WFTW Body: 

ਯਿਸੂ ਮਤੀ 6: 5-8 ਵਿੱਚ ਪ੍ਰਾਰਥਨਾ ਦੇ ਗਲਤ ਤਰੀਕਿਆਂ ਬਾਰੇ ਦੱਸਦੇ ਹਨ ਜਿਵੇਂ ਕਿ ਕਪਟੀਆਂ ਵਾਂਗ ਨਾ ਕਰਨਾ, ਅਰਥਹੀਣ ਦੁਹਰਾਓ ਨਾ ਕਰਨਾ, ਨਾ ਹੀ ਪ੍ਰਾਰਥਨਾ ਨੂੰ ਲੰਮਾ ਕਰਨਾ, ਪਰ ਇਹ ਜਾਣਦੇ ਹੋਏ ਪ੍ਰਾਰਥਨਾ ਕਰਨਾ ਕਿ ਸਾਡਾ ਸਵਰਗੀ ਪਿਤਾ ਸਾਡੀ ਜ਼ਰੂਰਤ ਬਾਰੇ ਪਹਿਲਾਂ ਹੀ ਜਾਣਦਾ ਹੈ। ਇਸ ਤੋਂ ਬਾਅਦ ਯਿਸੂ ਨੇ ਸਾਨੂੰ ਸਿਖਾਇਆ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। ਜਦੋਂ ਮੈਂ ਮਸੀਹੀਆਂ ਦੀ ਜ਼ਿੰਦਗੀ ਨੂੰ ਵਾਚਦਾ ਹਾਂ ਤਾਂ ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਬਹੁਤ ਘੱਟ ਲੋਕ ਯਿਸੂ ਦੇ ਇਹਨਾਂ ਸਾਧਾਰਨ ਸ਼ਬਦਾਂ ਵੱਲ ਧਿਆਨ ਦਿੰਦੇ ਹਨ ਜਿਸਨੂੰ ਕਿ ਬੱਚਾ ਵੀ ਆਸਾਨੀ ਸਮਝ ਸਕਦਾ ਹੈ। ਪ੍ਰਾਰਥਨਾ ਕਿਵੇਂ ਕਰਨੀ ਹੈ ਅਤੇ ਕਿਵੇਂ ਨਹੀਂ ਕਰਨੀ, ਯਿਸੂ ਨੇ ਸਾਨੂੰ ਦੋਵੇਂ ਗੱਲਾਂ ਸਿਖਾਈਆਂ ਪਰ ਅਫ਼ਸੋਸ, ਦੋਵਾਂ ਨੂੰ ਹੀ ਬਹੁਤੇ ਲੋਕਾਂ ਨੇ ਗੰਭੀਰਤਾ ਨਾਲ ਨਹੀਂ ਲਿਆ।

ਉਹ ਸਾਨੂੰ ਅੰਨ੍ਹੇਵਾਹ ਦੁਹਰਾਹ ਕੇ ਪ੍ਰਾਰਥਨਾ ਕਰਨ ਨੂੰ ਨਹੀਂ ਕਹਿ ਰਿਹਾ ਹੈ। ਜੇਕਰ ਤੁਸੀਂ ਸਮਝ ਕੇ ਦਿਲੋਂ ਪ੍ਰਾਰਥਨਾ ਕਰਦੇ ਹੋ ਤਾਂ ਦੁਹਰਾਉਣ 'ਚ ਕੋਈ ਬੁਰਾਈ ਨਹੀਂ ਹੈ। ਪਰ ਯਿਸੂ ਸਾਨੂੰ ਪ੍ਰਾਰਥਨਾ ਕਰਨ ਦਾ ਅਜਿਹਾ ਢੰਗ ਸਿਖਾ ਰਹੇ ਸੀ ਜੋ ਪ੍ਰਾਰਥਨਾ ਕਰਦੇ ਸਮੇਂ ਨਜ਼ਰ ਆਵੇ।

ਯਿਸੂ ਨੇ ਕਿਹਾ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰ੍ਹਾਂ ਕਰੋ, "ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ।" ਪਹਿਲੀ ਗੱਲ ਜੋ ਯਿਸੂ ਨੇ ਕਹੀ ਜਦੋਂ ਤੁਸੀਂ ਪਰਮੇਸ਼ਰ ਨਾਲ ਗੱਲ ਕਰੋ ਤਾਂ ਉਸਨੂੰ ਪਿਤਾ ਕਹਿ ਕੇ ਸੰਬੋਧਿਤ ਕਰੋ। ਪੁਰਾਣੇ ਨੇਮ ਵਿੱਚ ਕੋਈ ਵੀ ਵਿਅਕਤੀ ਪਰਮੇਸ਼ਰ ਵੱਲ ਤੱਕ ਕੇ "ਹੇ ਪਿਤਾ" ਕਹਿਣ ਦੀ ਹਿੰਮਤ ਨਹੀਂ ਕਰ ਸਕਦਾ ਸੀ। ਪੁਰਾਣੇ ਨੇਮ ਵਿੱਚ ਅਕਸਰ ਪ੍ਰਾਰਥਨਾ ਇਸ ਤਰ੍ਹਾਂ ਹੁੰਦੀ ਸੀ, "ਹੇ ਪਰਮੇਸ਼ਰ, ਸਰਬਸ਼ਕਤੀਮਾਨ ਪ੍ਰਭੂ ਆਦਿ।" ਕਿਉਂਕਿ ਉਸ ਸਮੇਂ ਪਰਮੇਸ਼ਰ ਨੂੰ ਬ੍ਰਹਿਮੰਡ ਦਾ ਸੀਈਓ (CEO) ਅਤੇ ਉਸਦੇ ਲੋਕਾਂ ਨੂੰ ਫੈਕਟਰੀ ਵਿੱਚ ਕੰਮ ਕਰਦੇ ਕਰਮਚਾਰੀਆਂ ਵਾਂਗ ਸਮਝਿਆ ਜਾਂਦਾ ਸੀ। ਤੁਸੀਂ ਸੀਈਓ (CEO) ਨਾਲ ਆਪਣੀ ਮਰਜ਼ੀ ਅਨੁਸਾਰ ਗੱਲ ਨਹੀਂ ਕਰ ਸਕਦੇ। ਪਰ ਨਵੇਂ ਵਿੱਚ ਅਸੀਂ ਪਰਮੇਸ਼ਰ ਦੇ ਬੱਚੇ ਹਾਂ ਅਤੇ ਜਿਵੇਂ ਕਿਸੇ ਸੀਈਓ (CEO) ਦਾ ਬੱਚਾ ਬੇਝਿਜਕ ਆਪਣੇ ਪਿਤਾ ਦੇ ਦਫ਼ਤਰ ਵਿੱਚ ਜਾ ਕੇ ਉਸਨੂੰ "ਪਾਪਾ/ਬਾਪੂ ਜਾਂ ਡੈਡੀ" ਕਹਿ ਸਕਦਾ ਹੈ, ਇਸ ਲਈ ਸਾਨੂੰ ਪਰਮੇਸ਼ਰ ਦਾ ਬੱਚਾ ਹੋਣ ਦੇ ਉਸ ਵਿਸ਼ੇਸ਼ ਅਧਿਕਾਰ ਨੂੰ ਸਮਝਣ ਦੀ ਲੋੜ ਹੈ। ਇਹ ਮੂਲ ਤੌਰ 'ਤੇ ਪੂਰੀ ਤਰ੍ਹਾਂ ਵੱਖਰਾ ਰਿਸ਼ਤਾ ਹੈ।

ਫਿਰ ਵੀ, ਇਹ ਗੱਲ ਬਹੁਤ ਸਾਰੇ ਮਸੀਹੀਆਂ ਬਾਰੇ ਸੱਚ ਹੈ ਕਿ ਉਹ ਪਰਮੇਸ਼ਰ ਨੂੰ "ਹੇ ਪਿਤਾ" ਕਹਿ ਕੇ ਨਹੀਂ, ਉਹ ਉਸਨੂੰ "ਹੇ ਪਰਮੇਸ਼ਰ" ਕਹਿ ਕੇ ਸੰਬੋਧਨ ਕਰਦੇ ਹਨ। ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ। ਉਹ ਪਰਮੇਸ਼ਰ ਹੈ ਅਤੇ ਉਸਨੂੰ ਪਰਮੇਸ਼ਰ ਵਜੋਂ ਸੰਬੋਧਿਤ ਕਰਨਾ ਠੀਕ ਹੈ। ਪਰ ਜੇਕਰ ਤੁਸੀਂ ਉਸਨੂੰ ਸਿਰਫ਼ ਪਰਮੇਸ਼ਰ ਕਹਿ ਕੇ ਸੰਬੋਧਿਤ ਕਰਦੇ ਹੋ ਪਿਤਾ ਨਹੀਂ ਕਹਿੰਦੇ ਤਾਂ ਕੁੱਝ ਗੜਬੜ ਹੈ।

ਪੁਰਾਣੇ ਨੇਮ ਵਿੱਚ, ਪਰਮੇਸ਼ਰ ਦਾ ਇੱਕ ਨਾਮ ਸੀ- ਯਹੋਵਾਹ (ਅਤੇ ਯਾਹਵੇਹ ( ਇਸਦਾ ਸਹੀ ਉਚਾਰਣ ਕਿਸੇ ਨੂੰ ਵੀ ਪੂਰੀ ਤਰ੍ਹਾਂ ਪਤਾ ਨਹੀਂ ਕਿਉਂਕਿ ਹਿਬਰਿਊ ਭਾਸ਼ਾ ਵਿੱਚ ਸਵਰ ਨਹੀਂ ਹਨ)। ਮੇਰੇ ਲਈ ਇਹ ਮਹਤੱਵਹੀਣ ਚਰਚਾ ਹੈ ਕਿਉਂਕਿ ਮੈਂ ਪਰਮੇਸ਼ਰ ਨੂੰ ਯਹੋਵਾਹ ਜਾਂ ਯਾਹਵੇਹ ਨਹੀਂ ਕਹਿੰਦਾ। ਮੈਂ ਉਸਨੂੰ ਬਾਪੂ/ਭਾਪਾ (ਡੈਡੀ) ਕਹਿੰਦਾ ਹਾਂ।

