ਅੱਜ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਮਸੀਹੀ ਲੋਕ ਪੁਰਾਣੇ ਨੇਮ ਦੇ ਅਧੀਨ ਜਿਊਂ ਰਹੇ ਹਨ; ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਨਵਾਂ ਨੇਮ ਪੰਤੇਕੁਸਤ ਦੇ ਦਿਨ ਸਥਾਪਿਤ ਹੋ ਗਿਆ ਸੀ। ਇਹ ਲਗਭਗ ਇਸੇ ਤਰ੍ਹਾਂ ਹੈ ਜਿਵੇਂ ਭਾਰਤ ਦੇ ਲੋਕ ਇਹ ਨਾ ਜਾਣਦੇ ਹੋਣ ਕਿ ਅਸੀਂ 1947 ਵਿੱਚ ਆਜ਼ਾਦ ਹੋ ਗਏ ਸਾਂ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੋਈ ਇਸ ਗੱਲ ਤੋਂ ਅਣਜਾਣ ਹੋਵੇ? ਮਸੀਹੀਆਂ ਦਾ ਅਜੇ ਵੀ ਪੁਰਾਣੇ ਨੇਮ ਦੇ ਅਧੀਨ ਜਿਊਣਾ ਵੀ ਉੱਨਾ ਹੀ ਹਾਸੋਹੀਣਾ ਹੈ।
ਜ਼ਿਆਦਾਤਰ ਮਸੀਹੀ ਕਈ ਖੇਤਰਾਂ ਵਿੱਚ ਪੁਰਾਣੇ ਨੇਮ ਦੇ ਅਧੀਨ ਜੀਉਂਦੇ ਹਨ। ਪੁਰਾਣੇ ਨੇਮ ਵਿੱਚ ਤੁਹਾਨੂੰ ਸਿਰਫ਼ ਆਪਣੇ ਪਾਪਾਂ ਦੀ ਮਾਫ਼ੀ ਹੀ ਮਿਲ ਸਕਦੀ ਸੀ (ਜ਼ਬੂਰ 103); ਨਵੇਂ ਨੇਮ ਵਿੱਚ ਰੋਮੀਆਂ 6:14 ਕਿਹਾ ਗਿਆ ਹੈ ਕਿ ਪਾਪ ਤੁਹਾਡੇ 'ਤੇ ਰਾਜ ਨਹੀਂ ਕਰੇਗਾ। ਜਦੋਂ ਲੋਕਾਂ ਕੋਲ ਸਿਰਫ਼ ਪਾਪਾਂ ਦੀ ਮਾਫ਼ੀ ਹੈ ਅਤੇ ਪਾਪ 'ਤੇ ਕੋਈ ਜਿੱਤ ਨਹੀਂ ਹੈ ਤਾਂ ਉਹ ਪੁਰਾਣੇ ਨੇਮ ਵਿੱਚ ਜਿਊਂ ਰਹੇ ਹਨ। ਪੁਰਾਣੇ ਨੇਮ ਵਿੱਚ ਇੱਕ ਅਜਿਹੀ ਮੰਡਲੀ ਸੀ ਜਿਸ ਵਿੱਚ ਲੋਕਾਂ ਦਾ ਇਕੱਠ ਤਾਂ ਸੀ ਪਰ ਜਿਵੇਂ ਕਿ ਮਸੀਹ ਨੇ ਕਿਹਾ ਸੀ ਉਹ ਇੱਕ ਸਰੀਰ ਨਹੀਂ ਸਨ। ਨਵੇਂ ਨੇਮ ਵਿੱਚ ਕਲੀਸਿਯਾ ਨੂੰ ਇੱਕ ਸਰੀਰ ਵਜੋਂ ਪ੍ਰਗਟ ਕੀਤਾ ਗਿਆ ਹੈ ਜਿਸ ਦਾ ਸਿਰ ਮਸੀਹ ਹੈ ਅਤੇ ਜਿਸ ਦੇ ਸਾਰੇ ਅੰਗ ਆਪਸ ਵਿੱਚ ਮਿਲ ਕੇ ਕੰਮ ਕਰਦੇ ਹਨ। ਇਸ ਲਈ, ਜੇ ਕੋਈ ਕਲੀਸਿਯਾ ਅੱਜ ਵੀ ਇੱਕ ਸਰੀਰ ਵਜੋਂ ਕੰਮ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਉਹ ਇੱਕ ਪੁਰਾਣੇ ਨੇਮ ਦੀ ਹੀ ਮੰਡਲੀ ਹੈ। ਜਦੋਂ ਦਸਵੰਧ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਹ ਵੀ ਪੁਰਾਣਾ ਨੇਮ ਹੀ ਹੈ।
ਅੱਜ ਮਸੀਹੀ ਜਗਤ ਵਿੱਚ ਦਸਵੰਧ 'ਤੇ ਜੋ ਜ਼ੋਰ ਅਸੀਂ ਦੇਖਦੇ ਹਾਂ ਉਹ ਪੂਰੀ ਤਰ੍ਹਾਂ ਪੁਰਾਣੇ ਨੇਮ ਦਾ ਹੈ ਇਸ ਲਈ ਸਾਨੂੰ ਨਵੇਂ ਨੇਮ ਦੇ ਦੇਣ ਦੇ ਸਿਧਾਂਤਾਂ ਨੂੰ ਸਮਝਣ ਦੀ ਲੋੜ ਹੈ। ਨਵੇਂ ਨੇਮ ਵਿੱਚ ਕੋਈ ਅਜਿਹਾ ਸਿਧਾਂਤ ਨਹੀਂ ਜੋ ਕਹਿੰਦਾ ਹੋਵੇ ਕਿ ਤੁਹਾਨੂੰ 10% ਦੇਣਾ ਹੀ ਪਵੇਗਾ। ਦਸਵੰਧ ਦੇ ਹੁਕਮ ਦਾ ਆਖ਼ਰੀ ਜ਼ਿਕਰ ਪੁਰਾਣੇ ਨੇਮ ਦੀ ਪੋਥੀ ਮਲਾਕੀ ਵਿੱਚ ਮਿਲਦਾ ਹੈ। ਜਦੋਂ ਯਿਸੂ ਨੇ ਮੱਤੀ 23 ਵਿੱਚ ਇਸ ਦਾ ਹਵਾਲਾ ਦਿੱਤਾ ਤਾਂ ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਹੇ ਸਨ ਜੋ ਅਜੇ ਵੀ ਪੁਰਾਣੇ ਨੇਮ ਦੇ ਅਧੀਨ ਸਨ ਜਿਵੇਂ ਕਿ ਫ਼ਰੀਸੀ ਅਤੇ ਯਹੂਦੀ ਲੋਕ। ਨਵਾਂ ਨੇਮ ਪੰਤੇਕੁਸਤ ਦੇ ਦਿਨ ਸਥਾਪਿਤ ਹੋਇਆ ਸੀ ਅਤੇ ਉਸ ਤੋਂ ਬਾਅਦ ਮਸੀਹੀਆਂ ਨੂੰ ਦਸਵੰਧ ਦੇਣ ਦਾ ਇੱਕ ਵੀ ਹੁਕਮ ਨਹੀਂ ਦਿੱਤਾ ਗਿਆ। ਦਸਵੰਧ ਦਾ ਉੱਥੇ ਕੋਈ ਹਵਾਲਾ ਹੀ ਨਹੀਂ ਹੈ।
ਇਬਰਾਨੀਆਂ ਦੀ ਪੋਥੀ ਵਿੱਚ ਅਬਰਾਹਾਮ ਵੱਲੋਂ ਮਲਕਿਸਿਦਕ ਨੂੰ 10% ਦੇਣ ਦਾ ਇੱਕ ਛੋਟਾ ਜਿਹਾ ਹਵਾਲਾ ਜ਼ਰੂਰ ਹੈ ਪਰ ਇਹ ਕੋਈ ਨੇਮ ਨਹੀਂ ਸੀ ਜਿਸ ਦੀ ਅਬਰਾਹਾਮ ਪਾਲਣਾ ਕਰ ਰਿਹਾ ਸੀ। ਉਹ ਜੋ ਚਾਹੁੰਦਾ ਦੇ ਸਕਦਾ ਸੀ। ਇਹ ਇਤਫ਼ਾਕ ਨਾਲ 10% ਸੀ ਪਰ ਅਬਰਾਹਾਮ ਕਿਸੇ ਨੇਮ ਦੀ ਪਾਲਣਾ ਨਹੀਂ ਕਰ ਰਿਹਾ ਸੀ ਅਤੇ ਜੇ ਉਹ ਅਜਿਹਾ ਨਾ ਵੀ ਕਰਦਾ ਤਾਂ ਉਸ ਨੇ ਕੋਈ ਪਾਪ ਨਹੀਂ ਸੀ ਕੀਤਾ ਹੋਣਾ।
ਨਵੇਂ ਨੇਮ ਵਿੱਚ ਦੇਣ ਦੇ ਸਿਧਾਂਤ ਇਹ ਹਨ ਕਿ ਇਹ ਗੁਪਤ ਹੋਣਾ ਚਾਹੀਦਾ ਹੈ (ਮੱਤੀ 6:1-4) , ਖ਼ੁਸ਼ੀ ਨਾਲ ਦਿੱਤਾ ਹੋਣਾ ਚਾਹੀਦਾ ਹੈ (2 ਕੁਰਿੰਥੀਆਂ 9:7) ਅਤੇ ਤੁਹਾਡੀ ਕਮਾਈ ਦੇ ਅਨੁਪਾਤ ਅਨੁਸਾਰ ਹੋਣਾ ਚਾਹੀਦਾ ਹੈ (1 ਕੁਰਿੰਥੀਆਂ 16:2)। ਇਸ ਬਾਰੇ ਕੋਈ ਨੇਮ ਨਹੀਂ ਕਿ ਤੁਹਾਨੂੰ ਕਿੰਨਾ ਦੇਣਾ ਚਾਹੀਦਾ ਹੈ। ਜਿਵੇਂ ਪਰਮੇਸ਼ਰ ਨੇ ਤੁਹਾਨੂੰ ਖ਼ੁਸ਼ਹਾਲ ਕੀਤਾ ਹੈ ਉਸੇ ਅਨੁਸਾਰ ਤੁਸੀਂ ਦੇ ਸਕਦੇ ਹੋ। ਜੇ ਤੁਹਾਡੇ ਕੋਲ ਬਹੁਤ ਕੁਝ ਹੈ ਤਾਂ ਤੁਸੀਂ ਵੱਧ ਦੇ ਸਕਦੇ ਹੋ ਅਤੇ ਜੇ ਤੁਹਾਡੇ ਕੋਲ ਬਹੁਤਾ ਨਹੀਂ ਹੈ ਤਾਂ ਤੁਹਾਨੂੰ ਦੇਣ ਦੀ ਲੋੜ ਨਹੀਂ। ਇਹ ਠੀਕ ਹੈ ਕਿਉਂਕਿ ਪਰਮੇਸ਼ਰ ਬਹੁਤ ਅਮੀਰ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਉਸ ਦਾ ਕੋਈ ਵੀ ਗ਼ਰੀਬ ਬੱਚਾ ਉਸ ਨੂੰ ਦੇ ਕੇ ਦੁੱਖ ਝੱਲੇ।
