ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਚਰਚ ਆਗੂ
WFTW Body: 

ਅਸੀਂ ਜੋ ਚਰਚ ਦੀ ਅਗਵਾਈ ਕਰਦੇ ਹਾਂ, ਸਾਨੂੰ ਸਲੀਬ ਦੇ ਰਾਹ ਉੱਤੇ ਚੱਲ ਕੇ ਆਪਣੇ ਚਰਚ ਵਿੱਚ ਦੂਜਿਆਂ ਲਈ ਮਿਸਾਲ ਬਣਨਾ ਚਾਹੀਦਾ ਹੈ। ਸਾਡੇ ਅੰਦਰ ਇਹ ਡੂੰਘੀ ਤਾਂਘ ਹੋਣੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਸੇਵਕ ਬਣੀਏ, ਜਿਵੇਂ ਯਿਸੂ ਖ਼ੁਦ ਸੀ ਨਾ ਕਿ ਆਗੂ। ਯਿਸੂ ਨੇ ਕਿਹਾ ਸੀ, "ਤੁਸੀਂ ਜਾਣਦੇ ਹੋ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਹਾਕਮ ਸਮਝਦੇ ਹਨ। ਉਹ ਉਹਨਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਨੇਤਾ ਉਹਨਾਂ 'ਤੇ ਅਧਿਕਾਰ ਰੱਖਦੇ ਹਨ। ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ, ਤਾਂ ਉਹ ਜ਼ਰੂਰ ਦੂਜਿਆਂ ਦਾ ਸੇਵਾਦਾਰ ਬਣੇ। ਮਨੁੱਖ ਦਾ ਪੁੱਤਰ ਸੇਵਾ ਕਰਵਾਉਣ ਲਈ ਨਹੀਂ ਆਇਆ। ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੀ ਮੁਕਤੀ ਦੇ ਮੁੱਲ ਲਈ ਆਪਣੀ ਜਾਨ ਦੇਣ ਆਇਆ ਹੈ।" (ਮਰਕੁਸ 10:42-45)

ਸਾਨੂੰ ਕਦੇ ਵੀ ਆਪਣੇ ਅਹੁਦੇ ਨਾਲ ਜਾਂ 'ਆਗੂ' ਵਰਗੀ ਕਿਸੇ ਉਪਾਧੀ ਨਾਲ ਪਿਆਰ ਨਹੀਂ ਕਰਨਾ ਚਾਹੀਦਾ। (ਮੱਤੀ 23:10) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਚਰਚ ਦੇ ਕਿਸੇ ਵੀ ਹੋਰ ਭੈਣ-ਭਰਾ ਨਾਲੋਂ ਕਿਸੇ ਵੀ ਤਰ੍ਹਾਂ ਬਿਹਤਰ ਹਾਂ। ਸੱਚ ਤਾਂ ਇਹ ਹੈ ਕਿ ਸਾਨੂੰ ਹੁਕਮ ਦਿੱਤਾ ਗਿਆ ਹੈ ਕਿ ਅਸੀਂ ਚਰਚ ਦੇ ਹਰੇਕ ਵਿਅਕਤੀ ਨੂੰ ਆਪਣੇ ਆਪ ਨਾਲੋਂ ਵਧੇਰੇ ਮਹੱਤਵਪੂਰਨ ਸਮਝੀਏ ਨਾ ਕਿ ਵਧੇਰੇ ਆਤਮਿਕ (ਇਹ ਅਸੰਭਵ ਹੈ), ਸਗੋਂ ਵਧੇਰੇ ਮਹੱਤਵਪੂਰਨ। (ਫ਼ਿਲਿੱਪੀਆਂ 2:3)

ਸਾਨੂੰ ਪਹਿਲਾਂ ਦੂਜਿਆਂ ਦਾ ਵਿਸ਼ਵਾਸ਼ੀ-ਭਰਾ ਬਣਨਾ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਹੀ ਅਸੀਂ ਉਹਨਾਂ ਦੇ ਆਗੂ ਬਣ ਸਕਦੇ ਹਾਂ। ਰਸੂਲ ਯੂਹੰਨਾ, ਜਦੋਂ 95 ਸਾਲ ਦੀ ਉਮਰ ਵਿੱਚ ਚਰਚ ਨੂੰ ਲਿਖ ਰਿਹਾ ਸੀ, ਉਸਨੇ ਆਪਣੇ ਆਪ ਨੂੰ ਇਸ ਤਰ੍ਹਾਂ ਕਿਹਾ: "ਮੈਂ ਯੂਹੰਨਾ, ਤੁਹਾਡਾ ਭਰਾ…"(ਪਰਕਾਸ਼ ਦੀ ਪੋਥੀ 1:9)। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਆਗੂ ਆਪਣੇ ਆਪ ਨੂੰ ਕੇਵਲ ਆਗੂ ਹੀ ਸਮਝਦੇ ਹਨ। ਸਾਨੂੰ ਹਮੇਸ਼ਾ ਪਰਮੇਸ਼ੁਰ ਤੋਂ ਇਹ ਕਿਰਪਾ ਮੰਗਣੀ ਚਾਹੀਦੀ ਹੈ ਕਿ ਅਸੀਂ ਹਰ ਵੇਲੇ ਚਰਚ ਵਿੱਚ ਆਮ ਭਰਾਵਾਂ ਵਾਂਗ ਹੀ ਰਹੀਏ। ਅਤੇ ਜੇ ਅਸੀਂ ਇਸ ਤਰ੍ਹਾਂ ਜਿਉਣਾ ਚਾਹੁੰਦੇ ਹਾਂ, ਤਾਂ ਸਾਨੂੰ ਹਰ ਵੇਲੇ ਪਰਮੇਸ਼ੁਰ ਨਾਲ ਨੇੜੇ ਦੇ "ਆਹਮੋ-ਸਾਹਮਣੇ" ਦੇ ਰਿਸ਼ਤੇ ਵਿੱਚ ਜਿਉਣਾ ਚਾਹੀਦਾ ਹੈ।

ਆਤਮਿਕ ਅਧਿਕਾਰ, ਕਿਉਂਕਿ ਇਹ ਪਰਮੇਸ਼ੁਰ ਵੱਲੋਂ ਦਿੱਤਾ ਗਿਆ ਹੈ, ਇਸ ਲਈ ਇਹ ਅਜਿਹਾ ਨਹੀਂ ਹੈ ਜੋ ਅਸੀਂ ਕਦੇ ਵੀ ਦੂਜਿਆਂ ਉੱਤੇ ਜ਼ਾਹਰ ਕਰੀਏ ਜਾਂ ਦੂਜਿਆਂ ਨੂੰ ਜ਼ਬਰਦਸਤੀ ਅਧੀਨ ਕਰੀਏ। ਸਾਨੂੰ ਕਦੇ ਵੀ ਦੂਜਿਆਂ ਨੂੰ ਆਪਣੀ ਆਗਿਆ ਮੰਨਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਨਾਲ ਝਗੜਾ ਕਰਨਾ ਚਾਹੀਦਾ ਹੈ। (2 ਤਿਮੋਥਿਉਸ 2:24, 25) ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਸਾਨੂੰ ਕਦੇ ਵੀ ਆਪਣੇ ਅਹੁਦੇ ਦੀ ਰੱਖਿਆ ਨਹੀਂ ਕਰਨੀ ਪਵੇਗੀ, ਕਿਉਂਕਿ ਪਰਮੇਸ਼ੁਰ ਆਪ ਸਾਡੀ ਰੱਖਿਆ ਕਰੇਗਾ ਅਤੇ ਸਾਡੇ ਅਧਿਕਾਰ ਨੂੰ ਸਥਾਪਿਤ ਕਰੇਗਾ। ਪਰ ਜੇ ਕੋਈ ਆਪ ਹੀ ਦੂਜਿਆਂ ਉੱਤੇ ਆਪਣਾ ਅਧਿਕਾਰ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਇਸ ਗੱਲ ਦਾ ਸਪੱਸ਼ਟ ਸਬੂਤ ਹੋਵੇਗਾ ਕਿ ਉਸ ਨੂੰ ਇਹ ਅਧਿਕਾਰ ਪਰਮੇਸ਼ੁਰ ਵੱਲੋਂ ਨਹੀਂ ਦਿੱਤਾ ਗਿਆ।

ਇੱਕ ਆਤਮਿਕ ਆਗੂ, ਜਦੋਂ ਉਸ ਉੱਤੇ ਹਮਲਾ ਕੀਤਾ ਜਾਵੇ ਜਾਂ ਉਸਦੀ ਬਦਨਾਮੀ ਕੀਤੀ ਜਾਵੇ ਤਾਂ ਉਹ ਕਦੇ ਵੀ ਆਪਣਾ ਬਚਾਅ ਨਹੀਂ ਕਰੇਗਾ ਅਤੇ ਨਾ ਹੀ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰੇਗਾ। ਬਾਈਬਲ ਕਹਿੰਦੀ ਹੈ, "ਮਸੀਹ ਤੁਹਾਡੀ ਮਿਸਾਲ ਹੈ। ਉਸਦੇ ਕਦਮਾਂ ਉੱਤੇ ਚੱਲੋ ਜਦੋਂ ਉਸਨੂੰ ਬੇਇੱਜ਼ਤ ਕੀਤਾ ਗਿਆ ਤਾਂ ਉਸਨੇ ਕਦੇ ਜਵਾਬ ਨਹੀਂ ਦਿੱਤਾ ਜਦੋਂ ਉਸਨੇ ਦੁੱਖ ਝੱਲਿਆ ਤਾਂ ਬਦਲਾ ਲੈਣ ਦੀ ਧਮਕੀ ਨਹੀਂ ਦਿੱਤੀ। ਉਸਨੇ ਆਪਣਾ ਮੁਕੱਦਮਾ ਪਰਮੇਸ਼ੁਰ ਦੇ ਹੱਥਾਂ ਵਿੱਚ ਛੱਡ ਦਿੱਤਾ ਜੋ ਹਮੇਸ਼ਾ ਸਹੀ ਨਿਆਂ ਕਰਦਾ ਹੈ"। (1 ਪਤਰਸ 2:21, 23)

ਯਿਸੂ ਨੇ ਕਦੇ ਵੀ ਆਪਣਾ ਰਾਜ ਜ਼ਾਹਰ ਕਰਨ ਲਈ ਮਨੁੱਖਾਂ ਨਾਲ ਝਗੜਾ ਨਹੀਂ ਕੀਤਾ। ਉਸਨੇ ਆਪਣਾ ਬਚਾਅ ਕਰਨ ਅਤੇ ਆਪਣੀ ਸੱਚਾਈ ਸਾਬਿਤ ਕਰਨ ਦਾ ਕੰਮ ਪਰਮੇਸ਼ੁਰ ਉੱਤੇ ਛੱਡ ਦਿੱਤਾ। ਇਹੀ ਉਹ ਰਾਹ ਹੈ ਜਿਸ 'ਤੇ ਚਰਚ ਦੇ ਸਾਰੇ ਆਗੂਆਂ ਨੂੰ ਚੱਲਣਾ ਚਾਹੀਦਾ ਹੈ। ਜੇ ਅਸੀਂ ਆਪ ਪਰਮੇਸ਼ੁਰ ਦੇ ਅਧਿਕਾਰ ਹੇਠ ਜੀਉਂਦੇ ਹਾਂ ਤਾਂ ਅਸੀਂ ਆਪਣਾ ਮੁਕੱਦਮਾ ਨਿਸ਼ਚਿੰਤ ਹੋ ਕੇ ਪਰਮੇਸ਼ੁਰ ਦੇ ਹੱਥਾਂ ਵਿੱਚ ਦੇ ਸਕਦੇ ਹਾਂ। ਅਸੀਂ ਆਪਣੇ ਵਿਰੁੱਧ ਹੋਣ ਵਾਲੀ ਹਰ ਬਦਨਾਮੀ, ਆਲੋਚਨਾ ਅਤੇ ਚੁਗਲੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਦਾ ਵਾਅਦਾ ਹੈ ਕਿ ਉਹ ਆਪ ਅਜਿਹੇ ਹਮਲਿਆਂ ਤੋਂ ਆਪਣੇ ਸੇਵਕਾਂ ਦੀ ਰੱਖਿਆ ਕਰੇਗਾ। ਕਿਸੇ ਆਤਮਿਕ ਆਗੂ ਉੱਤੇ ਹਮਲਾ ਕਰਨ ਲਈ ਦੂਜਿਆਂ ਵੱਲੋਂ ਬਣਾਇਆ ਗਿਆ ਕੋਈ ਵੀ ਹਥਿਆਰ ਕਦੇ ਸਫਲ ਨਹੀਂ ਹੋਵੇਗਾ (ਯਸਾਯਾਹ 54:17)। ਮੈਂ ਆਪਣੀ ਜ਼ਿੰਦਗੀ ਵਿੱਚ ਵਾਰ-ਵਾਰ ਇਸ ਸੱਚਾਈ ਦਾ ਅਨੁਭਵ ਕੀਤਾ ਹੈ। ਅਜਿਹੇ ਅਨੁਭਵ ਹੋਣਾ ਸੱਚਮੁੱਚ ਬਹੁਤ ਅਸੀਸ ਹੈ।

ਅੱਜ ਚਰਚ ਅਜਿਹੀ ਆਤਮਿਕ ਸੋਚ ਵਾਲੇ ਆਗੂਆਂ ਦੀ ਭਾਰੀ ਕਮੀ ਕਾਰਨ ਬਹੁਤ ਦੁੱਖ ਝੱਲ ਰਿਹਾ ਹੈ। ਯਿਸੂ ਨੇ ਇੱਕ ਵਾਰ ਉਸ ਭੀੜ ਵੱਲ ਦੇਖਿਆ ਜੋ ਉਸਦੇ ਕੋਲ ਆਉਂਦੀ ਸੀ ਅਤੇ ਉਸ ਨੂੰ ਬਹੁਤ ਤਰਸ ਆਇਆ। "ਲੋਕ ਉਹਨਾਂ ਭੇਡਾਂ ਵਰਗੇ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਇੰਨੀਆਂ ਵੱਡੀਆਂ ਸਨ ਕਿ ਉਹ ਨਹੀਂ ਜਾਣਦੇ ਸਨ ਕਿ ਕੀ ਕਰਨ ਜਾਂ ਮਦਦ ਲਈ ਕਿੱਥੇ ਜਾਣ।" (ਮੱਤੀ 9:36 - ਲਿਵਿੰਗ ਬਾਈਬਲ) ਅੱਜ ਵੀ ਹਾਲਤ ਬਿਲਕੁਲ ਅਜਿਹੇ ਹੀ ਹਨ। ਸਾਨੂੰ ਅਜਿਹੇ ਆਗੂਆਂ ਦੀ ਬੇਹੱਦ ਜ਼ਰੂਰਤ ਹੈ ਜਿਨ੍ਹਾਂ ਦੇ ਅੰਦਰ ਇੱਕ ਚਰਵਾਹੇ ਦਾ ਦਿਲ ਅਤੇ ਇੱਕ ਸੇਵਕ ਦੀ ਆਤਮਾ ਹੋਵੇ। ਅਜਿਹੇ ਮਨੁੱਖ ਜੋ ਪਰਮੇਸ਼ੁਰ ਤੋਂ ਡਰਦੇ ਹੋਣ ਅਤੇ ਉਸਦੇ ਬਚਨ ਤੋਂ ਕੰਬਦੇ ਹੋਣ ਤਾਂ ਜੋ ਉਹ ਚਰਚ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰ ਸਕਣ।

ਸਾਨੂੰ ਕਦੇ ਵੀ ਲੋਕਾਂ ਨੂੰ ਆਪਣਾ ਪ੍ਰਸ਼ੰਸਕ ਨਹੀਂ ਬਣਨ ਦੇਣਾ ਚਾਹੀਦਾ। ਨਹੀਂ ਤਾਂ ਉਹ ਕਦੇ ਵੀ ਮਸੀਹ ਨਾਲ ਆਪਣੇ ਮੁਖੀ ਵਜੋਂ ਨਿੱਜੀ ਸੰਬੰਧ ਬਣਾਉਣ ਲਈ ਤਿਆਰ ਨਹੀਂ ਹੋ ਸਕਣਗੇ। ਸਾਨੂੰ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਜੋੜਨਾ ਚਾਹੀਦਾ। ਇਸਦੀ ਬਜਾਏ ਸਾਨੂੰ ਹਰ ਕਿਸੇ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਕੇਵਲ ਪਰਮੇਸ਼ੁਰ ਦੇ ਸਾਹਮਣੇ ਜੀਵਨ ਬਤੀਤ ਕਰਨ। ਉਹਨਾਂ ਨੂੰ ਆਪਣੇ ਕੀਤੇ ਕੰਮਾਂ ਵਿੱਚ ਸਾਡੀ ਮਨਜ਼ੂਰੀ ਨਹੀਂ ਭਾਲਣੀ ਚਾਹੀਦੀ। ਅਤੇ ਜੇ ਅਸੀਂ ਕਿਸੇ ਨੂੰ ਆਪਣੇ ਨਾਲ ਜੁੜਦਾ ਦੇਖੀਏ ਤਾਂ ਸਾਨੂੰ ਤੁਰੰਤ ਉਸਨੂੰ ਇਸ ਤੋਂ ਦੂਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਦੂਜਿਆਂ ਨੂੰ ਸਲਾਹ ਦਿੰਦੇ ਹਾਂ ਤਾਂ ਸਾਨੂੰ ਉਹਨਾਂ ਨੂੰ ਇਹ ਆਜ਼ਾਦੀ ਵੀ ਦੇਣੀ ਚਾਹੀਦੀ ਹੈ ਕਿ ਉਹ ਸਾਡੇ ਨਾਲ ਅਸਹਿਮਤ ਹੋ ਸਕਣ ਅਤੇ ਜਿਵੇਂ ਉਹ ਠੀਕ ਸਮਝਦੇ ਹੋਣ ਆਪਣਾ ਕੰਮ ਆਪਣੇ ਤਰੀਕੇ ਨਾਲ ਕਰ ਸਕਣ। ਅਤੇ ਜੇ ਇਸਦੇ ਨਤੀਜੇ ਵਜੋਂ ਉਹ ਕੋਈ ਗੜਬੜ ਕਰ ਦੇਣ ਤਾਂ ਸਾਨੂੰ ਝੱਟ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਇਹ ਨਹੀਂ ਕਹਿਣਾ ਚਾਹੀਦਾ, "ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ।" ਇਹੀ ਉਹ ਪ੍ਰਤਿਕਿਰਿਆ ਹੈ ਜਿਹੜੀ ਕਿ ਇੱਕ ਸੱਚਾ ਆਤਮਿਕ ਆਗੂ ਦੇਵੇਗਾ।

"ਆਤਮਾ ਨਾਲ ਭਰੇ ਰਹੋ… ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ।" (ਅਫ਼ਸੀਆਂ 5:18, 21)

ਯਿਸੂ ਸਾਡੇ ਲਈ ਮਿਸਾਲ ਹੈ ਜਿਸ ਤਰ੍ਹਾਂ ਉਸਨੇ 30 ਸਾਲਾਂ ਤੱਕ ਆਪਣੀਆਂ ਸੰਸਾਰਿਕ ਪਰਿਸਥਿਤੀਆਂ ਅਤੇ ਆਪਣੇ ਸੰਸਾਰਿਕ ਮਾਤਾ-ਪਿਤਾ ਦੇ ਅਧਿਕਾਰ ਅਧੀਨ ਰਹਿ ਕੇ ਆਗਿਆ ਦਾ ਪਾਲਨ ਕੀਤਾ। ਕੇਵਲ ਇਹਨਾਂ ਖੇਤਰਾਂ ਵਿੱਚ ਵਫ਼ਾਦਾਰ ਰਹਿਣ ਤੋਂ ਬਾਅਦ ਹੀ ਪਿਤਾ ਨੇ ਉਸਦੇ ਬਪਤਿਸਮੇ ਵੇਲੇ ਉਸਨੂੰ ਇਹ ਪ੍ਰਮਾਣ-ਪੱਤਰ ਦਿੱਤਾ, "ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ।" ਸਾਡੇ ਵਰਗੇ ਆਗੂਆਂ ਲਈ ਵੀ ਇਹੀ ਰਾਹ ਹੈ ਜਿਸ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ।

ਬਾਈਬਲ ਕਹਿੰਦੀ ਹੈ, "ਆਪਣੇ ਆਗੂਆਂ ਦੀ ਆਗਿਆ ਮੰਨੋ ਅਤੇ ਉਹਨਾਂ ਦੇ ਅਧੀਨ ਰਹੋ, ਕਿਉਂਕਿ ਉਹ ਤੁਹਾਡੀਆਂ ਆਤਮਾਵਾਂ ਦੀ ਰਾਖੀ ਕਰਦੇ ਹਨ ਅਤੇ ਇਸਦਾ ਹਿਸਾਬ ਦੇਣਗੇ। ਉਹਨਾਂ ਨੂੰ ਇਹ ਕੰਮ ਖੁਸ਼ੀ ਨਾਲ ਕਰਨ ਦਿਓ, ਨਾ ਕਿ ਦੁੱਖ ਨਾਲ, ਕਿਉਂਕਿ ਇਹ ਤੁਹਾਡੇ ਲਈ ਲਾਭਦਾਇਕ ਨਹੀਂ ਹੋਵੇਗਾ।" (ਇਬਰਾਨੀਆਂ 13:17) ਅਤੇ ਇਹ ਹੁਕਮ ਆਗੂਆਂ ਲਈ ਵੀ ਹੈ। ਸਾਨੂੰ ਉਹਨਾਂ ਹਾਲਾਤਾਂ ਦੇ ਅਧੀਨ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਸਾਨੂੰ ਦਿੰਦਾ ਹੈ ਅਤੇ ਉਸ ਅਧਿਕਾਰ ਦੇ ਵੀ ਅਧੀਨ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਸਾਡੇ ਉੱਪਰ ਰੱਖਦਾ ਹੈ ਭਾਵੇਂ ਉਹ ਸੰਸਾਰ ਵਿੱਚ ਹੋਵੇ ਜਾਂ ਚਰਚ ਵਿੱਚ। ਤਦ ਹੀ ਅਸੀਂ ਵੀ ਪਰਮੇਸ਼ੁਰ ਵੱਲੋਂ ਅਜਿਹੀ ਗਵਾਹੀ ਪ੍ਰਾਪਤ ਕਰ ਸਕਦੇ ਹਾਂ ਕਿ ਅਸੀਂ ਉਸਨੂੰ ਖੁਸ਼ ਕਰਦੇ ਹਾਂ।

ਸਾਨੂੰ ਕਦੇ ਵੀ ਇਹ ਮੰਗ ਨਹੀਂ ਕਰਨੀ ਚਾਹੀਦੀ ਕਿ ਕੋਈ ਸਾਡੇ ਅਧੀਨ ਰਹੇ। ਜੇ ਅਸੀਂ ਕੇਵਲ ਇਸ ਲਈ ਦੂਜਿਆਂ ਤੋਂ ਅਧੀਨਗੀ ਦੀ ਮੰਗ ਕਰਦੇ ਹਾਂ ਕਿਉਂਕਿ ਅਸੀਂ ਆਗੂ ਹਾਂ ਤਾਂ ਇਹ ਦਰਸਾਉਂਦਾ ਹੈ ਕਿ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਸੱਚਮੁੱਚ ਪਰਮੇਸ਼ੁਰ ਨੂੰ ਨਹੀਂ ਜਾਣਦੇ ਕਿਉਂਕਿ ਪਰਮੇਸ਼ੁਰ ਲੋਕਾਂ ਨੂੰ ਇਹ ਆਜ਼ਾਦੀ ਦਿੰਦਾ ਹੈ ਕਿ ਉਹ ਚਾਹੇ ਉਸਦੇ ਅਧੀਨ ਰਹਿਣ ਜਾਂ ਉਸਦੇ ਵਿਰੁੱਧ ਬਗਾਵਤ ਕਰਨ ਅਤੇ ਅਸੀਂ ਪਰਮੇਸ਼ੁਰ ਨਾਲੋਂ ਵੱਡੇ ਨਹੀਂ ਹਾਂ। ਇਸ ਲਈ ਆਗੂਆਂ ਵਜੋਂ ਸਾਨੂੰ ਕਿਸੇ ਤੋਂ ਵੀ ਅਧੀਨਗੀ ਦੀ ਮੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਸੀਂ ਸੇਵਾ ਕਰਨ ਲਈ ਬੁਲਾਏ ਗਏ ਹਾਂ, ਨਾ ਕਿ ਅਧੀਨਗੀ ਦੀ ਮੰਗ ਕਰਨ ਲਈ।

ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੀ ਸ਼ਖ਼ਸੀਅਤ ਦੀ ਸਮਰੱਥਾ ਨਾਲ ਕਿਸੇ ਨੂੰ ਆਪਣੇ ਅਧੀਨ ਨਾ ਕਰੀਏ। ਇੱਕ ਦ੍ਰਿੜ੍ਹ ਇਰਾਦੇ ਵਾਲੇ ਆਗੂ ਲਈ ਇਹ ਬਹੁਤ ਸੌਖਾ ਹੁੰਦਾ ਹੈ ਕਿ ਉਹ ਆਪਣੀ ਸ਼ਖ਼ਸੀਅਤ ਦੀ ਸਮਰੱਥਾ ਕਾਰਨ ਚਰਚ ਵਿੱਚ ਦੂਜਿਆਂ ਉੱਤੇ ਆਪਣਾ ਪ੍ਰਭਾਵ ਜਮਾ ਲਵੇ। ਇਹ ਬੁਰਾਈ ਹੈ। ਅਜਿਹੀ ਆਤਮਿਕ ਸ਼ਕਤੀ ਨੂੰ ਮਾਰ ਦੇਣਾ ਚਾਹੀਦਾ ਹੈ। ਚਰਚ ਦੇ ਲੋਕਾਂ ਨੂੰ ਸਾਡੇ ਨਾਲ ਅਸਹਿਮਤ ਹੋਣ ਲਈ ਆਜ਼ਾਦ ਮਹਿਸੂਸ ਕਰਨਾ ਚਾਹੀਦਾ ਹੈ। ਕਿਸੇ ਨੂੰ ਵੀ ਸਾਡੇ ਤੋਂ ਡਰਨਾ ਨਹੀਂ ਚਾਹੀਦਾ। ਯਿਸੂ ਨੇ ਪਤਰਸ ਨੂੰ ਵੀ ਆਪਣੇ ਆਪ ਨੂੰ ਝਿੜਕਣ ਦੀ ਇਜਾਜ਼ਤ ਦਿੱਤੀ। (ਮੱਤੀ 16:22) ਆਪਣੇ ਆਪ ਤੋਂ ਪੁੱਛੋ ਕਿ ਕੀ ਤੁਹਾਡੇ ਭਰਾ ਤੁਹਾਨੂੰ ਝਿੜਕਣ ਲਈ ਆਜ਼ਾਦ ਮਹਿਸੂਸ ਕਰਦੇ ਹਨ? ਜੇ ਨਹੀਂ, ਤਾਂ ਤੁਹਾਨੂੰ ਆਪਣੀ ਹਉਮੈ ਤੋਂ ਮੁਕਤੀ ਪਾਉਣ ਲਈ ਕੰਮ ਕਰਨਾ ਪਵੇਗਾ ਅਤੇ ਆਪਣੇ ਆਪ ਨੂੰ ਨਿਮਾਣਾ ਕਰਨਾ ਪਵੇਗਾ ਜਿਵੇਂ ਯਿਸੂ ਨੇ ਕੀਤਾ ਸੀ ਜਦੋਂ ਉਹ ਇਸ ਧਰਤੀ ਉੱਤੇ ਰਿਹਾ ਸੀ।

ਸਾਨੂੰ ਕਦੇ ਵੀ ਚਰਚ ਨੂੰ ਤਾਨਾਸ਼ਾਹ ਵਾਂਗੂ ਨਹੀਂ ਚਲਾਉਣਾ ਚਾਹੀਦਾ, ਜਿੱਥੇ ਭੈਣ-ਭਰਾ ਬਹੁਤ ਸਾਰੇ ਨਿਯਮਾਂ ਅਤੇ ਕਾਇਦਿਆਂ ਦੇ ਬੋਝ ਹੇਠ ਜਿਉਂਦੇ ਹੋਣ। ਇਸ ਤਰ੍ਹਾਂ ਚਰਚ ਇੱਕ ਕਾਨੂੰਨਪ੍ਰਸਤ ਕਲੱਬ ਬਣ ਜਾਵੇਗਾ ਜਿਸ ਵਿੱਚ ਸੱਚਮੁੱਚ ਪਰਮੇਸ਼ਰ ਵੱਲੋਂ ਦਿੱਤੇ ਭੈਣ-ਭਰਾ ਕਦੇ ਵੀ ਆਪਣੇ ਆਪ ਨੂੰ ਘਰ ਵਰਗਾ ਮਹਿਸੂਸ ਨਹੀਂ ਕਰਨਗੇ। ਇਸਦੀ ਬਜਾਏ ਸਰੀਰਕ ਸੋਚ ਵਾਲੇ 'ਹਾਂਜੀ-ਹਾਂਜੀ' ਕਰਨ ਵਾਲੇ ਲੋਕ (ਜੋ ਬਿਨਾਂ ਸੋਚੇ-ਸਮਝੇ ਤੁਹਾਡੀ ਆਗਿਆ ਮੰਨਦੇ ਹਨ) ਤਾਕਤਵਰ ਹੋ ਜਾਣਗੇ। ਇਹ ਬੁਰਾਈ ਹੈ।

ਅਸੀਂ ਆਪਣੇ ਚਰਚਾਂ ਵਿੱਚ ਬਹੁਤ ਸਾਰੇ ਨਿਯਮ ਬਣਾ ਕੇ ਦੂਜਿਆਂ ਵਿੱਚ ਪਵਿੱਤਰਤਾ ਪੈਦਾ ਨਹੀਂ ਕਰ ਸਕਦੇ। ਸਾਨੂੰ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਪਰ ਲੋਕਾਂ ਨੂੰ ਕਿਸੇ ਖ਼ਾਸ ਢਾਂਚੇ ਦੇ ਅਨੁਸਾਰ ਢਲਣ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਜੇ ਲੋਕ ਬਿਨਾਂ ਨਿੱਜੀ ਯਕੀਨ ਦੇ ਕੋਈ ਕੰਮ ਕੇਵਲ ਸਾਨੂੰ ਖੁਸ਼ ਕਰਨ ਲਈ ਕਰਦੇ ਹਨ ਤਾਂ ਉਹਨਾਂ ਦੇ ਕੰਮ ਕੇਵਲ ਮ੍ਰਿਤ ਕੰਮ ਹੋਣਗੇ ਭਾਵੇਂ ਉਹ ਕੰਮ ਮਨੁੱਖਾਂ ਦੀਆਂ ਨਜ਼ਰਾਂ ਵਿੱਚ "ਧਰਮੀ" ਅਤੇ ਚੰਗੇ ਕਿਉਂ ਨਾ ਲੱਗਦੇ ਹੋਣ।

ਮ੍ਰਿਤ ਕੰਮ ਉਹ ਕੰਮ ਹਨ ਜੋ ਲੋਕਾਂ ਨੂੰ ਖੁਸ਼ ਕਰਨ ਜਾਂ ਪ੍ਰਭਾਵਿਤ ਕਰਨ ਲਈ ਕੀਤੇ ਜਾਂਦੇ ਹਨ। ਪਰ ਅਜਿਹੇ ਸਾਰੇ ਮ੍ਰਿਤ ਕੰਮ ਪਰਮੇਸ਼ੁਰ ਅਸਵੀਕਾਰ ਕਰਦਾ ਹੈ। ਉਹ ਕੰਮ ਜੋ ਪਰਮੇਸ਼ੁਰ ਕਬੂਲ ਕਰਦਾ ਹੈ ਉਹ, ਉਹ ਹਨ ਜੋ ਕੇਵਲ ਉਸਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਹਨ। ਸਾਨੂੰ ਭੈਣਾਂ-ਭਰਾਵਾਂ ਦੀ ਅਜਿਹੇ ਕੰਮ ਕਰਨ ਵੱਲ ਅਗਵਾਈ ਕਰਨੀ ਚਾਹੀਦੀ ਹੈ, ਤਾਂ ਉਹਨਾਂ ਨੂੰ ਆਜ਼ਾਦ ਛੱਡਣਾ ਹੋਵੇਗਾ। ਉਨੀ ਹੀ ਆਜ਼ਾਦੀ ਨਾਲ ਜਿੰਨੀ ਆਜ਼ਾਦੀ ਪਰਮੇਸ਼ੁਰ ਨੇ ਆਪ ਅਦਨ ਦੇ ਬਾਗ਼ ਵਿੱਚ ਆਦਮ ਅਤੇ ਹੱਵਾਹ ਨੂੰ ਦਿੱਤੀ ਸੀ। ਸੱਚੀ ਪਵਿੱਤਰਤਾ ਕੇਵਲ ਪਰਮੇਸ਼ੁਰ ਦੇ ਭੈਅ ਵਿੱਚ ਹੀ ਸੰਪੂਰਨ ਹੋ ਸਕਦੀ ਹੈ। (2 ਕੁਰਿੰਥੀਆਂ 7:1) ਨਾ ਕਿ ਕਿਸੇ ਚਰਚ-ਆਗੂ ਦੇ ਡਰ ਕਾਰਨ।

ਜੇ ਪਰਮੇਸ਼ੁਰ ਤੁਹਾਡੇ ਚਰਚ ਵਿੱਚ ਛੋਟੇ ਭਰਾਵਾਂ ਨੂੰ ਸੇਵਕਾਈ ਦੇ ਸਥਾਨ ਤੱਕ ਲੈ ਕੇ ਜਾਂਦਾ ਹੈ ਜਿੱਥੇ ਲੋਕਾਂ ਦਾ ਉਹਨਾਂ ਉੱਤੇ ਤੁਹਾਡੇ ਨਾਲੋਂ ਵਧੇਰੇ ਭਰੋਸਾ ਹੋਵੇ ਤਾਂ ਤੁਹਾਨੂੰ ਇਸਨੂੰ ਪਰਮੇਸ਼ੁਰ ਦਾ ਕੰਮ ਮੰਨ ਕੇ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਅਜਿਹੇ ਅਭਿਸ਼ਿਕਤ ਛੋਟੇ ਭਰਾਵਾਂ ਨੂੰ ਚਰਚ ਵਿੱਚ ਖੁੱਲ੍ਹੇ ਦਿਲ ਨਾਲ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਵਿਰੁੱਧ ਲੜਦਾ ਪਾਓਗੇ।

ਜੇ ਤੁਸੀਂ ਪਿਆਰ ਕਰਨ ਵਾਲੇ ਸੰਸਾਰਿਕ ਪਿਤਾ ਹੋ ਤਾਂ ਤੁਸੀਂ ਜ਼ਰੂਰ ਚਾਹੋਗੇ ਕਿ ਤੁਹਾਡੇ ਬੱਚੇ ਤੁਹਾਡੇ ਨਾਲੋਂ ਵੱਧ ਪੜ੍ਹੇ-ਲਿਖੇ ਹੋਣ। ਇੱਕ ਸੱਚਾ ਆਤਮਿਕ ਪਿਤਾ ਵੀ ਇਸੇ ਤਰ੍ਹਾਂ ਦੀ ਤਾਂਘ ਰੱਖੇਗਾ ਕਿ ਉਸਦੇ ਆਤਮਿਕ ਬੱਚੇ ਆਤਮਿਕ ਤੌਰ ਉੱਤੇ ਉਸ ਤੋਂ ਵੀ ਅੱਗੇ ਵਧਣ। ਜੇ ਜਿਹਨਾਂ ਦੀ ਤੁਸੀਂ ਸੇਵਾ ਕਰਦੇ ਹੋ ਉਹਨਾਂ ਲਈ ਤੁਹਾਡੇ ਅੰਦਰ ਅਜਿਹੀ ਤਾਂਘ ਨਹੀਂ ਹੈ ਤਾਂ ਤੁਸੀਂ ਆਤਮਿਕ ਪਿਤਾ ਨਹੀਂ ਹੋ। ਫਿਰ ਤੁਸੀਂ ਆਗੂ ਬਣਨ ਦੇ ਯੋਗ ਨਹੀਂ ਹੋ। ਉਸ ਸਥਿਤੀ ਵਿੱਚ ਤੁਸੀਂ ਆਪਣੇ ਇਲਾਕੇ ਵਿੱਚ ਮਸੀਹ ਦੇ ਸਰੀਰ ਦੀ ਉਸਾਰੀ ਵਿੱਚ ਰੁਕਾਵਟ ਬਣ ਜਾਓਗੇ।

ਜਿਹੜੇ ਆਗੂ ਤਾਨਾਸ਼ਾਹੀ ਰਵੱਈਆ ਰੱਖਦੇ ਹਨ ਅਤੇ ਚਰਚ ਵਿੱਚ ਆਪਣੇ ਦੋਸਤਾਂ ਨਾਲ ਪੱਖਪਾਤ ਕਰਦੇ ਹਨ। ਉਹ ਸ਼ਾਇਦ ਸੋਚਦੇ ਹੋਣ ਕਿ ਉਹ ਅਜਿਹੇ ਪਾਪਮਈ ਵਿਵਹਾਰ ਲਈ ਪਰਮੇਸ਼ੁਰ ਦੇ ਨਿਆਂ ਤੋਂ ਬਚ ਗਏ ਹਨ। ਪਰ ਪਰਮੇਸ਼ਰ ਹਰ ਗੱਲ ਦਾ ਧਿਆਨ ਰੱਖਦਾ ਹੈ ਅਤੇ ਅਜਿਹੇ ਮਾਮਲਿਆਂ ਦਾ ਸਹੀ ਹਿਸਾਬ ਰੱਖਦਾ ਹੈ। ਆਪਣੇ ਨਿਰਧਾਰਿਤ ਸਮੇਂ ਤੇ ਉਹ ਅਜਿਹੇ ਬੇਵਫ਼ਾ ਆਗੂਆਂ ਦਾ ਸਖ਼ਤ ਨਿਆਂ ਕਰੇਗਾ। ਫਿਰ ਸਾਰੇ ਦੇਖਣਗੇ ਕਿ ਪਰਮੇਸ਼ਰ ਕਿਸੇ ਅਜਿਹੇ ਆਗੂ ਨੂੰ ਵੀ ਨਹੀਂ ਬਖ਼ਸ਼ਦਾ ਜੋ ਪਾਖੰਡੀ ਹੋਵੇ ਜਾਂ ਆਪਣੇ ਇੱਜੜ ਉੱਤੇ ਹੁਕਮ ਚਲਾਉਂਦਾ ਹੋਵੇ ਜਾਂ ਦੂਜਿਆਂ ਉੱਤੇ ਸਖ਼ਤੀ ਨਾਲ ਰਾਜ ਕਰਦਾ ਹੋਵੇ। ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ! ਇਸ ਲਈ, "ਜੋ ਸੋਚਦਾ ਹੈ ਕਿ ਉਹ ਖੜ੍ਹਾ ਹੈ ਉਹ ਸੁਚੇਤ ਰਹੇ ਕਿ ਕਿਤੇ ਡਿੱਗ ਨਾ ਪਵੇ।" (1 ਕੁਰਿੰਥੀਆਂ 10:12)

ਇਬਰਾਨੀਆਂ 12:26-28 ਸਾਨੂੰ ਦੱਸਦੀ ਹੈ ਕਿ "ਪਰਮੇਸ਼ੁਰ ਉਹ ਸਭ ਕੁਝ ਜੋ ਹਿਲਾਇਆ ਜਾ ਸਕਦਾ ਹੈ ਹਿਲਾ ਕੇ ਹਟਾ ਦੇਵੇਗਾ ਤਾਂ ਜੋ ਜੋ ਕੁਝ ਨਹੀਂ ਹਿਲਾਇਆ ਜਾ ਸਕਦਾ ਉਹ ਬਣਿਆ ਰਹੇ।"

ਸਾਡੇ ਆਲੇ-ਦੁਆਲੇ ਮਸੀਹੀ ਜਗਤ ਵਿੱਚ, ਅਸੀਂ ਦੇਖ ਰਹੇ ਹਾਂ ਕਿ ਵੱਡੇ-ਵੱਡੇ ਪ੍ਰਚਾਰਕ ਪਾਪ ਵਿੱਚ ਜੀ ਰਹੇ ਹਨ ਅਤੇ ਚਰਚ ਜੋ ਨਵੇਂ ਨੇਮ ਦੇ ਅਨੁਸਾਰ ਜਾਪਦੇ ਸਨ ਟੁੱਟ ਰਹੇ ਹਨ ਅਤੇ ਉਹਨਾਂ ਦੀਆਂ ਜੜ੍ਹਾਂ ਹਿੱਲ ਰਹੀਆਂ ਹਨ। ਜੇ ਅਸੀਂ ਅਜਿਹੇ ਸਮੇਂ ਵਿੱਚ ਇੱਕ ਪਾਸੇ ਮਸੀਹੀ ਜਗਤ ਵਿੱਚ ਦਿਖਾਈ ਦੇਣ ਵਾਲੀ ਸੰਸਾਰਕਤਾ ਅਤੇ ਸਮਝੌਤੇ ਦੇ ਸਮੇਂ ਅਤੇ ਦੂਜੇ ਪਾਸੇ ਕਾਨੂੰਨਪ੍ਰਸਤੀ ਅਤੇ ਫ਼ਰੀਸੀਪਣੇ ਦੇ ਵਿੱਚ ਮਸੀਹ ਦੇ ਸਰੀਰ ਨੂੰ ਅਟੱਲ ਰੂਪ ਵਿੱਚ ਉਸਾਰਨਾ ਹੈ ਤਾਂ ਸਾਨੂੰ ਪਰਮੇਸ਼ੁਰ ਦੀ ਸੇਵਾ "ਸ਼ਰਧਾ ਅਤੇ ਭੈਅ ਨਾਲ ਕਰਨੀ ਚਾਹੀਦੀ ਹੈ - ਕਿਉਂਕਿ ਸਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।" (ਇਬਰਾਨੀਆਂ 12:29)

ਕਾਸ਼ ਅਸੀਂ ਆਪਣੀ ਜ਼ਿੰਦਗੀ ਦੇ ਅੰਤ ਤੱਕ, ਹਰ ਵੇਲੇ ਨਿਮਰਤਾ ਦੇ ਰਾਹ ਉੱਤੇ ਚੱਲਦੇ ਰਹੀਏ। ਆਮੀਨ।