ਪੁਰਾਣੇ ਨੇਮ ਦੀ ਵਿਵਸਥਾ ਵਿੱਚ ਕਿਹਾ ਗਿਆ ਸੀ,"ਤੂੰ ਝੂਠੀ ਸਹੁੰ ਨਾ ਖਾਵੀਂ ਪਰ ਜੋ ਸਹੁੰ ਤੂੰ ਯਹੋਵਾਹ ਦੇ ਨਾਮ'ਤੇ ਖਾਂਦਾ ਹੈ ਉਸਨੂੰ ਪੂਰਾ ਕਰੀਂ,"ਅਤੇ," ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਵੀਂ।" ਅੱਜ ਦੇ ਸਮੇਂ ਵਿੱਚ,ਸਹੁੰ ਖਾਣਾ ਉਸੇ ਤਰ੍ਹਾਂ ਹੈ ਜਿਵੇਂ ਲੋਕ ਬਾਈਬਲ 'ਤੇ ਹੱਥ ਰੱਖਕੇ ਕਹਿੰਦੇ ਹਨ ਕਿ ਉਹ ਸੱਚ ਬੋਲਣਗੇ। ਜਦੋਂ ਕੋਈ ਬਾਈਬਲ ਉੱਤੇ ਹੱਥ ਰੱਖਦਾ ਹੈ ਅਤੇ ਇਸ ਦੀ ਸਹੁੰ ਖਾਂਦਾ ਹੈ ਉਸਦਾ ਅਰਥ ਇਹੀ ਹੋ ਜਾਂਦਾ ਹੈ ਕਿ "ਅਕਸਰ ਮੈਂ ਝੂਠ ਬੋਲਦਾ ਹਾਂ,ਪਰ ਹੁਣ ਮੈਂ ਸੱਚ ਬੋਲਣ ਜਾ ਰਿਹਾ ਹਾਂ।" ਪਰਯਾਕੂਬ ਵਿੱਚ ਇਹ ਕਿਹਾ ਗਿਆ ਹੈ ਕਿ ਤੁਹਾਨੂੰ ਹਰ ਸਮੇਂ ਸੱਚ ਬੋਲਣਾ ਚਾਹੀਦਾ ਹੈ (ਯਾਕੂਬ5:12),ਅਤੇ ਯਿਸੂ ਨੇ ਵੀ ਇਹੀ ਸਿੱਖਿਆ ਦਿੱਤੀ ਸੀ।
ਮੱਤੀ 5:33-37 ਦਾ ਸਾਰ ਇਹ ਹੈ ਕਿ ਸਾਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ। ਸਾਨੂੰ ਆਪਣੇ ਸ਼ਬਦਾਂ ਨਾਲ ਚਲਾਕੀ, ਚਤੁਰਾਈ ਨਹੀਂ ਕਰਨੀ ਚਾਹੀਦੀ ਅਤੇ ਕਾਨੂੰਨੀ ਤੌਰ 'ਤੇ ਸੱਚ ਬੋਲਣ ਦਾ ਦਾਅਵਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਵੇਂ ਅਸੀਂ ਕਿਸੇ ਅਦਾਲਤ ਵਿੱਚ ਸੱਚ ਬੋਲ ਰਹੇ ਹਾਂ। ਸਾਨੂੰ ਸੱਚੇ ਲੋਕਾਂ ਵਜੋਂ ਜਾਣਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਹਾਲਾਤ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ। ਸਾਡੀ "ਹਾ" ਦੀ "ਹਾਂ" ਹੋਣੀ ਚਾਹੀਦੀ ਹੈ ਅਤੇ "ਨਾਂ" ਦੀ "ਨਾਂ" ਹੋਣੀ ਚਾਹੀਦੀ ਹੈ। ਇਸ ਤੋਂ ਵੱਧ ਆਖਣਾ ਬਦੀ ਵਲੋਂ ਹੈ। ਜੇਕਰ ਮੈਨੂੰ ਚਲਾਕੀ ਨਾਲ "ਹਾਂ" ਕਹਿਣੀ ਪਵੇ ਤਾਂ ਕੁਝ ਗੜਬੜ ਹੈ ਅਤੇ ਆਖ਼ਰਕਾਰ ਇਹ ਪਾਖੰਡ ਹੋਵੇਗਾ।
ਜੇ ਤੁਸੀਂ ਕੂਚ 20 ਵਿੱਚ ਦਿੱਤੇ ਗਏ ਦਸ ਹੁਕਮਾਂ ਨੂੰ ਪੜ੍ਹਦੇ ਹੋ, ਤਾਂ ਇਸ ਵਿੱਚ ਇਹ ਨਹੀਂ ਕਿਹਾ ਗਿਆ ਸੀ, "ਤੂੰ ਝੂਠ ਨਾ ਬੋਲ। " ਨੌਵਾਂ ਹੁਕਮ ਸੀ, "ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ।"ਇਹ ਮੂਲ ਰੂਪ ਅਦਾਲਤ ਦੇ ਸੰਦਰਭ ਵਿੱਚ ਕਿਹਾ ਗਿਆ ਸੀ ਅਰਥਾਤ ਤੂੰ ਅਦਾਲਤ ਵਿੱਚ ਝੂਠ ਨਾ ਬੋਲੀਂ। ਦੂਜੇ ਸ਼ਬਦਾਂ ਵਿੱਚ, ਜੇਕਰ ਤੁਸੀਂ ਕਿਸੇ ਚੀਜ਼ ਦੀ ਸਹੁੰ ਖਾਂਦੇ ਹੋ ਤਾਂ ਤੁਹਾਨੂੰ ਸੱਚ ਬੋਲਣਾ ਚਾਹੀਦਾ ਹੈ। ਪੁਰਾਣੇ ਨੇਮ ਦਾ ਇਹੀ ਮਿਆਰ ਸੀ ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਕੋਈ ਵੀ ਝੂਠ ਨਾ ਬੋਲਣ ਦੇ ਹੁਕਮ ਦੀ ਪਾਲਨਾ ਨਹੀਂ ਕਰ ਸਕਦਾ। ਇਸੇ ਤਰ੍ਹਾਂ, ਪੁਰਾਣੇ ਨੇਮ ਵਿੱਚ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਸੀ ਜਿਸ ਵਿੱਚ ਕਿਹਾ ਗਿਆ ਹੋਵੇ, "ਤੂੰ ਗੁੱਸਾ ਨਾ ਕਰੀਂ।"ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਕੋਈ ਵੀ ਇਸ ਹੁਕਮ ਦੀ ਪਾਲਨਾ ਨਹੀਂ ਕਰ ਸਕਦਾ। ਉਸ ਸਮੇਂ, ਹੁਕਮ ਸੀ "ਤੂੰ ਕਤਲ ਨਾ ਕਰ। " ਇਸੇ ਤਰ੍ਹਾਂ, ਪੁਰਾਣੇ ਨੇਮ ਵਿੱਚ ਅਜਿਹਾ ਕੋਈ ਹੁਕਮ ਨਹੀਂ ਸੀ ਜਿਸ ਵਿੱਚ ਕਿਹਾ ਗਿਆ ਹੋਵੇ, "ਕਿਸੇ ਔਰਤ ਦੀ ਲਾਲਸਾ ਨਾ ਕਰ, " ਕਿਉਂਕਿ ਪਰਮੇਸ਼ੁਰ ਜਾਣਦਾ ਸੀ ਕਿ ਕੋਈ ਵੀ ਇਸਨੂੰ ਪੂਰੀ ਤਰ੍ਹਾਂ ਨਹੀਂ ਨਿਭਾਅ ਸਕਦਾ। ਇਸ ਲਈ ਹੁਕਮ ਸੀ, "ਸਰੀਰਕ ਵਿਭਚਾਰ ਨਾ ਕਰ। "
ਪਰ ਹੁਣ ਨਵੇਂ ਨੇਮ ਵਿੱਚ, ਪਵਿੱਤਰ ਆਤਮਾ ਦੀ ਦਾਤ ਮਨੁੱਖ ਅੰਦਰ ਆਉਂਦੀ ਹੈ ਅਤੇ ਅਜਿਹਾ ਜੀਵਨ ਜਿਉਣਾ ਸੰਭਵ ਬਣਾ ਦਿੰਦੀ ਹੈ। ਜਦੋਂ ਪਵਿੱਤਰ ਆਤਮਾ ਸ਼ਕਤੀ ਨਾਲ ਅੰਦਰ ਆਉਂਦਾ ਹੈ, ਤਾਂ ਉਹ ਬਿਜਲੀ ਵਾਂਗ ਕੰਮ ਕਰਦਾ ਹੈ ਜਿਵੇਂ ਬਿਜਲੀ ਬਲਬ ਨੂੰ ਜਗਾਉਂਦੀ ਹੈ ਜਾਂ ਪੱਖਾ ਚਲਾਉਂਦੀ ਹੈ ਜਾਂ ਸਾਡੇ ਹੋਰ ਉਪਕਰਣ ਚਲਾਉਂਦੀ ਹੈ। ਇਸੇ ਤਰ੍ਹਾਂ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਅਸੀਂ ਉਹ ਕੰਮ ਕਰ ਸਕਦੇ ਹਾਂ ਜੋ ਉਸ ਦੀ ਸ਼ਕਤੀ ਤੋਂ ਬਿਨਾ ਨਹੀਂ ਸੰਭਵ ਨਹੀਂ ਸੀ। ਹੁਣ ਅੱਖਾਂ ਦੀ ਲਾਲਸਾ 'ਤੇ ਜਿੱਤ ਪ੍ਰਾਪਤ ਕਰਨਾ ਸੰਭਵ ਹੈ, ਗੁੱਸੇ ਨੂੰ ਕਾਬੂ ਕਰਨਾ ਸੰਭਵ ਹੈ, ਆਪਣੇ ਜੀਵਨ ਸਾਥੀ ਨਾਲ ਨਰਮਾਈ ਨਾਲ ਗੱਲ ਕਰਨਾ ਸੰਭਵ ਹੈ, ਹਮੇਸ਼ਾ ਸੱਚ ਬੋਲਣਾ ਸੰਭਵ ਹੈ, ਅਤੇ ਆਪਣੀ "ਹਾਂ" ਦੀ "ਹਾਂ" ਅਤੇ ਆਪਣੀ "ਨਾਂ" ਦੀ "ਨਾਂ" ਕਹਿਣਾ ਸੰਭਵ ਹੈ।
ਇਸ ਨੂੰ ਇੱਕ ਹੋਰ ਆਧੁਨਿਕ ਉਦਾਹਰਨ ਨਾਲ ਸਮਝਦੇ ਹਾਂ, ਜੇਕਰ ਤੁਸੀਂ ਅਦਾਲਤ ਵਿੱਚ ਗਵਾਹਾਂ ਦੇ ਸਾਹਮਣੇ ਕਿਸੇ ਰਜਿਸ਼ਟਰੀ ਜਾਂ ਕਿਸੇ ਕਾਨੂੰਨੀ ਸਮਝੌਤੇ 'ਤੇ ਦਸਖ਼ਤ ਕਰਦੇ ਹੋ ਤਾਂ ਤੁਸੀਂ ਉਸ ਸਮਝੌਤੇ 'ਤੇ ਦਸਖ਼ਤ ਕਰਨ ਤੋਂ ਪਹਿਲਾਂ ਉਸ ਨੂੰ ਧਿਆਨ ਨਾਲ ਪੜ੍ਹਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਹ ਸਮਝੌਤਾ ਅਦਾਲਤ ਦੁਆਰਾ ਲਾਗੂ ਕੀਤਾ ਜਾਵੇਗਾ। ਇਸੇ ਤਰ੍ਹਾਂ ਇੱਕ ਮਸੀਹੀ ਦਾ ਬਚਨ ਵੀ ਉਸ ਦਸਖ਼ਤ ਕੀਤੇ ਸਮਝੌਤੇ ਵਾਂਗ ਭਰੋਸੇਯੋਗ ਹੋਣਾ ਚਾਹੀਦਾ ਹੈ। ਕੀ ਇਹ ਤੁਹਾਡੀ ਜ਼ਿੰਦਗੀ ਵਿੱਚ ਸੱਚ ਹੈ?
ਮੈਨੂੰ ਮੇਰੀ ਜ਼ਿੰਦਗੀ ਦੀ ਇੱਕ ਘਟਨਾ ਯਾਦ ਹੈ ਮੈਂ ਆਪਣੇ ਘਰ ਵਿੱਚ ਰੱਖੀ ਹੋਈ ਕਿਸੇ ਕੀਮਤੀ ਚੀਜ਼ ਨੂੰ ਵੇਚਣਾ ਚਾਹੁੰਦਾ ਸੀ ਅਤੇ ਇੱਕ ਵਿਅਕਤੀ ਇਸਨੂੰ ਖਰੀਦਣਾ ਦਾ ਚਾਹਵਾਨ ਸੀ। ਅਸੀਂ ਦੋਵਾਂ ਨੇ ਉਸਦੀ ਕੀਮਤ ਤੈਅ ਕੀਤੀ ਪਰ ਉਹ ਕਈ ਮਹੀਨਿਆਂ ਤੱਕ ਇਸਨੂੰ ਲੈਣ ਨਹੀਂ ਆਇਆ। ਉਦੋਂ ਤੱਕ ਉਸ ਚੀਜ਼ ਦੀ ਕੀਮਤ ਵੱਧ ਗਈ ਸੀ ਅਤੇ ਮੈਂ ਉਸਨੂੰ ਕਹਿ ਸਕਦਾ ਸੀ, "ਓਏ, ਇਸਦੀ ਕੀਮਤ ਵੱਧ ਗਈ ਹੈ ਅਤੇ ਤੁਸੀਂ ਇਸਨੂੰ ਉਦੋਂ ਨਹੀਂ ਲਿਆ।" ਹਾਲਾਂਕਿ ਮੈਂ ਕਿਸੇ ਸਮਝੌਤੇ 'ਤੇ ਦਸਖ਼ਤ ਨਹੀਂ ਕੀਤੇ ਸਨ, ਮੈਂ ਉਸਨੂੰ ਤੈਅ ਕੀਮਤ 'ਤੇ ਉਹ ਚੀਜ ਦੇਣ ਲਈ ਜ਼ੁਬਾਨ ਦਿੱਤੀ ਸੀ। ਉਸ ਸਮੇਂ ਪ੍ਰਭੂ ਨੇ ਮੈਨੂੰ ਯਾਦ ਦਿਵਾਇਆ ਕਿ ਤੁਹਾਡੀ "ਹਾਂ" ਦੀ "ਹਾਂ" ਅਤੇ "ਨਾਂ" ਦੀ "ਨਾਂ" ਹੋਣੀ ਚਾਹੀਦੀ ਹੈ। ਉਹ ਭਰਾ ਉਸ ਸਮੇਂ ਮੁਸ਼ਕਲ ਹਾਲਾਤ ਵਿੱਚ ਸੀ ਅਤੇ ਮੈਂ ਵੀ ਆਪਣਾ ਬਚਨ ਨਿਭਾਉਣਾ ਚਾਹੁੰਦਾ ਸੀ। ਮੈਂ ਉਸਨੂੰ ਕਿਹਾ, "ਤੁਸੀਂ ਇਸ ਨੂੰ ਪਹਿਲਾਂ ਤੈਅ ਕੀਤੀ ਕੀਮਤ 'ਤੇ ਲੈ ਸਕਦੇ ਹੋ।" ਉਹ ਬਹੁਤ ਖੁਸ਼ ਹੋ ਗਿਆ। ਮੇਰਾ ਕੀ ਨੁਕਸਾਨ ਹੋਇਆ? ਸ਼ਾਇਦ ਮੇਰਾ ਕੁੱਝ ਆਰਥਿਕ ਨੁਕਸਾਨ ਹੋਇਆ। ਹੋ ਸਕਦਾ ਹੈ ਕਿ ਮੈਂ ਉਸਨੂੰ ਵੱਧ ਕੀਮਤ 'ਤੇ ਦੇ ਕੇ ਕੁਝ ਰੁਪਏ ਹੋਰ ਕਮਾ ਲੈਂਦਾ ਪਰ ਫਿਰ ਜੇ ਮੇਰੀ "ਹਾਂ" ਦੀ "ਹਾਂ" ਨਾ ਹੁੰਦੀ ਤਾਂ ਮੇਰਾ ਜ਼ਮੀਰ ਮੈਨੂੰ ਦੋਸ਼ੀ ਠਹਿਰਾਉਂਦਾ।
ਸੱਚਾਈ ਅਤੇ ਮਸੀਹ ਵਰਗਾ ਜੀਵਨ ਜਿਊਣ ਲਈ ਥੋੜ੍ਹੇ ਪੈਸੇ ਦਾ ਨੁਕਸਾਨ ਝੱਲਣਾ ਕੋਈ ਵੱਡੀ ਗੱਲ ਨਹੀਂ ਹੈ। ਕਈ ਵਾਰ ਸਾਨੂੰ ਪੈਸੇ ਦੇ ਖੇਤਰ ਵਿੱਚ ਇਹ ਦੇਖਣ ਲਈ ਪਰਖਿਆ ਜਾਂਦਾ ਹੈ ਕਿ ਕੀ ਅਸੀਂ ਆਪਣੀ "ਹਾਂ" ਦੀ "ਹਾਂ" ਅਤੇ ਆਪਣੀ "ਨਾਂ" ਦੀ "ਨਾਂ" ਕਹਿਣ ਲਈ ਤਿਆਰ ਹਾਂ।
ਪਰਮੇਸ਼ਰ ਸਾਨੂੰ ਇਸ ਖੇਤਰ ਵਿੱਚ ਇਸ ਲਈ ਪਰਖਦਾ ਹੈ ਤਾਂ ਜੋ ਉਹ ਸਾਨੂੰ ਹੋਰ ਉੱਚੀ ਆਤਮਿਕ ਅਵਸਥਾ ਵਿੱਚ ਲੈ ਜਾ ਸਕੇ। ਇਹ ਮੇਰੀ ਜ਼ਿੰਦਗੀ ਵਿੱਚ ਮੈਂ ਅਕਸਰ ਹੀ ਮਹਿਸੂਸ ਕੀਤਾ ਹੈ ਕਿ ਪਰਮੇਸ਼ਰ ਨੇ ਮੈਨੂੰ ਉਨ੍ਹਾਂ ਥਾਵਾਂ 'ਤੇ ਪਰਖਿਆ ਜਿੱਥੇ ਮੈਨੂੰ ਕੁਝ ਗੁਆਉਣਾ ਪਿਆ ਜਾਂ ਕੋਈ ਕੁਰਬਾਨੀ ਦੇਣੀ ਪਈ। ਉਹ ਇਹਨਾਂ ਹੁਕਮਾਂ ਦੇ ਰਾਹੀਂ ਸਾਨੂੰ ਪਰਖਦਾ ਹੈ ਕਿ ਅਸੀਂ ਉਨ੍ਹਾਂ ਅਨੁਸਾਰ ਜੀਵਨ ਜਿਊਣ ਲਈ ਤਿਆਰ ਹਾਂ ਜਾਂ ਨਹੀਂ। ਇਸ ਤਰ੍ਹਾਂ ਸਾਨੂੰ ਖੁਦ ਪਤਾ ਲੱਗਦਾ ਹੈ ਕਿ ਅਸੀਂ ਸੱਚਮੁੱਚ ਵਿਸ਼ਵਾਸ ਕਰਦੇ ਹਾਂ ਜਾਂ ਨਹੀਂ। ਅੱਜ ਵੀ ਬਹੁਤ ਸਾਰੀਆਂ ਅਜਿਹੀਆਂ ਪਰਿਸਥਿਤੀਆਂ ਹਨ ਜਿੱਥੇ ਸੱਚ ਬੋਲਣ ਦੀ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ। ਉੱਥੇ ਕੋਈ ਪਰਖ ਨਹੀਂ ਹੁੰਦੀ, ਪਰ ਜਦੋਂ ਅਜਿਹੀ ਸਥਿਤੀ ਵਿੱਚ ਸੱਚ ਬੋਲਣਾ ਪਵੇ ਜਿਸ ਕਰਕੇ ਤੁਹਾਨੂੰ ਆਪਣੀ ਨੌਕਰੀ ਗੁਆਉਣੀ ਪਵੇ ਤਾਂ ਪਰਮੇਸ਼ਰ ਤੁਹਾਡੀ ਪਰਖ ਕਰ ਰਿਹਾ ਹੁੰਦਾ ਹੈ ਤਾਂ ਜੋ ਉਹ ਤੁਹਾਨੂੰ ਉੱਚੀ ਸੇਵਕਾਈ ਵੱਲ ਲੈ ਜਾ ਸਕੇ। ਮੈਨੂੰ ਲੱਗਦਾ ਹੈ ਕਿ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਵਿੱਚ ਪਰਮੇਸ਼ੁਰ ਸਾਨੂੰ ਪਰਖਦਾ ਹੈ। ਅਤੇ ਬਹੁਤ ਸਾਰੇ ਲੋਕ-ਖ਼ਾਸ ਕਰਕੇ ਕਈ ਨੌਜਵਾਨ-ਇਸ ਪਰਖ ਵਿੱਚ ਅਸਫਲ ਰਹੇ ਹਨ।
ਪਰਮੇਸ਼ਰ ਕਿਸੇ ਨੂੰ ਵੀ ਆਪਣਾ ਵਫ਼ਾਦਾਰ ਸੇਵਕ ਬਣਨ ਲਈ ਮਜਬੂਰ ਨਹੀਂ ਕਰਦਾ। ਮੇਰਾ ਮੰਨਣਾ ਹੈ ਕਿ ਉਹ ਚਾਹੁੰਦਾ ਹੈ ਕਿ ਤੁਸੀਂ ਅਤੇ ਮੈਂ ਉਸਦੇ ਵਫ਼ਾਦਾਰ ਸੇਵਕ ਬਣੀਏ, ਪਰ ਕੀ ਤੁਸੀਂ ਵਫ਼ਾਦਾਰ ਰਹੋਗੇ ਜਾਂ ਨਹੀਂ, ਕੀ ਤੁਸੀਂ ਪਰਮੇਸ਼ਰ ਦੇ ਬਚਨ ਦੇ ਮਿਆਰਾਂ 'ਤੇ ਕਾਇਮ ਰਹੋਗੇ ਜਾਂ ਨਹੀਂ ਅਤੇ ਕੀ ਤੁਸੀਂ ਲੋਕਾਂ ਨੂੰ ਖੁਸ਼ ਕਰਨ ਲਈ ਸਮਝੌਤਾ ਕਰੋਗੇ ਜਾਂ ਨਹੀਂ। ਇਹੀ ਗੱਲਾਂ ਨਿਰਧਾਰਤ ਕਰਦੀਆਂ ਹਨ ਕਿ ਤੁਸੀਂ ਕਦੇ ਪਰਮੇਸ਼ਰ ਦੇ ਸੱਚੇ ਸੇਵਕ ਬਣੋਗੇ ਜਾਂ ਨਹੀਂ।