ਉਹ ਮੇਰਾ ਪਿਤਾ ਹੈ ਕਿਉਂਕਿ ਯਿਸੂ ਨੇ ਸਾਨੂੰ "ਸਾਡਾ ਪਿਤਾ" ਕਹਿ ਕੇ ਪ੍ਰਾਰਥਨਾ ਕਰਨੀ ਸਿਖਾਈ। ਰੋਮੀਆਂ 8 ਵਿੱਚ ਅਸੀਂ ਸਿਖਦੇ ਹਾਂ ਕਿ ਪਵਿੱਤਰ ਆਤਮਾ ਸਾਡੇ ਦਿਲਾਂ ਵਿੱਚ ਆਉਂਦਾ ਹੈ ਅਤੇ "ਅੱਬਾ/ਪਿਤਾ" ਪੁਕਾਰਦਾ ਹੈ (ਰੋਮੀਆਂ 8:15)। ਫਿਰ ਵੀ, ਜੇ ਤੁਸੀਂ ਕੁਝ ਗੀਤਾਂ ਵੱਲ ਧਿਆਨ ਦਿਓ ਜੋ ਲੋਕ ਗਾਉਂਦੇ ਹਨ -ਜਿਵੇਂ , "ਹੇ ਮਹਾਨ ਯਹੋਵਾਹ, ਮੇਰੀ ਰਹਿਨੁਮਾਈ ਕਰ" ਤਾਂ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਉਹ ਆਪਣੇ ਪਿਤਾ ਨਾਲ ਗੱਲ ਕਰ ਰਹੇ ਹਨ? ਉਹ ਯਹੋਵਾਹ ਤਾਂ ਹੈ ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਉਸਨੂੰ ਪਿਤਾ ਕਹਿ ਕੇ ਸੰਬੋਧਿਤ ਕਰੀਏ। ਜੇਕਰ ਮੇਰੇ ਬੱਚੇ ਮੇਰੇ ਕੋਲ ਆ ਕੇ ਮੈਨੂੰ "ਸ਼੍ਰੀ ਮਾਨ ਪੂਨਨ" ਕਹਿ ਕੇ ਬੁਲਾਉਣ ਤਾਂ ਮੈ ਸੋਚਾਂਗਾ ਕਿ ਇਹ ਕੋਈ ਗੜਬੜ ਕਰ ਰਹੇ ਹਨ। ਉਹ ਮੈਨੂੰ "ਸ਼੍ਰੀ ਮਾਨ ਪੂਨਨ" ਕਿਉਂ ਕਹਿ ਰਹੇ ਹਨ?ਉਹਨਾਂ ਨੂੰ ਮੈਨੂੰ ਬਾਪੂ/ਭਾਪਾ (ਡੈਡੀ) ਕਹਿਣਾ ਚਾਹੀਦਾ ਹੈ। ਉਸੇ ਤਰ੍ਹਾਂ, ਜਦੋਂ ਮੈਂ ਪਰਮੇਸ਼ੁਰ ਦੇ ਕੋਲ ਆਉਂਦਾ ਹਾਂ, ਮੈਂ ਉਸਨੂੰ ਯਹੋਵਾਹ ਜਾਂ ਯਾਹਵੇਹ ਨਹੀਂ ਕਹਿੰਦਾ, ਭਾਵੇਂ ਉਹ ਉਸਦਾ ਨਾਮ ਹੈ। ਮੈਂ "ਪਿਤਾ," ਕਹਿੰਦਾ ਹਾਂ ਕਿਉਂਕਿ ਉਹ ਮੇਰਾ ਪਿਤਾ ਹੈ। ਮੈਂ ਉਸਦਾ ਬੱਚਾ ਬਣ ਗਿਆ ਹਾਂ।

ਪਰਮੇਸ਼ੁਰ ਦਾ ਬੱਚਾ ਬਣ ਜਾਣ ਦੀ ਇਹ ਹਕੀਕਤ ਬਹੁਤ ਸਾਰੇ ਮਸੀਹੀਆਂ ਦੇ ਦਿਲਾਂ ਤੱਕ ਨਹੀਂ ਪਹੁੰਚੀ। ਇਸ ਦਾ ਕਾਰਨ ਇਹ ਹੈ ਕਿ ਉਹ ਆਪਣੇ ਆਪ ਨੂੰ ਪਵਿੱਤਰ ਆਤਮਾ ਲਈ ਨਹੀਂ ਖੋਲ੍ਹਦੇ। ਜਦੋਂ ਪਵਿੱਤਰ ਆਤਮਾ ਕਿਸੇ ਵਿਅਕਤੀ ਨੂੰ ਭਰ ਦਿੰਦਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੇ ਅੰਦਰੋਂ ਇੱਕ ਪੁਕਾਰ ਨਿਕਲਦੀ ਹੈ -"ਅੱਬਾ! ਪਿਤਾ!"ਜਿਸਦਾ ਅਰਥ ਹੈ - "ਬਾਪੂ/ਭਾਪਾ (ਡੈਡੀ)।"