ ਨਿਯੁਕਤ ਕੀਤੇ ਹਨ। ਇਸ ਲਈ ਯਿਸੂ ਮਸੀਹ ਤੋਂ ਇਲਾਵਾ ਕਿਸੇ ਹੋਰ ਦੇ ਅਧੀਨ ਹੋਣ ਦੀ ਧਾਰਨਾ ਨੂੰ ਰੱਦ ਕਰਨਾ ਅਸਲ ਵਿੱਚ ਉਸ ਪ੍ਰਬੰਧ ਨੂੰ ਰੱਦ ਕਰਨਾ ਹੈ ਜੋ ਪਰਮੇਸ਼ੁਰ ਨੇ ਆਪਣੀ ਦੇਹ, ਅਰਥਾਤ ਕਲੀਸਿਯਾ ਲਈ ਸਥਾਪਿਤ ਕੀਤਾ ਹੈ।
ਇਸੇ ਲਈ ਪਤਰਸ 2 ਪਤਰਸ 2:10 ਵਿੱਚ ਚੇਤਾਵਨੀ ਦਿੰਦਾ ਹੈ ਕਿ "ਪ੍ਰਭੂ ਜਾਣਦਾ ਹੈ ਕਿ ਅਧਿਕਾਰ ਨੂੰ ਤੁੱਛ ਜਾਣਨ ਵਾਲੇ ਦੁਸ਼ਟਾਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਦੇ ਅਧੀਨ ਕਿਵੇਂ ਰੱਖਣਾ ਹੈ" (ਮੇਰਾ ਭਾਵ-ਅਨੁਵਾਦ)। ਅਸਲ ਵਿੱਚ, ਉਹ "ਅਧਿਕਾਰ ਨੂੰ ਤੁੱਛ ਜਾਣਨ" ਨੂੰ "ਭ੍ਰਿਸ਼ਟ ਵਾਸਨਾ ਦੀ ਲਾਲਸਾ ਵਿੱਚ ਲਿਪਤ ਹੋਣ" ਦੇ ਬਰਾਬਰ ਦਰਜਾ ਦਿੰਦਾ ਹੈ। ਕੀ ਅਸੀਂ ਇਹ ਸਮਝਿਆ ਹੈ ਕਿ ਅਧਿਕਾਰ ਦੇ ਅਧੀਨ ਹੋਣ ਦਾ ਵਿਰੋਧ ਕਰਨਾ ਸਾਡੀ ਆਤਮਾ ਲਈ ਓਨਾ ਹੀ ਵਿਨਾਸ਼ਕਾਰੀ ਹੈ ਜਿੰਨਾ "ਵਾਸਨਾ ਦੀ ਲਾਲਸਾ ਵਿੱਚ ਲਿਪਤ ਹੋਣਾ"?
ਬਾਈਬਲ ਦੱਸਦੀ ਹੈ ਕਿ ਅੰਤ ਦੇ ਦਿਨਾਂ ਵਿੱਚ ਕਲੀਸਿਯਾ ਦੇ ਅੰਦਰ ਵੀ ਧੋਖਾ ਪੈਦਾ ਹੋਵੇਗਾ (ਮੱਤੀ24:24;ਲੂਕਾ21:7-9)। " ਮੈਨੂੰ ਕਿਸੇ ਅਧਿਕਾਰ ਦੇ ਅਧੀਨ ਹੋਣ ਦੀ ਲੋੜ ਨਹੀਂ" ਵਾਲੀ ਸੋਚ ਇੱਕ ਬਹੁਤ ਖ਼ਤਰਨਾਕ ਧੋਖਾ ਹੈ ਜਿਸ ਤੋਂ ਸਾਨੂੰ ਵਿਸ਼ੇਸ਼ ਤੌਰ 'ਤੇ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਸਮਰਪਣ ਦਾ ਇਹ ਗੁਣ ਸਾਡੀ ਸਮਝ ਵਿੱਚ ਵੀ ਅਤੇ ਸਾਡੇ ਜੀਵਨ ਵਿੱਚ ਵੀ ਹੋਰ ਵੱਧਦਾ ਜਾਵੇ।
ਇਸ ਲਈ, ਜਦੋਂ ਸਮਰਪਣ ਦੀ ਗੱਲ ਆਉਂਦੀ ਹੈ ਤਾਂ ਅਸੀਂ ਤੁਰੰਤ ਆਪਣੀ ਪ੍ਰਤੀਕਿਰਿਆ 'ਤੇ ਗੌਰ ਕਰੀਏ ਜਿਸ ਕਰਕੇ ਲੋਕ ਬੁਰਾ ਮੰਨ ਜਾਂਦੇ ਹਨ ਚਿੜ੍ਹ ਜਾਂਦੇ ਹਨ। ਜਦੋਂ ਪਵਿੱਤਰ ਸ਼ਾਸਤਰ ਦੇ ਉਹਨਾਂ ਪੱਖਾਂ 'ਤੇ ਚਰਚਾ ਹੁੰਦੀ ਹੈ ਜੋ ਸਮਰਪਣ ਦੇ ਗੁਣ ਦੀ ਪ੍ਰਸ਼ੰਸਾ ਕਰਦੇ ਹਨ (ਜਾਂ ਸਿੱਧਾ ਹੀ ਅਧੀਨਗੀ ਦਾ ਹੁਕਮ ਦਿੰਦੇ ਹਨ) ਤਾਂ ਆਓ ਅਸੀਂ ਇਹਨਾਂ ਨੂੰ ਵੀ ਉਹਨਾਂ ਵਾਅਦਿਆਂ ਵਜੋਂ ਵੇਖੀਏ ਜੋ ਅਨੰਦ ਅਤੇ ਵਿਸ਼ਰਾਮ ਭਰੇ ਬਰਕਤ ਵਾਲੇ ਜੀਵਨ ਦੀ ਕੁੰਜੀ ਹਨ। ਆਓ ਅਸੀਂ ਇਸ ਹੁਕਮ ਤੋਂ ਪਿੱਛੇ ਨਾ ਹਟੀਏ ਸਗੋਂ ਆਪਣੇ ਆਪ ਨੂੰ ਧੰਨ ਸਮਝੀਏ ਕਿ ਸਾਨੂੰ ਸੰਪੂਰਨ ਅਧੀਨਗੀ ਦੇ ਰਵੱਈਏ ਨਾਲ ਮਿਲਣ ਵਾਲੀਆਂ ਸਭ ਬਰਕਤਾਂ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਹੈ।