ਪ੍ਰਕਾਸ਼ ਦੀ ਪੋਥੀ 12:10, ਵਿੱਚ ਅਸੀਂ ਪੜ੍ਹਦੇ ਹਾਂ ਕਿ ਸ਼ੈਤਾਨ ਪਰਮੇਸ਼ੁਰ ਦੇ ਸਾਹਮਣੇ ਸਾਰੇ ਵਿਸ਼ਵਾਸੀਆਂ 'ਤੇ ਨਿਰੰਤਰ ਦਿਨ-ਰਾਤ ਦੋਸ਼ ਲਾਉਂਦਾ ਰਹਿੰਦਾ ਹੈ। ਇਹ ਉਸਦੀ ਸੇਵਕਾਈ ਹੈ ਜਿਸ ਵਿੱਚ ਉਹ ਹਰ ਸਮੇਂ ਲੱਗਿਆ ਰਹਿੰਦਾ ਹੈ। ਅਤੇ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਖ਼ੁਦ ਵਿਸ਼ਵਾਸੀ ਹੀ ਦੋਸ਼ ਲਾਉਣ ਦੀ ਸੇਵਕਾਈ ਵਿੱਚ ਉਸਦੇ ਸਹਾਇਕ ਹਨ। ਅਜਿਹੇ ਅਨੇਕ ਵਿਸ਼ਵਾਸੀ ਹਨ ਜੋ ਸ਼ੈਤਾਨ ਦੇ ਨਾਲ ਮਿਲ ਕੇ ਉਸ ਦੀ ਦੋਸ਼ ਲਾਉਣ ਦੀ ਸੇਵਕਾਈ ਵਿੱਚ ਲੱਗੇ ਹੋਏ ਹਨ।
ਜਿਵੇਂ ਹੀ ਆਦਮ ਨੇ ਅਦਨ ਦੇ ਬਾਗ਼ ਵਿੱਚ ਪਾਪ ਕੀਤਾ, ਸ਼ੈਤਾਨ ਨੇ ਆਪਣੀ "ਦੋਸ਼ ਲਾਉਣ ਦੀ ਪ੍ਰਕਿਰਤੀ" ਆਦਮ ਵਿੱਚ ਸੰਚਾਰਿਤ ਕਰ ਦਿੱਤੀ। ਇਸ ਲਈ ਜਦੋਂ ਪਰਮੇਸ਼ੁਰ ਆਦਮ ਕੋਲ ਆਇਆ ਅਤੇ ਪੁੱਛਿਆ ਕਿ ਕੀ ਉਸਨੇ ਮਨ੍ਹਾਂ ਕੀਤੇ ਗਏ ਫਲ ਨੂੰ ਖਾਧਾ ਹੈ ਤਾਂ ਆਦਮ ਨੇ ਆਪਣੇ ਪਾਪ ਨੂੰ ਮੰਨਣ ਦੀ ਬਜਾਏ, ਸਭ ਤੋਂ ਪਹਿਲਾਂ ਆਪਣੀ ਪਤਨੀ 'ਤੇ ਦੋਸ਼ ਲਾਇਆ ਅਤੇ ਕਿਹਾ, "ਉਸੇ ਨੇ ਮੈਨੂੰ ਫਲ ਦਿੱਤਾ ਸੀ।" (ਉਤਪਤ 3:12)
ਬਚਪਨ ਤੋਂ ਹੀ ਅਸੀਂ ਸਾਰਿਆਂ ਨੇ ਦੂਜਿਆਂ ਵਿੱਚ ਨੁਕਸ ਕੱਢਣਾ ਅਤੇ ਉਨ੍ਹਾਂ 'ਤੇ ਦੋਸ਼ ਲਾਉਣਾ ਸਿੱਖਿਆ ਹੈ। ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ ਇਹ ਦੋਸ਼ ਲਾਉਣ ਅਤੇ ਇਲਜ਼ਾਮ ਲਾਉਣ ਦੀ ਆਤਮਾ ਹੋਰ ਵੀ ਸੂਖ਼ਮ ਅਤੇ ਘਾਤਕ ਰੂਪ ਅਖ਼ਤਿਆਰ ਕਰ ਲੈਂਦੀ ਹੈ। ਦੁਖਦਾਈ ਸੱਚਾਈ ਇਹ ਹੈ ਕਿ ਇਹ ਦੋਸ਼ ਦੀ ਲਾਉਣ ਦੀ ਆਤਮਾ ਨਵੇਂ ਜਨਮ ਤੋਂ ਕਈ ਸਾਲਾਂ ਬਾਅਦ ਬਹੁਤ ਸਾਰੇ ਵਿਸ਼ਵਾਸੀਆਂ ਵਿੱਚ ਵੀ ਪਾਈ ਜਾਂਦੀ ਹੈ।
2 ਕੁਰਿੰਥੀਆਂ 5:17 ਕਹਿੰਦਾ ਹੈ, "ਜੇ ਕੋਈ ਮਸੀਹ ਵਿੱਚ ਹੈ, ਤਾਂ ਉਹ ਨਵੀਂ ਸ੍ਰਿਸ਼ਟੀ ਹੈ; ਪੁਰਾਣਾ ਸਭ ਕੁੱਝ ਖ਼ਤਮ ਹੋ ਗਿਆ ਹੈ। ਵੇਖੋ, ਸਭ ਕੁਝ ਨਵਾਂ ਹੋ ਗਿਆ ਹੈ।"
ਜਦੋਂ ਅਸੀਂ ਨਵੇਂ ਜਨਮੇ ਮਸੀਹੀ ਬਣ ਜਾਂਦੇ ਹਾਂ ਤਾਂ ਦੂਜਿਆਂ ਪ੍ਰਤੀ ਸਾਡਾ ਰਵੱਈਆ ਬਦਲਣਾ ਚਾਹੀਦਾ ਹੈ ਉਹੀ ਰਵੱਈਆ ਜੋ ਯਿਸੂ ਦਾ ਸੀ, ਜੋ ਦੋਸ਼ ਲਾਉਣ ਦੀ ਬਜਾਏ ਉਨ੍ਹਾਂ ਲਈ ਵਿਚੋਲਗੀ ਕਰਦਾ ਹੈ ਜੋ ਸਾਡੇ ਵਿਰੁੱਧ ਪਾਪ ਕਰਦੇ ਹਨ। ਹਾਲਾਂਕਿ ਅਜਿਹਾ ਬਦਲਾਅ ਸਾਡੇ ਅੰਦਰ ਤਾਂ ਹੀ ਆਵੇਗਾ ਜੇਕਰ ਅਸੀਂ ਪਰਮੇਸ਼ੁਰ ਨਾਲ ਸਹਿਯੋਗ ਕਰਾਂਗੇ। ਫ਼ਿਲਿੱਪੀਆਂ 2:12 ਸਾਨੂੰ ਆਦਮ ਤੋਂ ਵਿਰਾਸਤ ਵਿੱਚ ਮਿਲੇ ਸਾਰੇ ਗਲਤ ਰਵੱਈਏ ਤੋਂ, "ਆਪਣੀ ਮੁਕਤੀ ਦੇ ਲਈ ਅੱਗੇ ਵਧਦੇ ਜਾਣ।" ਦੀ ਹਦਾਇਤ ਦਿੰਦਾ ਹੈ। ਕਿਉਂਕਿ ਵਿਸ਼ਵਾਸੀ "ਆਪਣੀ ਮੁਕਤੀ ਦੇ ਲਈ ਅੱਗੇ ਵਧਣ ਦੇ ਕੰਮ" ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਇਸ ਲਈ ਉਹ ਆਦਮ ਦੇ ਬੱਚਿਆਂ ਵਾਂਗ ਦੂਜਿਆਂ 'ਤੇ ਦੋਸ਼ ਲਾਉਂਦੇ ਰਹਿੰਦੇ ਹਨ। ਪਰਮੇਸ਼ੁਰ ਦੇ ਬੱਚਿਆਂ ਦੇ ਇਸ ਬੁਰੇ ਵਿਵਹਾਰ ਕਾਰਨ ਪਰਮੇਸ਼ਰ ਅਤੇ ਉਸਦੀ ਕਲੀਸਿਯਾ ਦੋਵਾਂ ਦਾ ਨਾਮ ਲੋਕਾਂ ਵਿੱਚ ਬਦਨਾਮ ਹੁੰਦਾ ਹੈ।
ਯੂਹੰਨਾ 8:4 ਵਿੱਚ, ਅਸੀਂ ਫ਼ਰੀਸੀਆਂ ਬਾਰੇ ਪੜ੍ਹਦੇ ਹਾਂ ਜੋ ਇੱਕ ਗਰੀਬ ਔਰਤ 'ਤੇ ਦੋਸ਼ ਲਗਾ ਰਹੇ ਸਨ ਜੋ ਵਿਭਚਾਰ ਵਿੱਚ ਫੜੀ ਗਈ ਸੀ। ਉਨ੍ਹਾਂ ਦੀ ਉਸਨੂੰ ਪਾਪ ਦੀ ਜ਼ਿੰਦਗੀ ਤੋਂ ਬਚਾਉਣ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ। ਉਹ ਸਿਰਫ਼ ਆਪਣੀ "ਧਾਰਮਿਕਤਾ" ਦਾ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ ਅਤੇ ਇਹ ਦਿਖਾਉਣਾ ਚਾਹੁੰਦੇ ਸਨ ਕਿ ਉਹ ਔਰਤ ਕਿੰਨੀ ਵੱਡੀ ਪਾਪੀ ਸੀ। ਉੱਥੇ ਖੜ੍ਹੇ ਹੋ ਕੇ ਉਨ੍ਹਾਂ ਨੇ ਉਸ ਗਰੀਬ ਔਰਤ 'ਤੇ ਦੋਸ਼ ਲਾਉਣੇ ਸ਼ੁਰੂ ਕੀਤੇ ਜਿਵੇਂ ਉਨ੍ਹਾਂ ਦੇ ਪੁਰਖੇ ਆਦਮ ਨੇ ਹੱਵਾਹ ਨਾਲ ਕੀਤਾ ਸੀ। ਅਤੇ ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕੀਤਾ ਕਿ ਉਹ ਅੰਦਰੋਂ ਦੋਸ਼ ਲਾਉਣ ਵਾਲੇ ਸ਼ੈਤਾਨ ਦੀ ਸੰਗਤ ਵਿੱਚ ਸਨ। ਇਸੇ ਲਈ ਯਿਸੂ ਨੇ ਫ਼ਰੀਸੀਆਂ ਨੂੰ ਖਾਸ ਤੌਰ 'ਤੇ ਦੱਸਿਆ ਕਿ ਸ਼ੈਤਾਨ ਉਨ੍ਹਾਂ ਦਾ ਪਿਤਾ ਸੀ। (ਯੂਹੰਨਾ 8:44)
ਯਿਸੂ ਅਜਿਹੀਆਂ ਔਰਤਾਂ ਨੂੰ ਦੋਸ਼ੀ ਠਹਿਰਾਉਣ ਨਹੀਂ ਬਲਕਿ ਉਨ੍ਹਾਂ ਦੇ ਪਾਪਾਂ ਤੋਂ ਬਚਾਉਣ ਆਇਆ ਸੀ। ਯੂਹੰਨਾ 3:17 ਵਿੱਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਦੁਨੀਆਂ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ ਸਗੋਂ ਦੁਨੀਆਂ ਨੂੰ ਬਚਾਉਣ ਲਈ ਭੇਜਿਆ।
ਦੋਸ਼ ਲਾਉਣ ਅਤੇ ਪਰਮੇਸ਼ਰ ਅਨੁਸਾਰ ਸੁਧਾਰ ਕਰਨ ਵਿੱਚ ਬਹੁਤ ਫ਼ਰਕ ਹੈ। ਪ੍ਰਕਾਸ਼ ਦੀ ਪੋਥੀ ਅਧਿਆਏ 2 ਅਤੇ 3 ਵਿੱਚ ਪਰਮੇਸ਼ਰ ਨੇ ਯੂਹੰਨਾ ਨੂੰ ਪੰਜ ਕਲੀਸਿਆਵਾਂ ਦੇ ਡਿੱਗ ਰਹੇ ਬਜ਼ੁਰਗਾਂ ਨੂੰ ਪਰਮੇਸ਼ਰ ਦੇ ਨਿਰਦੇਸ਼ ਅਨੁਸਾਰ ਸੁਧਾਰ ਕਰਨ ਦੀ ਹਦਾਇਤ ਦਿੱਤੀ। ਇਸੇ ਤਰ੍ਹਾਂ, ਪਵਿੱਤਰ ਆਤਮਾ ਨੇ ਪੌਲੁਸ ਨੂੰ ਕੁਰਿੰਥਆ, ਗਲਾਤੀਆ ਅਤੇ ਥੱਸਲੁਨੀਕੀਆ ਦੀਆਂ ਕਲੀਸਿਆਵਾਂ ਨੂੰ ਪਰਮੇਸ਼ਰ ਦੇ ਭੈਅ ਵਿੱਚ ਤਾੜਨਾ ਦੇਣ ਲਈ ਪ੍ਰੇਰਿਆ। ਅਜਿਹਾ ਸੁਧਾਰ ਇੱਕ ਆਤਮਿਕ ਕਾਰਜ ਹੈ ਅਤੇ ਪਰਮੇਸ਼ੁਰ ਕਦੇ-ਕਦੇ ਆਪਣੇ ਚੁਣੇ ਹੋਏ ਸੇਵਕਾਂ ਨੂੰ ਇਸ ਕਾਰਜ ਲਈ ਸੱਦ ਦਿੰਦਾ ਹੈ। ਅਤੇ ਅਜਿਹਾ ਸੁਧਾਰ ਹਮੇਸ਼ਾ ਪਿਆਰ ਨਾਲ ਕੀਤਾ ਜਾਂਦਾ ਹੈ।
ਦੋਸ਼ ਲਾਉਣ ਵਾਲੀ ਆਤਮਾ ਨੂੰ ਪਛਾਣਨਾ ਔਖਾ ਨਹੀਂ। ਇਹ ਹਮੇਸ਼ਾ ਉਨ੍ਹਾਂ ਲੋਕਾਂ ਪ੍ਰਤੀ ਨਕਾਰਾਤਮਕ ਰਵੱਈਏ ਨਾਲ ਪ੍ਰਗਟ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਨਾਪਸੰਦ ਕਰਦੇ ਹੋ। ਤੁਸੀਂ ਉਨ੍ਹਾਂ ਲੋਕਾਂ 'ਤੇ ਇਸ ਤਰ੍ਹਾਂ ਦੋਸ਼ ਕਦੇ ਨਹੀਂ ਲਾਉਂਦੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਮਿਸਾਲ ਦੇ ਤੌਰ 'ਤੇ ਤੁਸੀਂ ਆਪਣੇ ਬੱਚਿਆਂ ਦੀਆਂ ਬੁਰਾਈਆਂ ਦੂਜਿਆਂ ਸਾਹਮਣੇ ਕਦੇ ਨਹੀਂ ਕਰਦੇ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕਾਂ ਲਈ ਪਿਆਰ ਦੀ ਕਮੀ ਹੀ ਤੁਹਾਡੇ ਅੰਦਰੋਂ ਦੋਸ਼ ਲਾਉਣ ਦੀ ਆਤਮਾ ਨੂੰ ਬਾਹਰ ਕੱਢਦੀ ਹੈ।
ਪਰਮੇਸ਼ਰ ਦੇ ਅਨੁਸਾਰ ਸੁਧਾਰ ਦੀ ਸੇਵਕਾਈ ਪ੍ਰਭੂ ਕੇਵਲ ਆਪਣੇ ਵਫ਼ਾਦਾਰ ਸੇਵਕਾਂ ਜਿਵੇਂ ਰਸੂਲ ਯੂਹੰਨਾ ਅਤੇ ਪੌਲੁਸ ਨੂੰ ਸੌਂਪਦਾ ਹੈ। ਪਰਮੇਸ਼ਰ ਹਰ ਕਿਸੇ ਨੂੰ ਅਜਿਹੀ ਸੇਵਕਾਈ ਲਈ ਸੱਦਾ ਨਹੀਂ ਦਿੰਦਾ। ਇਸ ਲਈ ਸਾਵਧਾਨ ਰਹੋ। ਜਦੋਂ ਤੁਸੀਂ "ਦੋਸ਼ ਲਾਉਣ ਦੀ ਸੇਵਕਾਈ" ਵਿੱਚ ਲੱਗੇ ਹੁੰਦੇ ਹੋ ਤਾਂ ਤੁਸੀਂ ਆਸਾਨੀ ਨਾਲ ਆਪਣੇ ਆਪ ਨੂੰ ਧੋਖਾ ਦੇ ਸਕਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਅਨੁਸਾਰ ਸੁਧਾਰ ਦੀ ਸੇਵਕਾਈ ਕਰ ਰਹੇ ਹੋ।
ਜੇ ਤੁਸੀਂ ਇਸ ਦੋਸ਼ ਲਾਉਣ ਦੀ ਆਤਮਾ ਨੂੰ ਆਪਣੇ ਅੰਦਰ ਰੱਖਦੇ ਹੋ ਤਾਂ ਪਰਮੇਸ਼ਰ ਤੁਹਾਡਾ ਵਿਰੋਧ ਕਰੇਗਾ ਜਿਵੇਂ ਉਸਨੇ ਫ਼ਰੀਸੀਆਂ ਦਾ ਵਿਰੋਧ ਕੀਤਾ। ਦੋਸ਼ ਲਾਉਣ ਦੀ ਸੇਵਕਾਈ ਸ਼ੈਤਾਨ ਦਾ ਕੰਮ ਹੈ ਅਤੇ ਵਿਸ਼ਵਾਸੀ ਵਜੋਂ ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ।
ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ਕਿ ਸ਼ੈਤਾਨ ਅਤੇ ਉਸਦੇ ਦੂਤ ਸਾਨੂੰ ਲਗਾਤਾਰ ਉਕਸਾਉਂਦੇ ਰਹਿਣਗੇ ਕਿ ਅਸੀਂ ਆਪਣੇ ਸਾਥੀ ਵਿਸ਼ਵਾਸੀਆਂ ਵਿੱਚੋਂ ਕੋਈ ਨਾ ਕੋਈ ਕਮੀ ਕੱਢ ਕੇ ਉਨ੍ਹਾਂ 'ਤੇ ਦੋਸ਼ ਲਾਈਏ। ਉਹ ਦੂਤ ਤੁਹਾਨੂੰ ਤੁਹਾਡੇ ਸਾਥੀ ਵਿਸ਼ਵਾਸੀਆਂ ਵਿੱਚ ਕਈ ਨੁਕਸ ਦਿਖਾਉਂਦੇ ਹਨ ਤਾਂ ਜੋ ਤੁਹਾਨੂੰ ਉਨ੍ਹਾਂ 'ਤੇ ਦੋਸ਼ ਲਾਉਣ ਲਈ ਭੜਕਾ ਸਕਣ। ਜੇ ਤੁਸੀਂ ਇਸ ਪਰਤਾਵੇ ਦੇ ਅੱਗੇ ਝੁਕ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸ਼ੈਤਾਨੀ ਤਾਕਤਾਂ ਦੇ ਪ੍ਰਭਾਵ ਹੇਠ ਲਿਆ ਖੜ੍ਹਾ ਕਰਦੇ ਹੋ। ਇਹੀ ਕਾਰਨ ਹੋ ਸਕਦਾ ਹੈ ਕਿ ਅਨੇਕ ਵਿਸ਼ਵਾਸੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਨ।
ਸਾਨੂੰ ਇਸ ਦੋਸ਼ ਲਾਉਣ ਦੀ ਆਤਮਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਪੂਰੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਬਿਲਕੁਲ ਉਸ ਸਰਜਨ ਵਾਂਗੂ ਜੋ ਮਰੀਜ਼ ਦੇ ਕੈਂਸਰ ਨੂੰ ਚੀਰ-ਫਾੜ ਕਰਕੇ ਜੜ੍ਹੋਂ ਕੱਢ ਦਿੰਦਾ ਹੈ। ਸਾਨੂੰ ਸਾਫ਼ ਦਿਖਣਾ ਚਾਹੀਦਾ ਹੈ ਕਿ "ਦੋਸ਼ ਲਾਉਣ ਦੀ ਆਤਮਾ" ਕਿਸੇ ਵੀ ਕੈਂਸਰ ਨਾਲੋਂ ਕਿਤੇ ਵੱਧ ਘਾਤਕ ਹੈ।
ਜਨਮ ਤੋਂ ਹੀ ਅਸੀਂ ਸਾਰਿਆਂ ਨੇ ਦੂਜਿਆਂ ਵਿੱਚ ਨੁਕਸ ਕੱਢਣ ਦੀ ਇਹ ਬੁਰੀ ਆਦਤ ਅਪਣਾ ਲਈ ਹੈ। ਅਸੀਂ ਕਈ ਸਾਲ ਲੋਕਾਂ ਦੀ ਪਿੱਠ ਪਿੱਛੇ ਉਨ੍ਹਾਂ ਦੀ ਆਲੋਚਨਾ ਕਰਦੇ ਰਹੇ ਹਾਂ ਅਤੇ ਉਨ੍ਹਾਂ 'ਤੇ ਦੋਸ਼ ਲਾਉਣ ਲਈ ਕੋਈ ਨਾ ਕੋਈ ਖ਼ਾਮੀ ਲੱਭਦੇ ਰਹੇ ਹਾਂ।
ਅੰਤ ਵਿੱਚ, ਆਓ ਯਾਦ ਕਰੀਏ ਕਿ ਯਿਸੂ ਨੇ ਫ਼ਰੀਸੀਆਂ ਨੂੰ ਕੀ ਕਿਹਾ ਸੀ ਕਿ ਦੂਜਿਆਂ 'ਤੇ ਪੱਥਰ ਸੁੱਟਣ ਦਾ ਅਧਿਕਾਰ ਸਿਰਫ਼ ਉਸ ਨੂੰ ਹੈ ਜਿਸਨੇ ਖ਼ੁਦ ਕਦੇ ਵੀ ਕੋਈ ਪਾਪ ਨਾ ਕੀਤਾ ਹੋਵੇ। ਇਸ ਲਈ ਸਾਡੇ ਵਿੱਚੋਂ ਕੋਈ ਵੀ ਕਿਸੇ 'ਤੇ ਦੋਸ਼ ਲਾਉਣ ਦੇ ਯੋਗ ਨਹੀਂ ਹੈ।
ਪਰਮੇਸ਼ਰ ਸਾਨੂੰ ਸਾਰਿਆਂ ਨੂੰ ਇਸ ਸ਼ੈਤਾਨੀ ਆਤਮਾ ਤੋਂ ਪੂਰੀ ਤਰ੍ਹਾਂ ਆਜ਼ਾਦ ਕਰੇ।
ਆਮੀਨ।