WFTW Body: 

ਯਿਸੂ ਨੇ ਸਾਨੂੰ ਜੋ ਪਹਿਲੀਆਂ ਤਿੰਨ ਬੇਨਤੀਆਂ ਸਿਖਾਈਆਂ ਹਨ - " ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, " "ਤੇਰਾ ਰਾਜ ਆਵੇ,"ਅਤੇ "ਤੇਰੀ ਮਰਜ਼ੀ ਪੂਰੀ ਹੋਵੇ। " ਧਿਆਨ ਦਿਓ- ਇਹਨਾਂ ਤਿੰਨਾਂ ਦਾ ਸਬੰਧ ਪਰਮੇਸ਼ਰ ਨਾਲ ਹੈ। ਮਨੁੱਖ ਮੂਲ ਰੂਪ ਵਿੱਚ ਸਵੈ-ਕੇਂਦਰਿਤ ਹੈ। ਇਹ ਸਵੈ-ਕੇਂਦਰਿਤ ਜੀਵਨ ਜੋ ਸਾਨੂੰ ਸਿਰਫ਼ ਆਪਣੇ ਬਾਰੇ ਸੋਚਣ ਲਈ ਮਜਬੂਰ ਕਰਦਾ ਹੈ, ਉਹ ਅਸੀਂ ਆਦਮ ਤੋਂ ਵਿਰਾਸਤ ਵਿੱਚ ਪ੍ਰਾਪਤ ਕੀਤਾ ਹੈ। ਇਹ ਮੈਂ ਅਤੇ ਮੇਰਾ ਪਰਿਵਾਰ ਤੱਕ ਸੀਮਤ ਹੈ, ਜ਼ਿਆਦਾਤਰ ਲੋਕਾਂ ਲਈ ਬਸ ਇਹੀ ਸਭ ਕੁੱਝ ਹੈ। ਜੇਕਰ ਉਹ ਮਨ-ਫਿਰਾਉਂਦੇ ਵੀ ਹਨ,ਤਾਂ ਵੀ ਸੋਚ ਅਕਸਰ ਮੈਂ, ਮੇਰਾ ਅਤੇ ਮੇਰੇ ਪਰਿਵਾਰ ਤੱਕ ਸੀਮਤ ਰਹਿੰਦੀ ਹੈ। ਜਦੋਂ ਉਹ ਮਸੀਹ ਨੂੰ ਸਵੀਕਾਰ ਕਰਦੇ ਹਨ,ਤਾਂ ਉਹ ਸਿਰਫ਼ ਇਹ ਸੋਚਦੇ ਹਨ ਕਿ ਮਸੀਹ ਹੁਣਮੈਨੂੰ ਅਤੇ ਮੇਰੇ ਪਰਿਵਾਰ ਨੂੰ ਕਿਵੇਂ ਅਸੀਸ ਦੇ ਸਕਦਾ ਹੈ। ਇਹ ਮਸੀਹਤ ਨਹੀਂ ਹੈ। ਯਿਸੂ ਸਾਨੂੰ ਇਸ ਸਵੈ-ਕੇਂਦਰਿਤ ਜੀਵਨ ਤੋਂ ਛੁਟਕਾਰਾ ਦਿਵਾਉਣ ਲਈ ਆਇਆ ਸੀ,ਜੋ ਕਿ ਸਾਡੇ ਸਾਰੇ ਦੁੱਖਾਂ ਅਤੇ ਅਸਤੁੰਸ਼ਟੀ ਦੀ ਜੜ੍ਹ ਹੈ।

ਜ਼ਿਆਦਾਤਰ ਮਸੀਹੀ ਹਮੇਸ਼ਾ ਇਸ ਕਰਕੇ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਉਹ ਸਵੈ-ਕੇਂਦਰਿਤ ਹਨ। ਜਦੋਂ ਹਾਲਾਤ ਉਹਨਾਂ ਦੇ ਹੱਕ ਵਿੱਚ ਹੁੰਦੇ ਹਨ ਤਾਂ ਉਹ ਖੁਸ਼ ਹੁੰਦੇ ਹਨ; ਪਰ ਜਿਵੇਂ ਹੀ ਹਾਲਾਤ ਉਹਨਾਂ ਦੀ ਉਮੀਦ ਦੇ ਵਿਰੁੱਧ ਹੋ ਜਾਣ-ਉਦਾਹਰਨ ਲਈ, ਜੇ ਉਹਨਾਂ ਨੂੰ ਉਹ ਤਰੱਕੀ ਨਾ ਮਿਲੇ ਜਿਸਦੀ ਉਹ ਉਮੀਦ ਕਰ ਰਹੇ ਸਨ ਤਾਂ ਉਹਨਾਂ ਦੀ ਖੁਸ਼ੀ ਖ਼ਤਮ ਹੋ ਜਾਂਦੀ ਹੈ। ਕਿਉਂ? ਕੀ ਪਰਮੇਸ਼ਰ ਅਜੇ ਵੀ ਸਿੰਘਾਸਣ 'ਤੇ ਨਹੀਂ ਬੈਠਾ ਹੈ? ਕੀ ਤੁਹਾਡੇ ਪਾਪ ਅਜੇ ਵੀ ਮਾਫ਼ ਨਹੀਂ ਹਨ? ਕੀ ਸ਼ੈਤਾਨ ਅਜੇ ਵੀ ਹਾਰਿਆ ਹੋਇਆ ਨਹੀਂ ਹੈ? ਤੁਸੀਂ ਇਸ ਲਈ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਉਹ ਤੁਹਾਨੂੰ ਨਹੀਂ ਮਿਲਿਆ ਜੋ ਕੁਝ ਤੁਸੀਂ ਚਾਹੁੰਦੇ ਸੀ। ਯਿਸੂ ਸਾਨੂੰ ਇਸ ਸਵੈ-ਕੇਂਦਰਿਤ ਜੀਵਨ ਤੋਂ ਛੁਟਕਾਰਾ ਦਿਵਾਉਣ ਲਈ ਆਇਆ ਹੈ, ਜੋ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਹੈ।

