ਲੇਖ :   ਜ਼ੈਕ ਪੂਨੇਨ ਸ਼੍ਰੇਣੀਆਂ :   ਘਰ ਚਰਚ ਚੇਲੇ
WFTW Body: 

ਸਾਡੀਆਂ CFC ਕਲੀਸਿਯਾਵਾਂ ਵਿੱਚ, ਅਸੀਂ ਇਹ ਪ੍ਰਚਾਰ ਨਹੀਂ ਕਰਦੇ ਕਿ ਮਰਨ ਤੋਂ ਬਾਅਦ ਸਵਰਗ ਕਿਵੇਂ ਜਾਣਾ ਹੈ? ਯਿਸੂ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਅਸੀਂ ਜਾ ਕੇ ਹਰ ਕੌਮ ਵਿੱਚ ਚੇਲੇ ਬਣਾਈਏ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਸਿਖਾਈਏ ਜੋ ਉਸ ਨੇ ਹੁਕਮ ਦਿੱਤਾ ਹੈ ਨਾ ਕਿ ਕੇਵਲ ਨਰਕ ਤੋਂ ਬਚ ਕੇ ਸਵਰਗ ਜਾਣ ਬਾਰੇ ਸਿਖਾਈਏ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਸੁਸਮਾਚਾਰ ਦਾ ਬਹੁਤਾ ਪ੍ਰਚਾਰ ਇਸੇ ਗੱਲ 'ਤੇ ਕੇਂਦਰਿਤ ਹੈ ਕਿ ਮੌਤ ਤੋਂ ਬਾਅਦ ਸਵਰਗ ਕਿਵੇਂ ਪ੍ਰਾਪਤ ਕਰਨਾ ਹੈ? ਮੈਂ ਇਸ ਤਰ੍ਹਾਂ ਦੇ ਸੁਸਮਾਚਾਰ ਦਾ ਪ੍ਰਚਾਰ ਨਹੀਂ ਕਰਦਾ ਕਿਉਂਕਿ ਲੋਕਾਂ ਨੂੰ ਸਵਰਗ ਵਿੱਚ ਪਹੁੰਚਾਉਣਾ ਮੇਰਾ ਕੰਮ ਨਹੀਂ ਹੈ। ਇਹ ਪਰਮੇਸ਼ੁਰ ਦਾ ਕੰਮ ਹੈ। ਮੈਂ ਇੱਥੇ ਧਰਤੀ 'ਤੇ ਯਿਸੂ ਮਸੀਹ ਲਈ ਚੇਲੇ ਬਣਾਉਣ ਦਾ ਯਤਨ ਕਰਦਾ ਹਾਂ ਅਤੇ ਫੇਰ ਉਨ੍ਹਾਂ ਨੂੰ ਯਿਸੂ ਦੇ ਹਰ ਹੁਕਮ ਦੀ ਪਾਲਣਾ ਕਰਨੀ ਸਿਖਾਉਂਦਾ ਹਾਂ। ਮੱਤੀ 28:18-20ਵਿੱਚ ਪ੍ਰਭੂ ਨੇ ਸਾਨੂੰ ਇਹ ਜ਼ਿੰਮੇਵਾਰੀ ਬਹੁਤ ਸਪਸ਼ਟ ਤੌਰ 'ਤੇ ਸੌਂਪੀ ਹੈ। ਅਤੇ ਪਿਛਲੇ 50 ਸਾਲਾਂ ਤੋਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਾਡੀਆਂ CFC ਕਲੀਸਿਯਾਵਾਂ ਵਿੱਚ ਇਹੀ ਕਰਨ ਦਾ ਯਤਨ ਕੀਤਾ ਗਿਆ ਹੈ।

