WFTW Body: 

ਯਿਸੂ ਨੇ ਕਿਹਾ, "ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ, ਜਿੱਥੇ ਕੀੜੇ ਅਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨ੍ਹਾਂ ਲਾਉਂਦੇ ਅਤੇ ਚੋਰੀਆਂ ਕਰਦੇ ਹਨ। ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ। ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ, ਉੱਥੇ ਤੇਰਾ ਮਨ ਸਦਾ ਲਗਿਆ ਰਹੇਗਾ।" (ਮੱਤੀ 6:19-21) ਬਹੁਤ ਸਾਰੇ ਲੋਕ ਇਹ ਨਹੀਂ ਮੰਨਦੇ ਕਿ ਧਨ ਨਾਲ ਪਿਆਰ ਕਰਨਾ ਗ਼ਲਤ ਹੈ। ਧਨ ਰੱਖਣਾ ਕੋਈ ਪਾਪ ਨਹੀਂ, ਪਰ ਧਨ ਨਾਲ ਪਿਆਰ ਕਰਨਾ ਪਾਪ ਹੈ।

ਇਹ ਸਮਝਣਾ ਬਹੁਤ ਆਸਾਨ ਹੈ ਕਿ ਅਸੀਂ ਇਸ ਹੁਕਮ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਜੇ ਤੁਸੀਂ ਮਨ ਵਿੱਚ ਸਵਰਗੀ ਗੱਲਾਂ ਦੀ ਥਾਂ ਸੰਸਾਰਿਕ ਗੱਲਾਂ ਹੀ ਬਾਰੇ ਸੋਚਦੇ ਹੋ, ਜੇ ਤੁਸੀਂ ਸਵਰਗੀ ਗੱਲਾਂ ਨਾਲੋਂ ਆਪਣੀ ਸੰਸਾਰਿਕ ਜਾਇਦਾਦ ਅਤੇ ਸੰਪਤੀ ਬਾਰੇ ਵੱਧ ਸੋਚਦੇ ਹੋ ਤਾਂ ਤੁਸੀਂ ਇਹ ਯਕੀਨ ਨਾਲ ਕਹਿ ਸਕਦੇ ਹੋ ਕਿ ਤੁਹਾਡਾ ਮਨ ਇਸ ਧਰਤੀ ਦੀਆਂ ਗੱਲਾਂ 'ਤੇ ਹੀ ਲਗਿਆ ਹੋਇਆ ਹੈ ਅਤੇ ਤੁਹਾਡਾ ਧਨ ਵੀ ਇੱਥੇ ਹੀ ਹੈ। ਇਹ ਜਾਣਨ ਦਾ ਤਰੀਕਾ ਕਿ ਅਸੀਂ ਇਸ ਹੁਕਮ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਇਹ ਹੈ ਕਿ ਦਿਨ ਵੇਲੇ ਆਪਣੇ ਆਪ ਨੂੰ ਪੁੱਛੋ ਕਿ ਸਾਡਾ ਦਿਲ ਕਿੱਥੇ ਲੱਗਿਆ ਹੋਇਆ ਹੈ। ਆਪਣੇ ਕੰਮ ਵਿੱਚ (ਜਾਂ ਕਿਸੇ ਵੀ ਹੋਰ ਥਾਂ), ਜੇ ਥੋੜੇ ਜਿਹੇ ਵਿੱਤੀ ਨੁਕਸਾਨ ਕਾਰਨ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਜਾਂ ਵਿੱਤੀ ਲਾਭ ਕਾਰਨ ਬਹੁਤ ਖੁਸ਼ ਹੋ ਜਾਂਦੇ ਹਾਂ ਤਾਂ ਇਹ ਸੰਕੇਤ ਹੈ ਕਿ ਸਾਡਾ ਧਨ ਇਸ ਧਰਤੀ 'ਤੇ ਹੀ ਹੈ।

ਮੈਨੂੰ ਕਈ ਸਾਲ ਪਹਿਲਾਂ ਦੀ ਗੱਲ ਯਾਦ ਹੈ ਜਦੋਂ ਕਿਸੇ ਨੇ ਮੈਨੂੰ ਥੋੜਾ ਜਿਹਾ ਵਿੱਤੀ ਦਾਨ ਦਿੱਤਾ ਤਾਂ ਪਰਮੇਸ਼ਰ ਨੇ ਮੈਨੂੰ ਇੱਕ ਸਵਾਲ ਪੁੱਛਿਆ, 'ਕੀ ਤੇਰੀ ਖੁਸ਼ੀ ਵੱਧ ਗਈ ਹੈ?' ਮੈਨੂੰ ਅਚਾਨਕ ਅੰਦਰੋਂ ਯਕੀਨ ਹੋਇਆ ਅਤੇ ਮੈਂ ਪਰਮੇਸ਼ਰ ਅੱਗੇ ਕਬੂਲ ਕੀਤਾ ਕਿ ਹਾਂ, ਇਹ ਛੋਟੀ ਜਿਹੀ ਰਕਮ ਮਿਲਣ ਨਾਲ ਮੇਰੀ ਖੁਸ਼ੀ ਸੱਚਮੁੱਚ ਵੱਧ ਗਈ ਸੀ। ਉਸ ਦਿਨ ਮੈਂ ਸਿੱਖਿਆ ਕਿ ਮੈਨੂੰ ਕੇਵਲ ਪਰਮੇਸ਼ਰ ਵਿੱਚ ਖੁਸ਼ ਹੋਣਾ ਚਾਹੀਦਾ ਹੈ ਧਨ ਵਿੱਚ ਨਹੀਂ। ਮੈਂ ਇਹ ਵੀ ਸਿੱਖਿਆ ਕਿ ਧਨ ਦੇ ਵੱਧਣ ਨਾਲ ਮੇਰੀ ਖੁਸ਼ੀ ਕਦੇ ਨਹੀਂ ਵੱਧਣੀ ਚਾਹੀਦੀ। ਜੇ ਵੱਧਦੀ ਹੈ ਤਾਂ ਇਸਦਾ ਮਤਲਬ ਹੈ ਕਿ ਮੇਰੀ ਖੁਸ਼ੀ ਧਨ ਵਿੱਚ ਹੈ।

ਬਾਈਬਲ ਕਹਿੰਦੀ ਹੈ ਕਿ ਹਮੇਸ਼ਾ ਪਰਮੇਸ਼ਰ ਵਿੱਚ ਖੁਸ਼ ਰਹੋ ਅਤੇ ਪਰਮੇਸ਼ਰ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ। ਇਸ ਲਈ ਜੇ ਤੁਸੀਂ ਧਨ ਕਮਾਓ ਜਾਂ ਗੁਆਓ ਪਰ ਪਰਮੇਸ਼ਰ ਵਿੱਚ ਤੁਹਾਡੀ ਖੁਸ਼ੀ ਨਾ ਵੱਧਣੀ ਚਾਹੀਦੀ ਹੈ ਨਾ ਘੱਟਣੀ ਚਾਹੀਦੀ ਹੈ। ਉਹ ਉਵੇਂ ਦੀ ਉਵੇਂ ਰਹਿਣੀ ਚਾਹੀਦੀ ਹੈ। ਜੇ ਤੁਹਾਡਾ ਕੁਝ ਧਨ ਗੁਆਚ ਜਾਣ ਕਰਕੇ ਤੁਹਾਡੀ ਖੁਸ਼ੀ ਘੱਟ ਜਾਂਦੀ ਹੈ ਤਾਂ ਤੁਸੀਂ ਯਕੀਨ ਨਾਲ ਇਹ ਕਹਿ ਸਕਦੇ ਹੋ ਕਿ ਤੁਹਾਡਾ ਦਿਲ ਉੱਥੇ ਸੀ। ਜੇ ਕੁਝ ਧਨ ਮਿਲਣ ਨਾਲ ਤੁਹਾਡੀ ਖੁਸ਼ੀ ਵੱਧ ਜਾਂਦੀ ਹੈ ਤਾਂ ਵੀ ਤੁਸੀਂ ਯਕੀਨ ਨਾਲ ਕਹਿ ਸਕਦੇ ਹੋ ਕਿ ਤੁਹਾਡਾ ਦਿਲ ਉੱਥੇ ਸੀ। ਸਾਨੂੰ ਪਰਮੇਸ਼ੁਰ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਉਹ ਸਾਡੀ ਸੰਸਾਰਿਕ ਜ਼ਿੰਦਗੀ ਲਈ ਜੋ ਜ਼ਰੂਰੀ ਹੈ ਉਹ ਸਭ ਕੁਝ ਦੇਵੇਗਾ ਪਰ ਸਾਨੂੰ ਇਹਨਾਂ ਸੰਸਾਰਿਕ ਚੀਜ਼ਾਂ ਵਿੱਚ ਆਪਣੀ ਖੁਸ਼ੀ ਨਹੀਂ ਲੱਭਣੀ ਚਾਹੀਦੀ। ਅਸੀਂ ਇਹਨਾਂ ਸੰਸਾਰਿਕ ਚੀਜ਼ਾਂ ਨੂੰ ਵਰਤ ਸਕਦੇ ਹਾਂ ਪਰ ਇਹਨਾਂ ਵਿੱਚ ਆਪਣੀ ਖੁਸ਼ੀ ਨਹੀਂ ਲੱਭਣੀ ਚਾਹੀਦੀ।