ਕੀ ਅਸੀਂ ਭੋਜਨ ਮੰਗ ਸਕਦੇ ਹਾਂ? ਬਿਲਕੁਲ ਮੰਗ ਸਕਦੇ ਹਾਂ, ਯਿਸੂ ਨੇ ਸਾਨੂੰ ਮੱਤੀ 6:11 ਵਿੱਚ ਪ੍ਰਾਰਥਨਾ ਕਰਨੀ ਸਿਖਾਈ, "ਸਾਨੂੰ ਸਾਡੀ ਅੱਜ ਦੀ ਰੋਟੀ ਦਿਓ। " "ਰੋਜ਼ ਦੀ ਰੋਟੀ " ਵਿੱਚ ਸਿਰਫ਼ ਖਾਣਾ ਹੀ ਨਹੀਂ, ਸਗੋਂ ਕੱਪੜੇ, ਰਹਿਣ ਲਈ ਥਾਂ, ਅਤੇ ਬੱਚਿਆਂ ਦੀ ਪੜ੍ਹਾਈ ਵੀ ਸ਼ਾਮਲ ਹੈ। ਕਿਉਂਕਿ ਉਹਨਾਂ ਨੂੰ ਨੌਕਰੀ ਕਰਨ ਅਤੇ ਆਪਣੀ ਰੋਜੀ-ਰੋਟੀ ਕਮਾਉਣ ਲਈ ਸਿੱਖਿਆ ਦੀ ਲੋੜ ਹੈ। ਇਹਨਾਂ ਚੀਜ਼ਾਂ ਦੀ ਮੰਗ ਕਰਨਾ ਕੋਈ ਵੀ ਗਲਤ ਨਹੀਂ ਹੈ। "ਸਾਡੇ ਪਾਪ ਮਾਫ਼ ਕਰ," ਅਤੇ "ਸਾਨੂੰ ਬੁਰਾਈ ਤੋਂ ਬਚਾ" ਜਿਹੀਆਂ ਬੇਨਤੀਆਂ ਵੀ ਠੀਕ ਹਨ। ਪਰ ਧਿਆਨ ਦਿਓ- ਸਾਡੇ ਨਾਲ ਸੰਬੰਧਿਤ ਇਹ ਤਿੰਨ ਬੇਨਤੀਆਂ ਉਸ ਤੋਂ ਬਾਅਦ ਆਉਂਦੀਆਂ ਹਨ ਜਦੋਂ ਅਸੀਂ ਪਹਿਲਾਂ ਪਰਮੇਸ਼ੁਰ ਦਾ ਨਾਮ, ਪਰਮੇਸ਼ੁਰ ਦਾ ਰਾਜ, ਅਤੇ ਪਰਮੇਸ਼ੁਰ ਦੀ ਮਹਿਮਾ ਦੀ ਭਾਲ ਕਰਦੇ ਹਾਂ। ਯਿਸੂ ਸਾਡੀਆਂ ਤਰਜੀਹਾਂ ਬਦਲ ਰਿਹਾ ਹੈ।

ਪ੍ਰਾਰਥਨਾ ਕਰਨ ਦਾ ਸਹੀ ਢੰਗ ਇਹ ਹੈ ਕਿ ਅਸੀਂ ਆਪਣੇ ਮਨ ਵਿੱਚ ਪਰਮੇਸ਼ਰ ਦੇ ਰਾਜ, ਉਸਦੇ ਨਾਮ ਅਤੇ ਉਸਦੀ ਇੱਛਾ ਨੂੰ ਮੁੱਖ ਰੱਖ ਕੇ ਪ੍ਰਾਰਥਨਾ ਕਰੀਏ। ਦੂਜੇ ਸ਼ਬਦਾਂ ਵਿੱਚ, ਮੈਨੂੰ ਆਪਣਾ ਪੁਰਾਣਾ ਜੀਵਨ ਢੰਗ ਪੂਰੀ ਤਰ੍ਹਾਂ ਬਦਲਣਾ ਪਵੇਗਾ ਤਾਂ ਜੋ ਹੁਣ ਮੈਂ ਪਰਮੇਸ਼ਰ ਦੇ ਨਾਮ, ਪਰਮੇਸ਼ਰ ਦੇ ਰਾਜ ਅਤੇ ਪਰਮੇਸ਼ਰ ਦੀ ਮਹਿਮਾ ਦੇ ਸੰਦਰਭ ਵਿੱਚ ਸੋਚਾਂ। ਇਹੀ ਸੱਚਾ ਆਤਮਿਕ ਮਸੀਹੀ ਕਰਦਾ ਹੈ। ਕੋਈ ਵੀ ਇਸ ਪ੍ਰਾਰਥਨਾ ਨੂੰ ਦੁਹਰਾ ਸਕਦਾ ਹੈ - ਇੱਕ ਤੋਤਾ ਵੀ। ਪਰ ਸਿਰਫ਼ ਆਤਮਿਰ ਲੋਕ ਹੀ ਇਸ ਪ੍ਰਾਰਥਨਾ ਨੂੰ ਆਪਣੇ ਦਿਲੋਂ ਕਰ ਸਕਦੇ ਹਨ ਕਿਉਂਕਿ ਆਤਮਿਕ ਵਿਅਕਤੀ ਹੀ ਇਮਾਨਦਾਰੀ ਨਾਲ ਕਹਿ ਸਕਦਾ ਹੈ ਕਿ ਉਸਦੀ ਜ਼ਿੰਦਗੀ ਦੀ ਮੁੱਖ ਚਿੰਤਾ ਇਹ ਹੈ ਕਿ ਪਰਮੇਸ਼ਰ ਦਾ ਨਾਮ ਦੇਸ਼ ਵਿੱਚ, ਕਲੀਸੀਯਾ ਵਿੱਚ ਅਤੇ ਉਸਦੇ ਆਪਣੇ ਜੀਵਨ ਅਤੇ ਪਰਿਵਾਰ ਵਿੱਚ ਪਵਿੱਤਰ ਮੰਨਿਆ ਜਾਵੇ।

