WFTW Body: 

ਜਦੋਂ ਯਿਸੂ ਨੇ ਮੱਤੀ 24 ਵਿੱਚ ਆਪਣੇ ਚੇਲਿਆਂ ਨੂੰ ਉਸਦੀ ਆਮਦ ਬਾਰੇ ਦੱਸਿਆ, ਤਾਂ ਉਸ ਨੇ ਕਈ ਵਾਰ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ (ਮੱਤੀ24:42, 44; 25:13)। ਆਤਮਿਕ ਤੌਰ 'ਤੇ ਹਮੇਸ਼ਾ ਸੁਚੇਤ ਅਤੇ ਤਿਆਰ ਰਹਿਣਾ, ਭਵਿੱਖਬਾਣੀ ਸੰਬੰਧੀ ਤੱਥਾਂ ਦੀ ਜਾਣਕਾਰੀ ਤੋਂ ਮਹੱਤਵਪੂਰਣ ਗੱਲ ਹੈ। ਮੱਤੀ 25 ਵਿੱਚ (ਜੋ ਮੱਤੀ24ਦੀਆਂ ਭਵਿੱਖਬਾਣੀਆਂ ਤੋਂ ਬਾਅਦ ਆਉਂਦਾ ਹੈ), ਯਿਸੂ ਤਿੰਨ ਖੇਤਰਾਂ ਬਾਰੇ ਗੱਲ ਕਰਦਾ ਹੈ, ਜਿੱਥੇ ਸਾਨੂੰ ਉਸ ਦੀ ਆਮਦ ਲਈ ਤਿਆਰ ਹੋਣ ਵਾਸਤੇ ਸੁਚੇਤ ਅਤੇ ਵਿਸ਼ਵਾਸਯੋਗ ਰਹਿਣ ਦੀ ਲੋੜ ਹੈ।

1ਗੁਪਤ ਜੀਵਨ ਵਿੱਚ ਵਿਸ਼ਵਾਸ਼ਯੋਗਤਾ

ਇਸ ਦ੍ਰਿਸ਼ਟਾਂਤ ਵਿੱਚ, ਯਿਸੂ ਨੇ ਦਸ ਕੁਆਰੀਆਂ ਬਾਰੇ ਗੱਲ ਕੀਤੀ (ਮੱਤੀ 25:1-13) । ਧਿਆਨ ਦਿਓ ਕਿ ਉਹਨਾਂ ਵਿੱਚੋਂ ਕੋਈ ਵੀ ਵੇਸਵਾ ਨਹੀਂ ਸੀ (ਆਤਮਿਕ ਵੇਸਵਾਪੁਣੇ ਦੀ ਪਰਿਭਾਸ਼ਾ ਲਈ ਯਾਕੂਬ 4:4 ਵੇਖੋ)। ਉਹ ਸਾਰੀਆਂ ਕੁਆਰੀਆਂ ਸਨ। ਦੂਜੇ ਸ਼ਬਦਾਂ ਵਿੱਚ, ਉਹਨਾਂ ਦੀ ਮਨੁੱਖੀ ਨਜ਼ਰ 'ਚ ਚੰਗੀ ਗਵਾਹੀ ਸੀ। ਉਹਨਾਂ ਸਾਰੀਆਂ ਦੇ ਦੀਵੇ ਬਲ ਰਹੇ ਸਨ (ਮੱਤੀ 5:16)। ਉਹਨਾਂ ਦੇ ਚੰਗੇ ਕੰਮ ਦੂਜਿਆਂ ਦੁਆਰਾ ਦੇਖੇ ਗਏ ਸਨ। ਫਿਰ ਵੀ ਇਹਨਾਂ ਸਾਰੀਆਂ ਕੁਆਰੀਆਂ ਵਿੱਚੋਂ, ਸਿਰਫ਼ ਪੰਜ ਹੀ ਸਿਆਣੀਆਂ ਸਨ। ਪਰ ਇਹ ਸ਼ੁਰੂਆਤ ਵਿੱਚ ਸਾਰਿਆਂ ਲਈ ਸਪੱਸ਼ਟ ਨਹੀਂ ਸੀ। ਸਿਰਫ਼ ਪੰਜ ਹੀ ਆਪਣੇ ਬਰਤਨਾਂ ਵਿੱਚ ਤੇਲ ਲੈ ਕੇ ਗਈਆਂ ਸਨ (ਮੱਤੀ 25:4)।

ਬਰਤਨ ਵਿੱਚ ਰੱਖਿਆ ਤੇਲ, ਰਾਤ ਦੇ ਸਮੇਂ ਦੀਵੇ ਦੀ ਰੌਸ਼ਨੀ ਵਾਂਗ ਦਿਖਾਈ ਨਹੀਂ ਦਿੰਦਾ ਸੀ ਅਤੇ ਇਹ ਪਰਮੇਸ਼ਰ ਦੇ ਸਾਹਮਣੇ ਸਾਡੇ ਗੁਪਤ ਜੀਵਨ ਨੂੰ ਦਰਸ਼ਾਉਂਦਾ ਹੈ ਜਿਸ ਨੂੰ ਮਨੁੱਖ ਇਸ ਸੰਸਾਰ ਦੇ ਹਨੇਰੇ ਵਿੱਚ ਨਹੀਂ ਦੇਖ ਸਕਦੇ। ਸਾਡੇ ਸਾਰਿਆਂ ਕੋਲ ਬਰਤਨ ਹੈ। ਪਰ ਸਵਾਲ ਇਹ ਹੈ ਕਿ ਉਸ ਵਿੱਚ ਤੇਲ ਹੈ ਜਾਂ ਨਹੀ। ਸਮੁਚੇ ਪਵਿੱਤਰ ਸ਼ਾਸਤਰ ਵਿੱਚ ਤੇਲ ਨੂੰ ਪਵਿੱਤਰ ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ। ਅਤੇ ਇਹ ਪਰਮੇਸ਼ਰ ਦੇ ਉਸ ਜੀਵਨ ਵੱਲ ਸੰਕੇਤ ਕਰਦਾ ਹੈ ਜੋ ਪਵਿੱਤਰ ਆਤਮਾ ਸਾਡੇ ਅੰਦਰ ਪੈਦਾ ਕਰਦਾ ਹੈ। ਉਸ ਜੀਵਨ ਦਾ ਬਾਹਰੀ ਪ੍ਰਗਟਾਵਾ ਰੌਸ਼ਨੀ ਹੈ (ਯੂਹੰਨਾ1:4), ਪਰ ਉਸ ਦਾ ਅੰਦਰੂਨੀ ਸਾਰ ਤੇਲ ਹੈ। ਕਈ ਲੋਕ ਸਿਰਫ਼ ਆਪਣੀ ਬਾਹਰੀ ਗਵਾਹੀ ਵਿੱਚ ਹੀ ਰੁਝੇ ਰਹਿੰਦੇ ਹਨ - ਇਹੀ ਉਹਨਾਂ ਦੀ ਮੂਰਖਤਾ ਹੈ। ਅਜ਼ਮਾਇਸ਼ ਅਤੇ ਪਰਖ ਦੇ ਸਮੇਂ ਇਹ ਪਤਾ ਲੱਗਦਾ ਹੈ ਕਿ ਕੇਵਲ ਬਾਹਰੀ ਰੌਸ਼ਨੀ ਕਾਫ਼ੀ ਨਹੀਂ ਹੁੰਦੀ। ਸਾਨੂੰ ਜੇਤੂ ਹੋ ਕੇ ਅੱਗੇ ਵਧਣ ਲਈ ਅੰਦਰੂਨੀ ਤੌਰ 'ਤੇ ਪਰਮੇਸ਼ਰ ਦੇ ਜੀਵਨ ਦੀ ਭਰਪੂਰਤਾ ਦੀ ਲੋੜ ਹੁੰਦੀ ਹੈ।

"ਜੇਕਰ ਤੁਸੀਂ ਸੰਕਟ ਵਿੱਚ ਕਮਜ਼ੋਰ ਹੋ, ਤਾਂ ਤੁਸੀਂ ਅਸਲ ਵਿੱਚ ਕਮਜ਼ੋਰ ਹੀ ਹੋ" ਕਹਾਉਤਾਂ 24:16)। ਜੀਵਨ ਦੇ ਸੰਕਟ ਸਾਨੂੰ ਦਿਖਾਉਂਦੇ ਹਨ ਕਿ ਅਸੀਂ ਕਿੰਨੇ ਮਜ਼ਬੂਤ ਜਾਂ ਕਮਜ਼ੋਰ ਹਾਂ। ਇਸ ਦ੍ਰਿਸ਼ਟਾਂਤ ਵਿੱਚ ਸੰਕਟ ਇਹ ਸੀ ਕਿ ਲਾੜੇ ਨੇ ਆਉਣ ਵਿੱਚ ਦੇਰੀ ਕੀਤੀ। ਇਹ ਸਮਾਂ ਹੀ ਸਾਡੀ ਆਤਮਿਕਤਾ ਦੀ ਹਕੀਕਤ ਨੂੰ ਸਾਬਤ ਕਰਦਾ ਹੈ। ਜਿਸਨੂੰ ਵਿਸ਼ਵਾਸ ਹੁੰਦਾ ਹੈ, ਉਹ ਅੰਤ ਤੱਕ ਧੀਰਜ ਨਾਲ ਟਿਕਿਆ ਰਹਿੰਦਾ ਹੈ ਅਤੇ ਬਚਾਇਆ ਜਾਂਦਾ ਹੈ। ਸਮਾਂ ਇਹ ਵੀ ਸਾਬਤ ਕਰਦਾ ਹੈ ਕਿ ਕਿਸਦੇ ਜੀਵਨ ਵਿੱਚ ਅੰਦਰੂਨੀ ਸੰਤੁਸ਼ਟੀ ਹੈ ਅਤੇ ਕਿਸਦੇ ਕੋਲ ਨਹੀਂ। ਬਹੁਤ ਸਾਰੇ ਲੋਕ ਉਸ ਬੀਜ ਵਾਂਗ ਹਨ ਜੋ ਤੁਰੰਤ ਅੰਕੁਰਿਤ ਹੋ ਜਾਂਦਾ ਹੈ, ਪਰ ਉਸਦੇ ਕੋਲ ਅੰਦਰੂਨੀ ਜੀਵਨ ਨਹੀਂ ਹੁੰਦਾ। ਉਹਨਾਂ ਦੇ ਦਿਲ ਵਿੱਚ ਮਿੱਟੀ ਦੀ ਗਹਿਰਾਈ ਨਹੀਂ ਹੁੰਦੀ (ਮਰਕੁਸ4:5)ਇਸ ਕਰਕੇ ਨਵੇਂ ਵਿਸ਼ਵਾਸੀਆਂ ਦੀ ਆਤਮਿਕਤਾ ਜਾਂ ਪੂਰੇ ਦਿਲ ਨਾਲ ਸਮਰਪਣ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੁੰਦਾ ਹੈ। ਜੇ ਅਸੀਂ ਧੀਰਜ ਨਾਲ ਇੰਤਜ਼ਾਰ ਕਰੀਏ, ਤਾਂ ਸਮਾਂ ਸਭ ਕੁਝ ਪ੍ਰਗਟ ਕਰ ਦੇਵੇਗਾ। ਇਸ ਲਈ ਮਸੀਹ ਦੀ ਆਮਦ ਲਈ ਤਿਆਰ ਹੋਣ ਦਾ ਤਰੀਕਾ ਇਹ ਹੈ ਕਿ ਪਰਮੇਸ਼ਰ ਦੇ ਸਾਹਮਣੇ ਆਪਣੇ ਆਪਣੇ ਵਿਚਾਰ, ਰਵੱਈਏ ਅਤੇ ਉਦੇਸ਼ ਵਿੱਚ, ਅੰਦਰੂਨੀ ਜੀਵਨ ਨੂੰ ਸ਼ੁੱਧਤਾ ਅਤੇ ਵਿਸ਼ਵਾਸਯੋਗਤਾ ਨਾਲ ਜੀਉਣਾ ਜੋ ਆਲੇ-ਦੁਆਲੇ ਦੇ ਲੋਕ ਨਹੀਂ ਦੇਖ ਸਕਦੇ। ਜੇ ਇਹ ਸਾਡੇ ਵਿੱਚ ਨਹੀਂ ਹੈ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਮਸੀਹ ਦੇ ਆਮਦ ਲਈ ਤਿਆਰ ਹਾਂ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ।

2ਸਾਡੀ ਸੇਵਕਾਈ ਵਿੱਚ ਵਫ਼ਾਦਾਰੀ

ਦੂਜੇ ਦ੍ਰਿਸ਼ਟਾਂਤ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਪਰਮੇਸ਼ਰ ਨੇ ਜੋ ਦਾਤਾਂ ਸਾਨੂੰ ਦਿੱਤੀਆਂ ਹਨ ਅਸੀਂ ਉਹਨਾਂ ਦੀ ਵਿਸ਼ਵਾਸ਼ਯੋਗਤਾ ਨਾਲ ਵਰਤੋਂ ਕਰੀਏ। (ਮੱਤੀ25:14-30) ਇਹ ਦਾਤਾਂ ਭੌਤਿਕ ਸੰਪਤੀ, ਪੈਸਾ, ਕੁਦਰਤੀ ਯੋਗਤਾਵਾਂ, ਜੀਵਨ ਦੇ ਮੌਕੇ, ਆਤਮਿਕ ਵਰਦਾਨ ਆਦਿ ਨੂੰ ਦਰਸਾਉਂਦੀਆਂ ਹਨ। ਇਸ ਖੇਤਰ ਵਿੱਚ ਸਾਰੇ ਲੋਕ ਬਰਾਬਰ ਨਹੀਂ ਹਨ ਕਿਉਂਕਿ ਦ੍ਰਿਸ਼ਟਾਂਤ ਵਿੱਚ ਕਿਸੇ ਨੂੰ ਪੰਜ, ਦੂਜੇ ਨੂੰ ਦੋ ਅਤੇ ਕਿਸੇ ਨੂੰ ਸਿਰਫ਼ ਇੱਕ ਮਿਲਿਆ। ਪਰ ਸਾਰਿਆਂ ਨੂੰ ਬਰਾਬਰ ਸਮਾਂ ਦਿੱਤਾ ਗਿਆ ਸੀ ਕਿ ਉਹ ਜੋ ਕੁਝ ਉਹਨਾਂ ਨੂੰ ਮਿਲਿਆ, ਉਸ ਵਿੱਚ ਵਿਸ਼ਵਾਸਯੋਗ ਰਹਿ ਸਕਣ। ਜਿਸਨੂੰ ਵੱਧ ਦਿੱਤਾ ਗਿਆ ਹੈ, ਉਸ ਤੋਂ ਵੱਧ ਹੀ ਮੰਗਿਆ ਜਾਂਦਾ ਹੈ। ਇਸ ਲਈ ਜਿਸ ਨੇ ਦੋ ਨੂੰ ਚਾਰ ਗੁਣਾ ਕੀਤਾ, ਉਸ ਨੂੰ ਉਹੀ ਇਨਾਮ ਮਿਲਿਆ ਜੋ ਪੰਜ ਨੂੰ ਦੱਸ ਗੁਣਾ ਕਰਨ ਵਾਲੇ ਨੂੰ ਮਿਲਿਆ ਸੀ। ਹਾਲਾਂਕਿ, ਨਿਆਂ ਉਸ ਵਿਅਕਤੀ 'ਤੇ ਪਿਆ ਜਿਸਨੇ ਆਪਣੀ ਦਾਤ ਨੂੰ 'ਜ਼ਮੀਨ ਵਿੱਚ' ਦੱਬ ਦਿੱਤਾ (ਮੱਤੀ 25:18) - ਇਹ ਉਹ ਹੈ ਜਿਸਨੇ ਪਰਮੇਸ਼ਰ ਦੁਆਰਾ ਦਿੱਤੀ ਗਈ ਦਾਤ ਨੂੰ ਇਸ ਸੰਸਾਰ ਲਈ ਵਰਤਿਆ, ਨਾ ਕਿ ਪਰਮੇਸ਼ਰ ਲਈ। ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਉਸਨੂੰ ਕੁਝ ਨਹੀਂ ਮਿਲਿਆ - ਕਿਉਂਕਿ ਸਾਰਿਆਂ ਨੂੰ ਪਰਮੇਸ਼ਰ ਤੋਂ ਕੋਈ ਨਾ ਕੋਈ ਦਾਤ ਮਿਲੀ ਹੈ। ਸਵਾਲ ਇਹ ਹੈ ਕਿ ਅਸੀਂ ਉਹਨਾਂ ਦਾਤਾਂ ਨੂੰ ਕਿਸ ਲਈ ਵਰਤਦੇ ਹਾਂ। ਜੋ ਕੁਝ ਅਸੀਂ ਆਪਣੇ ਲਈ ਵਰਤਦੇ ਹਾਂ, ਉਹ ਧਰਤੀ ਵਿੱਚ ਦੱਬੀ ਹੋਏ ਦਾਤ ਦੇ ਬਰਾਬਰ ਹੈ। ਜੋ ਕੁਝ ਅਸੀਂ ਸਿਰਫ਼ ਪਰਮੇਸ਼ਰ ਦੀ ਮਹਿਮਾ ਲਈ ਵਰਤਦੇ ਹਾਂ, ਉਹੀ ਸਦੀਵੀ ਧਨ ਵਜੋਂ ਗਿਣਿਆ ਜਾਵੇਗਾ। ਇਸ ਮਾਪਦੰਡ ਨਾਲ ਅਸੀਂ ਵੇਖ ਸਕਦੇ ਹਾਂ ਕਿ ਬਹੁਤ ਸਾਰੇ ਵਿਸ਼ਵਾਸੀ ਆਤਮਿਕ ਤੌਰ 'ਤੇ ਕਿੰਨੇ ਗਰੀਬ ਹਨ। ਸਾਡਾ ਮੰਤਵ ਇਹ ਹੋਣਾ ਚਾਹੀਦਾ ਹੈ: "ਸਭ ਕੁਝ ਪਰਮੇਸ਼ਰ ਲਈ, ਆਪਣੇ ਲਈ ਕੁਝ ਵੀ ਨਹੀਂ।" ਤਦ ਹੀ ਅਸੀਂ ਮਸੀਹ ਦੀ ਆਮਦ ਲਈ ਤਿਆਰ ਹੋਵਾਂਗੇ। ਜੇਕਰ ਅਸੀਂ ਜੋ ਸਾਡੇ ਕੋਲ ਹੈ ਉਸ ਨੂੰ ਤਿਆਗਿਆ ਨਹੀਂ ਤਾਂ ਅਸੀਂ ਯਿਸੂ ਦੇ ਚੇਲੇ ਨਹੀਂ ਬਣ ਸਕਦੇ। ਜੋ ਵਿਅਕਤੀ ਪਰਮੇਸ਼ਰ ਦੁਆਰਾ ਦਿੱਤੀਆਂ ਗਈ ਸੰਪਤੀਆਂ ਅਤੇ ਦਾਤਾਂ ਨੂੰ ਪਰਮੇਸ਼ਰ ਲਈ ਨਹੀਂ ਵਰਤ ਰਿਹਾ ਤਾਂ ਉਹ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ਜੇਕਰ ਉਹ ਮਸੀਹ ਦੀ ਆਮਦ ਲਈ ਤਿਆਰ ਹੋਣ ਦਾ ਦਾਅਵਾ ਕਰਦਾ ਹੈ।