ਕੀ ਇਹ ਤੁਹਾਡੇ ਨਾਲ ਹੋਇਆ ਹੈ? ਇਹ ਬਹੁਤ ਮਹੱਤਵਪੂਰਣ ਗੱਲ ਹੈ। ਇਹ ਕੋਈ ਅਜਿਹੀ ਗੱਲ ਨਹੀਂ ਜੋ ਕੋਈ ਤੁਹਾਨੂੰ ਸਿਖਾ ਕੇ ਕਹਾਈ ਜਾਵੇ। ਇਹ ਤਾਂ ਆਪਣੇ ਆਪ ਦਿਲੋਂ ਨਿਕਲਣ ਵਾਲੀ ਪੁਕਾਰ ਹੈ। ਇਸ ਅੰਦਰੂਨੀ ਸੱਚਾਈ ਦਾ ਪਤਾ ਸਾਨੂੰ ਉਦੋਂ ਲੱਗਦਾ ਹੈ ਜਦੋਂ ਪਵਿੱਤਰ ਆਤਮਾ ਕਿਸੇ ਮਨੁੱਖ ਦੇ ਦਿਲ ਵਿੱਚ ਆ ਕੇ ਵੱਸਦਾ ਹੈ, ਜਦੋਂ ਉਸਦਾ ਨਵਾਂ ਜਨਮ ਹੁੰਦਾ ਹੈ। ਜੇ ਕੋਈ ਵਿਅਕਤੀ ਆਤਮਾ ਨਾਲ ਭਰਿਆ ਹੋਇਆ ਹੈ, ਤਾਂ ਉਹ ਸੱਚਮੁੱਚ ਪਰਮੇਸ਼ੁਰ ਨੂੰ ਆਪਣੇ ਪਿਤਾ ਵਜੋਂ ਜਾਣਦਾ ਹੈ। ਮਸੀਹੀ ਜੀਵਨ ਦੀਆਂ ਸਭ ਤੋਂ ਮਹੱਤਵਪੂਰਣ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਪਰਮੇਸ਼ੁਰ ਨੂੰ ਪਿਤਾ ਵਜੋਂ ਜਾਣਿਆ ਜਾਵੇ ਅਤੇ ਉਸਨੂੰ ਪਿਤਾ ਕਹਿ ਕੇ ਪੁਕਾਰਿਆ ਜਾਵੇ। ਤੁਸੀਂ ਉਸਨੂੰ ਪ੍ਰਭੂ ਵੀ ਕਹਿ ਸਕਦੇ ਹੋ, ਤੁਸੀਂ ਉਸਨੂੰ ਪਰਮੇਸ਼ੁਰ ਵੀ ਕਹਿ ਸਕਦੇ ਹੋ। ਪਰ ਤੁਹਾਡੀ ਪ੍ਰਾਰਥਨਾ ਦਾ ਮੁੱਖ ਢੰਗ ਇਹ ਹੋਣਾ ਚਾਹੀਦਾ ਹੈ ਕਿ ਤੁਸੀਂ ਉਸਨੂੰ "ਅੱਬਾ, ਪਿਤਾ" ਕਹਿ ਕੇ ਸੰਬੋਧਿਤ ਕਰੋਂ।

ਸਿਰਫ਼ "ਸਾਡੇ ਪਿਤਾ" ਹੀ ਨਹੀਂ, ਪਰ ਯਿਸੂ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਾਰਥਨਾ ਕਰੋ -"ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ।"ਅਸੀਂ ਕਿਸੇ ਦੁਨਿਆਵੀ ਪਿਤਾ ਨੂੰ ਪ੍ਰਾਰਥਨਾ ਨਹੀਂ ਕਰ ਰਹੇ। ਮੇਰਾ ਦੁਨਿਆਵੀ ਪਿਤਾ ਮੈਨੂੰ ਬਹੁਤ ਪਿਆਰ ਕਰ ਸਕਦਾ ਹੈ, ਪਰ ਕਿਸੇ ਮੁਸ਼ਕਲ ਹਾਲਾਤ ਵਿੱਚ ਉਹ ਮੇਰੀ ਮਦਦ ਕਰਨ ਲਈ ਨਿਤਾਣਾ ਵੀ ਹੋ ਸਕਦਾ ਹੈ। ਪਰ ਮੇਰਾ ਸਵਰਗੀ ਪਿਤਾ ਨਿਤਾਣਾ ਨਹੀਂ ਹੈ।
ਉਹ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਉਹ ਭਾਰਤ ਦੇ ਪ੍ਰਧਾਨ ਮੰਤਰੀ ਨਾਲੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ! ਜ਼ਰਾ ਸੋਚੋ, ਜੇ ਭਾਰਤ ਦਾ ਪ੍ਰਧਾਨ ਮੰਤਰੀ ਤੁਹਾਡਾ ਪਿਤਾ ਹੁੰਦਾ, ਅਤੇ ਤੁਹਾਨੂੰ ਕੋਈ ਸਮੱਸਿਆ ਹੁੰਦੀ,ਤਾਂ ਤੁਹਾਨੂੰ ਸਿਰਫ਼ ਆਪਣੇ ਪਿਤਾ ਨੂੰ ਫ਼ੋਨ ਕਰਕੇ ਆਪਣੀ ਗੱਲ ਦੱਸਣੀ ਪੈਂਦੀ। ਖੈਰ, ਤੁਹਾਡਾ ਸਵਰਗੀ ਪਿਤਾ ਇਸ ਸੰਸਾਰ ਦੇ ਹਰ ਵਿਅਕਤੀ ਨਾਲੋਂ ਵੱਧ ਸ਼ਕਤੀਸ਼ਾਲੀ ਅਤੇ ਮਹਾਨ ਹੈ। ਫਿਰ ਤੁਸੀਂ ਆਪਣੀਆਂ ਸਮੱਸਿਆਵਾਂ ਲੈ ਕੇ ਉਸ ਦੇ ਕੋਲ ਕਿਉਂ ਨਹੀਂ ਜਾਂਦੇ?

ਯਿਸੂ ਇਸ ਪ੍ਰਾਰਥਨਾ ਦੀ ਪਹਿਲੀ ਹੀ ਪੰਕਤੀ ਵਿੱਚ ਵਿਸ਼ਵਾਸ ਦੀ ਨੀਂਹ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ। "ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈ," ਇਹ ਸ਼ਬਦ ਪ੍ਰਾਰਥਨਾ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੇਰੇ ਦਿਲ ਵਿੱਚ ਇਸ ਗੱਲ ਨੂੰ ਸਪੱਸ਼ਟ ਕਰ ਦਿੰਦੇ ਹਨ ਕਿ ਜਿਸ ਨਾਲ ਮੈਂ ਗੱਲ ਕਰ ਰਿਹਾ ਹਾਂ, ਉਹ ਮੇਰਾ ਸਵਰਗੀ ਪਿਤਾ ਹੈ। ਇੱਕ ਅਜਿਹਾ ਪਿਤਾ ਜੋ ਮੈਨੂੰ ਬੇਹੱਦ ਪਿਆਰ ਕਰਦਾ ਹੈ। ਇਹ ਪਿਤਾ ਸਵਰਗ ਵਿੱਚ ਹੈ ਅਤੇ ਉਹ ਸਰਬਸ਼ਕਤੀਮਾਨ ਹੈ। ਇਹ ਦੋ ਸੱਚਾਈਆਂ -ਪਹਿਲੀ ਇਹ ਕਿ ਪਰਮੇਸ਼ੁਰ ਮੈਨੂੰ ਬੇਹੱਦ ਪਿਆਰ ਕਰਦਾ ਹੈ,ਅਤੇ ਦੂਜੀ ਇਹ ਕਿ ਪਰਮੇਸ਼ੁਰ ਸਭ ਕੁਝ ਕਰਨ ਯੋਗ ਹੈ -ਮੇਰੇ ਵਿਸ਼ਵਾਸ ਦੀ ਨੀਂਹ ਹੈ। ਉਹ ਹਰ ਸਮੱਸਿਆ ਦਾ ਹੱਲ ਕਰ ਸਕਦਾ ਹੈ-ਉਹ ਕੁੱਝ ਵੀ ਕਰ ਸਕਦਾ ਹੈ ਅਤੇ ਉਹ ਮੈਨੂੰ ਬੇਹੱਦ ਪਿਆਰ ਕਰਦਾ ਹੈ। ਇਹ ਵਿਸ਼ਵਾਸ ਦੀ ਸਭ ਤੋਂ ਮਹੱਤਵਪੂਰਨ ਨੀਂਹ ਹੈ।

ਇਸ ਤੋਂ ਬਾਅਦ ਆਉਣ ਵਾਲੀਆਂ ਛੇ ਬੇਨਤੀਆਂ 'ਚ, ਜੇ ਤੁਸੀਂ ਧਿਆਨ ਨਾਲ ਵੇਖੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਪਹਿਲੀਆਂ ਤਿੰਨ ਬੇਨਤੀਆਂ ਪਰਮੇਸ਼ੁਰ ਨਾਲ ਸੰਬੰਧਿਤ ਹਨ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਸਮੇਂ ਪਰਮੇਸ਼ੁਰ ਦੇ ਕੋਲ ਜਾਂਦੇ ਹੋ, ਤਾਂ ਤੁਹਾਡੀ ਪਹਿਲੀ ਬੇਨਤੀ ਆਮ ਤੌਰ 'ਤੇ ਕੀ ਹੁੰਦੀ ਹੈ? ਤੁਸੀਂ ਦੇਖੋਗੇ ਕਿ ਜ਼ਿਆਦਾਤਰ ਉਹ ਬੇਨਤੀ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਹੁੰਦੀ ਹੈ। "ਪ੍ਰਭੂ, ਇਹ ਲੋੜ ਪੂਰੀ ਕਰ," ਜਾਂ "ਮੇਰੇ ਪਿੱਠ ਦਰਦ ਨੂੰ ਚੰਗਾ ਕਰ," ਜਾਂ "ਮੈਨੂੰ ਨੌਕਰੀ ਦੇ," ਜਾਂ "ਮੇਰੇ ਬੱਚਿਆਂ ਦੀ ਸੰਭਾਲ ਕਰ -ਉਹਨਾਂ ਦੀ ਨੌਕਰੀ ਅਤੇ ਵਿਆਹ ਲਈ ਯੋਗ ਵਰ ਦਾ ਪ੍ਰਬੰਧ ਕਰ," ਆਦਿ। ਇਹਨਾਂ ਬੇਨਤੀਆਂ ਵਿੱਚ ਕੁਝ ਵੀ ਗਲਤ ਨਹੀਂ। ਅਸੀਂ ਨਿਸ਼ਚਿਤ ਤੌਰ 'ਤੇ ਇਹਨਾਂ ਸਾਰੀਆਂ ਜ਼ਰੂਰਤਾਂ ਲਈ ਪ੍ਰਾਰਥਨਾ ਕਰ ਸਕਦੇ ਹਾਂ। ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਹਰ ਛੋਟੀ ਤੋਂ ਛੋਟੀ ਗੱਲ ਲਈ ਵੀ ਉਸ ਦੇ ਕੋਲ ਜਾਈਏ। ਭਾਵੇਂ ਤੁਹਾਡੀਆਂ ਚਾਬੀਆਂ ਕਿਤੇ ਗੁੰਮ ਹੋ ਗਈਆਂ ਹੋਣ, ਤਾਂ ਵੀ ਤੁਸੀਂ ਪਰਮੇਸ਼ੁਰ ਨੂੰ ਕਹਿ ਸਕਦੇ ਹੋ ਕਿ ਉਹ ਉਹਨਾਂ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰੇ।

ਤੁਸੀਂ ਪਰਮੇਸ਼ਰ ਕੋਲ ਹਰ ਛੋਟੀ ਤੋਂ ਛੋਟੀ ਅਤੇ ਹਰ ਵੱਡੀ ਤੋਂ ਵੱਡੀ ਚੀਜ ਲਈ ਪ੍ਰਾਰਥਨਾ ਕਰ ਸਕਦੇ ਹੋ, ਪਰ ਸਵਾਲ ਇਹ ਹੈ ਕਿ ਤੁਸੀਂ ਕਿਸ ਨੂੰ ਪਹਿਲ ਦੇ ਰਹੇ ਹੋ? ਯਿਸੂ ਨੇ ਕਿਹਾ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਤੁਹਾਡੀ ਪਹਿਲ ਪਰਮੇਸ਼ੁਰ ਅਤੇ ਉਸ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਹੀ "ਪਰਮੇਸ਼ਰ ਦੇ ਰਾਜ ਦੀ ਖੋਜ ਕਰਨ" ਦਾ ਅਰਥ ਹੈ। ਯਿਸੂ ਨੇ ਮਤੀ 6:33 ਵਿੱਚ ਕਿਹਾ, "ਪਰ ਸਭ ਤੋਂ ਪਹਿਲਾਂ ਤੁਹਾਨੂੰ ਪਰਮੇਸ਼ਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਦੀ ਖੋਜ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ।" ਤੁਸੀਂ ਦੁਨਿਆਵੀ ਚੀਜਾਂ ਮੰਗ ਸਕਦੇ ਹੋ ਪਰ ਪਰਮੇਸ਼ਰ ਦੇ ਰਾਜ ਨੂੰ ਪਹਿਲ ਦਿਓ, ਇਹੀ ਪਰਮੇਸ਼ਰ ਚਾਹੁੰਦਾ ਹੈ।