ਧਨ ਇੱਕ ਵਧੀਆ ਨੌਕਰ ਹੈ ਪਰ ਇਹ ਬਿਲਕੁਲ ਅੱਗ ਵਾਂਗ ਇੱਕ ਭਿਆਨਕ ਮਾਲਕ ਹੈ। ਅਸੀਂ ਆਪਣੇ ਘਰਾਂ ਵਿੱਚ ਅੱਗ ਤੋਂ ਬਿਨਾਂ ਨਹੀਂ ਰਹਿ ਸਕਦੇ ਜਿਵੇਂ ਕਿ ਖਾਣਾ ਪਕਾਉਣ ਲਈ। ਪਰ ਜੇ ਚੁੱਲ੍ਹੇ ਵਿੱਚ ਮੱਚ ਰਹੀ ਅੱਗ ਮਾਲਕ ਬਣ ਜਾਵੇ ਤਾਂ ਸਾਰਾ ਘਰ ਸੜ ਜਾਵੇਗਾ। ਇਹ ਇੱਕ ਭਿਆਨਕ ਮਾਲਕ ਹੈ ਜੋ ਤੁਹਾਡਾ ਪੂਰਾ ਘਰ ਸਾੜ ਸਕਦੀ ਹੈ ਪਰ ਜੇ ਤੁਸੀਂ ਇਸਨੂੰ ਕਾਬੂ ਵਿੱਚ ਰੱਖੋ (ਜਦੋਂ ਤੁਸੀਂ ਬਟਨ ਘੁਮਾਉਂਦੇ ਹੋ ਤਾਂ ਕਹੋ, "ਮੈਂ ਫ਼ੈਸਲਾ ਕਰਾਂਗਾ ਕਦੋਂ ਤੈਨੂੰ ਜਲਾਉਣਾ ਹੈ ਅਤੇ ਕਦੋਂ ਬੁਝਾਉਣਾ ਹੈ। ਇਹ ਮੈਂ ਤੈਅ ਕਰਾਂਗਾ, ਨਾ ਕਿ ਤੂੰ। ਮੈਂ ਘਰ ਦਾ ਮਾਲਕ ਹਾਂ"), ਤਾਂ ਇਹ ਇੱਕ ਵਧੀਆ ਨੌਕਰ ਹੈ। ਧਨ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਹੈ। ਜਿਵੇਂ ਸਾਨੂੰ ਅੱਗ ਦੀ ਲੋੜ ਹੈ, ਉਸੇ ਤਰ੍ਹਾਂ ਇਸ ਧਰਤੀ ਉੱਤੇ ਜ਼ਿੰਦਗੀ ਜਿਉਂਦੇ ਰਹਿਣ ਲਈ ਸਾਨੂੰ ਧਨ ਦੀ ਲੋੜ ਹੈ ਪਰ ਇਹ ਨੌਕਰ ਹੀ ਰਹਿਣਾ ਚਾਹੀਦਾ ਹੈ। ਤੁਸੀਂ ਕਹੋ, "ਧਨ, ਮੈਂ ਫ਼ੈਸਲਾ ਕਰਦਾ ਹਾਂ ਕਿ ਤੂੰ ਮੈਨੂੰ ਕਾਬੂ ਨਹੀਂ ਕਰੇਗਾ ਬਲਕਿ ਮੈਂ ਤੈਨੂੰ ਕਰਾਂਗਾ। ਤੂੰ ਮੇਰੇ ਮਨ ਨੂੰ ਕਾਬੂ ਨਹੀਂ ਕਰੇਗਾ ਅਤੇ ਮੈਨੂੰ ਹਰ ਵੇਲੇ ਤੇਰੇ ਬਾਰੇ ਸੋਚਣ ਲਈ ਮਜਬੂਰ ਨਹੀਂ ਕਰੇਗਾ। ਮੈਂ ਪਰਮੇਸ਼ਰ ਅਤੇ ਸਵਰਗੀ ਗੱਲਾਂ ਬਾਰੇ ਸੋਚਾਂਗਾ ਪਰ ਤੈਨੂੰ ਵਰਤਾਂਗਾ।" ਇਹੀ ਇੱਕ ਆਤਮਿਕ ਮਨੁੱਖ ਦੀ ਸਥਿਤੀ ਹੈ।

ਜੇ ਸੋਨੇ ਨੂੰ ਨੌਕਰ ਵਜੋਂ ਵਰਤਿਆ ਜਾਵੇ ਤਾਂ ਇਹ ਬਹੁਤ ਚੰਗੀ ਚੀਜ਼ ਹੈ। ਬਾਈਬਲ ਕਹਿੰਦੀ ਹੈ ਕਿ ਸਵਰਗ ਵਿੱਚ ਵੀ ਸੋਨਾ ਹੈ! ਪਰ ਉੱਥੇ ਅਸੀਂ ਸੋਨੇ ਦੀਆਂ ਸੜਕਾਂ ਬਾਰੇ ਪੜ੍ਹਦੇ ਹਾਂ। ਇਸਦਾ ਮਤਲਬ ਹੈ ਕਿ ਤੁਸੀਂ ਉਸ ਉੱਤੇ ਚੱਲਦੇ ਹੋ ਇਹ ਤੁਹਾਡੇ ਪੈਰਾਂ ਹੇਠ ਹੈ। ਇਹੀ ਇੱਕ ਸਵਰਗੀ ਮਸੀਹੀ ਅਤੇ ਇੱਕ ਸੰਸਾਰਿਕ ਮਸੀਹੀ ਵਿੱਚ ਫ਼ਰਕ ਹੈ। ਸਵਰਗੀ ਸੋਚ ਵਾਲੇ ਮਸੀਹੀ ਨੇ ਸੋਨੇ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ ਇਹ ਉਸ 'ਤੇ ਰਾਜ ਨਹੀਂ ਕਰਦਾ ਪਰ ਇੱਕ ਸਰੀਰਕ ਮਸੀਹੀ ਆਪਣੇ ਸਿਰ 'ਤੇ ਸੋਨਾ ਪਾਈ ਰੱਖਦਾ ਹੈ ਅਤੇ ਉਹ ਹਰ ਵੇਲੇ ਉਸਦੇ ਮਨ ਵਿੱਚ ਰਹਿੰਦਾ ਹੈ।

ਇਸ ਲਈ ਜੇ ਧਨ ਹਰ ਵੇਲੇ ਤੁਹਾਡੇ ਮਨ ਵਿੱਚ ਰਹਿੰਦਾ ਹੈ ਭਾਵੇਂ ਤੁਸੀਂ ਇਹ ਮੰਨੋ ਚਾਹੋ ਜਾਂ ਨਾ ਤਾਂ ਤੁਸੀਂ ਇਸ ਨੂੰ ਪਿਆਰ ਕਰਦੇ ਹੋ। ਇਹ ਬਿਲਕੁਲ ਉਸ ਮੁੰਡੇ ਵਰਗਾ ਹੈ ਜੋ ਕਿਸੇ ਕੁੜੀ ਨਾਲ ਪਿਆਰ ਕਰਦਾ ਹੈ ਅਤੇ ਹਮੇਸ਼ਾ ਉਸ ਬਾਰੇ ਸੋਚਦਾ ਰਹਿੰਦਾ ਹੈ। ਜੋ ਵਿਅਕਤੀ ਹਮੇਸ਼ਾ ਧਨ ਬਾਰੇ ਸੋਚਦਾ ਰਹਿੰਦਾ ਹੈ ਉਹ ਧਨ ਨਾਲ ਪਿਆਰ ਕਰਦਾ ਹੈ ਅਤੇ ਧਨ ਦਾ ਪਿਆਰ ਹਰ ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ। ਧਨਵਾਨ ਹੋਣ ਜ਼ਰੂਰੀ ਨਹੀਂ ਕਿ ਤੁਸੀਂ ਧਨ ਨਾਲ ਪਿਆਰ ਕਰੋ। ਮੈਂ ਭਾਰਤ ਵਿੱਚ ਕੋਈ ਭਿਖਾਰੀ ਨਹੀਂ ਦੇਖਿਆ ਜੋ ਧਨ ਨਾਲ ਪਿਆਰ ਨਾ ਕਰਦਾ ਹੋਵੇ। ਹਰ ਭਿਖਾਰੀ ਧਨ ਨਾਲ ਪਿਆਰ ਕਰਦਾ ਹੈ। ਜੇ ਤੁਸੀਂ ਉਨ੍ਹਾਂ ਨੂੰ 50 ਪੈਸੇ ਦਿਓ ਤਾਂ ਉਹ ਖੁਸ਼ ਨਹੀਂ ਹੋਣਗੇ। ਉਹ ਧਨ ਨਾਲ ਪਿਆਰ ਕਰਦੇ ਹਨ ਅਤੇ ਹੋਰ ਚਾਹੁੰਦੇ ਹਨ। ਇਸ ਲਈ ਦੌਲਤ ਕਿਸੇ ਆਦਮੀ ਨੂੰ ਧਨ ਨਾਲ ਪਿਆਰ ਨਹੀਂ ਕਰਵਾਉਂਦੀ। ਗ਼ਰੀਬ ਲੋਕ ਵੀ ਧਨ ਨਾਲ ਓਨਾ ਹੀ ਪਿਆਰ ਕਰਦੇ ਹਨ ਜਿੰਨਾ ਅਮੀਰ ਲੋਕ ਕਰਦੇ ਹਨ।

