ਯਿਸੂ ਨੇ ਪਹਿਲਾ ਜਿਸ ਗਲਤ ਰਵੱਈਏ ਬਾਰੇ ਗੱਲ ਕੀਤੀ, ਉਹ ਗੁੱਸਾ ਸੀ। ਸਾਨੂੰ ਆਪਣੇ ਜੀਵਨ ਵਿੱਚੋਂ ਗੁੱਸੇ ਨੂੰ ਦੂਰ ਕਰਨਾ ਚਾਹੀਦਾ ਹੈ। ਦੂਜਾ, ਜੋ ਕਿ ਸਾਰੇ ਮਸੀਹੀਆਂ (ਸਾਰੇ ਮਨੁੱਖਾਂ) ਦੀ ਇੱਕ ਹੋਰ ਵੱਡੀ ਸਮੱਸਿਆ ਹੈ ਜਦੋਂ ਕੋਈ ਆਦਮੀ ਕਿਸੇ ਔਰਤ ਵੱਲ ਵਾਸਨਾ ਭਰਪੂਰ ਨਜ਼ਰ ਨਾਲ ਦੇਖਦਾ ਹੈ ਤਾਂ ਇਹ ਜਿਨਸੀ ਕਾਮ-ਵਾਸਨਾ ਹੈ। ਮੱਤੀ 5:27-28 ਵਿੱਚ ਲਿਖਿਆ ਹੈ, ਤੁਸੀਂ ਸੁਣਿਆ ਹੈ ਕਿ ਪੁਰਾਣੇ ਨੇਮ ਵਿੱਚ ਕਿਹਾ ਗਿਆ ਸੀ, “ਤੂੰ ਬਦਕਾਰੀ ਦਾ ਪਾਪ ਨਾ ਕਰ।” ਜਿੰਨਾ ਚਿਰ ਤੁਸੀਂ ਆਪਣੀ ਪਤਨੀ ਤੋਂ ਇਲਾਵਾ ਕਿਸੇ ਹੋਰ ਮਹਿਲਾ ਨੂੰ ਛੂਹ ਨਹੀਂ ਲੈਂਦੇ ਅਤੇ ਉਸ ਨਾਲ ਵਿਭਚਾਰ ਨਹੀਂ ਕਰਦੇ ਤਾਂ ਉਦੋਂ ਤੱਕ ਤੁਸੀਂ ਠੀਕ ਹੋ। ਇਹ ਪੁਰਾਣੇ ਨੇਮ ਦਾ ਮਿਆਰ ਸੀ।
ਪਰ ਯਿਸੂ ਨੇ ਇਸ ਮਿਆਰ ਨੂੰ ਉੱਚਾ ਕੀਤਾ। ਜਿਵੇਂ ਮੂਸਾ ਪਹਾੜ ਉੱਤੇ ਗਿਆ ਅਤੇ ਦਸ ਹੁਕਮਾਂ ਨਾਲ ਹੇਠਾਂ ਆਇਆ, ਉਸੇ ਤਰ੍ਹਾਂ ਯਿਸੂ ਪਹਾੜ ਉੱਤੇ ਗਿਆ ਅਤੇ ਪਹਾੜੀ ਉਪਦੇਸ਼ ਦਾ ਪ੍ਰਚਾਰ ਕੀਤਾ। ਯਿਸੂ ਨੇ ਉਨ੍ਹਾਂ ਦਸ ਹੁਕਮਾਂ ਨੂੰ ਉਹਨਾਂ ਦੇ ਅਸਲੀ ਅਰਥ ਤੱਕ ਪਹੁੰਚਾਇਆ। ਉਸਨੇ ਦਿਖਾਇਆ ਕਿ ਗੁੱਸਾ ਕਰਨਾ ਕਤਲ ਦੇ ਸਮਾਨ ਹੈ, ਅਤੇ ਆਪਣੀਆਂ ਅੱਖਾਂ ਨਾਲ ਕਾਮਨਾ ਕਰਨਾ ਵਿਭਚਾਰ ਦੇ ਸਮਾਨ ਹੈ- ਸਹੀ ਅਰਥਾਂ ਵਿੱਚ, ਤੁਸੀਂ ਆਪਣੇ ਮਨ ਵਿੱਚ ਉਸ ਔਰਤ ਨਾਲ ਵਿਭਚਾਰ ਕਰ ਰਹੇ ਹੋ। ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ, ਇਹ ਵਿਭਚਾਰ ਸੀ ਕਿਉਂਕਿ ਤੁਹਾਡਾ ਅੰਦਰੂਨੀ ਜੀਵਨ ਅਸ਼ੁੱਧ ਸੀ।
