WFTW Body: 

ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਮਨੁੱਖ ਲਈ ਬਹੁਤ ਵੱਡਾ ਗੌਰਵ ਅਤੇ ਵਿਸ਼ੇਸ਼ ਅਧਿਕਾਰ ਹੈ। ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹੀ ਸਿਖਾਇਆ ਸੀ। ਉਸਨੇ ਇੱਕ ਵਾਰ ਕਿਹਾ ਸੀ ਜੋ ਉਸਦੇ ਪਿਤਾ ਦੀ ਇੱਛਾ ਅਨੁਸਾਰ ਕੰਮ ਕਰਦਾ ਹੈ ਉਹੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ (ਮਤੀ 7:21)। ਉਸ ਨੇ ਇਹ ਵੀ ਕਿਹਾ ਕਿ ਜੋ ਪਰਮੇਸ਼ਰ ਦੀ ਇੱਛਾ ਪੂਰੀ ਕਰਦੇ ਹਨ ਉਹ ਉਸਦੇ ਸੱਚੇ ਭੈਣ ਅਤੇ ਭਰਾ ਹਨ (ਮਤੀ 12:50)। ਇਸ ਗੱਲ ਨੂੰ ਰਸੂਲਾਂ ਦੁਆਰਾ ਆਪਣੀ ਪੀੜ੍ਹੀ ਤੱਕ ਸਹੀ ਢੰਗ ਨਾਲ ਪਹੁੰਚਾਇਆ ਗਿਆ ਸੀ। ਪਤਰਸ ਨੇ ਘੋਸ਼ਣਾ ਕੀਤੀ ਕਿ ਪਰਮੇਸ਼ਰ ਮਨੁੱਖ ਨੂੰ ਉਸਦੇ ਪਾਪਾਂ ਤੋਂ ਛੁਡਾ ਸਕਦਾ ਹੈ ਤਾਂ ਜੋ ਉਹ ਉਸਦੀ ਇੱਛਾ ਪੂਰੀ ਕਰ ਸਕੇ (1 ਪਤਰਸ 4:1,2)। ਪੌਲੁਸ ਨੇ ਜੋਰ ਦੇ ਕੇ ਕਿਹਾ ਕਿ ਵਿਸ਼ਵਾਸੀ ਮਸੀਹ ਵਿੱਚ ਨਵੀਂ ਸ੍ਰਿਸ਼ਟੀ ਹੈ ਤਾਂ ਕਿ ਉਹ ਉਸ ਰਾਹ 'ਤੇ ਚਲ ਸਕੇ ਜੋ ਉਸ ਲਈ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਤਿਆਰ ਕੀਤਾ ਹੈ। ਇਸ ਲਈ ਉਹ ਅਫ਼ਸੀਆਂ ਦੀ ਕਲੀਸੀਆ ਨੂੰ ਜੋਰਦਾਰ ਸ਼ਬਦਾਂ ਵਿੱਚ ਨਸੀਹਤ ਦਿੰਦਾ ਹੈ (ਅਫ਼ਸੀਆਂ 2:10; 5:17)। ਉਸਨੇ ਕੁਲੁਸੀਆਂ ਦੇ ਮਸੀਹੀਆਂ ਲਈ ਪ੍ਰਾਥਨਾ ਕੀਤੀ ਤਾਂ ਜੋ ਉਹ ਪਰਮੇਸ਼ਰ ਦੀ ਇੱਛਾ ਦੇ ਗਿਆਨ ਨਾਲ ਭਰਪੂਰ ਹੋਣ। ਉਹ ਦੱਸਦਾ ਹੈ ਇਪਫ੍ਰਾਸ ਜੋ ਉਹਨਾਂ ਵਿੱਚੋਂ ਇੱਕ ਹੈ ਉਹਨਾਂ ਲਈ ਪ੍ਰਾਥਨਾ ਕਰ ਰਿਹਾ ਸੀ ਕਿ ਉਹ ਸਭ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ ਸਕਣ (ਕੁਲੁਸੀਆਂ 1:9; 4:12)। ਰਸੂਲ ਯੂਹੰਨਾ ਨੇ ਵੀ ਸਿਖਾਇਆ ਕਿ ਜਿਹੜਾ ਪਰਮੇਸ਼ਰ ਦੀ ਇੱਛਾ ਪੂਰੀ ਕਰਦਾ ਹੈ ਸਦਾ ਜਿਉਂਦਾ ਰਵੇਗਾ (1 ਯੂਹੰਨਾ 2:17)

ਰਸੂਲਾਂ ਦੇ ਕਰਤੱਬ 13:22 ਤੋਂ ਇਹ ਸੰਕੇਤ ਮਿਲਦਾ ਹੈ ਕਿ "ਦਾਊਦ ਨੂੰ ਪਰਮੇਸ਼ਰ ਨੇ ਆਪਣੇ ਦਿਲ ਦੀ ਇੱਛਾ ਅਨੁਸਾਰ ਇੱਕ ਮਨੁੱਖ" ਕਿਹਾ ਸੀ ਕਿਉਂਕਿ ਉਹ ਸਿਰਫ਼ ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਸੀ। ਦਾਊਦ ਨੇ ਇੱਕ ਵਾਰ ਖੁਦ ਵੀ ਕਿਹਾ ਸੀ ਕਿ ਉਹ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਵਿੱਚ ਖੁਸ਼ ਹੈ। ਉਹ ਕੋਈ ਸਿੱਧ ਆਦਮੀ ਨਹੀਂ ਸੀ। ਉਸਨੇ ਬਹੁਤ ਸਾਰੇ ਪਾਪ ਕੀਤੇ, ਕੁੱਝ ਬਹੁਤ ਹੀ ਗੰਭੀਰ ਪਾਪ, ਜਿਸ ਲਈ ਪਰਮੇਸ਼ਰ ਨੂੰ ਉਸਨੂ ਸਖ਼ਤ ਸਜ਼ਾ ਦੇਣੀ ਪਈ। ਫਿਰ ਵੀ ਪਰਮੇਸ਼ਰ ਨੇ ਉਸਨੂੰ ਮਾਫ਼ ਕਰ ਦਿੱਤਾ ਅਤੇ ਉਸਤੋਂ ਪ੍ਰਸੰਨ ਹੋਇਆ ਕਿਉਂਕਿ ਮੂਲ ਰੂਪ ਵਿੱਚ ਦਾਊਦ ਪਰਮੇਸ਼ਰ ਦੀ ਹਰੇਕ ਇੱਛਾ ਨੂੰ ਪੂਰੀ ਕਰਨਾ ਚਾਹੁੰਦਾ ਸੀ। ਇਹ ਸਾਨੂੰ ਵੀ ਵਿਸ਼ਵਾਸ ਕਰਨ ਲਈ ਉਤਸਾਹਿਤ ਕਰਦਾ ਹੈ ਕਿ ਸਾਡੀਆਂ ਸਾਰੀਆਂ ਕਮੀਆਂ ਦੇ ਬਾਵਜੂਦ ਅਸੀਂ ਵੀ ਪਰਮੇਸ਼ਰ ਦੇ ਆਪਣੇ ਦਿਲ ਦੀ ਇੱਛਾ ਅਨੁਸਾਰ ਆਦਮੀ ਅਤੇ ਔਰਤਾਂ ਹੋ ਸਕਦੇ ਹਾਂ ਜੇਕਰ ਸਾਡੇ ਦਿਲ ਉਸਦੀ ਇੱਛਾ ਪੂਰੀ ਕਰਨ ਲਈ ਤਿਆਰ ਹੋਣ।

ਨਵਾਂ ਨੇਮ ਵਿਸ਼ਵਾਸ਼ੀਆਂ ਨੂੰ ਯਿਸੂ ਵਾਂਗ ਚਲਣ, ਉਸਦੀ ਉਦਾਹਰਣ ਦੀ ਪਾਲਣਾ ਕਰਨ ਦੀ ਤਾਕੀਦ ਕਰਦਾ ਹੈ। ਯਿਸੂ ਦੇ ਸੰਪੂਰਨ ਜੀਵਨ ਅਤੇ ਸੇਵਕਾਈ ਦਾ ਮਾਰਗਦਰਸ਼ਕ ਸਿਧਾਂਤ ਪਿਤਾ ਦੀ ਇੱਛਾ ਪੂਰੀ ਕਰਨਾ ਸੀ। ਉਸਨੇ ਪਿਤਾ ਦੀ ਇੱਛਾ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਪੁੱਟਿਆ। ਜਦੋਂ ਵੀ ਉਸਨੇ ਕਦਮ ਪੁੱਟਿਆ ਫਿਰ ਨਾ ਉਸਦੇ ਦੁਸ਼ਮਣਾਂ ਦੀ ਧਮਕੀ ਅਤੇ ਨਾ ਹੀ ਦੋਸਤਾਂ ਦੀ ਬਿਨਤੀ ਉਸਨੂੰ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਤੋਂ ਰੋਕ ਸਕੀ। ਪਿਤਾ ਦੀ ਇੱਛਾ ਨੂੰ ਪੂਰਾ ਕਰਨਾ ਉਸਦਾ ਰੋਜ਼ਾਨਾ ਦਾ ਭੋਜਨ ਸੀ (ਯੁਹੰਨਾ 4:34)। ਜਿਸ ਤਰ੍ਹਾਂ ਇੱਕ ਆਦਮੀ ਆਪਣੇ ਸਰੀਰ ਦੇ ਪੋਸ਼ਣ ਲਈ ਭੋਜਨ ਦੀ ਲਾਲਸਾ ਕਰਦਾ ਹੈ ਉਸੇ ਤਰ੍ਹਾਂ ਯਿਸੂ ਨੇ ਆਪਣੇ ਭੇਜਣ ਵਾਲੇ ਦੀ ਇੱਛਾ ਪੂਰੀ ਕਰਨ ਦੀ ਲਾਲਸਾ ਕੀਤੀ। ਹਰ ਵਿਸ਼ਵਾਸੀ ਅੰਦਰ ਇਸ ਤਰ੍ਹਾਂ ਹੀ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਲਈ ਭੁੱਖ ਅਤੇ ਪਿਆਸ ਹੋਣੀ ਚਾਹੀਦੀ ਹੈ। ਇਹ ਪ੍ਰਾਥਨਾ ਕਰਨਾ ਕਿੰਨਾ ਸੌਖਾ ਹੈ, "ਤੇਰੀ ਮਰਜ਼ੀ ਜਿਹੜੀ ਸਵਰਗ ਵਿੱਚ ਪੂਰਨ ਹੈ ਧਰਤੀ 'ਤੇ ਵੀ ਪੂਰੀ ਹੋਵੇ" ਅਤੇ ਫਿਰ ਪਰਮੇਸ਼ਰ ਦੀ ਅਗਵਾਈ ਦੀ ਖੋਜ ਕੀਤੇ ਬਿਨਾਂ ਉਸੇ ਤਰ੍ਹਾਂ ਕਰਨਾ ਜਿਵੇਂ ਸਾਨੂੰ ਚੰਗਾ ਲਗਦਾ ਹੈ।

ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਹਰ ਇੱਕ ਲਈ ਪਰਮੇਸ਼ਰ ਦੀ ਇੱਕ ਵਿਸ਼ੇਸ਼ ਯੋਜਨਾ ਹੈ (ਅਫ਼ਸੀਆਂ 2:10)। ਉਸਨੇ ਸਾਡੇ ਕੰਮਕਾਜ, ਜੀਵਨ-ਸਾਥੀ ਅਤੇ ਇੱਥੋਂ ਤੱਕ ਕਿ ਅਸੀਂ ਕਿੱਥੇ ਰਹਿਣਾ ਹੈ ਅਤੇ ਹਰ ਦਿਨ ਅਸੀਂ ਕੀ ਕਰਨਾ ਹੈ? ਇਸ ਦੀ ਵੀ ਯੋਜਨਾ ਬਣਾ ਰੱਖੀ ਹੈ। ਇਹ ਦੇਖਦੇ ਹੋਏ ਕਿ ਉਹ ਸਾਨੂੰ ਕਿੰਨੀ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਹ ਸਾਰੇ ਵਿਕਲਪਾਂ ਨੂੰ ਕਿਵੇਂ ਸਮਝਦਾ ਹੈ ਇਸ ਲਈ ਸਭ ਤੋਂ ਮਹਤੱਵਪੂਰਨ ਫੈਸਲਾ ਉਸਨੂੰ ਹੀ ਲੈਣਾ ਚਾਹੀਦਾ ਹੈ। ਇਸ ਲਈ ਵੱਡੀਆਂ ਜਾਂ ਛੋਟੀਆਂ ਸਾਰੀਆਂ ਸਥਿਤੀਆਂ ਵਿੱਚ ਉਸਦੀ ਇੱਛਾ ਦੀ ਖੋਜ ਕਰਨਾ ਬੁੱਧੀਮਾਨੀ ਹੈ।

ਬਹੁਤ ਸਾਰੇ ਲੋਕ ਜਵਾਨੀ ਵਿੱਚ ਪਰਮੇਸਰ ਦੀ ਇੱਛਾ ਜਾਣਨ ਵਿੱਚ ਅਸਫ਼ਲ ਹੋ ਗਏ ਅਤੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ। ਇਹ ਸੱਚਮੁੱਚ "ਮਨੁੱਖ ਲਈ ਚੰਗਾ ਹੈ ਕਿ ਜਵਾਨੀ ਵਿੱਚ ਹੀ ਪਰਮੇਸ਼ਰ ਦਾ ਜੂਲਾ ਚੁੱਕੇ"(ਵਿਰਲਾਪ 3:27)। ਮਤੀ 11:28-30 ਵਿੱਚ, ਯਿਸੂ ਸਾਨੂੰ ਉਸਦਾ ਜੂਲਾ ਚੁੱਕਣ ਲਈ ਸੱਦਾ ਦਿੰਦਾ ਹੈ। ਜੂਲਾ ਚੁੱਕਣ ਦਾ ਕੀ ਅਰਥ ਹੈ? ਖੇਤ ਜੋਤਣ ਲਈ ਵਰਤੇ ਜਾਣ ਵਾਲੇ ਬਲਦਾਂ ਨੂੰ ਉਹਨਾਂ ਦੀਆਂ ਗਰਦਨਾਂ 'ਤੇ ਜੂਲਾ ਪਾਕੇ ਇਕੱਠੇ ਰੱਖਿਆ ਜਾਂਦਾ ਹੈ। ਜਦੋਂ ਕਿਸੇ ਨਵੇਂ ਬਲਦ ਨੂੰ ਹਲ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਉਸਨੂੰ ਇੱਕ ਤਜਰਬੇਕਾਰ ਬਲਦ ਨਾਲ ਜੋੜਿਆ ਜਾਂਦਾ ਹੈ। ਇਸ ਪ੍ਰਕਾਰ ਨਵਾਂ ਬਲਦ ਪੁਰਾਣੇ ਬਲਦ ਵਾਂਗ ਹੀ ਉਸੇ ਦਿਸ਼ਾ ਅਤੇ ਉਸੇ ਗਤੀ ਨਾਲ ਚੱਲਣ ਲਈ ਮਜ਼ਬੂਰ ਹੁੰਦਾ ਹੈ। ਯਿਸੂ ਦੇ ਜੂਲੇ ਨੂੰ ਆਪਣੇ ਉਪਰ ਚੁੱਕਣ ਦਾ ਇਹੀ ਅਰਥ ਹੈ। ਸਾਨੂੰ ਯਿਸੂ ਦੇ ਨਾਲ ਉਸੇ ਰਾਹ 'ਤੇ ਚੱਲਣਾ ਪਵੇਗਾ ਜੋ ਉਸਨੂੰ ਪ੍ਰਸੰਨ ਕਰਦਾ ਹੈ, ਕਦੇ ਵੀ ਉਸਦੀ ਅਗਵਾਈ ਤੋਂ ਬਿਨਾਂ ਕੁੱਝ ਕਰਨ ਲਈ ਅੱਗੇ ਨਹੀਂ ਵਧਣਾ ਚਾਹੀਦਾ, ਨਾ ਹੀ ਜਦੋਂ ਉਹ ਸਾਨੂੰ ਆਗਿਆਕਾਰੀ ਦੇ ਨਵੇਂ ਕਦਮ ਪੁੱਟਣ ਲਈ ਬੁਲਾਉਂਦਾ ਹੈ ਸਾਨੂੰ ਪਿੱਛੇ ਹੱਟਣਾ ਚਾਹੀਦਾ ਹੈ। ਬਹੁਤ ਘੱਟ ਲੋਕ ਜੂਲਾ ਚੁੱਕਣ ਦੇ ਇਸ ਅਰਥ ਨੂੰ ਸਮਝਦੇ ਹਨ। ਕੁੱਝ ਅਜੇ ਵੀ ਇਸਨੂੰ ਸਵੀਕਾਰ ਕਰਨ ਦੀ ਇੱਛਾ ਰੱਖਦੇ ਹਨ। ਬਲਦ ਨੂੰ ਉਸਦੀ ਗਰਦਨ 'ਤੇ ਜੂਲਾ ਚੁੱਕਣ ਲਈ ਇਸਦੇ ਮਾਲਕ ਦੁਆਰਾ ਮਜ਼ਬੂਰ ਕੀਤਾ ਜਾਂਦਾ ਹੈ। ਪਰ ਯਿਸੂ ਸਾਨੂੰ ਸੱਦਾ ਦਿੰਦਾ ਹੈ। ਇੱਥੇ ਸਾਨੂੰ ਕੋਈ ਮਜ਼ਬੂਰੀ ਨਹੀਂ ਹੈ। ਅਸੀਂ ਕਿੰਨੇ ਮੂਰਖ ਹਾਂ ਜੋ ਇਸ ਸੱਦੇ ਨੂੰ ਅਸਵੀਕਾਰ ਕਰ ਦਿੰਦੇ ਹਾਂ। ਅਸੀਂ ਯਿਸੂ ਦੇ ਹਲਕੇ ਜੂਲੇ ਦੀ ਬਜਾਏ ਜੋ ਸੱਚੀ ਆਜਾਦੀ ਅਤੇ ਗਹਿਰਾ ਆਰਾਮ ਲਿਆਉਂਦਾ ਹੈ ਆਪਣੀ ਖੁਦ ਦੀ ਇੱਛਾ ਸ਼ਕਤੀ ਦੇ ਭਾਰੀ ਜੂਲੇ ਨੂੰ, ਇਸਦੇ ਨਾਲ ਆਉਣ ਵਾਲੀਆਂ ਨਿਰਾਸ਼ਾਵਾਂ, ਹਾਰਾਂ ਅਤੇ ਪਛਤਾਵੇ ਨਾਲ ਚੁੱਕਣਾ ਪਸੰਦ ਕਰਾਂਗੇ।