ਇਹ ਵੀ ਸੱਚ ਹੈ ਕਿ ਚਾਹੇ ਤੁਹਾਡੇ ਕੋਲ ਕਿੰਨੀ ਵੀ ਦੌਲਤ ਹੋਵੇ ਪਰ ਤੁਸੀਂ ਧਨ ਤੋਂ ਆਜ਼ਾਦ ਹੋ ਸਕਦੇ ਹੋ । ਇਹ ਤੁਹਾਡੇ ਰਵੱਈਏ ਦਾ ਸਵਾਲ ਹੈ। ਜੇ ਤੁਹਾਡੇ ਘਰ ਵਿੱਚ ਇੱਕ ਨੌਕਰ ਹੈ ਅਤੇ ਉਸਨੇ ਤੁਹਾਡੇ ਘਰ ਨੂੰ ਆਪਣੇ ਕਾਬੂ ਵਿੱਚ ਰੱਖਿਆ ਹੋਇਆ ਹੈ ਤਾਂ ਇਹ ਬਹੁਤ ਮਾੜੀ ਗੱਲ ਹੋਵੇਗੀ। ਤੁਹਾਡੇ ਕੋਲ ਥੋੜਾ ਜਿਹਾ ਧਨ ਹੋ ਸਕਦਾ ਹੈ (ਜਿਵੇਂ ਇੱਕ ਨੌਕਰ ਹੋਵੇ) ਪਰ ਤੁਹਾਡਾ ਘਰ ਉਸ ਦੇ ਕਾਬੂ ਵਿੱਚ ਹੈ ਅਤੇ ਤੁਹਾਡੀ ਸੋਚ 'ਤੇ ਰਾਜ ਕਰਦਾ ਹੈ। ਦੂਜੇ ਪਾਸੇ, ਅਬਰਾਹਾਮ ਵਾਂਗ ਤੁਹਾਡੇ ਕੋਲ 318 ਨੌਕਰ ਹੋ ਸਕਦੇ ਹਨ ਪਰ ਉਹ ਸਾਰੇ ਉਸਦੇ ਨੌਕਰ ਸਨ ਅਤੇ ਉਸਦਾ ਹੁਕਮ ਮੰਨਦੇ ਸਨ। ਅਬਰਾਹਾਮ ਵਾਂਗ, ਤੁਹਾਡੇ ਕੋਲ ਬਹੁਤ ਸਾਰਾ ਧਨ ਹੋ ਸਕਦਾ ਹੈ ਅਤੇ ਜੇ ਤੁਸੀਂ ਉਸ 'ਤੇ ਰਾਜ ਕਰਦੇ ਹੋ ਤਾਂ ਤੁਸੀਂ ਇਸਨੂੰ ਪਰਮੇਸ਼ੁਰ ਦੀ ਮਹਿਮਾ ਲਈ ਵਰਤ ਸਕਦੇ ਹੋ।

ਧਨ ਦਾ ਪਿਆਰਹਰ ਬੁਰਾਈ ਦੀ ਜੜ੍ਹ ਹੈ, (ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਬਹੁਤ ਸਾਰਾ ਧਨ ਹੋਵੇ)। ਇਸ ਫ਼ਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਬਹੁਤ ਸਾਰੇ ਗ਼ਰੀਬ ਲੋਕ ਦੇਖੇ ਹਨ ਜੋ ਧਨ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਅਤੇ ਮੈਂ ਅਮੀਰ ਲੋਕ ਵੀ ਦੇਖੇ ਹਨ ਜੋ ਇਸ ਨਾਲ ਪਿਆਰ ਨਹੀਂ ਕਰਦੇ। ਮੈਂ ਦੇਖਿਆ ਹੈ ਕਿ ਇਹ ਇਸ ਗੱਲ ਦਾ ਸਵਾਲ ਨਹੀਂ ਕਿ ਤੁਹਾਡੇ ਕੋਲ ਕਿੰਨਾ ਧਨ ਹੈ ਸਗੋਂ ਇਹ ਕਿ ਤੁਸੀਂ ਕਿਸ ਨਾਲ ਪਿਆਰ ਕਰਦੇ ਹੋ। ਯਿਸੂ ਵੀ ਇਹੀ ਗੱਲ ਕਹਿ ਰਿਹਾ ਸੀ। ਤੁਹਾਡਾ ਮਨ ਉੱਪਰਲੀਆਂ ਗੱਲਾਂ ਵੱਲ ਲੱਗਿਆ ਹੋਣਾ ਚਾਹੀਦਾ ਹੈ। ਸਵਰਗ ਵਿੱਚ ਧਨ ਇਕੱਠਾ ਕਰੋ। ਇਹ ਪਤਾ ਲਗਾਉਣ ਲਈ ਕਿ ਤੁਸੀਂ ਕਿਸ ਨੂੰ ਪਿਆਰ ਕਰਦੇ ਹੋ ਜਾਂਚ ਕਰੋ ਕਿ ਤੁਸੀਂ ਕਿਸ ਬਾਰੇ ਸੋਚ ਰਹੇ ਹੋ ਅਤੇ ਤੁਹਾਡਾ ਦਿਲ ਕਿੱਥੇ ਲੱਗਿਆ ਹੋਇਆ ਹੈ।