"ਪਰਮੇਸ਼ੁਰ ਦਾ ਰਾਜ ਜਲਦੀ ਆਵੇ, ਕਲੀਸੀਯਾ ਵਿੱਚ ਪਰਮੇਸ਼ੁਰ ਦਾ ਰਾਜ ਕਾਇਮ ਹੋਵੇ ਅਤੇ ਪਰਮੇਸ਼ੁਰ ਦੀ ਇੱਛਾ ਮੇਰੀ ਜ਼ਿੰਦਗੀ ਵਿੱਚ,
ਮੇਰੇ ਪਰਿਵਾਰ ਵਿੱਚ ਅਤੇ ਹਰ ਥਾਂ ਪੂਰੀ ਹੋਵੇ।" ਇਹੀ ਇੱਕ ਆਤਮਿਕ ਮਨੁੱਖ ਦੀ ਪਛਾਣ ਹੈ। ਜਦੋਂ ਤੱਕ ਇਹ ਤਿੰਨੋਂ ਤੁਹਾਡੇ ਦਿਲ ਦੀਆਂ ਮੁੱਖ ਇੱਛਾਵਾਂ ਨਾ ਬਣ ਜਾਣ ਉਦੋਂ ਤਦ ਤੱਕ ਆਪਣੇ ਆਪ ਨੂੰ ਆਤਮਿਕ ਕਹਿਣਾ ਧੋਖਾ ਹੈ। ਜੇ ਤੁਹਾਡੀ ਜ਼ਿੰਦਗੀ ਦਾ ਕੇਂਦਰ ਅਜੇ ਵੀ ਤੁਹਾਡਾ ਸਵੈ ਹੈ ਤਾਂ ਤੁਹਾਡਾ ਧਰਮ ਬੇਅਰਥ ਹੈ। ਬਹੁਤ ਸਾਰੇ ਲੋਕ ਮਸੀਹ ਨੂੰ ਸਵੀਕਾਰ ਤਾਂ ਕਰਦੇ ਹਨ, ਪਰ ਆਪਣੀ ਸੋਚ ਨਹੀਂ ਬਦਲਦੇ।
ਉਹ ਸਿਰਫ਼ ਯਿਸੂ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਲਈ ਸ਼ਾਮਲ ਕਰ ਲੈਂਦੇ ਹਨ -ਤਾਂ ਜੋ ਉਹ ਉਹਨਾਂ ਦੀ ਸੇਵਾ ਕਰੇ, ਉਹਨਾਂ ਦੇ ਪਾਪ ਮਾਫ਼ ਕਰੇ, ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ, ਉਹਨਾਂ ਨੂੰ ਆਸ਼ੀਰਵਾਦ ਦੇਵੇ, ਉਹਨਾਂ ਨੂੰ ਧਨਵਾਨ ਬਣਾਏ, ਅਤੇ ਉਹਨਾਂ ਦੀਆਂ ਬਿਮਾਰੀਆਂ ਠੀਕ ਕਰੇ। ਇਹ ਮਸੀਹੀ ਧਰਮ ਨਹੀਂ ਹੈ। ਇਹ ਸਵੈ-ਕੇਂਦਰਿਤ ਜੀਵਨ ਹੈ ਜਿਸ 'ਤੇ ਧਰਮ ਦੀ ਪਰਤ ਚੜ੍ਹੀ ਹੋਈ ਹੈ। ਜਦੋਂ ਮਸੀਹ ਸੱਚਮੁੱਚ ਦਿਲ ਵਿੱਚ ਆਉਂਦਾ ਹੈ ਤਾਂ ਅਸੀਂ ਆਪਣੇ ਸਵੈ-ਕੇਂਦਰਿਤ ਜੀਵਨ ਤੋਂ ਮਨ-ਫਿਰਾਉਂਦੇ ਹਾਂ ਅਤੇ ਪਰਮੇਸ਼ੁਰ ਸਾਡੀ ਜ਼ਿੰਦਗੀ ਦਾ ਕੇਂਦਰ ਬਣ ਜਾਂਦਾ ਹੈ।

ਪ੍ਰਭੂ ਦੀ ਪ੍ਰਾਰਥਨਾ ਦੇ ਅੰਤ ਵਿੱਚ ਜੋ ਤਿੰਨ ਬੇਨਤੀਆਂ ਸਾਡੇ ਨਾਲ ਸੰਬੰਧਿਤ ਹਨ, ਉਹਨਾਂ ਵਿੱਚ ਯਿਸੂ ਭੌਤਿਕ ਲੋੜਾਂ ਦਾ ਜ਼ਿਕਰ ਕਰਦਾ ਹੈ -"ਸਾਨੂੰ ਸਾਡੀ ਰੋਜ਼ ਦੀ ਰੋਟੀ ਦਿਓ।"ਪਰ ਉਹ ਇਸਨੂੰ ਇਸ ਗੱਲ ਨਾਲ ਜੋੜਦਾ ਹੈ, "ਤੇਰੀ ਇੱਛਾ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ 'ਤੇ ਵੀ ਪੂਰੀ ਹੋਵੇ।" ਇਸ ਦਾ ਅਰਥ ਇਹ ਹੈ ਕਿ ਮੈਂ ਕਹਿ ਰਿਹਾ ਹਾਂ, "ਮੇਰੇ ਪਿਤਾ, ਮੈਂ ਆਪਣੀ ਜ਼ਿੰਦਗੀ ਵਿੱਚ ਧਰਤੀ 'ਤੇ ਤੇਰੀ ਇੱਛਾ ਬਿਲਕੁਲ ਉਸੇ ਤਰ੍ਹਾਂ ਪੂਰੀ ਕਰਨਾ ਚਾਹੁੰਦਾ ਹਾਂ ਜਿਵੇਂ ਦੂਤ ਆਗਿਆਕਾਰਤਾ ਨਾਲ ਸਵਰਗ ਵਿੱਚ ਕਰਦੇ ਹਨ ਅਤੇ ਤੇਰੀ ਇੱਛਾ ਪੂਰੀ ਕਰਨ ਲਈ ਮੈਨੂੰ ਚੰਗੀ ਸਿਹਤ ਅਤੇ ਤਾਕਤ ਦੀ ਲੋੜ ਹੈ, ਇਸ ਲਈ ਮੈਨੂੰ ਮੇਰੀ ਰੋਜ਼ ਦੀ ਰੋਟੀ ਦਿਓ।" ਤੁਸੀਂ ਰੋਜ਼ ਦੀ ਰੋਟੀ ਕਿਸ ਲਈ ਮੰਗ ਰਹੇ ਹੋ? ਕੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਜਾਂ ਆਪਣੀ ਇੱਛਾ ਪੂਰੀ ਕਰਨ ਲਈ? ਕੀ ਪਾਪ ਕਰਨ ਲਈ ਜਾਂ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਲਈ? ਸਾਡੀ ਪ੍ਰਾਰਥਨਾ ਇਹ ਹੋਣੀ ਚਾਹੀਦੀ ਹੈ, "ਅੱਜ ਮੈਨੂੰ ਮੇਰੀ ਰੋਜ਼ ਦੀ ਰੋਟੀ ਦੇ, ਤਾਂ ਜੋ ਮੈਨੂੰ ਚੰਗੀ ਸਿਹਤ ਅਤੇ ਤਾਕਤ ਮਿਲੇ ਅਤੇ ਮੈਂ ਪਰਮੇਸ਼ੁਰ ਲਈ ਜੀ ਸਕਾਂ।"

ਧਿਆਨ ਦੇਣ ਵਾਲੀ ਦੂਜੀ ਗੱਲ ਇਹ ਹੈ ਕਿ ਇਸ ਸਾਰੀ ਪ੍ਰਾਰਥਨਾ ਵਿੱਚ, "ਮੈਂ" ਅਤੇ "ਮੇਰਾ" ਸ਼ਬਦ ਗਾਇਬ ਹਨ। ਕੀ ਇਹ ਦਿਲਚਸਪ ਨਹੀਂ ਹੈ ਕਿ ਸਾਡੀਆਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ "ਮੈਂ" ਅਤੇ "ਮੇਰਾ" ਸ਼ਬਦ ਬਹੁਤ ਵਾਰ ਮਿਲੇਗਾ, ਪਰ ਉਸ ਪ੍ਰਾਰਥਨਾ ਵਿੱਚ ਜੋ ਪ੍ਰਭੂ ਨੇ ਸਾਨੂੰ ਕਰਨੀ ਸਿਖਾਈ ਹੈ, ਇਹ ਸ਼ਬਦ ਪੂਰੀ ਤਰ੍ਹਾਂ ਗਾਇਬ ਹਨ। ਉਹ ਕਹਿੰਦਾ ਹੈ, "ਸਾਨੂੰ ਦਿਓ " - "ਇਹ ਸਿਰਫ਼ ਮੈਂ ਨਹੀਂ ਹਾਂ ਪ੍ਰਭੂ, ਮੈਂ ਆਪਣੇ ਭਰਾ ਬਾਰੇ ਵੀ ਸੋਚਦਾ ਹਾਂ, ਉਸਨੂੰ ਆਪਣੀ ਰੋਜ਼ਾਨਾ ਦੀ ਰੋਟੀ ਦੀ ਲੋੜ ਹੈ।" "ਸਾਨੂੰ ਮਾਫ਼ ਕਰ ਦਿਓ " - "ਸਿਰਫ਼ ਮੈਨੂੰ ਮਾਫ਼ ਨਾ ਕਰੋ, ਮੇਰੇ ਭਰਾ ਨੂੰ ਵੀ ਮਾਫ਼ ਕਰ ਦਿਓ।" ਸਾਨੂੰ ਛੁਟਕਾਰਾ ਦਿਓ..." ਸੱਚਮੁੱਚ ਆਤਮਿਕ ਮਨੁੱਖ ਉਹ ਮਨੁੱਖ ਹੁੰਦਾ ਹੈ ਜਿਸਦਾ ਜੀਵਨ ਪਰਮੇਸ਼ਰ ਕੇਂਦਰਿਤ ਹੁੰਦਾ ਹੈ, ਅਤੇ ਜਦੋਂ ਆਪਣੇ ਆਪ ਨੂੰ ਵਿਚਾਰਨ ਦੀ ਗੱਲ ਆਉਂਦੀ ਹੈ, ਤਾਂ ਉਹ ਨਾ ਸਿਰਫ਼ ਆਪਣੇ ਬਾਰੇ ਸਗੋਂ ਆਪਣੇ ਆਲੇ-ਦੁਆਲੇ ਦੇ ਹੋਰ ਲੋਕ ਜੋ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹਨ, ਉਹਨਾਂ ਬਾਰੇ ਵੀ ਸੋਚਦਾ ਹੈ । ਕਿਉਂਕਿ ਪਰਮੇਸ਼ਰ ਵਿਸ਼ਾਲ ਪਰਿਵਾਰ ਦਾ ਪਿਤਾ ਹੈ, ਉਹ ਦੂਜਿਆਂ ਬਾਰੇ ਵੀ ਸੋਚਦਾ ਹੈ।

ਸਹੀ ਕ੍ਰਮ ਇਹ ਹੈ ਕਿ ਸਭ ਤੋਂ ਪਹਿਲਾਂ ਮਸੀਹ ਹੈ, ਅਤੇ ਫਿਰ ਹੋਰ ਲੋਕ ਅਤੇ ਫਿਰ ਮੈਂ; ਸਿਰਫ਼ ਮੈਂ ਇਕੱਲਾ ਨਹੀਂ। ਇੱਕ ਆਤਮਿਕ ਵਿਅਕਤੀ ਸਿਰਫ਼ ਆਪਣੀਆਂ ਜ਼ਰੂਰਤਾਂ ਲਈ ਹੀ ਨਹੀਂ ਸਗੋਂ ਉਹ ਸਭ ਲਈ ਪ੍ਰਾਰਥਨਾ ਕਰਦਾ ਹੈ। ਇਹ ਸੁਭਾਵਿਕ ਹੈ ਕਿ ਉਹ ਆਪਣੇ ਬੱਚਿਆਂ ਦੀ ਚਿੰਤਾ ਕਰਦਾ ਹੈ ਪਰ ਉਹ ਦੂਜਿਆਂ ਦੇ ਬੱਚਿਆਂ ਦੀ ਵੀ ਚਿੰਤਾ ਕਰਦਾ ਹੈ। ਉਹ ਦੂਜਿਆਂ ਦੇ ਬੱਚਿਆਂ ਨੂੰ ਵੀ ਅਣਡਿੱਠਾ ਨਹੀਂ ਕਰਦਾ। ਮਨੁੱਖੀ ਤੌਰ 'ਤੇ ਇਹ ਸੰਭਵ ਨਹੀਂ ਹੈ ਕਿ ਅਸੀਂ ਦੂਜੇ ਲੋਕਾਂ ਦੇ ਬੱਚਿਆਂ ਲਈ ਓਨਾ ਬੋਝ ਮਹਿਸੂਸ ਕਰੀਏ ਜਿੰਨਾ ਆਪਣੇ ਬੱਚਿਆਂ ਲਈ ਕਰਦੇ ਹਾਂ। ਸਾਨੂੰ ਯਥਾਰਥਵਾਦੀ ਹੋਣਾ ਚਾਹੀਦਾ ਹੈ, ਪਰ ਸਾਡੇ ਦਿਲ 'ਚ ਉਹਨਾਂ ਲਈ ਫ਼ਿਕਰ ਤਾਂ ਹੋਣੀ ਚਾਹੀਦੀ ਹੈ। ਸਾਨੂੰ ਸਾਡੀ ਅੱਜ ਦੀ ਰੋਟੀ ਦਿਓ।