ਮੇਰੇ ਲਈ ਸੁਸਮਾਚਾਰ ਦਾ ਅਰਥ ਹੈ ਕਿ ਅਸੀਂ ਧਰਤੀ ਉੱਤੇ ਯਿਸੂ ਮਸੀਹ ਦੇ ਚੇਲੇ ਕਿਵੇਂ ਬਣੀਏ ਅਤੇ ਹਰ ਰੋਜ਼ ਉਸ ਦੇ ਪਿੱਛੇ ਕਿਵੇਂ ਚੱਲੀਏ। ਯਿਸੂ ਨੇ ਕਿਹਾ ਕਿ ਇੱਕ ਭੀੜਾ ਫਾਟਕ ਅਤੇ ਔਖਾ ਰਾਹ ਹੈ ਜੋ ਜੀਵਨ ਵੱਲ ਲੈ ਜਾਂਦਾ ਹੈ (ਮੱਤੀ7:14)। ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਕੇ ਅਤੇ ਮਸੀਹ ਦੀ ਮੌਤ ਤੇ ਜੀ ਉੱਠਣ ਉੱਤੇ ਭਰੋਸਾ ਰੱਖ ਕੇ ਉਸ ਭੀੜੇ ਫਾਟਕ ਵਿੱਚ ਦਾਖਲ ਹੁੰਦੇ ਹਾਂ। ਫਿਰ ਸਾਨੂੰ ਹਰ ਰੋਜ਼ ਆਪਣੀ ਸਲੀਬ ਚੁੱਕਣ, ਆਪਣੇ ਆਪ ਦਾ ਇਨਕਾਰ ਕਰਨ, ਆਪਣੇ ਜੀਵਨ ਵਿੱਚ ਮਸੀਹ ਨੂੰ ਪਹਿਲਾ ਸਥਾਨ ਦੇਣ ਅਤੇ ਉਸ ਦੇ ਪਿੱਛੇ ਚੱਲਣ ਦੁਆਰਾ ਉਸ ਔਖੇ ਰਾਹ ਉੱਤੇ ਤੁਰਨ ਦਾ ਸੱਦਾ ਦਿੱਤਾ ਗਿਆ ਹੈ। ਇਹੀ ਜੀਵਨ ਅਤੇ ਸ਼ਾਗਿਰਦੀ ਦਾ ਉਹ ਰਾਹ ਹੈ ਜਿਸ ਬਾਰੇ ਯਿਸੂ ਨੇ ਉਪਰੋਕਤ ਆਇਤ ਵਿੱਚ ਸਿਖਾਇਆ ਹੈ। ਇਹੀ ਅਨੰਤ ਜੀਵਨ ਦਾ ਰਾਹ ਹੈ ਜੋ ਅਸੀਂ ਆਪਣੀਆਂ ਸਾਰੀਆਂ ਕਲੀਸਿਯਾਵਾਂ ਵਿੱਚ ਸਿਖਾਉਂਦੇ ਹਾਂ।

ਸ਼ਾਗਿਰਦੀ ਦੇ ਸੰਬੰਧ ਵਿੱਚ, ਯਿਸੂ ਨੇ ਲੂਕਾ 14:26 ਵਿੱਚ ਕਿਹਾ, "ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਪਿਤਾ,ਮਾਤਾ,ਪਤਨੀ,ਬੱਚਿਆਂ,ਭਰਾਵਾਂ,ਭੈਣਾਂ ਅਤੇ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। " ਤੁਸੀਂ ਕਿੰਨੀ ਵਾਰ ਕਿਸੇ ਨੂੰ ਇਹ ਪ੍ਰਚਾਰ ਕਰਦਿਆਂ ਸੁਣਿਆ ਹੈ ਕਿ ਸਾਨੂੰ ਆਪਣੇ ਪਿਆਰਿਆਂ ਨਾਲੋਂ ਯਿਸੂ ਨੂੰ ਵੱਧ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਯਿਸੂ ਨੇ ਇਸ ਆਇਤ ਵਿੱਚ ਕਿਹਾ ਹੈ? ਇਹ ਪ੍ਰਭੂ ਯਿਸੂ ਦਾ ਚੇਲਾ ਬਣਨ ਦੀ ਪਹਿਲੀ ਸ਼ਰਤ ਹੈ। ਯਿਸੂ ਨੇ ਸਾਨੂੰ ਹਰ ਥਾਂ ਚੇਲੇ ਬਣਾਉਣ ਦਾ ਹੁਕਮ ਦਿੱਤਾ ਹੈ ਨਾ ਕਿ ਕੇਵਲ ਧਰਮ-ਪਰਿਵਰਤਨ ਕਰਵਾਉਣ ਦਾ। ਇਸ ਲਈ, ਜੇ ਅਸੀਂ ਸੱਚੇ ਚੇਲੇ ਬਣਾਉਣੇ ਹਨ ਤਾਂ ਹੋਰ ਕੁਝ ਸਿਖਾਉਣ ਤੋਂ ਪਹਿਲਾਂ ਸਾਨੂੰ ਸ਼ਾਗਿਰਦੀ ਦੀ ਇਸ ਪਹਿਲੀ ਸ਼ਰਤ ਨੂੰ ਸਿਖਾਉਣਾ ਪਵੇਗਾ।

ਜਦੋਂ ਕੋਈ ਬੱਚਾ ਸਕੂਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਭੌਤਿਕ ਵਿਗਿਆਨ ਜਾਂ ਰਸਾਇਣ ਵਿਗਿਆਨ ਨਹੀਂ ਸਿਖਾਇਆ ਜਾਂਦਾ। ਨਹੀਂ। ਸਭ ਤੋਂ ਪਹਿਲਾਂ ਉਸ ਨੂੰ ਵਰਣਮਾਲਾ ਏ.ਬੀ.ਸੀ. ਸਿਖਾਈ ਜਾਂਦੀ ਹੈ। ਇਸੇ ਤਰ੍ਹਾਂ, ਜੋ ਸਾਡੀ ਕਲੀਸਿਯਾ ਵਿੱਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸ਼ਾਗਿਰਦੀ ਦੀ ਵਰਣਮਾਲਾ ਸਿਖਾਈ ਜਾਣੀ ਚਾਹੀਦੀ ਹੈ ਕਿ ਯਿਸੂ ਨੂੰ ਸਭ ਤੋਂ ਵੱਧ ਪਿਆਰ ਕਰਨਾ। ਜੋ ਇਸ ਸ਼ਰਤ ਨੂੰ ਪੂਰਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਸ਼ੁਰੂ ਵਿੱਚ ਹੀ ਸਪਸ਼ਟ ਦੱਸ ਦੇਣਾ ਚਾਹੀਦਾ ਹੈ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਚੇਲੇ ਨਹੀਂ ਬਣ ਸਕਦੇ। ਅਤੇ ਚੇਲਿਆਂ ਦੀ ਕੋਈ ਦੂਜੀ ਸ਼੍ਰੇਣੀ ਨਹੀਂ ਹੈ। ਚੇਲਿਆਂ ਦੀ ਸਿਰਫ਼ ਇੱਕੋ ਸ਼੍ਰੇਣੀ ਹੈ ਜੋ "ਪਿਤਾ,ਮਾਤਾ,ਭਰਾ,ਭੈਣ,ਪਤਨੀ,ਬੱਚਿਆਂ ਅਤੇ ਆਪਣੀ ਜਾਨ ਨਾਲੋਂ ਯਿਸੂ ਨੂੰ ਵੱਧ ਪਿਆਰ ਕਰਦੇ ਹਨ।"(ਲੂਕਾ14:26)

ਅਸੀਂ ਯਿਸੂ ਦੀ ਇਸ ਮੰਗ ਨੂੰ ਪਵਿੱਤਰ ਸ਼ਾਸਤਰ ਦੇ ਹੋਰ ਹੁਕਮਾਂ ਨਾਲ ਕਿਵੇਂ ਮਿਲਾ ਸਕਦੇ ਹਾਂ, "ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰੋ" ਅਤੇ "ਆਪਣੀ ਪਤਨੀ ਨੂੰ ਇਵੇਂ ਪਿਆਰ ਕਰੋ ਜਿਵੇਂ ਮਸੀਹ ਨੇ ਕਲੀਸਿਯਾ ਨੂੰ ਪਿਆਰ ਕੀਤਾ" ਅਤੇ ਆਪਣੇ ਬੱਚਿਆਂ, ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰੋ?

ਯਿਸੂ ਅਕਸਰ ਆਪਣੇ ਸੰਦੇਸ਼ਾਂ ਵਿੱਚ ਗੱਲ ਸਪਸ਼ਟ ਕਰਨ ਲਈ ਦ੍ਰਿਸ਼ਟਾਂਤ ਵਰਤਦਾ ਸੀ। ਇਸ ਲਈ, ਮੈਂ ਪਿਆਰ ਅਤੇ ਵੈਰ ਦੇ ਇਨ੍ਹਾਂ ਵਿਰੋਧੀ ਲੱਗਦੇ ਹੁਕਮਾਂ ਨੂੰ ਸਮਝਣ ਲਈ ਕੋਈ ਦ੍ਰਿਸ਼ਟਾਂਤ ਲੱਭਣ ਦਾ ਯਤਨ ਕੀਤਾ ਅਤੇ ਇਸ ਦ੍ਰਿਸ਼ਟਾਂਤ ਨਾਲ ਇਹ ਗੱਲ ਸਪਸ਼ਟ ਸਮਝ ਆਉਂਦੀ ਹੈ ਕਿ ਮੈਂ ਆਪਣੇ ਪਿਤਾ, ਮਾਤਾ, ਪਤਨੀ, ਬੱਚਿਆਂ, ਭਰਾਵਾਂ ਅਤੇ ਭੈਣਾਂ ਲਈ ਆਪਣੇ ਪਿਆਰ ਦੀ ਤੁਲਨਾ ਤਾਰਿਆਂ ਦੀ ਰੋਸ਼ਨੀ ਨਾਲ ਕਰਦਾ ਹਾਂ ਜੋ ਬਿਨਾਂ ਕਿਸੇ ਹਨੇਰੇ ਦੇ ਚਮਕੀਲੀ ਅਤੇ ਸਾਫ਼ ਹੈ ਇਹ ਉਸ ਪਿਆਰ ਦੀ ਤਸਵੀਰ ਹੈ ਜੋ ਸਾਡੇ ਦਿਲ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਲਈ ਹੋਣਾ ਚਾਹੀਦਾ ਹੈ। ਪਰ ਸਵੇਰ ਨੂੰ, ਜਦੋਂ ਸੂਰਜ ਚੜ੍ਹਦਾ ਹੈ ਤਾਰੇ ਅਦ੍ਰਿਸ਼ ਹੋ ਜਾਂਦੇ ਹਨ। ਉਹ ਉੱਥੇ ਮੌਜੂਦ ਤਾਂ ਹੁੰਦੇ ਹਨ ਪਰ ਸਾਨੂੰ ਦਿਖਾਈ ਨਹੀਂ ਦਿੰਦੇ। ਇਸੇ ਤਰ੍ਹਾਂ, ਮਸੀਹ ਲਈ ਮੇਰਾ ਪਿਆਰ ਸੂਰਜ ਦੀ ਰੋਸ਼ਨੀ ਵਾਂਗ ਹੋਣਾ ਚਾਹੀਦਾ ਹੈ ਜਿਸ ਦੀ ਰੋਸ਼ਨੀ ਵਿੱਚ ਮੇਰੇ ਪਰਿਵਾਰਕ ਮੈਂਬਰਾਂ ਲਈ ਪਿਆਰ ਮਹੱਤਵਹੀਣ ਜਿਹਾ ਲੱਗਣ ਲੱਗਦਾ ਹੈ। ਮੇਰੇ ਪਰਿਵਾਰਕ ਮੈਂਬਰਾਂ ਲਈ ਪਿਆਰ ਅਜੇ ਵੀ ਮੌਜੂਦ ਹੈ (ਜਿਵੇਂ ਸਵੇਰੇ ਤਾਰੇ ਅਜੇ ਵੀ ਮੌਜੂਦ ਹੁੰਦੇ ਹਨ)। ਮਸੀਹ ਲਈ ਮੇਰਾ ਪ੍ਰੇਮ ਇੰਨਾ ਸੰਪੂਰਨ ਹੈ ਕਿ ਉਹੀ ਉਹ ਸਰੋਤ ਬਣ ਗਿਆ ਹੈ ਜਿਸ ਰਾਹੀਂ ਮੈਂ ਹਰ ਕਿਸੇ ਨਾਲ ਪਿਆਰ ਕਰਦਾ ਹਾਂ। ਇਸ ਦਾ ਇਹ ਅਰਥ ਨਹੀਂ ਕਿ ਮੇਰੀ ਪਤਨੀ, ਮਾਪਿਆਂ ਜਾਂ ਕਿਸੇ ਪਿਆਰੇ ਵਿਅਕਤੀ ਲਈ ਮੇਰਾ ਪ੍ਰੇਮ ਘੱਟ ਹੋ ਗਿਆ ਹੈ ਬਲਕਿ ਹੁਣ ਉਹ ਪ੍ਰੇਮ ਮਸੀਹ ਲਈ ਮੇਰੇ ਪ੍ਰੇਮ ਰਾਹੀਂ ਵਗਦਾ ਹੈ ਅਤੇ ਉਸ ਤੋਂ ਕਦੇ ਵੱਖਰਾ ਨਹੀਂ ਹੁੰਦਾ। ਮੈਂ ਕਿਸੇ ਨੂੰ ਵੀ, ਭਾਵੇਂ ਉਹ ਮੇਰੇ ਕਿੰਨਾ ਹੀ ਨੇੜੇ ਹੋਵੇ, ਆਪਣੇ ਅਤੇ ਮਸੀਹ ਦੇ ਵਿਚਕਾਰ ਆਉਣ ਨਹੀਂ ਦੇਵਾਂਗਾ। ਇਸ ਦੀ ਬਜਾਏ, ਮੈਂ ਉਨ੍ਹਾਂ ਨਾਲ ਹੋਰ ਵੀ ਪੂਰਨਤਾ ਨਾਲ ਪਿਆਰ ਕਰਾਂਗਾ, ਕਿਉਂਕਿ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਨਾਲ ਮਸੀਹ ਰਾਹੀਂ ਪਿਆਰ ਕਰਦਾ ਹਾਂ।

ਯਿਸੂ ਨੇ ਕਿਹਾ, "ਮੈਂ ਆਪਣੀ ਕਲੀਸਿਯਾ ਬਣਾਵਾਂਗਾ।" ਕੇਵਲ ਉਹੀ ਇਸ ਨੂੰ ਬਣਾ ਸਕਦਾ ਹੈ। ਅਸੀਂ ਤਾਂ ਸਿਰਫ਼ ਉਸ ਦੇ ਸਰੀਰ ਦੇ ਅੰਗ ਹਾਂ-ਕੋਈ ਜੀਭ ਵਾਂਗ ਹੈ, ਕੋਈ ਹੱਥ ਵਾਂਗ ਅਤੇ ਕੋਈ ਲੱਤ ਵਾਂਗ। ਕੁਝ ਵਿਸ਼ਵਾਸੀ, ਜੋ ਇੰਨੇ ਪ੍ਰਮੁੱਖ ਨਹੀਂ ਦਿਸਦੇ, ਸਰੀਰ ਦੇ ਲੁਕੇ ਹੋਏ ਅੰਗਾਂ ਵਾਂਗ ਹਨ। ਪਰ ਮਸੀਹ ਹੀ ਸਿਰ ਹੈ, ਜੋ ਆਪਣੇ ਸਰੀਰ ਨੂੰ ਬਣਾਉਂਦਾ ਹੈ। ਅਸੀਂ ਕੇਵਲ ਆਪਣੇ ਆਪ ਨੂੰ ਉਸ ਦੇ ਅਧੀਨ ਹੋਣ, ਉਸ ਦੁਆਰਾ ਨਿਯੰਤਰਿਤ ਹੋਣ ਅਤੇ ਉਸ ਦੇ ਸਰੀਰ ਦੇ ਅੰਗਾਂ ਵਜੋਂ ਵਰਤੇ ਜਾਣ ਲਈ ਉਸ ਨੂੰ ਸਮਰਪਿਤ ਕਰ ਸਕਦੇ ਹਾਂ। ਹੱਥ ਅਤੇ ਲੱਤਾਂ ਆਪਣੇ ਆਪ ਕੁਝ ਨਹੀਂ ਕਰ ਸਕਦੇ। ਸਿਰ ਭਾਵ ਬੁੱਧੀ ਹੱਥ ਨੂੰ ਦੱਸਦੀ ਹੈ ਕਿ ਕੀ ਕਰਨਾ ਹੈ? ਅਤੇ ਲੱਤਾਂ ਨੂੰ ਦੱਸਦੀ ਹੈ ਕਿ ਕਿੱਥੇ ਜਾਣਾ ਹੈ? ਇਸੇ ਤਰ੍ਹਾਂ ਅਸੀਂ ਮਸੀਹ ਦੇ ਅਧੀਨ ਰਹਿਣਾ ਹੈ। ਇਸੇ ਤਰ੍ਹਾਂ ਮਸੀਹ ਦਾ ਸਰੀਰ ਬਣਦਾ ਅਤੇ ਕੰਮ ਕਰਦਾ ਹੈ। ਅਸੀਂ ਇਸੇ ਗੱਲ 'ਤੇ ਜ਼ੋਰ ਦੇਣ ਦੀ ਕੋਸ਼ਿਸ਼ ਕੀਤੀ ਹੈ।

ਪਰ ਜਦੋਂ ਪਰਮੇਸ਼ੁਰ ਕਿਸੇ ਵਿਅਕਤੀ ਨੂੰ ਥੋੜ੍ਹਾ ਜਿਹਾ ਵਰਤਣਾ ਸ਼ੁਰੂ ਕਰਦਾ ਹੈ ਅਤੇ ਉਹ ਕਿਸੇ ਸਥਾਨ ਉੱਤੇ ਮਸੀਹ ਦੇ ਸਰੀਰ ਨੂੰ ਉਸਰਦੇ ਹੋਏ ਵੇਖਦਾ ਹੈ, ਤਾਂ ਸਭ ਤੋਂ ਵੱਡਾ ਖ਼ਤਰਾ ਆਤਮਿਕ ਘਮੰਡ ਦਾ ਹੁੰਦਾ ਹੈ। ਜਦੋਂ ਪਰਮੇਸ਼ੁਰ ਸਾਨੂੰ ਅਸੀਸ ਦਿੰਦਾ ਹੈ ਤਾਂ ਘਮੰਡ ਬਿਲਕੁਲ ਨੇੜੇ ਹੀ ਘਾਤ ਲਗਾ ਕੇ ਬੈਠਾ ਹੁੰਦਾ ਹੈ। ਅਸੀਂ ਇਹ ਸੋਚਣਾ ਸ਼ੁਰੂ ਕਰ ਸਕਦੇ ਹਾਂ ਕਿ ਉਸ ਸਥਾਨਕ ਕਲੀਸਿਯਾ ਨੂੰ ਅਸੀਂ ਬਣਾਇਆ ਹੈ ਜਾਂ ਉਹਨਾਂ ਲੋਕਾਂ ਨੂੰ ਮਸੀਹ ਕੋਲ ਅਸੀਂ ਹੀ ਲਿਆਏ ਹਾਂ। ਪਰ ਜਦੋਂ ਪਰਮੇਸ਼ੁਰ ਦਾ ਕੋਈ ਸੇਵਕ ਜਾਂ ਕੋਈ ਕਲੀਸਿਯਾ ਘਮੰਡੀ ਹੋ ਜਾਂਦੀ ਹੈ ਤਾਂ ਪਰਮੇਸ਼ੁਰ ਤੁਰੰਤ ਉਸ ਵਿਅਕਤੀ ਅਤੇ ਉਸ ਕਲੀਸਿਯਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ ਹੈ।

ਆਓ ਅਸੀਂ ਸਭ ਪਰਮੇਸ਼ੁਰ ਦਾ ਭੈ ਮੰਨੀਏ ਅਤੇ ਹਰ ਰੋਜ਼ ਉਸ ਦੇ ਆਤਮਾ ਦੀ ਸ਼ਕਤੀ ਦੀ ਖੋਜ ਕਰੀਏ ਤਾਂ ਜੋ ਅਸੀਂ ਆਪਣੇ ਜੀਵਨ ਰਾਹੀਂ ਪਰਮੇਸ਼ੁਰ ਦੀ ਮਹਿਮਾ ਕਰ ਸਕੀਏ ਅਤੇ ਇਨ੍ਹਾਂ ਆਖਰੀ ਦਿਨਾਂ ਵਿੱਚ ਉਸ ਦੀ ਕਲੀਸਿਯਾ ਨੂੰ ਉਸਾਰ ਸਕੀਏ।

ਆਮੀਨ।