ਯਿਸੂ ਨੇ ਕਿਹਾ ਕਿ ਤੁਹਾਡੀ ਪਹਿਲੀ ਬੇਨਤੀ ਇਹ ਹੋਣੀ ਚਾਹੀਦੀ ਹੈ ਕਿ, "ਹੇ ਪਰਮੇਸ਼ਰ, ਮੇਰੇ ਸਵਰਗੀ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ। ਇਸਦੀ ਕੋਈ ਪਰਵਾਹ ਨਹੀਂ ਲੋਕ ਮੇਰੇ ਨਾਮ ਬਾਰੇ ਕੀ ਕਹਿੰਦੇ ਹਨ। ਇਹ ਗੱਲ ਮਹੱਤਵਪੂਰਨ ਨਹੀਂ ਕਿਉਂਕਿ ਮੇਰੀ ਇੱਜਤ ਤਾਂ ਕੂੜੇਦਾਨ ਵਿੱਚ ਸੁੱਟਣ ਦੇ ਯੋਗ ਹੈ।" ਕੀ ਤੁਸੀਂ ਪਰਮੇਸ਼ੁਰ ਦੇ ਨਾਮ ਨਾਲੋਂ ਆਪਣੇ ਨਾਮ ਅਤੇ ਆਪਣੀ ਸ਼ੋਹਰਤ ਦੀ ਜ਼ਿਆਦਾ ਚਿੰਤਾ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਉਸ ਤਰੀਕੇ ਨਾਲ ਪ੍ਰਾਰਥਨਾ ਨਹੀਂ ਕਰ ਰਹੇ ਜਿਵੇਂ ਯਿਸੂ ਨੇ ਸਾਨੂੰ ਸਿਖਾਇਆ। ਜ਼ਰਾ ਸੋਚੋ-ਜੇ ਕਿਸੇ ਨੇ ਤੁਹਾਡੀ ਜਾਂ ਤੁਹਾਡੀ ਧੀ ਦੀ ਬਦਨਾਮੀ ਕੀਤੀ ਹੋਵੇ, ਕੀ ਤੁਹਾਨੂੰ ਇਹ ਇਸ ਗੱਲ ਨਾਲੋਂ ਵੱਧ ਪਰੇਸ਼ਾਨ ਕਰੇਗੀ ਕਿ ਸਾਡੇ ਦੇਸ਼ ਵਿੱਚ ਯਿਸੂ ਦੇ ਨਾਮ ਦੀ ਬਦਨਾਮੀ ਹੋ ਰਹੀ ਹੈ? ਅਕਸਰ ਸਾਨੂੰ ਇਹ ਗੱਲ ਨਹੀਂ ਚੁੱਭਦੀ ਕਿ ਮਸੀਹੀ ਆਪਸ ਵਿੱਚ ਝਗੜਦੇ ਹਨ ਅਤੇ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ। ਜੇ ਇਹ ਗੱਲ ਸਾਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕਰਦੀ, ਤਾਂ ਮੇਰੇ ਲਈ ਇਹ ਸੋਚਣ ਵਾਲੀ ਗੱਲ ਹੈ ਕਿ ਸੱਚਮੁੱਚ ਸਾਡਾ ਪਰਮੇਸ਼ੁਰ ਨਾਲ ਪਿਤਾ-ਪੁੱਤਰ ਵਾਲਾ ਰਿਸ਼ਤਾ ਹੈ ਵੀ ਜਾਂ ਨਹੀਂ। ਜੇ ਤੁਸੀਂ ਪਰਮੇਸ਼ੁਰ ਦੇ ਨਾਮ ਨਾਲੋਂ ਆਪਣੇ ਨਾਮ, ਆਪਣੇ ਖਾਨਦਾਨ ਦੇ ਨਾਮ ਅਤੇ ਆਪਣੇ ਬੱਚਿਆਂ ਦੀ ਇੱਜ਼ਤ (ਲੋਕ ਉਹਨਾਂ ਬਾਰੇ ਕੀ ਕਹਿੰਦੇ ਹਨ) ਦੀ ਵੱਧ ਚਿੰਤਾ ਕਰਦੇ ਹੋ, ਤਾਂ ਤੁਹਾਨੂੰ ਆਪਣੀ ਸੋਚ ਨੂੰ ਦੋਬਾਰਾ ਸਹੀ ਦਿਸ਼ਾ ਵਿੱਚ ਲਿਆਉਣ ਦੀ ਲੋੜ ਹੈ ਅਤੇ ਉਸਨੂੰ ਪਰਮੇਸ਼ੁਰ-ਕੇਂਦਰਿਤ ਕਰਨ ਦੀ ਲੋੜ ਹੈ।