ਫਿਰ ਯਿਸੂ ਮੱਤੀ 6:22 ਵਿੱਚ ਧਨ ਦੇ ਸੰਬੰਧ ਵਿੱਚ ਅੱਖ ਬਾਰੇ ਕਹਿੰਦੇ ਹਨ, "ਸਰੀਰ ਦਾ ਦੀਵਾ ਅੱਖ ਹੈ,ਅਤੇ ਜੇ ਤੇਰੀ ਅੱਖ ਸਾਫ਼ ਹੈ,ਤਾਂ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਵੇਗਾ।"ਇਸਦਾ ਮਤਲਬ ਹੈ ਕਿ ਇਹ ਇੱਕ ਸਵਾਲ ਹੈ ਕਿ ਤੁਸੀਂ ਪੈਸੇ ਨੂੰ ਕਿਵੇਂ ਦੇਖਦੇ ਹੋ। ਜੇ ਤੁਹਾਡੀ ਅੱਖ ਬੁਰੀ ਹੈ ਇਸਦਾ ਮਤਲਬ ਹੈ ਕਿ ਤੁਸੀਂ ਧਰਤੀ 'ਤੇ ਆਪਣੀ ਜ਼ਿੰਦਗੀ ਲਈ ਧਨ ਨੂੰ ਬਹੁਤ ਮਹੱਤਵਪੂਰਨ ਸਮਝਦੇ ਹੋ ਅਤੇ ਤੁਹਾਡਾ ਸਰੀਰ ਹਨੇਰੇ ਨਾਲ ਭਰਿਆ ਹੋਵੇਗਾ। "ਜੋ ਚਾਨਣ ਤੇਰੇ ਵਿੱਚ ਹੈ ਉਹ ਹਨੇਰਾ ਹੈ, ਤਾਂ ਉਹ ਹਨੇਰਾ ਕਿੰਨਾ ਭਿਆਨਕ ਹੋਵੇਗਾ।" ਇਹ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਸਾਰੇ ਸਿਧਾਂਤ ਸਹੀ ਹਨ, ਜੋ ਦੂਜਿਆਂ ਦੀਆਂ ਨਜ਼ਰਾਂ ਵਿੱਚ ਚੰਗੇ ਮਸੀਹੀ ਹਨ, ਜੋ ਨਿਯਮਿਤ ਤੌਰ ਉੱਤੇ ਕਲੀਸਿਯਾ ਦੀਆਂ ਸੇਵਾਵਾਂ ਵਿੱਚ ਜਾਂਦੇ ਹਨ ਪਰ ਫਿਰ ਵੀ ਧਨ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹਨ। ਉਹ ਦੂਜੀਆਂ ਮ੍ਰਿਤ ਕਲੀਸਿਯਾਵਾਂ ਨੂੰ ਨੀਵਾਂ ਸਮਝ ਸਕਦੇ ਹਨ ਇਹ ਜਾਣੇ ਬਿਨਾਂ ਕਿ ਮ੍ਰਿਤ ਕਲੀਸਿਯਾਵਾਂ ਦੇ ਲੋਕ ਪੈਸੇ ਦੇ ਪਿਆਰ ਤੋਂ ਮੁਕਤ ਹਨ, ਉਨ੍ਹਾਂ ਨਾਲੋਂ ਜੋ ਨਵੇਂ ਨੇਮ ਦੇ ਪੈਟਰਨ ਵਾਲੀਆਂ ਕਲੀਸਿਯਾਵਾਂ ਵਿੱਚ ਸ਼ਾਮਲ ਹੋਣ ਦਾ ਦਾਅਵਾ ਕਰਦੇ ਹਨ।

ਆਪਣੇ ਆਪ ਤੋਂ ਕੁਝ ਬੁਨਿਆਦੀ ਸਵਾਲ ਪੁੱਛੋ ਕੀ ਥੋੜੇ ਜਿਹਾ ਵੱਧ ਧਨ ਮਿਲਣ ਨਾਲ ਤੁਸੀਂ ਖੁਸ਼ ਹੋ ਜਾਂਦੇ ਹੋ? ਕੀ ਧਨ ਗੁਆਉਣ ਨਾਲ ਤੁਸੀਂ ਉਦਾਸ ਹੋ ਜਾਂਦੇ ਹੋ? ਤਾਂ ਤੁਸੀਂ ਧਨ ਨਾਲ ਪਿਆਰ ਕਰਦੇ ਹੋ। ਜੇ ਸਾਡੀ ਖੁਸ਼ੀ ਕੇਵਲ ਪਰਮੇਸ਼ਰ ਵਿੱਚ ਹੈ ਤਾਂ ਉਹ ਪੂਰੀ ਤਰ੍ਹਾਂ ਅਪ੍ਰਭਾਵਿਤ ਰਹੇਗੀ। ਜੇ ਸਾਡੀ ਖੁਸ਼ੀ ਸੰਸਾਰਿਕ ਚੀਜ਼ਾਂ ਵਿੱਚ ਹੈ ਤਾਂ ਇਹ ਸਾਡੀ ਆਮਦਨ ਦੇ ਬਦਲਾਅ ਨਾਲ ਪ੍ਰਭਾਵਿਤ ਹੋਵੇਗੀ।

ਕੋਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। "ਜਾਂ ਤਾਂ ਉਹ ਇੱਕ ਨਾਲ ਨਫ਼ਰਤ ਕਰੇਗਾ ਅਤੇ ਦੂਜੇ ਨਾਲ ਪਿਆਰ ਕਰੇਗਾ।"ਯਿਸੂ ਇੱਥੇ ਬਹੁਤ ਤਿੱਖੀ ਗੱਲ ਕਹਿੰਦਾ ਹੈ ਜਿਵੇਂ ਉਹ ਲੂਕਾ 14:26 ਵਿੱਚ ਪਿਤਾ, ਮਾਤਾ, ਪਤਨੀ, ਬੱਚਿਆਂ, ਭਰਾਵਾਂ ਅਤੇ ਭੈਣਾਂ ਨਾਲ ਨਫ਼ਰਤ ਕਰਨ ਬਾਰੇ ਕਹਿੰਦਾ ਹੈ। ਯਿਸੂ ਸਪੱਸ਼ਟ ਸੀ। ਯਿਸੂ ਕਹਿੰਦਾ ਹੈ ਕਿ ਜੇ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਧਨ ਨਾਲ ਨਫ਼ਰਤ ਕਰਨੀ ਪਵੇਗੀ (ਮੱਤੀ 6:24)। ਮੈਮਨ ਦਾ ਧਨ-ਦੌਲਤ ਪੈਸੇ, ਜਾਇਦਾਦ, ਸਟਾਕ ਅਤੇ ਸ਼ੇਅਰ। ਯਿਸੂ ਕਹਿੰਦਾ ਹੈ ਕਿ ਜੇ ਤੁਸੀਂ ਪਰਮਾਤਮਾ ਨੂੰ ਪਿਆਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਸਭ ਨੂੰ ਨਫ਼ਰਤ ਕਰਨੀ ਚਾਹੀਦੀ ਹੈ। ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ ਪਰ ਪਰਮਾਤਮਾ ਲਈ ਤੁਹਾਡਾ ਪਿਆਰ ਸੂਰਜ ਦੀ ਚਮਕ ਵਾਂਗ ਇੰਨਾ ਸਰਵਉੱਚ ਹੋਣਾ ਚਾਹੀਦਾ ਹੈ ਕਿ ਪੈਸੇ ਵਿੱਚ ਤੁਹਾਡੀ ਦਿਲਚਸਪੀ ਅਲੋਪ ਹੋ ਜਾਵੇ ਜਿਵੇਂ ਤਾਰੇ ਸੂਰਜ ਦੀ ਰੌਸ਼ਨੀ ਵਿੱਚ ਅਲੋਪ ਹੋ ਜਾਂਦੇ ਹਨ। ਜੇਕਰ ਤੁਹਾਡੇ ਲਈ ਅਜਿਹਾ ਨਹੀਂ ਹੈ ਤਾਂ ਤੁਸੀਂ ਪਰਮਾਤਮਾ ਦੀ ਸੇਵਾ ਨਹੀਂ ਕਰ ਸਕਦੇ।

ਯਿਸੂ ਕਹਿੰਦਾ ਹੈ, "ਜੇ ਤੁਸੀਂ ਇੱਕ ਨੂੰ ਫੜੀ ਰੱਖੋ ਤਾਂ ਦੂਜੇ ਨੂੰ ਤੁੱਛ ਸਮਝੋਗੇ।" ਉਸ ਵਾਕ ਵਿੱਚ "ਪਰਮੇਸ਼ੁਰ ਦਾ ਬਚਨ" ਅਤੇ "ਮੈਮਨ" ਰੱਖੋ ਅਤੇ ਇਸਨੂੰ ਇਸ ਤਰ੍ਹਾਂ ਪੜ੍ਹੋ, "ਕੋਈ ਵੀ ਪਰਮੇਸ਼ਰ ਅਤੇ ਸੰਸਾਰਿਕ ਚੀਜ਼ਾਂ (ਭੌਤਿਕ ਦੌਲਤ, ਧਨ) ਦੋਵਾਂ ਦੀ ਸੇਵਾ ਨਹੀਂ ਕਰ ਸਕਦਾ। ਜਾਂ ਤਾਂ ਉਹ ਧਨ ਨਾਲ ਨਫ਼ਰਤ ਕਰੇਗਾ ਅਤੇ ਪਰਮੇਸ਼ੁਰ ਨਾਲ ਪਿਆਰ ਕਰੇਗਾ ਜਾਂ ਪਰਮੇਸ਼ੁਰ ਨਾਲ ਨਫ਼ਰਤ ਕਰੇਗਾ ਅਤੇ ਧਨ ਨਾਲ ਪਿਆਰ ਕਰੇਗਾ।" ਯਿਸੂ ਦੇ ਕਹਿਣ ਦਾ ਭਾਵ ਇਹ ਹੈ ਕਿ ਜੋ ਵੀ ਧਨ ਨਾਲ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਨਾਲ ਨਫ਼ਰਤ ਕਰਦਾ ਹੈ। ਸ਼ਾਇਦ ਤੁਸੀਂ ਪਹਿਲਾਂ ਇਹ ਨਹੀਂ ਜਾਣਦੇ ਸੀ ਪਰ ਹੁਣ ਜਾਣਦੇ ਹੋ। ਯਿਸੂ ਕਹਿ ਰਿਹਾ ਹੈ ਕਿ ਜੇ ਤੁਸੀਂ ਧਨ ਨਾਲ ਪਿਆਰ ਕਰਦੇ ਹੋ ਤਾਂ ਤੁਸੀਂ ਪਰਮੇਸ਼ੁਰ ਨਾਲ ਨਫ਼ਰਤ ਕਰਦੇ ਹੋ। ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹੋ ਕਿਉਂਕਿ ਤੁਸੀਂ ਉਸ ਲਈ ਬਹੁਤ ਸਾਰੇ ਗੀਤ ਗਾਉਂਦੇ ਹੋ ਪਰ ਯਿਸੂ ਇਹ ਨਹੀਂ ਕਹਿੰਦਾ।

ਯਿਸੂ ਕਹਿੰਦਾ ਹੈ ਕਿ ਜੇ ਤੁਸੀਂ ਪਰਮੇਸ਼ੁਰ ਵਿੱਚ ਲੀਨ ਰਹਿੰਦੇ ਹੋ ਤਾਂ ਤੁਸੀਂ ਧਨ ਨੂੰ ਤੁੱਛ ਸਮਝੋਗੇ ਅਤੇ ਜੇ ਤੁਸੀਂ ਧਨ ਵਿੱਚ ਲੀਨ ਰਹਿੰਦੇ ਹੋ ਤਾਂ ਤੁਸੀਂ ਪਰਮੇਸ਼ੁਰ ਨੂੰ ਤੁੱਛ ਸਮਝੋਗੇ। ਤੁਹਾਡੇ ਕੋਲ ਧਨ ਹੋ ਸਕਦਾ ਹੈ ਅਤੇ ਤੁਸੀਂ ਧਨ ਕਮਾ ਸਕਦੇ ਹੋ ਪਰ ਜਿਸ ਪਲ ਤੁਸੀਂ ਇਸ ਨਾਲ ਪਿਆਰ ਕਰਨ ਲੱਗਦੇ ਹੋ ਤਾਂ ਉਸ ਪਲ ਤੋਂ ਤੁਸੀਂ ਪਰਮੇਸ਼ੁਰ ਨਾਲ ਨਫ਼ਰਤ ਕਰਨ ਲੱਗਦੇ ਹੋ। ਪਰਮੇਸ਼ੁਰ ਨੇ ਸ਼ਾਇਦ ਤੁਹਾਨੂੰ ਚੰਗੀ ਨੌਕਰੀ ਦਿੱਤੀ ਹੋਵੇ ਜਾਂ ਵਿਰਾਸਤ ਮਿਲੀ ਹੋਵੇ ਜਿਸ ਕਾਰਨ ਤੁਹਾਡੇ ਕੋਲ ਬਹੁਤ ਸਾਰਾ ਧਨ ਹੈ ਅਤੇ ਇਹ ਠੀਕ ਹੈ। ਪਰ ਜੇ ਤੁਸੀਂ ਇਸ ਨਾਲ ਪਿਆਰ ਕਰਦੇ ਹੋ ਅਤੇ ਇਸ ਵਿੱਚ ਲੀਨ ਰਹਿੰਦੇ ਹੋ ਤਾਂ ਤੁਸੀਂ ਪਰਮੇਸ਼ੁਰ ਨੂੰ ਤੁੱਛ ਸਮਝਦੇ ਹੋ ਅਤੇ ਪਰਮੇਸ਼ੁਰ ਨਾਲ ਨਫ਼ਰਤ ਕਰਦੇ ਹੋ। ਜੇ ਅਸੀਂ ਪਰਮੇਸ਼ਰ ਦੀ ਵਫ਼ਾਦਾਰੀ ਨਾਲ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਇਸ ਗੱਲ ਨੂੰ ਸਮਝਣਾ ਅਤੇ ਇਸ ਬਾਰੇ ਸਹੀ ਰਵੱਈਆ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ।