"ਦੂਜਿਆਂ ਤੇ ਦੋਸ਼ ਨਾ ਲਾਓ, ਤਾਂ ਪਰਮੇਸ਼ਰ ਵੀ ਤੁਹਾਡੇ ਤੇ ਦੋਸ਼ ਨਹੀਂ ਲਾਵੇਗਾ। ਪਰਮੇਸ਼ਰ ਤੁਹਾਡੇ ਤੇ ਉਸੇ ਤਰ੍ਹਾਂ ਦੋਸ਼ ਲਾਵੇਗਾ, ਜਿਸ ਤਰ੍ਹਾਂ ਤੁਸੀਂ ਦੂਜਿਆਂ ਤੇ ਦੋਸ਼ ਲਾਉਂਦੇ ਹੋ। ਜਿਸ ਮਾਪ ਨਾਲ ਤੁਸੀਂ ਦੂਜਿਆਂ ਨੂੰ ਮਿਣਦੇ ਹੋ, ਪਰਮੇਸ਼ਰ ਵੀ ਤੁਹਾਡੇ ਲਈ ਉਸੇ ਨਾਲ ਮਿਣੇਗਾ। ਤੂੰ ਆਪਣੇ ਭਰਾ ਦੀ ਅੱਖ ਦੇ ਕਣ ਨੂੰ ਕਿਉਂ ਵੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਦੇਂਦਾ? ਜਾਂ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ਭਰਾ ਲਿਆ ਮੈਂ ਤੇਰੀ ਅੱਖ ਵਿਚੋਂ ਕਣ ਕੱਢ ਦੇਵਾਂ? ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਵੇਖਦਾ? ਪਾਖੰਡੀ ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ, ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕਣ ਕੱਢ ਸਕੇਗਾ।" (ਮਤੀ 7: 1-5)
ਬੜੇ ਦੁੱਖ ਦੀ ਗੱਲ ਹੈ ਕਿ ਮਸੀਹੀਆਂ ਵਿੱਚ ਦੂਜਿਆਂ ਨੂੰ ਪਰਖਣਾ, ਉਹਨਾਂ ਨੂੰ ਨੀਚਾ ਦਿਖਾਉਣਾ ਅਤੇ ਉਨ੍ਹਾਂ ਨੂੰ ਤੁੱਛ ਸਮਝਣਾ ਬਹੁਤ ਆਮ ਗੱਲ ਹੋ ਗਈ ਹੈ। ਅਕਸਰ ਅਸੀਂ ਪੂਰੀ ਜਾਣਕਾਰੀ ਤੋਂ ਬਿਨਾਂ ਹੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਬਿਹਤਰ ਸਮਝ ਲੈਂਦੇ ਹਾਂ। ਇਬਰਾਨੀਆਂ 9:27 ਵਿੱਚ ਲਿਖਿਆ ਹੈ, "ਮਨੁੱਖ ਲਈ ਇੱਕ ਵਾਰ ਮਰਨਾ ਜ਼ਰੂਰੀ ਠਹਿਰਾਇਆ ਗਿਆ ਹੈ ਅਤੇ ਉਸਦੇ ਪਿੱਛੋਂ ਨਿਆਂ ਵੀ।" ਸੋਚੋ ਸਰਬਸ਼ਕਤੀਮਾਨ ਪਰਮੇਸ਼ੁਰ, ਜਿਸਨੇ ਇਸ ਸੰਸਾਰ ਦੀ ਰਚਨਾ ਕੀਤੀ, ਕਦੋਂ ਇਨਸਾਫ਼ ਕਰਦਾ ਹੈ? ਇਸ ਆਇਤ ਦੇ ਅਨੁਸਾਰ, "ਕਿਸੇ ਦੀਮੌਤ ਤੋਂ ਪਿੱਛੋਂ ਨਿਆਂ ਜ਼ਰੂਰੀ ਠਹਿਰਾਇਆ ਗਿਆ ਹੈ। " ਇਸ ਤਰ੍ਹਾਂ ਪਰਮੇਸ਼ਰ ਵੀ ਕਿਸੇ ਦਾ ਨਿਆਂ ਉਸਦ ਮਰਨ ਤੋਂ ਬਾਅਦ ਹੀ ਕਰਦਾ ਹੈ।
ਪਰ ਤੁਸੀਂ ਕਦੋਂ ਪਰਖ ਕਰਦੇ ਹੋ? ਤੁਸੀਂ ਮੌਤ ਤੋਂ ਕਿਤੇ ਪਹਿਲਾਂ ਹੀ ਪਰਖ ਕਰਦੇ ਹੋ। ਪਰਮੇਸ਼ੁਰ ਉਡੀਕ ਕਿਉਂ ਕਰਦਾ ਹੈ? ਕਿਉਂਕਿ ਉਸ ਦੇ ਮਨ ਵਿੱਚ ਉਮੀਦ ਹੈ ਕਿ "ਸ਼ਾਇਦ ਇਹ ਬੰਦਾ ਬਦਲ ਜਾਵੇ।" ਭਾਵੇਂ ਉਹ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ ਪਰਮੇਸ਼ੁਰ ਉਡੀਕ ਕਰਦਾ ਰਹਿੰਦਾ ਹੈ। ਜ਼ਰਾ ਸਲੀਬ ਉੱਤੇ ਲਟਕੇ ਉਸ ਚੋਰ ਬਾਰੇ ਸੋਚੋ ਜੋ ਮਰਨ ਤੋਂ ਬਾਅਦ ਸਵਰਗ ਵਿੱਚ ਗਿਆ। ਜੇ ਪਰਮੇਸ਼ੁਰ ਨੇ ਉਸ ਨੂੰ ਕੁਝ ਘੰਟੇ ਪਹਿਲਾਂ ਜਾਂ ਕੁਝ ਮਿੰਟ ਪਹਿਲਾਂ ਹੀ ਪਰਖਿਆ ਹੁੰਦਾ ਤਾਂ ਕੀ ਹੁੰਦਾ? ਬੜਾ ਮਾੜਾ ਹੁੰਦਾ। ਉਹ ਤਾਂ ਆਖ਼ਰਕਾਰ ਸਵਰਗ ਦਾ ਹੱਕਦਾਰ ਨਿਕਲਿਆ ਪਰ ਜੇ ਪਹਿਲਾਂ ਫ਼ੈਸਲਾ ਆ ਜਾਂਦਾ ਤਾਂ ਉਸ ਨੂੰ ਨਰਕ ਦੀ ਸਜ਼ਾ ਮਿਲਦੀ। ਪਰਮੇਸ਼ੁਰ ਨੇ ਸਬਰ ਰੱਖਿਆ ਉਡੀਕ ਕੀਤੀ ਅਤੇ ਫਿਰ ਉਸ ਨੂੰ ਆਪਣੇ ਨਾਲ ਲੈ ਗਿਆ। ਪਰਮੇਸ਼ੁਰ ਅਤੇ ਇਨਸਾਨ ਵਿੱਚ ਇਹੀ ਫ਼ਰਕ ਹੈ। ਇਨਸਾਨ ਕਾਹਲਾ ਹੈ ਉਹ ਬਿਨਾਂ ਪੂਰੀ ਜਾਣਕਾਰੀ ਤੋਂ ਹੀ ਫ਼ੈਸਲਾ ਸੁਣਾ ਦਿੰਦਾ ਹੈ। ਉਸ ਨੂੰ ਉਸ ਬੰਦੇ ਦੀ ਅੰਦਰੂਨੀ ਜ਼ਿੰਦਗੀ ਦਾ 99% ਪਤਾ ਨਹੀਂ ਹੁੰਦਾ। ਉਹ ਨਹੀਂ ਜਾਣਦਾ ਕਿ ਉਸ ਨੇ ਕਿੰਨੀਆਂ ਰਾਤਾਂ ਰੋ ਕੇ ਦੁਆ ਮੰਗੀ, ਕਿੰਨੀ ਵਾਰ ਖ਼ੁਦ ਨਾਲ ਲੜਿਆ ਪਰ ਫਿਰ ਵੀ ਉਸ 'ਤੇ ਮੋਹਰ ਲਾ ਦਿੰਦਾ ਹੈ। ਇਹੀ ਇਨਸਾਨ ਦੀ ਮੂਰਖਤਾ ਹੈ। ਕੋਈ ਵੀ ਸਮਝਦਾਰ ਹਾਈ ਕੋਰਟ ਦਾ ਜੱਜ ਇੰਝ ਨਹੀਂ ਕਰੇਗਾ। ਜੇ ਉਸ ਕੋਲ ਕੇਸ ਦੀ ਇੱਕ ਪ੍ਰਤੀਸ਼ਤ ਹੀ ਜਾਣਕਾਰੀ ਹੋਵੇ ਤਾਂ ਉਹ ਸਪੱਸ਼ਟ ਕਹੇਗਾ " ਫੈਸਲੈ ਸੁਣਾਉਣ ਤੋਂ ਪਹਿਲਾਂ ਉਸ ਨੂੰ ਹੋਰ ਸਬੂਤ ਚਾਹੀਦੇ ਹਨ, ਉਦੋਂ ਤੱਕ ਫ਼ੈਸਲਾ ਮੁਲਤਵੀ ਕੀਤਾ ਜਾਂਦਾ ਹੈ।" ਹਰ ਮਸੀਹੀ ਨੂੰ ਵੀ ਇਹੀ ਕਹਿਣਾ ਚਾਹੀਦਾ ਹੈ।
ਜਦੋਂ ਅਸੀਂ ਕਿਸੇ ਨੂੰ ਪਰਖਦੇ ਹਾਂ, ਅਸੀਂ ਅਸਲ ਵਿੱਚ ਆਪਣੇ ਮਨ ਦੀ ਅਸਲੀ ਹਾਲਤ ਦਿਖਾ ਰਹੇ ਹੁੰਦੇ ਹਾਂ। ਕਹਾਉਤਾਂ 27:19 ਵਿੱਚ ਲਿਖਿਆ ਹੈ, "ਜਿਵੇਂ ਪਾਣੀ ਦੇਖਣ ਵਾਲਾ ਆਪਣਾ ਹੀ ਮੂੰਹ ਦੇਖਦਾ ਹੈ,ਉਸੇ ਤਰ੍ਹਾਂ ਹੀ ਮਨ ਮਨੁੱਖ ਦਾ ਸ਼ੀਸ਼ਾ ਹੈ। " ਜਿਵੇਂ ਸ਼ੀਸ਼ੇ ਵਿੱਚ ਬੰਦਾ ਆਪਣਾ ਮੂੰਹ ਦੇਖਦਾ ਹੈ ਉਵੇਂ ਹੀ ਜਦੋਂ ਤੁਸੀਂ ਕਿਸੇ ਵਿੱਚ ਮਾੜਾ ਇਰਾਦਾ ਲੱਭਦੇ ਹੋ, ਤਾਂ ਅਸਲ ਵਿੱਚ ਤੁਸੀਂ ਆਪਣੇ ਅੰਦਰ ਦੀ ਝਲਕ ਦੇਖ ਰਹੇ ਹੁੰਦੇ ਹੋ। ਤੁਸੀਂ ਸੋਚਦੇ ਹੋ "ਇਹ ਬੰਦਾ ਇਹ ਕੰਮ ਚੰਗੇ ਮਨ ਨਾਲ ਨਹੀਂ ਕਰ ਸਕਦਾ। ਜ਼ਰੂਰ ਕੋਈ ਨਾ ਕੋਈ ਲਾਲਚ ਹੋਵੇਗਾ, ਕੋਈ ਨਾ ਕੋਈ ਗੰਦੀ ਸੋਚ ਹੋਵੇਗੀ।" ਪਰ ਤੁਸੀਂ ਇਹ ਕਿਉਂ ਸੋਚਦੇ ਹੋ? ਕਿਉਂਕਿ ਜੇ ਤੁਸੀਂ ਆਪ ਅਜਿਹਾ ਕੰਮ ਕਰਦੇ ਤਾਂ ਤੁਹਾਡਾ ਇਰਾਦਾ ਮਾੜਾ ਹੀ ਹੁੰਦਾ। ਇਸ ਤਰ੍ਹਾਂ ਦੂਜੇ ਲੋਕਾਂ ਦਾ ਨਿਰਣਾ ਕਰਨਾ ਬਹੁਤ ਮੂਰਖਤਾ ਹੈ।
ਉਸ ਗੁਆਚੇ ਹੋਏ ਪੁੱਤਰ ਦੀ ਕਹਾਣੀ ਯਾਦ ਕਰੋ। ਜਦੋਂ ਅਸੀਂ ਗੁਆਚੇ ਹੋਏ ਪੁੱਤਰ ਦੀ ਕਹਾਣੀ ਪੜ੍ਹਦੇ ਹਾਂ ਤਾਂ ਉਸ ਵਿੱਚ ਵੱਡੇ ਪੁੱਤਰ ਬਾਰੇ ਵੀ ਦੱਸਿਆ ਗਿਆ ਹੈ। ਜਦੋਂ ਉਸ ਨੇ ਦੇਖਿਆ ਕਿ ਉਸਦਾ ਪਿਤਾ ਛੋਟੇ ਪੁੱਤਰ ਦੇ ਵਾਪਸ ਆਉਣ ਦੀ ਖੁਸ਼ੀ ਮਨਾ ਰਿਹਾ ਹੈ ਤਾਂ ਉਹ ਬਹੁਤ ਖਿਝ ਗਿਆ। ਜਦੋਂ ਪਿਤਾ ਬਾਹਰ ਆ ਕੇ ਉਸ ਨੂੰ ਅੰਦਰ ਆਉਣ ਲਈ ਕਹਿੰਦਾ ਹੈ ਤਾਂ ਦੇਖੋ ਉਹ ਕੀ ਲੂਕਾ 15:30 ਵਿੱਚ ਕਹਿੰਦਾ ਹੈ, "ਇਹ ਤੇਰਾ ਪੁੱਤਰ।" ਉਸ ਨੇ ਤਾਂ "ਮੇਰਾ ਭਰਾ" ਵੀ ਨਹੀਂ ਕਿਹਾ। ਕਿੰਨੀ ਨਫ਼ਰਤ ਭਰੀ ਗੱਲ ਹੈ ਇਹ! ਅਤੇ ਫਿਰ ਕਹਿੰਦਾ ਹੈ ਕਿ, "ਇਸ ਨੇ ਤੇਰੀ ਜਾਇਦਾਦ ਕੰਜਰੀਆਂ ਪਿੱਛੇ ਲੁਟਾ ਦਿੱਤੀ।"ਪਰ ਇਹ ਉਸ ਨੂੰ ਕਿਵੇਂ ਪਤਾ? ਕੀ ਕੋਈ ਆ ਕੇ ਦੱਸ ਗਿਆ ਸੀ? ਬਿਲਕੁਲ ਨਹੀਂ। ਉਸ ਨੇ ਆਪਣੇ ਮਨ ਵਿੱਚੋਂ ਹੀ ਇਹ ਗੱਲ ਘੜ ਲਈ। ਹੋ ਸਕਦਾ ਹੈ ਛੋਟੇ ਭਰਾ ਨੇ ਪੈਸੇ ਖਾਣ-ਪੀਣ ਤੇ ਜਾਂ ਹੋਰ ਕਿਸੇ ਫ਼ਜ਼ੂਲ ਕੰਮ ਵਿੱਚ ਉਡਾਏ ਹੋਣ। ਸ਼ਾਇਦ ਕੰਜਰੀਆਂ ਵਾਲੀ ਗੱਲ ਬਿਲਕੁਲ ਸੱਚ ਨਾ ਵੀ ਹੋਵੇ। ਪਰ ਜਦੋਂ ਮਨ ਵਿੱਚ ਕਿਸੇ ਲਈ ਕੁੜੱਤਣ ਭਰੀ ਹੋਵੇ ਤਾਂ ਇਨਸਾਨ ਹਮੇਸ਼ਾ ਸਭ ਤੋਂ ਮਾੜਾ ਹੀ ਸੋਚਦਾ ਹੈ। ਅਤੇ ਇਹ ਯਾਦ ਰੱਖੋ ਜਦੋਂ ਵੀ ਤੁਸੀਂ ਕਿਸੇ ਬਾਰੇ ਸਭ ਤੋਂ ਮਾੜਾ ਸੋਚਦੇ ਹੋ ਤਾਂ ਅਸਲ ਸਮੱਸਿਆ ਉਸ ਵਿੱਚ ਨਹੀਂ, ਉਹ ਤੁਹਾਡੇ ਅੰਦਰ ਹੈ। ਉਹ ਬੰਦਾ ਸ਼ਾਇਦ ਪਿਤਾ ਦੇ ਨਾਲ ਮੇਜ਼ 'ਤੇ ਬੈਠ ਕੇ ਖਾਣਾ ਖਾ ਰਿਹਾ ਹੋਵੇ ਅਤੇ ਤੁਸੀਂ ਬਾਹਰ ਖੜ੍ਹੇ ਰਹੋ।
ਗੁਆਚੇ ਹੋਏ ਪੁੱਤਰ ਦੀ ਕਹਾਣੀ ਵਿੱਚ ਇੱਕ ਅਜਿਹੀ ਕਹਾਣੀ ਹੈ ਜਿਸ ਦੇ ਸ਼ੁਰੂ ਵਿੱਚ ਛੋਟਾ ਪੁੱਤਰ ਘਰੋਂ ਬਾਹਰ ਹੈ ਅਤੇ ਵੱਡਾ ਪੁੱਤਰ ਘਰ ਦੇ ਅੰਦਰ। ਪਰ ਕਹਾਣੀ ਦੇ ਅਖ਼ੀਰ ਵਿੱਚ ਹਾਲਤ ਬਦਲ ਜਾਂਦੇ ਹਨ। ਛੋਟਾ ਪੁੱਤਰ ਘਰ ਦੇ ਅੰਦਰ ਹੈ ਅਤੇ ਵੱਡਾ ਪੁੱਤਰ ਬਾਹਰ ਖੜ੍ਹਾ ਹੈ ਕਿਉਂਕਿ ਉਹ ਦੂਜਿਆਂ ਨੂੰ ਪਰਖਦਾ ਰਿਹਾ। ਇਸ ਲਈ ਸੁਚੇਤ ਰਹੋ ਕਿਤੇ ਅਜਿਹਾ ਨਾ ਹੋਵੇ ਕਿ ਅਧੂਰੀ ਜਾਣਕਾਰੀ ਨਾਲ ਦੂਜਿਆਂ ਨੂੰ ਪਰਖਦੇ-ਪਰਖਦੇ ਤੁਸੀਂ ਖ਼ੁਦ ਹੀ ਪਿਤਾ ਦੇ ਘਰੋਂ ਬਾਹਰ ਰਹਿ ਜਾਓ। ਸਭ ਤੋਂ ਸੁਰੱਖਿਅਤ ਰਾਹ ਇਹੀ ਹੈ ਕਿਸੇ ਨੂੰ ਪਰਖੋ ਹੀ ਨਾ।
ਦੂਜਿਆਂ ਨੂੰ ਨਾ ਪਰਖੋ। ਯਿਸੂ ਕਹਿੰਦਾ ਹੈ ਕਿ ਜਦੋਂ ਤੁਸੀਂ ਪਰਖਦੇ ਹੋ, ਤਾਂ ਅਸਲ ਵਿੱਚ ਕਰ ਕੀ ਰਹੇ ਹੋ? ਆਪਣੇ ਭਰਾ ਦੀ ਅੱਖ ਵਿੱਚ ਇੱਕ ਛੋਟਾ ਜਿਹਾ ਕਣ ਲੱਭ ਰਹੇ ਹੋ ਜਦੋਂ ਕਿ ਤੁਹਾਡੀ ਆਪਣੀ ਅੱਖ ਵਿੱਚ ਸ਼ਤੀਰ ਪਿਆ ਹੈ। ਹੁਣ ਸਵਾਲ ਇਹ ਹੈ ਕਿ ਇਹ ਸ਼ਤੀਰ ਕੀ ਹੈ? ਅੱਖ ਵਿੱਚ ਅਸਲ ਸ਼ਤੀਰ ਤਾਂ ਹੋ ਨਹੀਂ ਸਕਦੀ। ਯਿਸੂ ਇਹ ਗੱਲ ਵਧਾ-ਚੜ੍ਹਾ ਕੇ ਇਸ ਲਈ ਕਹਿ ਰਿਹਾ ਹੈ ਤਾਂ ਜੋ ਸਾਨੂੰ ਸਮਝ ਆਵੇ ਕਿ ਸਾਡਾ ਗੁਨਾਹ ਉਸ ਦੇ ਗੁਨਾਹ ਨਾਲੋਂ ਕਿੰਨਾ ਵੱਡਾ ਹੈ। ਮੰਨ ਲਓ ਉਸ ਨੇ ਕੋਈ ਬਹੁਤ ਮਾੜਾ ਕੰਮ ਕੀਤਾ ਹੈ ਫਿਰ ਵੀ ਉਸ ਦਾ ਉਹ ਗੁਨਾਹ ਕਣ ਵਰਗਾ ਹੈ ਪਰ ਉਸ ਪ੍ਰਤੀ ਤੁਹਾਡਾ ਬੇਰਹਿਮ ਰਵੱਈਆ ਸ਼ਤੀਰ ਵਰਗਾ ਹੈ।
ਚਲੋ ਮੰਨ ਲਓ ਉਹ ਕੰਜਰੀਆਂ ਕੋਲ ਗਿਆ। ਠੀਕ ਹੈ, ਇਹ ਗੁਨਾਹ ਹੈ। ਪਰ ਫਿਰ ਵੀ ਉਹ ਗੁਨਾਹ ਉਸ ਬੇਰਹਿਮ ਰਵੱਈਏ ਦੇ ਮੁਕਾਬਲੇ ਤਿਣਕੇ ਵਰਗਾ ਹੈ ਜੋ ਤੁਸੀਂ ਉਸ ਪ੍ਰਤੀ ਆਪਣੇ ਦਿਲ ਵਿੱਚ ਰੱਖਦੇ ਹੋ, ਉਹ ਤਾਂ ਸ਼ਤੀਰ ਵਰਗਾ ਹੈ। ਪਰਮੇਸ਼ਰ ਕਹਿੰਦਾ ਹੈ ਦੂਜਿਆਂ ਪ੍ਰਤੀ ਇਹ ਬੇਰਹਿਮ ਰਵੱਈਏ ਨੂੰ ਦੂਰ ਕਰੋ। ਕਿਉਂਕਿ ਇਹੀ ਬੇਰਹਿਮ ਰਵੱਈਆ ਤੁਹਾਨੂੰ ਉਸ ਵਿੱਚ ਹਰ ਵੇਲੇ ਨੁਕਸ ਲੱਭਣ ਲਈ ਮਜਬੂਰ ਕਰਦਾ ਹੈ। ਉਹ ਜੋ ਵੀ ਕਰੇ ਤੁਸੀਂ ਉਸ ਵਿੱਚ ਮਾੜਾ ਇਰਾਦਾ ਹੀ ਲੱਭਦੇ ਹੋ। ਤੁਹਾਡੀਆਂ ਨਜ਼ਰਾਂ ਵਿੱਚ ਉਹ ਕੁਝ ਚੰਗਾ ਕਰ ਹੀ ਨਹੀਂ ਸਕਦਾ। ਤੁਹਾਨੂੰ ਉਹ ਬੁਰਾ ਦਿਖਦਾ ਹੈ ਪਰ ਤੁਸੀਂ ਇਹ ਨਹੀਂ ਦੇਖਦੇ ਕਿ ਅਜਿਹੀ ਬੇਰਹਿਮ ਰਵੱਈਆ ਰੱਖਣ ਵੇਲੇ ਤੁਸੀਂ ਆਪ ਕਿੰਨੇ ਬੁਰੇ ਹੋ। ਹੁਣ ਇੱਕ ਗੱਲ ਸੋਚੋ ਜੇ ਕਿਸੇ ਅੱਖਾਂ ਦੇ ਡਾਕਟਰ ਦੀਆਂ ਆਪਣੀਆਂ ਅੱਖਾਂ ਵਿੱਚ ਮੋਤੀਆ ਪਿਆ ਹੋਵੇ ਅਤੇ ਉਹ ਆਪ ਲਗਭਗ ਅੰਨ੍ਹਾ ਹੋਵੇ, ਕੀ ਤੁਸੀਂ ਉਸ ਕੋਲ ਜਾ ਕੇ ਕਹੋਗੇ, "ਮੇਰੀ ਅੱਖ ਵਿੱਚੋਂ ਤਿਣਕਾ ਕੱਢ ਦੇ?" ਕਦੇ ਨਹੀਂ! ਉਹ ਤੁਹਾਡੀ ਅੱਖ ਵਿੱਚ ਝਾਕੇਗਾ ਕਿਵੇਂ, ਜਦੋਂ ਉਸ ਨੂੰ ਆਪ ਦਿਖਦਾ ਹੀ ਨਹੀਂ? ਮੈਂ ਤਾਂ ਅਜਿਹੇ ਬੰਦੇ ਦੇ ਨੇੜੇ ਵੀ ਨਾ ਜਾਵਾਂ।
ਇਹੀ ਗੱਲ ਪਰਮੇਸ਼ਰ ਕਹਿ ਰਿਹਾ ਹੈ। ਤੂੰ ਆਪਣੇ ਭਰਾ ਨੂੰ ਕਿਵੇਂ ਕਹਿ ਸਕਦਾ ਹੈਂ ਕਿ " ਆ,ਮੈਂ ਤੇਰੀ ਅੱਖ ਵਿੱਚੋਂ ਤਿਣਕਾ ਕੱਢ ਦੇਵਾਂ"ਜਦੋਂ ਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ ਜੋ ਤੈਨੂੰ ਸਾਫ਼ ਦੇਖਣ ਤੋਂ ਰੋਕਦੀ ਹੈ? ਉਲਟਾ ਤੂੰ ਉਸ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈਂ। ਪਰ ਪਰਮੇਸ਼ਰ ਕਹਿੰਦਾ ਹੈ ਕਿ "ਹੇ ਪਾਖੰਡੀ! ਪਹਿਲਾਂ ਆਪਣਾ ਬੇਰਹਿਮ ਰਵੱਈਆ ਦੇਖ। " ਮੱਤੀ 7:5 ਦੇ ਅਨੁਸਾਰ, ਜੋ ਕੋਈ ਵੀ ਕਿਸੇ ਪ੍ਰਤੀ ਬੇਰਹਿਮ ਰਵੱਈਆ ਰੱਖਦਾ ਹੈ ਅਤੇ ਉਸ ਨੂੰ ਪਰਖਦਾ ਹੈ ਤਾਂ ਉਹ ਪਾਖੰਡੀ ਹੈ। ਪਹਿਲਾਂ ਇਸ ਬੇਰਹਿਮ ਰਵੱਈਏ ਨੂੰ ਦਿਲੋਂ ਕੱਢੋ, ਫਿਰ ਤੁਹਾਨੂੰ ਸਾਫ਼ ਦਿਖਾਈ ਦੇਵੇਗਾ। ਅਤੇ ਜਦੋਂ ਅਜਿਹਾ ਹੋਵੇਗਾ ਤਾਂ ਉਹੀ ਭਰਾ ਆਪ ਤੁਹਾਡੇ ਕੋਲ ਆਵੇਗਾ ਅਤੇ ਕਹੇਗਾ, "ਭਰਾ,ਕੀ ਤੂੰ ਮੇਰੀ ਅੱਖ ਵਿੱਚੋਂ ਤਿਣਕਾ ਕੱਢ ਸਕਦਾ ਹੈਂ ?" ਕੀ ਇਹ ਅਦਭੁੱਤ ਗੱਲ ਨਹੀਂ ਹੋਵੇਗੀ ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਦੇ ਕਾਬਲ ਹੋਵੋਗੇ।