ਜੇ ਤੁਸੀਂ ਇਨ੍ਹਾਂ ਸਿਧਾਂਤਾਂ ਨੂੰ ਨਹੀਂ ਸਮਝਦੇ ਤਾਂ ਬਹੁਤ ਸਾਰੇ ਪਾਸਟਰ ਅਤੇ ਪ੍ਰਚਾਰਕ ਤੁਹਾਡਾ ਸ਼ੋਸ਼ਣ ਕਰਨਗੇ ਅਤੇ ਮਾਲੀ ਤੌਰ 'ਤੇ ਤੁਹਾਡਾ ਨਾਜਾਇਜ਼ ਫ਼ਾਇਦਾ ਉਠਾਉਣਗੇ। ਪਰ ਇਹ ਗੱਲ ਯਾਦ ਰੱਖੋ ਕਿ ਜਦੋਂ ਅਸੀਂ ਦਿੰਦੇ ਹਾਂ ਤਾਂ ਸਾਨੂੰ ਗੁਪਤ ਰੂਪ ਵਿੱਚ ਦੇਣਾ ਚਾਹੀਦਾ ਹੈ। ਜਿਹੜੀ ਵੀ ਕਲੀਸਿਯਾ ਤੁਹਾਨੂੰ ਇਹ ਜ਼ਾਹਰ ਕਰਨ ਲਈ ਮਜਬੂਰ ਕਰਦੀ ਹੈ ਕਿ ਤੁਸੀਂ ਕੀ ਦੇ ਰਹੇ ਹੋ ਉਹ ਅਸਲ ਵਿੱਚ ਤੁਹਾਨੂੰ ਮੱਤੀ 6:1-4 ਵਿੱਚ ਦਿੱਤੇ ਪਰਮੇਸ਼ਰ ਦੇ ਬਚਨ ਦੀ ਉਲੰਘਣਾ ਕਰਨ ਲਈ ਕਹਿ ਰਹੀ ਹੈ। ਜਿੱਥੋਂ ਤੱਕ ਸੰਭਵ ਹੋਵੇ ਸਾਡਾ ਦਾਨ ਗੁਪਤ, ਸਵੈ-ਇੱਛਤ ਅਤੇ ਖ਼ੁਸ਼ੀ ਭਰਪੂਰ ਹੋਣਾ ਚਾਹੀਦਾ ਹੈ।
ਇਸੇ ਕਰਕੇ ਮੈਂ ਨਿੱਜੀ ਤੌਰ 'ਤੇ ਇਹ ਨਹੀਂ ਮੰਨਦਾ ਕਿ ਸਾਨੂੰ ਲੋਕਾਂ ਦੇ ਸਾਹਮਣੇ ਥੈਲੀ ਰੱਖ ਕੇ ਉਨ੍ਹਾਂ ਨੂੰ ਦੇਣ ਲਈ ਮਜਬੂਰ ਕਰਨਾ ਚਾਹੀਦਾ ਹੈ ਜਦੋਂ ਕਿ ਹੋ ਸਕਦਾ ਹੈ ਉਹ ਖ਼ੁਸ਼ੀ ਨਾਲ ਨਾ ਦੇ ਰਹੇ ਹੋਣ। ਉਨ੍ਹਾਂ ਲਈ ਗੁਪਤ ਰੂਪ ਵਿੱਚ ਦੇਣਾ ਸ਼ਾਇਦ ਸੰਭਵ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਨਾਲ ਬੈਠੇ ਗੁਆਂਢੀ ਉਨ੍ਹਾਂ ਨੂੰ ਦਿੰਦੇ ਹੋਏ ਦੇਖ ਰਹੇ ਹੁੰਦੇ ਹਨ। ਮੇਰਾ ਮੰਨਣਾ ਹੈ ਕਿ ਇਸ ਦਾ ਸਹੀ ਤਰੀਕਾ ਇਹ ਹੈ ਕਿ ਕਲੀਸਿਯਾ ਵਿੱਚ ਕਿਤੇ ਇੱਕ ਡੱਬਾ ਰੱਖਿਆ ਜਾਵੇ, ਜਿੱਥੇ ਲੋਕ ਆਪਣੀ ਮਰਜ਼ੀ ਨਾਲ, ਗੁਪਤ ਰੂਪ ਵਿੱਚ, ਖ਼ੁਸ਼ੀ ਨਾਲ ਅਤੇ ਆਪਣੀ ਸਮਰੱਥਾ ਅਨੁਸਾਰ ਦੇ ਸਕਣ। ਪਰ ਬਹੁਤ ਘੱਟ ਕਲੀਸਿਯਾਵਾਂ ਇਸ ਉੱਤੇ ਅਮਲ ਕਰਦੀਆਂ ਹਨ ਕਿਉਂਕਿ ਜ਼ਿਆਦਾਤਰ ਮਸੀਹੀ ਪ੍ਰਚਾਰਕਾਂ ਅਤੇ ਜ਼ਿਆਦਾਤਰ ਮਸੀਹੀ ਕਲੀਸਿਯਾਵਾਂ ਵਿੱਚ ਧਨ ਪ੍ਰਤਿ ਜ਼ਬਰਦਸਤ ਮੋਹ ਹੁੰਦਾ ਹੈ।
ਯਾਦ ਰੱਖੋ ਕਿ ਮੱਤੀ 5:20 ਵਿੱਚ ਕਿਹਾ ਗਿਆ ਹੈ ਕਿ, "ਤੁਹਾਡੀ ਧਾਰਮਿਕਤਾ ਫ਼ਰੀਸੀਆਂ ਦੀ ਧਾਰਮਿਕਤਾ ਨਾਲੋਂ ਵੱਧਹੋਣੀ ਚਾਹੀਦੀ ਹੈ"ਪਹਾੜੀ ਉਪਦੇਸ਼ ਦੇ ਲਗਭਗ ਬਾਕੀ ਸਾਰੇ ਹਿੱਸੇ ਦਾ ਸਿਰਲੇਖ ਇਹ ਹੋ ਸਕਦਾ ਹੈ: "ਉਹ ਸਿਧਾਂਤ ਜਿਨ੍ਹਾਂ ਰਾਹੀਂ ਸਾਡੀ ਧਾਰਮਿਕਤਾ ਨੇ ਪ੍ਰਾਚੀਨ ਯਹੂਦੀ ਲਿਖਾਰੀਆਂ ਅਤੇ ਫ਼ਰੀਸੀਆਂ ਦੀ ਧਾਰਮਿਕਤਾ ਤੋਂ ਅੱਗੇ ਵਧਣਾ ਹੈ ਤਾਂ ਜੋ ਅਸੀਂ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋ ਸਕੀਏ।"
ਸਾਡੇ ਦੇਣ ਦੇ ਮਾਮਲੇ ਵਿੱਚ, ਯਿਸੂ ਕਹਿੰਦੇ ਹਨ ਕਿ ਸਾਡਾ ਰਵੱਈਆ ਫ਼ਰੀਸੀਆਂ ਨਾਲੋਂ ਬਿਲਕੁਲ ਵੱਖਰਾ ਹੋਣਾ ਚਾਹੀਦਾ ਹੈ ਉਹ ਪਖੰਡੀ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਹ ਕੀ ਦੇ ਰਹੇ ਹਨ। ਯਿਸੂ ਨੇ ਕਿਹਾ ਕਿ ਮਨੁੱਖਾਂ ਦੇ ਸਾਹਮਣੇ ਆਪਣੀ ਧਾਰਮਿਕਤਾ ਦਾ ਦਿਖਾਵਾ ਕਰਨ ਤੋਂ ਸੁਚੇਤ ਰਹੋ। ਇਹੀ ਬੁਨਿਆਦੀ ਸਿਧਾਂਤ ਹੈ। ਯਿਸੂ ਨੇ ਕਿਹਾ ਕਿ ਇਹ ਕੰਮ ਲੋਕਾਂ ਦੀ ਨਜ਼ਰ ਵਿੱਚ ਆਉਣ ਲਈ ਨਾ ਕਰੋ।