"ਸਾਡੇ ਪਾਪ ਮਾਫ਼ ਕਰ ਦਿਓ ਜਿਵੇਂ ਅਸੀਂ ਵੀਂ ਉਹਨਾਂ ਨੂੰ ਮਾਫ਼ ਕਰ ਦਿੱਤਾ ਹੈ ਜਿਹਨਾਂ ਨੇ ਸਾਡਾ ਬੁਰਾ ਕੀਤਾ ਹੈ। " ਇਹ ਇੱਕ ਮਹੱਤਵਪੂਰਨ ਬੇਨਤੀ ਹੈ। ਇਹ ਇੱਕ ਅਜਿਹੀ ਬੇਨਤੀ ਹੈ ਜਿਸਨੂੰ ਯਿਸੂ ਅੰਤ ਵਿੱਚ ਦੁਹਰਾਉਂਦਾ ਹੈ। ਉਹ ਮੱਤੀ 6:14 ਵਿੱਚ ਕਹਿੰਦਾ ਹੈ, "ਜੇ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਅਪਰਾਧ ਮਾਫ਼ ਕਰਦੇ ਹੋ,ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਕਰੇਗਾ। " ਇਸ ਸ਼ਰਤ ਨੂੰ ਸਮਝਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਸ਼ਰਤ ਖੁਦ ਯਿਸੂ ਨੇ ਰੱਖੀ ਹੈ। ਜੇ ਤੁਸੀਂ ਦੂਜੇ ਮਨੁੱਖਾਂ ਨੂੰ ਮਾਫ਼ ਨਹੀਂ ਕਰਦੇ ਤਾਂ ਤੁਹਾਡਾ ਪਿਤਾ ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ। ਕੀ ਇਹ ਸੱਚ ਹੈ ਜਾਂ ਨਹੀਂ? ਕੀ ਪਰਮੇਸ਼ਰ ਤੁਹਾਨੂੰ ਮਾਫ਼ ਨਹੀ ਕਰਦਾ ਜਦੋਂ ਤੱਕ ਤੁਸੀਂ ਕਿਸੇ ਹੋਰ ਨੂੰ ਉਸ ਗਲਤੀ ਲਈ ਮਾਫ਼ ਨਹੀਂ ਕਰਦੇ ਜੋ ਉਸ ਨੇ ਤੁਹਾਡੇ ਖ਼ਿਲਾਫ਼ ਕੀਤੀ ਹੈ? ਬਿਲਕੁਲ। ਜੇਕਰ ਤੁਸੀਂ ਦੂਜੇ ਲੋਕਾਂ ਨੂੰ ਮਾਫ਼ ਨਹੀਂ ਕਰਦੇ ਤਾਂ ਉਹ ਤੁਹਾਨੂੰ ਮਾਫ਼ ਨਹੀਂ ਕਰੇਗਾ। ਕਿਰਪਾ ਕਰਕੇ ਇਹ ਗੱਲ ਯਾਦ ਰੱਖੋ। ਮਨੁੱਖਾਂ ਨਾਲ ਪਰਮੇਸ਼ੁਰ ਦੇ ਵਰਤਾਓ ਦਾ ਇਹ ਬੁਨਿਆਦੀ ਸਿਧਾਂਤ ਹੈ ਕਿ ਉਹ ਸਾਡੇ ਨਾਲ ਉਸੇ ਤਰ੍ਹਾਂ ਪੇਸ਼ ਆਉਂਦਾ ਹੈ ਜਿਵੇਂ ਅਸੀਂ ਦੂਜੇ ਲੋਕਾਂ ਨਾਲ ਪੇਸ਼ ਆਉਂਦੇ ਹਾਂ। ਜੇਕਰ ਅਸੀਂ ਦੂਜਿਆਂ ਪ੍ਰਤੀ ਦਇਆਵਾਨ ਹਾਂ ਤਾਂ ਪਰਮੇਸ਼ੁਰ ਸਾਡੇ ਪ੍ਰਤੀ ਦਇਆਵਾਨ ਹੈ। ਜੇਕਰ ਤੁਸੀਂ ਦੂਜਿਆਂ ਨੂੰ ਮਾਫ਼ ਕਰਦੇ ਹੋ ਤਾਂ ਪਰਮੇਸ਼ੁਰ ਤੁਹਾਨੂੰ ਮਾਫ਼ ਕਰਦਾ ਹੈ। ਅਸੀਂ ਮੱਤੀ 5:7 ਵਿੱਚ ਦੇਖਿਆ ਹੈ ਕਿ, "ਧੰਨ ਹਨ ਉਹ ਜੋ ਮਿਹਰਵਾਨਕਿਉਂਕਿ ਉਹਨਾਂ'ਤੇ ਮਿਹਰ ਕੀਤੀ ਜਾਵੇਗੀ।"ਇੱਥੇ ਅਸੀਂ ਕਹਿ ਸਕਦੇ ਹਾਂ, ਧੰਨ ਹਨ ਉਹ ਜੋ ਦੂਜਿਆਂ ਨੂੰ ਮਾਫ਼ ਕਰਦੇ ਹਨ, ਕਿਉਂਕਿ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ ਅਤੇ ਜਿਹੜੇ ਦੂਜਿਆਂ ਨੂੰ ਮਾਫ਼ ਨਹੀਂ ਕਰਦੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।

ਇਸ ਸੰਬੰਧੀ ਯਿਸੂ ਮੱਤੀ 18:21-35 ਵਿੱਚ ਇੱਕ ਦ੍ਰਿਸ਼ਟਾਂਤ ਰਾਹੀਂ ਗੱਲ ਕਰਦਾ ਹੈ। ਇਹ ਇੱਕ ਬਹੁਤ ਮਹੱਤਵਪੂਰਨ ਦ੍ਰਿਸ਼ਟਾਂਤ ਹੈ ਜਿਸਨੂੰ ਸਾਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਇੱਕ ਰਾਜਾ ਸੀ ਜਿਸਦੇ ਬਹੁਤ ਸਾਰੇ ਨੌਕਰ ਸਨ ਅਤੇ ਅਤੇ ਉਹਨਾਂ ਸਭ ਨੇ ਉਸ ਤੋਂ ਬਹੁਤ ਪੈਸਾ ਲਿਆ ਹੋਇਆ ਸੀ। ਇੱਕ ਆਦਮੀ ਜੋ 10,000 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ ਜੋ ਕਿ ਇੱਕ ਅਰਬ ਰੁਪਏ ਦੇ ਬਰਾਬਰ ਹੈ - ਇੱਕ ਬਹੁਤ ਵੱਡਾ ਕਰਜ਼ਾ ਜੋ ਤੁਸੀਂ ਕਦੇ ਨਹੀਂ ਅਦਾ ਕਰ ਸਕਦੇ। ਰਾਜਾ ਦਿਆਲੂ ਸੀ ਅਤੇ ਉਸਨੇ ਕਰਜ਼ਾ ਮਾਫ਼ ਕਰ ਦਿੱਤਾ। ਇਹ ਆਦਮੀ ਜਿਸਦਾ ਕਰਜ਼ਾ, ਰਾਜੇ ਨੇ ਮਾਫ ਕੀਤਾ ਸੀ ਬਾਹਰ ਗਿਆ ਅਤੇ ਇੱਕ ਹੋਰ ਵਿਅਕਤੀ ਨੂੰ ਮਿਲਿਆ ਜਿਸਨੇ ਉਸਦੇ ਸੌ ਰੁਪਏ ਦੇਣੇ ਸਨ, ਉਸਦਾ ਗਲਾ ਫੜ ਲਿਆ ਅਤੇ ਕਿਹਾ, 'ਜੇ ਤੂੰ ਮੈਨੂੰ ਪੈਸੇ ਨਹੀਂ ਦਿੱਤੇ, ਤਾਂ ਮੈਂ ਤੈਨੂੰ ਅਦਾਲਤ ਵਿੱਚ ਲੈ ਜਾਵਾਂਗਾ ਅਤੇ ਤੈਨੂੰ ਕੈਦ ਵਿੱਚ ਬੰਦ ਕਰ ਦਿਆਂਗਾ,' ਅਤੇ ਫਿਰ ਉਹ ਇਸ ਤਰ੍ਹਾਂ ਹੀ ਕਰਦਾ ਹੈ। ਜਦੋਂ ਦੂਜੇ ਨੌਕਰਾਂ ਨੇ ਇਹ ਦੇਖਿਆ ਤਾਂ ਉਹ ਰਾਜੇ ਕੋਲ ਆਏ ਅਤੇ ਅਤੇ ਸਾਰੀ ਗੱਲ ਦੱਸੀ। ਰਾਜੇ ਨੇ ਨੌਕਰ ਨੂੰ ਬੁਲਾਇਆ ਅਤੇ ਕਿਹਾ, "ਹੇ ਦੁਸ਼ਟ ਨੌਕਰ, ਤੂੰ ਹੁਣੇ ਹੀ ਮੈਨੂੰ ਆਪਣਾ ਕਰਜ਼ਾ ਮਾਫ਼ ਕਰਨ ਲਈ ਕਿਹਾ ਸੀ ਅਤੇ ਮੈਂ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਕੀ ਤੈਨੂੰ ਵੀ ਆਪਣੇ ਸਾਥੀ ਨੌਕਰ 'ਤੇ ਮਿਹਰ ਨਹੀਂ ਕਰਨੀ ਚਾਹੀਦੀ ਸੀ, ਜਿਵੇਂ ਮੈਂ ਤੇਰੇ 'ਤੇ ਮਿਹਰ ਕੀਤੀ ਸੀ? ਅਤੇ ਰਾਜਾ ਗੁੱਸੇ ਨਾਲ ਭੜਕ ਉੱਠਿਆ। ਰਾਜੇ ਨੇ ਇਸ ਨੌਕਰ ਨੂੰ ਤਸੀਹੇ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਉਹ ਆਪਣਾ ਸਾਰਾ ਕਰਜ਼ਾ ਵਾਪਸ ਨਹੀਂ ਕਰ ਦਿੰਦਾ।

ਦੂਜੇ ਸ਼ਬਦਾਂ ਵਿੱਚ, ਜੋ ਕਰਜ਼ ਪਹਿਲਾਂ ਮਾਫ਼ ਕੀਤਾ ਗਿਆ ਸੀ, ਉਹ ਉਸਦੇ ਸਿਰ 'ਤੇ ਵਾਪਸ ਪਾ ਦਿੱਤਾ ਗਿਆ ਸੀ। ਤੁਸੀਂ ਇਸਦੀ ਵਿਆਖਿਆ ਕਿਵੇਂ ਕਰਦੇ ਹੋ? ਕੀ ਪਰਮੇਸ਼ਰ, ਜੋ ਸਾਨੂੰ ਮਾਫ਼ ਕਰਦਾ ਹੈ, ਸਾਡੀ ਮਾਫ਼ੀ ਵਾਪਸ ਵੀ ਲੈ ਲੈਂਦਾ ਹੈ? ਕੀ ਉਹ ਪਾਪ, ਜਿਨ੍ਹਾਂ ਨੂੰ ਉਹ ਪਹਿਲਾਂ ਹੀ ਮਾਫ਼ ਕਰ ਚੁੱਕਿਆ ਹੈ, ਮੁੜ ਸਾਡੇ ਸਿਰ 'ਤੇ ਪਾ ਦਿੰਦਾ ਹੈ? ਇਸ ਆਇਤ ਦੇ ਅਨੁਸਾਰ, ਹਾਂ। ਬਾਈਬਲ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਪਰਮੇਸ਼ਰ ਸਾਡੇ ਪਾਪ ਭੁੱਲ ਗਿਆ ਹੈ। ਉਹ ਕਹਿੰਦਾ ਹੈ, "ਮੈਂ ਤੁਹਾਡੇ ਪਾਪਾਂ ਨੂੰ ਹੁਣ ਯਾਦ ਨਹੀਂ ਰੱਖਾਂਗਾ, " ਇਸਦਾ ਅਰਥ ਹੈ ਕਿ, " ਮੈਂ ਉਹਨਾਂ ਦਾ ਹਿਸਾਬ ਤੇਰੇ ਨਾਲ ਨਹੀਂ ਕਰਾਂਗਾ।"

ਕੋਈ ਵੀ ਅਜਿਹੀ ਆਇਤ ਨਹੀਂ ਮਿਲਦੀ ਜਿਸ ਵਿੱਚ ਕਿਹਾ ਗਿਆ ਹੋਵੇ ਕਿ ਪਰਮੇਸ਼ਰ ਪੂਰੀ ਤਰ੍ਹਾਂ ਭੁੱਲ ਜਾਂਦਾ ਹੈ। ਮੈਂ ਖੁਦ ਆਪਣੇ ਕੀਤੇ ਪਾਪਾਂ ਨੂੰ ਨਹੀਂ ਭੁੱਲ ਸਕਦਾ, ਤਾਂ ਪਰਮੇਸ਼ਰ ਉਹਨਾਂ ਨੂੰ ਕਿਵੇਂ ਭੁੱਲ ਸਕਦਾ ਹੈ? ਨਹੀਂ, ਉਹ ਅਜੇ ਵੀ ਜਾਣਦਾ ਹੈ, ਪਰ ਉਹਨਾਂ ਦਾ ਹਿਸਾਬ ਸਾਡੇ ਨਾਲ ਨਹੀਂ ਕਰਦਾ। ਇਹ ਦ੍ਰਿਸ਼ਟਾਂਤ ਸਾਨੂੰ ਸਿਖਾਉਂਦਾ ਹੈ ਕਿ ਜੇ ਤੁਸੀਂ ਦੂਜਿਆਂ ਨੂੰ ਮਾਫ਼ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਮਾਫ਼ ਕਰਦਾ ਹੈ ਅਤੇ ਜੇ ਤੁਸੀਂ ਮਾਫ਼ ਨਹੀਂ ਕਰਦੇ ਤਾਂ ਪਰਮੇਸ਼ਰ ਤੁਹਾਨੂੰ ਮਾਫ਼ ਨਹੀਂ ਕਰੇਗਾ। ਅਤੇ ਫਿਰ ਆਖਰੀ ਬੇਨਤੀ ਇਹ ਹੈ ਕਿ, "ਸਾਨੂੰ ਪਰਤਾਵੇ ਵਿੱਚ ਨਾ ਪਾਓ। " ਇਸਦਾ ਕੀ ਅਰਥ ਹੈ? ਪਰਮੇਸ਼ਰ ਸਾਨੂੰ ਸਾਡੀ ਸਮਰੱਥਾ ਤੋਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ (1 ਕੁਰਿੰਥੀਆਂ 10:13), ਪਰ ਫਿਰ ਵੀ ਸਾਡੇ ਲਈ ਇਹ ਪ੍ਰਾਰਥਨਾ ਕਰਨਾ ਚੰਗੀ ਗੱਲ ਹੈ ਕਿਉਂਕਿ ਇਸ ਨਾਲ ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਕਦੇ-ਕਦੇ ਪਰਤਾਵਾ ਸਾਡੀ ਸਮਰੱਥਾ ਤੋਂ ਬਾਹਰ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਸਾਨੂੰ ਆਪਣੀ ਸਮਰੱਥਾ ਤੋਂ ਵੱਧ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਪਰ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਉਸ ਪਰਤਾਵੇ ਵਿੱਚ ਨਾ ਪਈਏ ਜੋ ਸਾਡੇ ਲਈ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ। "ਪਰ ਮੈਨੂੰ ਬੁਰਾਈ ਤੋਂ ਬਚਾਓ। " ਇਸ ਤਰ੍ਹਾਂ ਮੈਂ ਨਿਮਰਤਾ ਨਾਲ ਕਹਿ ਰਿਹਾ ਹਾਂ, "ਮੈਨੂੰ ਨਹੀਂ ਪਤਾ ਕਿ ਇਸ ਪਰਤਾਵੇ ਨੂੰ ਕਿਵੇਂ ਬਚਣਾ ਹੈ। ਮੇਰੇ ਕੋਲ ਇਸ ਪਰਤਾਵੇ ਤੋਂ ਦੀ ਸਮਰੱਥਾ ਨਹੀਂ ਹੈ। ਇਸ ਲਈ ਪ੍ਰਭੂ, ਮੇਰੇ ਪਿਤਾ, ਕਿਰਪਾ ਕਰਕੇ ਮੈਨੂੰ ਕਿਸੇ ਅਜਿਹੀ ਸਥਿਤੀ ਵਿੱਚ ਨਾ ਲੈ ਜਾਓ ਜੋ ਮੇਰੀ ਸਮਰੱਥਾ ਤੋਂ ਬਾਹਰ ਹੈ।" ਜਦੋਂ ਮੈਂ ਇਸ ਤਰ੍ਹਾਂ ਪ੍ਰਾਰਥਨਾ ਕਰਦਾ ਹਾਂ, ਤਾਂ ਮੈਂ ਆਪਣੀ ਅਸਮਰੱਥਾ ਅਤੇ ਬੇਵੱਸੀ ਪ੍ਰਗਟ ਕਰ ਰਿਹਾ ਹੁੰਦਾ ਹਾਂ। ਇਹ ਪਰਤਾਵੇ ਪ੍ਰਤੀ ਇੱਕ ਸਹੀ ਰਵੱਈਆ ਹੈ।

ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਇੰਨੇ ਤਾਕਤਵਰ ਹਾਂ ਕਿ ਅਸੀਂ ਪਰਤਾਵੇ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਾਪ ਉੱਤੇ ਜਿੱਤ ਪ੍ਰਾਪਤ ਨਹੀਂ ਹੁੰਦੀ। ਜ਼ਿਆਦਾਤਰ ਮਸੀਹੀ ਪਾਪ ਅੱਗੇ ਇਸ ਲਈ ਬੇਬਸ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਖ਼ੁਦ 'ਤੇ ਜ਼ਿਆਦਾ ਭਰੋਸਾ ਹੁੰਦਾ ਹੈ। ਉਹ ਸੋਚਦੇ ਹਨ ਕਿ ਉਹਨਾਂ ਵਿੱਚ ਸਮਰੱਥਾ ਹੈ। ਉਹ ਸੋਚਦੇ ਹਨ ਕਿ ਕੁਝ ਹੋਰ ਸਹੀ ਫੈਸਲੇ ਕਰਨ ਅਤੇ ਔਖੀ ਘੜੀ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਤਾਂ ਉਹ ਜਿੱਤ ਪ੍ਰਾਪਤ ਕਰ ਲੈਣਗੇ। ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ। ਸਾਨੂੰ ਇਹ ਸਵੀਕਾਰ ਕਰਨਾ ਪਵੇਗਾ, "ਪ੍ਰਭੂ, ਮੈਨੂੰ ਮੇਰੀ ਸਮਰੱਥਾ ਤੋਂ ਬਾਹਰ ਪਰਤਾਵੇ ਵਿੱਚ ਨਾ ਪਾਓ, ਅਤੇ ਜਦੋਂ ਮੈਂ ਕਿਸੇ ਪਰਤਾਵੇ ਦਾ ਸਾਹਮਣਾ ਕਰਾਂ, ਤਾਂ ਮੈਨੂੰ ਬੁਰਾਈ ਤੋਂ ਬਚਾਓ, ਕਿਉਂਕਿ ਮੈਂ ਆਪਣੇ ਆਪ ਬੁਰਾਈ ਨੂੰ ਦੂਰ ਨਹੀਂ ਕਰ ਸਕਦਾ।" ਕਾਸ਼ ਅਸੀਂ ਇਹ ਮੰਨ ਲਈਏ ਕਿ ਬੁਰਾਈ ਸਾਡੇ ਲਈ ਬਹੁਤ ਜ਼ਿਆਦਾ ਤਾਕਤਵਰ ਹੈ, ਇੱਥੋਂ ਤੱਕ ਕਿ ਦੂਜਿਆਂ ਨੂੰ ਮਾਫ਼ ਕਰਨ ਦੇ ਮਾਮਲੇ ਵਿੱਚ ਵੀ, ਤਾਂ ਅਸੀਂ ਠੀਕ ਉਸੇ ਤਰ੍ਹਾਂ ਪ੍ਰਾਰਥਨਾ ਕਰਾਂਗੇ ਜਿਵੇਂ ਯਿਸੂ ਨੇ ਸਿਖਾਇਆ ਹੈ। ਜੇਕਰ ਤੁਹਾਨੂੰ ਕਿਸੇ ਨੂੰ ਮਾਫ਼ ਕਰਨਾ ਮੁਸ਼ਕਲ ਲੱਗਦਾ ਹੈ- ਜੇਕਰ ਕਿਸੇ ਨੇ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਬਹੁਤ ਬੁਰਾ ਕੀਤਾ ਹੈ ਅਤੇ ਤੁਹਾਨੂੰ ਉਸ ਵਿਅਕਤੀ ਨੂੰ ਉਸ ਦੁਆਰਾ ਕੀਤੀ ਗਈ ਬੁਰਾਈ ਲਈ ਮਾਫ਼ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ ਤਾਂ ਤੁਸੀਂ ਪਰਮੇਸ਼ਰ ਤੋਂ ਕਿਰਪਾ ਮੰਗ ਸਕਦੇ ਹੋ। ਕਹੋ, "ਪ੍ਰਭੂ ਕਿਰਪਾ ਕਰਕੇ ਮੇਰੀ ਮਦਦ ਕਰੋ, ਮੈਨੂੰ ਇਸ ਮਾਫ਼ ਨਾ ਕਰਨ ਵਾਲੀ ਬੁਰੀ ਆਤਮਾ ਤੋਂ ਛੁਟਕਾਰਾ ਦਿਓ। ਮੇਰੇ ਕੋਲ ਇਸ ਵਿਅਕਤੀ ਨੂੰ ਮਾਫ਼ ਕਰਨ ਦੀ ਸਮਰੱਥਾ ਨਹੀਂ ਹੈ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਉਸਨੂੰ ਮਾਫ਼ ਕਰਨ ਵਿੱਚ ਮਦਦ ਕਰੋ।"