ਅਸੀਂ ਹਨੋਕ ਬਾਰੇ ਪੜ੍ਹਦੇ ਹਾਂ, "ਜੋ ਪਰਮੇਸ਼ਰ ਦੇ ਨਾਲ-ਨਾਲ ਚੱਲਿਆ (ਉੱਤਪਤੀ 5:22)- ਭਾਵ ਉਹ ਨਾ ਤਾਂ ਅੱਗੇ ਵਧਿਆ ਨਾ ਹੀ ਪਿੱਛੇ ਰਿਹਾ ਸਗੋਂ ਤਿੰਨ ਸੌ ਸਾਲਾਂ ਤੱਕ ਜੂਲੇ ਹੇਠ ਰਹਿ ਕੇ ਪਰਮੇਸ਼ਰ ਦੇ ਨਿਰਧਾਰਤ ਮਾਰਗ 'ਤੇ ਚੱਲਿਆ। ਨਤੀਜੇ ਵਜੋਂ ਪਰਮੇਸ਼ਰ ਨੇ ਗਵਾਹੀ ਦਿੱਤੀ ਕਿ ਉਹ ਹਨੋਕ ਦੇ ਜੀਵਨ ਤੋਂ ਖੁਸ਼ ਸੀ (ਇਬਰਾਨੀਆਂ 11:5)। ਇਹੀ ਇੱਕ ਮਾਰਗ ਜਿਸ 'ਤੇ ਚੱਲ ਕੇ ਅਸੀਂ ਪਰਮੇਸ਼ਰ ਨੂੰ ਖੁਸ਼ ਕਰਦੇ ਹਾਂ-ਉਸਦੇ ਜੂਲੇ ਹੇਠ ਰਹਿ ਕੇ ਅਤੇ ਉਸਦੀ ਸੰਪੂਰਨ ਇੱਛਾ ਵਿੱਚ ਚੱਲ ਕੇ। ਸਿਰਫ਼ ਇਸ ਤਰ੍ਹਾਂ ਹੀ ਅਸੀਂ ਉਸਦੇ ਸਾਹਮਣੇ ਬਿਨਾਂ ਪਛਤਾਵੇ ਦੇ ਖੜ੍ਹੇ ਹੋਵਾਂਗੇ ਜਦੋਂ ਉਹ ਦੁਬਾਰਾ ਆਵੇਗਾ।

ਇਹ ਸੰਭਵ ਹੈ ਕਿ ਇੱਕ ਵਿਸ਼ਵਾਸ਼ੀ ਆਪਣੇ ਜੀਵਨ ਲਈ ਪਰਮੇਸ਼ਰ ਦੀ ਸਿੱਧ ਇੱਛਾ ਨੂੰ ਸਮਝ ਨਾ ਸਕੇ। ਸ਼ਾਊਲ ਨੂੰ ਪਰਮੇਸ਼ਰ ਨੇ ਇਜ਼ਰਾਇਲ ਦਾ ਰਾਜਾ ਚੁਣਿਆ ਸੀ ਪਰ ਅੰਤ ਵਿੱਚ ਉਸਦੀ ਬੇਸਬਰੀ ਅਤੇ ਅਣਆਗਿਆਕਾਰੀ ਦੇ ਨਤੀਜੇ ਵਜੋਂ ਪਰਮੇਸ਼ਰ ਨੂੰ ਉਸਨੂੰ ਅਸਵੀਕਾਰ ਕਰਨਾ ਪਿਆ। ਇਹ ਸੱਚ ਹੈ ਕਿ ਕੁੱਝ ਸਾਲਾਂ ਲਈ ਹੋਰ ਸਿੰਘਾਸਨ 'ਤੇ ਰਿਹਾ ਪਰ ਉਹ ਆਪਣੀ ਜਿੰਦਗੀ ਲਈ ਪਰਮੇਸ਼ਰ ਦੀ ਇੱਛਾ ਤੋਂ ਖੁੰਝ ਗਿਆ ਸੀ। ਸੁਲੇਮਾਨ ਇਸਦੀ ਇੱਕ ਹੋਰ ਉਦਾਹਰਨ ਹੈ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਪਰ ਬਾਅਦ ਵਿੱਚ ਮੂਰਤੀ-ਪੂਜਕ ਔਰਤਾਂ ਨਾਲ ਵਿਆਹ ਕਰਕੇ ਉਹ ਦੂਰ ਹੋ ਗਿਆ। ਨਵੇਂ ਨੇਮ ਵਿੱਚ ਦੋ ਵਾਰ ਸਾਨੂੰ ਉਜਾੜ ਵਿੱਚ ਮਾਰੇ ਗਏ ਇਜ਼ਰਾਲੀਆਂ ਦੀ ਉਦਾਹਰਣ ਤੋਂ ਚੇਤਾਵਨੀ ਲੈਣ ਲਈ ਕਿਹਾ ਗਿਆ ਹੈ। ਉਹ ਕਨਾਨ ਦੇਸ਼ ਵਿੱਚ ਪ੍ਰਵੇਸ਼ ਕਰਨ, ਇਹ ਪਰਮੇਸ਼ਰ ਦੀ ਉਹਨਾਂ ਲਈ ਸਿੱਧ ਇੱਛਾ ਸੀ। ਪਰ ਦੋ ਜਣਿਆ ਤੋਂ ਵਗੈਰ ਸਭ ਆਪਣੇ ਅਵਿਸ਼ਵਾਸ਼ ਅਤੇ ਅਣਆਗਿਆਕਾਰੀ ਦੇ ਕਾਰਨ ਇਸ ਤੋਂ ਖੁੰਝ ਗਏ (1 ਕੁਰੰਥੀਆ 10:1-12; ਇਬਰਾਨੀਆਂ 3:7-14)। ਇਸ ਤਰ੍ਹਾਂ ਬਹੁਤ ਸਾਰੇ ਵਿਸ਼ਵਾਸ਼ੀ ਅਣਆਗਿਕਾਰੀ ਅਤੇ ਸਮਝੌਤਾ ਕਰਕੇ ਆਪਣੇ ਜੀਵਨ ਵਿੱਚ ਖਾਸ ਕਰਕੇ ਵਿਆਹ ਵਿੱਚ ਜਾਂ ਕੈਰਿਅਰ ਦੀ ਚੋਣ ਕਰਨ ਵਿੱਚ, ਉਹ ਪਰਮੇਸ਼ਰ ਦੀ ਸਿੱਧ ਇੱਛਾ ਤੋਂ ਖੁੰਝ ਚੁੱਕੇ ਹਨ।

ਸਾਡੇ ਸਭ ਕੋਲ ਇੱਕ ਹੀ ਜੀਵਨ ਹੈ। "ਧੰਨ ਹੈ ਉਹ ਆਦਮੀ ਜੋ ਪੌਲੁਸ ਦੀ ਤਰ੍ਹਾਂ ਅੰਤ ਵਿੱਚ ਇਹ ਕਹਿ ਸਕਦਾ ਹੈ ਕਿ ਉਸਨੇ ਪਰਮੇਸ਼ਰ ਦੇ ਦਿੱਤੇ ਨਿਰਧਾਰਤ ਕਾਰਜ ਨੂੰ ਪੂਰਾ ਕੀਤਾ" (2 ਤਿਮੋਥਿਉਸ 4:7)

"ਦੁਨੀਆ ਅਤੇ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਦੁਨੀਆ ਵਿੱਚ ਲੋਕ ਚਾਹੁੰਦੇ ਹਨ, ਵਿਨਾਸ਼ਮਾਨ ਹਨ। ਪਰ ਉਹ ਇੱਕ ਜਿਹੜਾ ਪਰਮੇਸ਼ਰ ਨੂੰ ਮੰਨਦਾ ਹੈ ਸਦਾ ਜਿਉਂਦਾ ਹੈ" (1 ਯੂਹੰਨਾ 2:17)।

"ਇਸ ਲਈ ਇਸ ਗੱਲੋਂ ਬਹੁਤ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ, ਗਿਆਨਹੀਨ ਬੰਦਿਆਂ ਦੇ ਵਾਂਗ ਨਾ ਜੀਵੋ। ਸਗੋਂ ਗਿਆਨਵਾਨ ਬਣ ਕੇ ਜਿਓ। ਮੇਰਾ ਭਾਵ ਇਹ ਹੈ ਕਿ ਤੁਹਾਨੂੰ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। ਇਸ ਲਈ ਮੂਰਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਕੋਲੋ ਕਰਵਾਉਣੀਆਂ ਚਾਹੁੰਦਾ ਹੈ" (ਅਫ਼ਸੀਆਂ 5:15-17)।