ਕਈ ਵਾਰ ਅਸੀਂ ਇਸ ਗੱਲ ਤੋਂ ਬਚ ਨਹੀਂ ਸਕਦੇ ਕਿ ਲੋਕ ਇਨ੍ਹਾਂ ਗੱਲਾਂ ਨੂੰ ਦੇਖ ਲੈਣ ਅਤੇ ਜੇ ਲੋਕਾਂ ਨੂੰ ਇਤਫ਼ਾਕ ਨਾਲ ਇਨ੍ਹਾਂ ਬਾਰੇ ਪਤਾ ਲੱਗ ਜਾਵੇ ਜਾਂ ਇਸ ਤੋਂ ਬਚਣ ਦਾ ਕੋਈ ਰਾਹ ਨਾ ਹੋਵੇ ਤਾਂ ਸਾਨੂੰ ਦੋਸ਼ੀ ਮਹਿਸੂਸ ਕਰਨ ਦੀ ਲੋੜ ਨਹੀਂ। ਪਰ ਅਸੀਂ ਇਹ ਕੰਮ ਮਨੁੱਖਾਂ ਵੱਲੋਂ ਦੇਖੇ ਜਾਣ ਲਈ ਨਹੀਂ ਕਰਦੇ। ਇਹੀ ਅਸਲ ਨੁਕਤਾ ਹੈ। ਨਹੀਂ ਤਾਂ ਤੁਹਾਨੂੰ ਆਪਣੇ ਸਵਰਗੀ ਪਿਤਾ ਕੋਲੋਂ ਕੋਈ ਫਲ਼ ਨਹੀਂ ਮਿਲੇਗਾ। ਇਸ ਆਇਤ ਅਨੁਸਾਰ, ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਕੰਮ ਲਈ ਦਿੱਤਾ ਹੈ ਪਰ ਉਨ੍ਹਾਂ ਨੂੰ ਸਵਰਗ ਵਿੱਚ ਕੋਈ ਫਲ਼ ਨਹੀਂ ਮਿਲੇਗਾ ਕਿਉਂਕਿ ਉਹ ਚਾਹੁੰਦੇ ਸਨ ਕਿ ਦੂਜੇ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੇ ਕਿੰਨਾ ਦਿੱਤਾ।
ਜੇ ਤੁਸੀਂ ਗੁਪਤ ਰੂਪ ਵਿੱਚ ਦਿੰਦੇ ਹੋ ਤਾਂ ਤੁਹਾਡਾ ਪਿਤਾ, ਜੋ ਗੁਪਤ ਵਿੱਚ ਦੇਖਦਾ ਹੈ ਤਾਂ ਇਸਦੇ ਬਦਲੇ ਪਰਮੇਸ਼ਰ ਤੁਹਾਨੂੰ ਦੇਵੇਗਾ। ਇਹ ਇੱਕ ਸ਼ਾਨਦਾਰ ਇਨਾਮ ਹੈ ਜਿਸ ਦਾ ਵਾਅਦਾ ਪਰਮੇਸ਼ਰ ਨੇ ਕੀਤਾ ਹੈ ਕਿ ਜੇ ਅਸੀਂ ਇੱਥੇ ਉਸ ਦੇ ਹੁਕਮ ਦੀ ਪਾਲਣਾ ਕਰਦੇ ਹਾਂ ਤਾਂ ਇੱਕ ਦਿਨ ਜਦੋਂ ਮਸੀਹ ਦੁਬਾਰਾ ਆਉਣਗੇ, ਉਨ੍ਹਾਂ ਲੋਕਾਂ ਲਈ ਇੱਕ ਬਹੁਤ ਵੱਡਾ ਇਨਾਮ ਹੋਵੇਗਾ ਜਿਨ੍ਹਾਂ ਨੇ ਕੁਰਬਾਨੀ ਦੇ ਜਜ਼ਬੇ ਨਾਲ ਅਤੇ ਗੁਪਤ ਰੂਪ ਵਿੱਚ ਦਿੱਤਾ ਹੈ।