ਪ੍ਰਾਰਥਨਾ ਸਾਡੀ ਕਮਜ਼ੋਰੀ ਅਤੇ ਪਰਮੇਸ਼ਰ ਉੱਤੇ ਸਾਡੀ ਪੂਰਨ ਨਿਰਭਰਤਾ ਦਾ ਪ੍ਰਗਟਾਵਾ ਹੈ ਅਤੇ ਵਿਸ਼ਵਾਸ ਇਹ ਭਰੋਸਾ ਹੈ ਕਿ ਪਰਮੇਸ਼ਰ ਮੇਰੀ ਮਦਦ ਕਰੇਗਾ ਕਿਉਂਕਿ ਉਹ ਮੇਰਾ ਪਿਤਾ ਹੈ ਜੋ ਸਵਰਗ ਵਿੱਚ ਹੈ, ਜਿਸਨੇ ਆਪਣੇ ਪੁੱਤਰ ਨੂੰ ਭੇਜਿਆ ਤਾਂ ਜੋ ਮੈਨੂੰ ਮੇਰੇ ਸਾਰੇ ਪਾਪਾਂ ਤੋਂ ਛੁਟਕਾਰਾ ਦੇਵੇ।। ਰੋਮੀਆਂ 8:32 ਕਿਹਾ ਗਿਆ ਹੈ, "ਪਰਮੇਸ਼ਰ ਸਾਡੇ ਲਈ ਕੁੱਝ ਵੀ ਕਰੇਗਾ, ਉਸਨੇ ਆਪਣਾ ਪੁੱਤਰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁੱਝ ਦੇਵੇਗਾ।"

ਇਹ ਪ੍ਰਾਰਥਨਾ ਮੱਤੀ 6:13 ਵਿੱਚ ਸਮਾਪਤ ਹੁੰਦੀ ਹੈ,"ਕਿਉਂਕਿ ਰਾਜ,ਸ਼ਕਤੀ ਅਤੇ ਮਹਿਮਾ ਜੁੱਗੋ ਜੁੱਗ ਤੇਰੀ ਹੀ ਹੈ,ਆਮੀਨ।"

ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਪ੍ਰਾਰਥਨਾ ਨੂੰ ਇਸ ਤਰ੍ਹਾਂ ਸਮਾਪਤ ਕਰੀਏ ਅਤੇ ਕਹੀਏ, "ਪ੍ਰਭੂ ਅੰਤ ਵਿੱਚ, ਜਦੋਂ ਤੁਸੀਂ ਮੇਰੀ ਪ੍ਰਾਰਥਨਾ ਦਾ ਜਵਾਬ ਦਿਓ ਅਤੇ ਜੋ ਮੈਂ ਤੁਹਾਡੇ ਤੋਂ ਮੰਗਿਆ ਹੈ ਉਹ ਮੈਨੂੰ ਮਿਲ ਜਾਵੇ, ਮੈਂ ਇਹ ਸਵੀਕਾਰ ਕਰਨਾ ਚਾਹੁੰਦਾ ਹਾਂ ਕਿ ਰਾਜ ਤੁਹਾਡਾ ਹੈ, ਅਤੇ ਸ਼ਕਤੀ ਵੀ ਤੁਹਾਡੀ ਹੈ। ਮੇਰੇ ਕੋਲ ਇਹ ਜੀਵਨ ਜੀਉਣ ਦੀ ਸ਼ਕਤੀ ਨਹੀਂ ਹੈ ਮੇਰੇ ਕੋਲ ਪਾਪ 'ਤੇ ਜਿੱਤ ਪ੍ਰਾਪਤ ਕਰਨ ਦੀ ਤਾਕਤ ਨਹੀਂ ਹੈ। ਸ਼ਕਤੀ ਤੁਹਾਡੀ ਹੈ। ਅਤੇ ਜਦੋਂ ਮੈਂ ਪਾਪ ਉੱਤੇ ਜਿੱਤ ਪ੍ਰਾਪਤ ਕਰਾਂ, ਤਾਂ ਮਹਿਮਾ ਵੀ ਤੇਰੀ ਹੀ ਹੋਵੇ।"

ਇਸ ਤੋਂ ਬਾਅਦ ਪ੍ਰਾਰਥਨਾ "ਆਮੀਨ" ਨਾਲ ਸਮਾਪਤ ਹੁੰਦੀ ਹੈ, ਜਿਸਦਾ ਅਰਥ ਹੈ, "ਅਜਿਹਾ ਹੀ ਹੋਵੇਗਾ।"