ਯਿਸੂ ਨੇ ਪ੍ਰਾਰਥਨਾ ਨੂੰ ਬਹੁਤ ਮਹੱਤਤਾ ਦਿੱਤੀ। ਲੂਕਾ 18:1 ਵਿੱਚ ਯਿਸੂ ਨੇ ਇਹ ਕਿਹਾ ਕਿ ਮਨੁੱਖ ਨੂੰ ਹਮੇਸ਼ਾ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਆਸ ਨਹੀਂ ਛੱਡਣੀ ਚਾਹੀਦੀ, ਨਿਰਾਸ਼ ਨਹੀਂ ਹੋਣਾ ਚਾਹੀਦਾ। ਪ੍ਰਾਰਥਨਾ ਬਾਰੇ ਉਸਨੇ ਸਿਰਫ਼ ਦੋ ਦ੍ਰਿਸ਼ਟਾਂਤ ਦਿੱਤੇ ਸਨ। ਯਿਸੂ ਨੇ ਦੋਵਾਂ ਵਿੱਚ ਦ੍ਰਿੜ੍ਹਤਾ ਨਾਲ ਗੱਲ ਕੀਤੀ। ਇਸਦੀ ਇੱਕ ਉਦਾਹਰਨ ਉਹ ਵਿਧਵਾ ਹੈ ਜੋ ਲੂਕਾ 18:1-8 ਵਿੱਚ ਜੱਜ ਦੇ ਕੋਲ ਗਈ ਅਤੇ ਉਦੋਂ ਤੱਕ ਨਿਆਂ ਦੀ ਮੰਗ ਕਰਦੀ ਰਹੀ ਜਦੋਂ ਤੱਕ ਕਿ ਉਸਦੇ ਵੈਰੀ ਦੇ ਖ਼ਿਲਾਫ਼ ਉਸਨੂੰ ਨਿਆਂ ਨਹੀਂ ਮਿਲ ਗਿਆ। ਇਹ ਪ੍ਰਾਰਥਨਾ ਸ਼ੈਤਾਨ ਅਤੇ ਸਾਡੀਆਂ ਸਾਰੀਆਂ ਸਰੀਰਕ ਕਾਮਨਾਵਾਂ 'ਤੇ ਜਿੱਤ ਪ੍ਰਾਪਤ ਕਰਨ ਦੀ ਤਸਵੀਰ ਹੈ। ਦੂਜੀ ਉਦਾਹਰਨ ਲੂਕਾ 11:5-13 ਵਿੱਚ ਮਿਲਦੀ ਹੈ। ਜਿੱਥੇ ਯਿਸੂ ਰੋਟੀ ਮੰਗਣ ਬਾਰੇ ਗੱਲ ਕਰਦਾ ਹੈ। ਯਾਨੀ ਕਿ ਤਾਕਤ ਅਤੇ ਦਾਤਾਂ ਮੰਗਣ ਦੇ ਬਾਰੇ ਤਾਂ ਜੋ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰ ਸਕੀਏ, ਜੋ ਸਾਡੇ ਕੋਲ ਮਦਦ ਲਈ ਆਉਂਦਾ ਹੈ। ਦੋਵੇਂ ਦ੍ਰਿਸ਼ਟਾਤਾਂ ਵਿੱਚ ਦ੍ਰਿੜ੍ਹਤਾ 'ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਾਰਥਨਾ ਬਾਰੇ ਯਿਸੂ ਦੀ ਸੰਪੂਰਨ ਸਿੱਖਿਆ ਦਾ ਨਿਚੋੜ ਇਹ ਹੈ ਕਿ ਕਦੇ ਵੀ ਹਾਰ ਨਾ ਮੰਨੋ। ਪਰਮੇਸ਼ੁਰ ਤੁਹਾਡਾ ਪਿਤਾ ਹੈ। ਉਹ ਤੁਹਾਡੀ ਲੋੜ ਪੂਰੀ ਕਰੇਗਾ, ਉਹ ਤੁਹਾਡੇ ਲਈ ਵੈਰੀ ਨੂੰ ਹਰਾਏਗਾ, ਅਤੇ ਉਹ ਤੁਹਾਨੂੰ ਉਹ ਸਭ ਕੁਝ ਦੇਵੇਗਾ ਜਿਸ ਦੀ ਹੋਰਾਂ ਨੂੰ ਆਸ਼ੀਰਵਾਦ ਦੇਣ ਲਈ ਤੁਹਾਨੂੰ ਲੋੜ ਹੈ। ਸਾਨੂੰ ਪਰਮੇਸ਼ੁਰ ਦੇ ਕੋਲ ਪ੍ਰਾਰਥਨਾ ਅਤੇ ਵਿਸ਼ਵਾਸ ਨਾਲ ਜਾਣਾ ਚਾਹੀਦਾ ਹੈ, ਇਹ ਮੰਨਦੇ ਹੋਏ ਕਿ ਉਹ ਸਾਨੂੰ ਉਹ ਸਭ ਕੁਝ ਦੇਵੇਗਾ ਜੋ ਅਸੀਂ ਉਸ ਦੀ ਮਹਿਮਾ ਲਈ ਮੰਗਦੇ ਹਾਂ। ਆਮੀਨ