3.ਆਪਣੇ ਸਾਥੀ ਵਿਸ਼ਵਾਸੀਆਂ ਦੀ ਸੇਵਾ ਵਿੱਚ ਵਫ਼ਾਦਾਰੀ

ਆਖਰੀ ਭਾਗ ਵਿੱਚ, ਯਿਸੂ ਸਾਡੇ ਉਸ ਰਵੱਈਏ ਬਾਰੇ ਗੱਲ ਕਰਦਾ ਹੈ ਜੋ ਅਸੀਂ ਆਪਣੇ ਲੋੜਵੰਦ ਸਾਥੀ ਵਿਸ਼ਵਾਸੀਆਂ ਪ੍ਰਤਿ ਰੱਖਦੇ ਹਾਂ (ਮੱਤੀ25:31-46)। ਇਹ ਲੋੜ ਆਤਮਿਕ ਵੀ ਹੋ ਸਕਦੀ ਹੈ ਅਤੇ ਸਰੀਰਕ ਵੀ। ਇੱਥੇ ਅਸੀਂ ਵੇਖਦੇ ਹਾਂ ਕਿ ਕੁਝ ਲੋਕ ਰਾਜ ਦੇ ਇਸ ਲਈ ਵਾਰਸ ਹੁੰਦੇ ਹਨ ਕਿਉਂਕਿ ਉਹਨਾਂ ਨੇ ਆਪਣੇ ਸਾਥੀ ਵਿਸ਼ਵਾਸੀਆਂ ਦੀ ਸੇਵਾ ਇਸ ਤਰ੍ਹਾਂ ਕੀਤੀ ਜਿਵੇਂ ਉਹ ਪਰਮੇਸ਼ਰ ਦੀ ਸੇਵਾ ਕਰ ਰਹੇ ਹੋਣ। ਉਹਨਾਂ ਦੀ ਸੇਵਾ ਇੰਨੀ ਗੁਪਤ ਸੀ ਕਿ ਉਹਨਾਂ ਦੇ ਖੱਬੇ ਹੱਥ ਨੂੰ ਵੀ ਨਹੀਂ ਪਤਾ ਸੀ ਕਿ ਸੱਜਾ ਹੱਥ ਕੀ ਕਰ ਰਿਹਾ ਹੈ (ਮੱਤੀ6:3) ਇਨਾ ਹੀ ਨਹੀਂ, ਜਦੋਂ ਪਰਮੇਸ਼ਰ ਉਹਨਾਂ ਨੂੰ ਉਹ ਭਲਾਈ ਯਾਦ ਕਰਵਾਉਂਦਾ ਹੈ ਜੋ ਉਹਨਾਂ ਨੇ ਕੀਤੀ ਸੀ, ਤਾਂ ਉਹਨਾਂ ਨੂੰ ਉਹ ਵੀ ਯਾਦ ਨਹੀਂ ਹੁੰਦੀ! (ਮੱਤੀ25:38)

ਯਿਸੂ ਨੇ ਇੱਥੇ ਇਹ ਵੀ ਸਿਖਾਇਆ ਕਿ ਜੋ ਸੇਵਾ ਅਸੀਂ ਉਸਦੇ ਸਭ ਤੋਂ ਛੋਟੇ ਭਰਾਵਾਂ ਵਿੱਚੋਂ ਕਿਸੇ ਇੱਕ ਦੀ ਵੀ ਕਰਦੇ ਹਾਂ, ਉਹ ਉਸ ਦੀ ਕੀਤੀ ਹੋਈ ਮੰਨੀ ਜਾਂਦੀ ਹੈ (ਮੱਤੀ25:40)। ਇਹ ਗੱਲ ਮਹੱਤਵਪੂਰਣ ਹੈ ਕਿ ਉਹ ਇੱਥੇ "ਸਭ ਤੋਂ ਛੋਟੇ" ਦੀ ਗੱਲ ਕਰਦਾ ਹੈ, ਕਿਉਂਕਿ ਸਾਡੀ ਪ੍ਰਵਿਰਤੀ ਇਹ ਹੁੰਦੀ ਹੈ ਕਿ ਅਸੀਂ ਮਹੱਤਵਪੂਰਣ ਵਿਸ਼ਵਾਸੀਆਂ ਦੀ ਸੇਵਾ ਕਰੀਏ ਅਤੇ ਗਰੀਬਾਂ ਅਤੇ ਤਿਰਸਕਾਰਿਤ ਲੋਕਾਂ ਨੂੰ ਅਣਡਿੱਠਾ ਕਰ ਦਈਏ। ਜੋ ਲੋਕ ਸਿਰਫ਼ ਆਪਣੇ ਲਈ ਖਾਣ-ਪੀਣ, ਖਰੀਦਣ-ਵੇਚਣ, ਬਣਾਉਣ ਅਤੇ ਲਗਾਉਣ ਵਿੱਚ ਹੀ ਰੁਝੇ ਰਹਿੰਦੇ ਹਨ, ਉਹ ਯਿਸੂ ਦੇ ਆਉਣ ਵੇਲੇ ਨਿਸ਼ਚਿਤ ਤੌਰ 'ਤੇ ਪਿੱਛੇ ਰਹਿ ਜਾਣਗੇ (ਲੂਕਾ17:28, 34)। ਕੇਵਲ ਉਹੀ ਉੱਪਰ ਉਠਾਏ ਜਾਣਗੇ ਜਿਹਨਾਂ ਦੀ ਪਰਮੇਸ਼ਰ ਲਈ ਸੇਵਾ ਵਿੱਚ ਆਪਣੇ ਸਾਥੀ ਵਿਸ਼ਵਾਸੀਆਂ ਲਈ ਪ੍ਰੇਮ-ਭਰੀ ਚਿੰਤਾ ਸ਼ਾਮਲ ਸੀ। ਇੱਕ ਹੋਰ ਅੰਸ਼ ਵਿੱਚ, ਯਿਸੂ ਨੇ ਕੁਝ ਹੋਰ ਕਿਸਮ ਦੇ ਲੋਕਾਂ ਬਾਰੇ ਵੀ ਗੱਲ ਕੀਤੀ - ਜੋ ਇਸ ਸਮੂਹ ਦੇ ਉਲਟ ਹਨ। ਇਹ ਉਹ ਲੋਕ ਹਨ ਜੋ ਪਰਮੇਸ਼ਰ ਦੇ ਨਾਮ ਵਿੱਚ ਕੀਤੀਆਂ ਆਪਣੀਆਂ ਚੰਗੀਆਂ ਗੱਲਾਂ ਨੂੰ ਯਾਦ ਰੱਖਦੇ ਹਨ। ਉਹ ਵੀ ਨਿਆਂ ਦੇ ਅਸਥਾਨ 'ਤੇ ਹੁੰਦੇ ਹਨ ਅਤੇ ਪਰਮੇਸ਼ਰ ਨੂੰ ਯਾਦ ਕਰਵਾਉਂਦੇ ਹਨ ਕਿ ਉਹਨਾਂ ਨੇ ਭੂਤਾਂ ਨੂੰ ਕੱਢਿਆ, ਪ੍ਰਚਾਰ ਕੀਤਾ, ਬਿਮਾਰਾਂ ਨੂੰ ਚੰਗਾ ਕੀਤਾ ਆਦਿ। ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਉਹ ਪਰਮੇਸ਼ਰ ਵੱਲੋਂ ਅਸਵੀਕਾਰ ਕਰ ਦਿੱਤੇ ਜਾਂਦੇ ਹਨ, ਕਿਉਂਕਿ ਉਹਨਾਂ ਦੀ ਸਭ ਤੋਂ ਪਹਿਲੀ ਲੋੜ - ਪਰਮੇਸ਼ਰ ਦੇ ਸਾਹਮਣੇ ਪਵਿੱਤਰਤਾ ਵਾਲਾ ਗੁਪਤ ਜੀਵਨ ਨਹੀਂ ਸੀ। ਉਹ ਆਪਣੀਆਂ ਦਾਤਾਂ ਦੀ ਵੱਡਿਆਈ ਵਿੱਚ ਹੀ ਰੁਝੇ ਰਹੇ।