ਫ਼ਰੀਸੀਆਂ ਦੀ ਨਿਸ਼ਾਨੀ ਇਹ ਸੀ ਕਿ ਉਹ ਆਪਣੇ ਬਾਹਰੀ ਜੀਵਨ ਨੂੰ ਸ਼ੁੱਧ ਰੱਖਦੇ ਸਨ- ਪਿਆਲੇ ਨੂੰ ਸਿਰਫ਼ ਬਾਹਰ ਤੋਂ ਸਾਫ਼। ਇੱਕ ਮਸੀਹੀ ਜੋ ਆਪਣੇ ਬਾਹਰੀ ਜੀਵਨ ਨੂੰ ਸਾਫ਼ ਰੱਖਦਾ ਹੈ ਪਰ ਉਸਦੇ ਮਨ ਦੇ ਵਿਚਾਰ ਅਸ਼ੁੱਧ ਹਨ ਤਾਂ ਉਹਇੱਕ ਫ਼ਰੀਸੀ ਹੈ। ਭਾਵੇਂ ਉਹ ਜਾਣਦਾ ਹੋਵੇ ਜਾਂ ਨਾ, ਪਰ ਉਹ ਨਰਕ ਦੇ ਰਾਹ ’ਤੇ ਹੈ। ਸਾਡੇ ਵਿੱਚੋਂ ਬਹੁਤੇ ਇਸ ਦੀ ਗੰਭੀਰਤਾ ਨੂੰ ਨਹੀਂ ਸਮਝਦੇ।
ਪਿਛਲੇ 35 ਸਾਲਾਂ ਦੌਰਾਨ ਮੈਂ ਕੁੱਝ ਖ਼ਾਸ ਪਾਪਾਂ ਦੇ ਖਿਲਾਫ਼ ਸਭ ਤੋਂ ਵੱਧ ਪ੍ਰਚਾਰ ਕੀਤਾ ਹੈ। ਖਾਸ ਕਰਕੇ ਦੋ ਪਾਪ- ਗੁੱਸਾ ਅਤੇ ਕਾਮ ਵਾਸਨਾ ਨਾਲ ਸੰਬੰਧਿਤ ਪਾਪ। ਲੋਕਾਂ ਨੇ ਮੈਨੂੰ ਪੁੱਛਿਆ ਹੈ ਕਿ ਮੈਂ ਇਹਨਾਂ ਪਾਪਾਂ ਦੇ ਇੰਨਾ ਖਿਲਾਫ਼ ਕਿਉਂ ਬੋਲਦਾ ਹਾਂ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਇਹ ਇਸ ਲਈ ਹੈ ਜਦੋਂ ਯਿਸੂ ਨੇ ਪਹਿਲੀ ਵਾਰ ਕਿਹਾ ਸੀ ਕਿ ਸਾਡੀ ਧਾਰਮਿਕਤਾ ਸ਼ਾਸਤਰੀਆਂ ਅਤੇ ਫ਼ਰੀਸੀਆਂ ਦੀ ਧਾਰਮਿਕਤਾ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਯਿਸੂ ਨੇ ਉਸ ਸਮੇਂ ਇਨ੍ਹਾਂ ਦੋ ਪਾਪਾਂ ਦਾ ਜ਼ਿਕਰ ਕੀਤਾ ਸੀ। ਇਹ ਕਹਿਣ ਤੋਂ ਤੁਰੰਤ ਬਾਅਦ ਕਿ ਤੁਹਾਡੀ ਧਾਰਮਿਕਤਾ ਤੁਹਾਡੇ ਆਲੇ-ਦੁਆਲੇ ਦੇ ਸਾਰੇ ਫ਼ਰੀਸੀਆਂ (ਜੋ ਕਿ ਬਹੁਤ ਧਾਰਮਿਕ ਲੋਕ ਹਨ) ਦੀ ਧਾਰਮਿਕਤਾ ਨਾਲੋਂ ਉੱਚੀ ਹੋਣੀ ਚਾਹੀਦੀ ਹੈ, ਯਿਸੂ ਨੇ ਪਹਿਲੇ ਦੋ ਪਾਪ ਦੇ ਖੇਤਰਾਂ, ਗੁੱਸੇ ਦੇ ਖੇਤਰ ਅਤੇ ਕਾਮ-ਵਾਸਨਾ ਵਾਲੀ ਸੋਚ ਦੇ ਖੇਤਰ ਦਾ ਜ਼ਿਕਰ ਕੀਤਾ ਸੀ। ਇਹੀ ਪਹਿਲਾ ਕਾਰਨ ਹੈ ਕਿ ਮੈਂ ਉਨ੍ਹਾਂ ਦੇ ਖਿਲਾਫ਼ ਸਭ ਤੋਂ ਵੱਧ ਪ੍ਰਚਾਰ ਕਰਦਾ ਹਾਂ।
ਦੂਜਾ ਕਾਰਨ ਜਿਸ ਕਰਕੇ ਮੈਂ ਇਨ੍ਹਾਂ ਦੋ ਪਾਪਾਂ ਦੇ ਖਿਲਾਫ਼ ਪ੍ਰਚਾਰ ਕਰਦਾ ਹਾਂ ਉਹ ਇਹ ਹੈ ਕਿ ਇਹ ਸਿਰਫ਼ ਦੋ ਪਾਪ ਹਨ ਜਿਨ੍ਹਾਂ ਬਾਰੇ ਯਿਸੂ ਨੇ ਪਹਾੜੀ ਉਪਦੇਸ਼ ਵਿੱਚ ਗੱਲ ਕੀਤੀ ਸੀ ਜਿੱਥੇ ਉਸਨੇ ਕਿਹਾ ਸੀ ਕਿ ਇਨ੍ਹਾਂ ਪਾਪਾਂ ਵਿੱਚ ਸ਼ਾਮਲ ਹੋਣਾ ਨਰਕ ਦੇ ਰਾਹ ਵੱਲ ਲੈ ਕੇ ਜਾਵੇਗਾ। ਜ਼ਿਆਦਾਤਰ ਲੋਕ ਇਸ ਗੱਲ ’ਤੇ ਵਿਸ਼ਵਾਸ ਨਹੀਂ ਕਰਦੇ। ਪਹਾੜੀ ਉਪਦੇਸ਼ ਵਿੱਚ ਯਿਸੂ ਨੇ ਸਿਰਫ਼ ਦੋ ਵਾਰ ਨਰਕ ਬਾਰੇ ਗੱਲ ਕੀਤੀ ਸੀ, ਉਹ ਇਨ੍ਹਾਂ ਦੋ ਪਾਪਾਂ ਦੇ ਸੰਬੰਧ ਵਿੱਚ ਸੀ (ਮੱਤੀ 5:22, 29-30), ਇਸ ਲਈ ਇਹ ਸਾਨੂੰ ਦੱਸਦਾ ਹੈ ਕਿ ਇਹਨਾਂ ਦੋਵਾਂ ਪਾਪਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਹ ਬਹੁਤ ਮਹੱਤਵਪੂਰਨ ਹੈ ਕਿ ਯਿਸੂ ਨੇ ਪਹਾੜੀ ਉਪਦੇਸ਼ ਵਿੱਚ ਨਰਕ ਬਾਰੇ ਸਿਰਫ਼ ਦੋ ਵਾਰ ਹੀ ਗੱਲ ਕੀਤੀ ਸੀ ਜਿਸਦਾ ਸੰਬੰਧ ਗੁੱਸੇ ਅਤੇ ਕਾਮ-ਵਾਸਨਾਤਮਕ ਸੋਚ ਨਾਲ ਸੀ। ਇਸ ਲਈ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਬਹੁਤ ਗੰਭੀਰ ਪਾਪ ਹੋਣਗੇ ਅਤੇ ਅੱਜ ਇਨ੍ਹਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਆਖਰੀ ਵਾਰ ਕਦੋਂ ਗੁੱਸੇ ’ਤੇ ਕਾਬੂ ਪਾਉਣ ਬਾਰੇ ਕੋਈ ਸੰਦੇਸ਼ ਸੁਣਿਆ ਸੀ? ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਇਸ ਬਾਰੇ ਕੋਈ ਸੰਦੇਸ਼ ਸੁਣਿਆ ਹੈ। ਮੈਨੂੰ ਮਸੀਹੀ-ਜਗਤ ਵਿੱਚ ਘੁੰਮਦਿਆਂ 50 ਤੋਂ ਵੀ ਵੱਧ ਸਾਲ ਹੋ ਗਏ ਹਨ। ਮੈਂ ਟੈਲੀਵਿਜ਼ਨ, ਟੇਪਾਂ, ਸੀਡੀ ਅਤੇ ਬਹੁਤ ਸਾਰੇ ਚਰਚਾਂ ਵਿੱਚ, ਬਹੁਤ ਸਾਰੇ ਪ੍ਰਚਾਰਕਾਂ ਨੂੰ ਸੁਣਿਆ ਹੈ। ਪਰ ਫਿਰ ਵੀ ਮੈਂ ਕਦੇ ਵਾਸਨਾਤਮਕ ਵਿਚਾਰਾਂ ’ਤੇ ਕਾਬੂ ਪਾਉਣ ਬਾਰੇ ਕੋਈ ਸੰਦੇਸ਼ ਨਹੀਂ ਸੁਣਿਆ। ਅਜਿਹਾ ਕਿਉਂ ਹੈ ਕਿ ਸ਼ੈਤਾਨ ਨੇ ਪ੍ਰਚਾਰਕਾਂ ਨੂੰ ਇਹਨਾਂ ਦੋ ਖੇਤਰਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਿਆ ਹੈ?
ਇਸਦਾ ਇੱਕ ਮੁੱਖ ਕਾਰਨ ਇਹ ਹੈ ਕਿ ਪ੍ਰਚਾਰਕ ਖੁਦ ਹੀ ਇਸ ਤੋਂ ਛੁਟਕਾਰਾ ਨਹੀਂ ਪਾ ਸਕੇ ਹਨ। ਜੇਕਰ ਉਹ ਖੁਦ ਹੀ ਗੁਲਾਮੀ ਵਿੱਚ ਹਨ ਤਾਂ ਉਹ ਇਸ ਬਾਰੇ ਕਿਵੇਂ ਬੋਲ ਸਕਦੇ ਹਨ? ਦੂਜਾ, ਪ੍ਰਚਾਰਕ ਅਕਸਰ ਆਪਣੇ ਚਰਚਾਂ ਵਿੱਚ ਲੋਕਾਂ ਨੂੰ ਬਾਹਰੀ ਤੌਰ ’ਤੇ ਵਧੀਆ ਅਤੇ ਉਨ੍ਹਾਂ ਤੋਂ ਪੈਸੇ ਇਕੱਠੇ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਇਸ ਲਈ ਇਨ੍ਹਾਂ ਦੋ ਖੇਤਰ ਜਿਨ੍ਹਾਂ ਬਾਰੇ ਯਿਸੂ ਨੇ ਬਹੁਤ ਗੱਲ ਕੀਤੀ ਹੈ ਉਹਨਾਂ ’ਤੇ ਜ਼ੋਰ ਦੇਣ ਦੀ ਬਹੁਤ ਲੋੜ ਹੈ, ਇਹ ਉਹ ਦੋ ਪਾਪ ਹਨ ਜਿਨ੍ਹਾਂ ਬਾਰੇ ਯਿਸੂ ਨੇ ਕਿਹਾ ਸੀ ਕਿ ਇੱਕ ਵਿਅਕਤੀ ਨੂੰ ਅੰਤ ਵਿੱਚ ਨਰਕ ਵਿੱਚ ਲੈ ਜਾਵੇਗਾ ਅਤੇ ਇਹ ਇੱਕ ਬਹੁਤ ਗੰਭੀਰ ਗੱਲ ਹੈ।
ਯਿਸੂ ਨੇ ਦਸ ਹੁਕਮ ਲਏ ਅਤੇ ਲੋਕਾਂ ਨੂੰ ਦਿਖਾਇਆ ਕਿ ਵਾਸਤਵ ਵਿੱਚ ਇਹਨਾਂ ਹੁਕਮਾਂ ਕੀ ਅਰਥ ਹਨ।
ਇਹ ਸਮਝਣ ਲਈ ਕਿ ਇੱਕ ਔਰਤ ਜੋ ਤੁਹਾਡੀ ਪਤਨੀ ਨਹੀਂ ਹੈ, ਉਸ ਪ੍ਰਤਿ ਵਾਸਨਾ ਕਰਨਾ ਇੱਕ ਪਾਪ ਹੈ ਇਸ ਲਈ ਤੁਹਾਨੂੰ ਮਤੀ 5 ਪੜ੍ਹਣ ਦੀ ਜ਼ਰੂਰਤ ਨਹੀਂ ਹੈ। ਯਿਸੂ ਨੇ ਕਿਹਾ ਕਿ ਜੋ ਕੋਈ ਵੀ (ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਵਿਅਕਤੀ ਵਿਸ਼ਵਾਸੀ ਹੈ ਜਾਂ ਅਵਿਸ਼ਵਾਸੀ) ਕਿਸੇ ਔਰਤ ਨੂੰ ਵਾਸਨਾ ਦੀ ਨਜ਼ਰ ਨਾਲ ਵੇਖਦਾ ਹੈ, ਉਹ ਪਹਿਲਾਂ ਹੀ ਆਪਣੇ ਮਨ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਾ ਹੈ। ਵਾਸਨਾ ਦਾ ਅਰਥ ਹੈ ਇੱਕ ਤੀਬਰ ਇੱਛਾ। ਉਸਨੇ ਕਿਹਾ ਕਿ ਇਹ ਇੰਨਾ ਗੰਭੀਰ ਹੈ ਕਿ ਜੇਕਰ ਤੁਹਾਡੀ ਸੱਜੀ ਅੱਖ ਇਸ ਖੇਤਰ ਵਿੱਚ ਠੋਕਰ ਦਾ ਕਾਰਨ ਬਣਦੀ ਹੈ ਤਾਂ ਤੁਹਾਨੂੰ ਇਸਨੂੰ ਕੱਢ ਦੇਣਾ ਚਾਹੀਦਾ ਹੈ! ਜੇਕਰ ਤੁਹਾਡੀਆਂ ਆਪਣੀਆਂ ਅੱਖਾਂ ਵਾਸਨਾ ਵੱਲ ਲੈ ਜਾਂਦੀਆਂ ਹਨ ਤਾਂ ਤੁਹਾਨੂੰ ਇਸ ਮਾਮਲੇ ਵਿੱਚ ਸਖ਼ਤ ਹੋਣਾ ਚਾਹੀਦਾ ਹੈ। ਤੁਹਾਨੂੰ ਇਸ ਤਰ੍ਹਾ ਵਿਹਾਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਇੱਕ ਅੰਨ੍ਹੇ ਆਦਮੀ ਹੋ। ਇਸ ਨੂੰ ਦੂਰ ਕਰਨ ਦਾ ਇਹੀ ਇੱਕੋ ਇੱਕ ਤਰੀਕਾ ਹੈ। ਤੁਹਾਨੂੰ ਇਸਨੂੰ ਇਹ ਕਹਿ ਕੇ ਕਿ “ਖੈਰ, ਮੈਂ ਸਿਰਫ਼ ਉਸ ਸੁੰਦਰਤਾ ਦੀ ਪ੍ਰਸ਼ੰਸਾ ਕਰ ਰਿਹਾ ਹਾਂ ਜੋ ਪਰਮੇਸ਼ੁਰ ਨੇ ਬਣਾਈ ਹੈ” ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਸ ਪਾਪ ਨੂੰ ਜਾਇਜ਼ ਠਹਿਰਾਉਣ ਦੇ ਬਹੁਤ ਸਾਰੇ ਤਰੀਕੇ ਹਨ ਅਤੇ ਬਹੁਤ ਸਾਰੇ ਲੋਕ ਅਜਿਹਾ ਕਰਦੇ ਵੀ ਹਨ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਇਸ ਖੇਤਰ ਵਿੱਚ ਲਾਪਰਵਾਹ ਹੁੰਦਾ ਹੈ ਤਾਂ ਸਮੇਂ ਦੇ ਨਾਲ ਉਹ ਸਰੀਰਕ ਵਿਭਚਾਰ ਵਿੱਚ ਫਸ ਵੀ ਜਾਂਦਾ ਹੈ ਜਿਵੇਂ ਕਿ ਦੁਨੀਆ ਭਰ ਵਿੱਚ ਬਹੁਤ ਸਾਰੇ ਪ੍ਰਚਾਰਕ ਕਰਦੇ ਹਨ।
ਮੱਤੀ 5 ਵਿੱਚ ਯਿਸੂ ਨੇ ਜੋ ਸਿਖਾਇਆ ਸੀ ਉਹ ਕੋਈ ਨਵੀਂ ਗੱਲ ਨਹੀਂ ਸੀ ਜਿਸਦਾ ਪਰਮੇਸ਼ੁਰ ਦਾ ਭੈਅ ਰੱਖਣ ਵਾਲੇ ਮਨੁੱਖਾਂ ਨੂੰ ਪਤਾ ਨਾ ਹੋਵੇ। ਮੈਨੂੰ ਯਕੀਨ ਹੈ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਸਦਾ ਯਿਸੂ ਦੇ ਬੋਲਣ ਤੋਂ ਪਹਿਲਾਂ ਹੀ ਪਤਾ ਸੀ। ਅੱਯੂਬ ਨੂੰ ਵੀ ਇਹ ਪਤਾ ਸੀ (ਅੱਯੂਬ 31:1, 4, 11)। ਜੋ ਕੋਈ ਵੀ ਪਰਮੇਸ਼ੁਰ ਦਾ ਸਤਿਕਾਰ ਕਰਦਾ ਹੈ, ਭਾਵੇਂ ਉਸ ਕੋਲ ਅੱਯੂਬ ਵਾਂਗ ਬਾਈਬਲ ਨਾ ਵੀ ਹੋਵੇ, ਉਹ ਇਹ ਸਿੱਟਾ ਕੱਢੇਗਾ ਕਿ ਜੇ ਮੈਂ ਕਿਸੇ ਔਰਤ ਨੂੰ ਜਿਨਸੀ ਇੱਛਾ ਨਾਲ ਦੇਖਦਾ ਹਾਂ ਜੋ ਮੇਰੀ ਪਤਨੀ ਨਹੀਂ ਹੈ, ਤਾਂ ਇਹ ਪਰਮੇਸ਼ੁਰ ਦੇ ਸਾਹਮਣੇ ਇੱਕ ਪਾਪ ਹੈ। ਸਾਡੇ ਅੰਦਰ ਕੁਝ ਅਜਿਹਾ ਹੈ ਜੋ ਸਾਨੂੰ ਦੱਸਦਾ ਹੈ ਕਿ ਇਹ ਗਲਤ ਹੈ। ਇਹ ਅਜਿਹਾ ਹੈ ਕਿ ਤੁਸੀਂ ਕੋਈ ਅਜਿਹੀ ਚੀਜ਼ ਚੋਰੀ ਕਰ ਰਹੇ ਹੋ ਜੋ ਪਰਮੇਸ਼ੁਰ ਨੇ ਤੁਹਾਨੂੰ ਨਹੀਂ ਦਿੱਤੀ ਹੈ। ਭਾਵੇਂ ਤੁਹਾਡੇ ਕੋਲ ਬਾਈਬਲ ਨਹੀਂ ਹੈ, ਤੁਹਾਡਾ ਜ਼ਮੀਰ ਤੁਹਾਨੂੰ ਦੱਸੇਗਾ ਕਿ ਤੁਸੀਂ ਕੋਈ ਅਜਿਹੀ ਚੀਜ਼ ਚੋਰੀ ਕਰ ਰਹੇ ਹੋ ਜੋ ਤੁਹਾਡੀ ਨਹੀਂ ਹੈ, ਤਾਂ ਇਹ ਇੱਕ ਪਾਪ ਹੈ। ਤੁਹਾਨੂੰ ਇਹ ਦੱਸਣ ਲਈ ਕਿਸੇ ਹੁਕਮ ਦੀ ਲੋੜ ਨਹੀਂ ਹੈ। ਪਰਮੇਸ਼ੁਰ ਲਈ ਸ਼ਰਧਾ ਖੁਦ ਤੁਹਾਨੂੰ ਇਹ ਦੱਸੇਗੀ। ਜਦੋਂ ਅਸੀਂ ਯਿਸੂ ਦੀਆਂ ਸਿੱਖਿਆਵਾਂ ਨੂੰ ਦੇਖਦੇ ਹਾਂ ਇਹ ਯਾਦ ਰੱਖਣ ਵਾਲੀ ਇੱਕ ਸ਼ਾਨਦਾਰ ਗੱਲ ਹੈ।
ਅੱਜ ਬਹੁਤੇ ਵਿਸ਼ਵਾਸੀ ਜਿਨਸੀ ਵਾਸਨਾ ਦੇ ਇਸ ਮਾਮਲੇ ਨੂੰ ਇੰਨੇ ਹਲਕੇ ਢੰਗ ਨਾਲ ਕਿਉਂ ਲੈਂਦੇ ਹਨ? ਇਹ ਇਸ ਲਈ ਹੈ ਕਿਉਂਕਿ ਪਰਮੇਸ਼ਰ ਲਈ ਸ਼ਰਧਾ ਦੀ ਬੁਨਿਆਦੀ ਘਾਟ ਹੈ, ਜਿਵੇਂ ਕਿ ਅੱਯੂਬ ਕੋਲ ਸੀ। ਅੱਜ ਦੇ ਮਸੀਹੀਆਂ ਕੋਲ ਬਾਈਬਲ ਦਾ ਗਿਆਨ ਹੈ, ਪਰ ਪਰਮੇਸ਼ਰ ਪ੍ਰਤਿ ਕੋਈ ਸ਼ਰਧਾ ਨਹੀਂ ਹੈ। ਅਜਿਹੇ ਲੋਕ ਹਨ ਜੋ ਬਾਈਬਲ ਸਕੂਲਾਂ ਵਿੱਚ ਜਾਂਦੇ ਹਨ ਅਤੇ ਬਾਈਬਲ ਦਾ ਅਧਿਐਨ ਕਰਦੇ ਹੋਏ ਪਵਿੱਤਰ ਸ਼ਾਸਤਰ ਵਿੱਚ ਡਾਕਟਰੇਟ ਪ੍ਰਾਪਤ ਕਰਦੇ ਹਨ, ਫਿਰ ਵੀ ਔਰਤਾਂ ਪ੍ਰਤਿ ਵਾਸਨਾ ਰੱਖਦੇ ਹਨ। ਇਹ ਸਾਨੂੰ ਕੀ ਸਿਖਾਉਂਦਾ ਹੈ? ਇਹ ਸਾਨੂੰ ਸਿਖਾਉਂਦਾ ਹੈ ਕਿ ਸਿਰਫ਼ ਪਵਿੱਚਰ ਸ਼ਾਸਤਰ ਦਾ ਗਿਆਨ ਅਤੇ ਬਾਈਬਲ ਸੈਮੀਨਰੀ ਤੋਂ “ਡਿਗਰੀ ਪ੍ਰਾਪਤ ਕਰਨਾ” ਤੁਹਾਨੂੰ ਪਵਿੱਤਰ ਨਹੀਂ ਬਣਾਉਂਦਾ। ਅੱਜ ਅਨੁਵਾਦ ਅਤੇ ਸੰਦਰਭ ਪੁਸਤਕਾਂ ਦੀ ਭਰਪੂਰਤਾ ਕਾਰਨ ਬਾਈਬਲ ਦਾ ਗਿਆਨ ਬਹੁਤ ਜ਼ਿਆਦਾ ਹੈ। ਸਾਡੇ ਕੋਲ ਆਪਣੇ ਮੋਬਾਈਲ ਫੋਨਾਂ ਅਤੇ ਸੀਡੀ ’ਤੇ ਵੀ ਬਾਈਬਲ ਹੈ, ਜਿਸਨੂੰ ਲੋਕ ਆਪਣੀਆਂ ਕਾਰਾਂ ਵਿੱਚ ਗੱਡੀ ਚਲਾਉਂਦੇ ਸਮੇਂ ਸੁਣ ਸਕਦੇ ਹਨ। ਫਿਰ ਵੀ ਇਸ ਸਾਰੇ ਗਿਆਨ ਦੇ ਬਾਵਜੂਦ, ਪਰਮੇਸ਼ਰ ਲਈ ਸ਼ਰਧਾ ਬਹੁਤ ਘੱਟ ਹੈ।
ਪਹਾੜੀ ਉਪਦੇਸ਼ ਵਿੱਚ, ਯਿਸੂ ਨੇ ਬਹੁਤ ਸਾਰੀਆਂ ਗੱਲਾਂ ਸਿਖਾਈਆਂ ਜੋ ਅਸੀਂ ਪਹਾੜੀ ਉਪਦੇਸ਼ ਪੜ੍ਹੇ ਬਿਨਾਂ ਵੀ ਜਾਣ ਸਕਦੇ ਹਾਂ, ਜਿੰਨਾ ਚਿਰ ਸਾਡੇ ਕੋਲ ਪਰਮੇਸ਼ਰ ਲਈ ਸ਼ਰਧਾ ਹੈ। ਇਹਨਾਂ ਵਿੱਚੋਂ ਕੁਝ ਗੱਲਾਂ ਸਾਡੇ ਲਈ ਬਹੁਤ ਸਪੱਸ਼ਟ ਹਨ ਜਿਵੇਂ ਕਿ ਗੁੱਸਾ ਕਰਨਾ ਪਾਪ ਹੈ, ਔਰਤਾਂ ਪ੍ਰਤਿ ਵਾਸਨਾ ਪਾਪ ਹੈ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਇੱਥੇ ਲਿਖੀਆਂ ਗਈਆਂ ਹਨ। ਇਸ ਲਈ, ਇਹ ਗਿਆਨ ਦੀ ਘਾਟ ਕਾਰਨ ਨਹੀਂ ਹੈ ਕਿ ਤੁਸੀਂ ਪਾਪ ਕਰਦੇ ਰਹਿੰਦੇ ਹੋ ਇਸਦਾ ਕਾਰਨ ਪਰਮੇਸ਼ਰ ਪ੍ਰਤਿ ਸ਼ਰਧਾ ਦੀ ਘਾਟ ਹੈ। ਪਰਮੇਸ਼ਰ ਲਈ ਸ਼ਰਧਾ ਬੁੱਧੀ ਦੀ ਸ਼ੁਰੂਆਤ ਹੈ। ਇਹ ਮਸੀਹੀ ਜੀਵਨ ਦੀਆਂ ਮੂਲ ਗੱਲਾਂ ਹਨ ਅਤੇ ਜੇਕਰ ਸਾਡੇ ਕੋਲ ਇਹ ਨਹੀਂ ਹੈ, ਤਾਂ ਬਾਈਬਲ ਦਾ ਅਸੀਂ ਕਿੰਨਾ ਵੀ ਅਧਿਐਨ ਕਰੀਏ ਜਾਂ ਸੰਦੇਸ਼ਾਂ ਨੂੰ ਸੁਣੀਏ, ਇਸ ਨਾਲ ਅਸੀਂ ਪਵਿੱਤਰ ਨਹੀਂ ਬਣ ਸਕਾਂਗੇ।