ਉਦਾਹਰਨ ਲਈ, ਕਿਸੇ ਅਜਿਹੀ ਸਥਿਤੀ ਬਾਰੇ ਸੋਚੋ ਕਿ ਤੁਸੀਂ ਕਿਸੇ ਦਫ਼ਤਰ ਵਿੱਚ ਕੰਮ ਕਰ ਰਹੇ ਹੋ ਅਤੇ ਹੋ ਸਕਦਾ ਹੈ ਕਿ ਉੱਥੇ ਇੱਕ ਮਹਿੰਗੀ ਮਸ਼ੀਨ ਹੈ ਜਿਸਨੂੰ ਤੁਸੀਂ ਗਲਤੀ ਨਾਲ ਉਸਨੂੰ ਗਲਤ ਤਰੀਕੇ ਨਾਲ ਵਰਤ ਲਿਆ ਅਤੇ ਉਹ ਖਰਾਬ ਹੋ ਗਈ, ਪਰ ਕਿਸੇ ਨੇ ਤੁਹਾਨੂੰ ਇਹ ਕਰਦੇ ਨਹੀਂ ਵੇਖਿਆ। ਉਸ ਮਸ਼ੀਨ ਨੂੰ ਕਈ ਲੋਕ ਵਰਤਦੇ ਸਨ। ਕੁਝ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਮਸ਼ੀਨ ਖਰਾਬ ਹੋ ਗਈ ਹੈ ਅਤੇ ਇਸਦੀ ਜਾਂਚ ਸ਼ੁਰੂ ਹੁੰਦੀ ਹੈ। ਬੌਸ ਆ ਕੇ ਪੁੱਛਦਾ ਹੈ ਕਿ ਮਸ਼ੀਨ ਨੂੰ ਕਿਸਨੇ ਖਰਾਬ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਇਹ ਤੁਸੀਂ ਕੀਤਾ ਸੀ ਪਰ ਤੁਸੀਂ ਚੁੱਪ ਰਹਿੰਦੇ ਹੋ ਕਿਉਂਕਿ ਤੁਹਾਨੂੰ ਲਗਦਾ ਹੈ ਕਿ ਉਹ ਕਦੇ ਸੱਚ ਨਹੀਂ ਜਾਣ ਸਕਣਗੇ। ਕਿਉਂਕਿ ਬਹੁਤ ਸਾਰੇ ਲੋਕ ਇਸ ਮਸ਼ੀਨ ਦੀ ਵਰਤੋਂ ਕਰਦੇ ਸਨ। ਤੁਸੀਂ ਸੋਚਦੇ ਹੋ ਕਿ ਤੁਸੀਂ ਝੂਠ ਨਹੀਂ ਬੋਲਿਆ ਕਿਉਂਕਿ ਤੁਸੀਂ ਆਪਣਾ ਮੂੰਹ ਨਹੀਂ ਖੋਲ੍ਹਿਆ, ਪਰ ਅਸਲ ਵਿੱਚ ਤੁਸੀਂ ਝੂਠ ਬੋਲਿਆ। ਤੁਸੀਂ ਆਪਣਾ ਮੂੰਹ ਖੋਲ੍ਹੇ ਬਿਨਾਂ ਝੂਠ ਬੋਲਿਆ! ਆਪਣੀ ਨੌਕਰੀ ਬਚਾਉਣ ਲਈ ਤੁਸੀਂ ਇਹ ਸਵੀਕਾਰ ਨਹੀਂ ਕੀਤਾ ਕਿ ਮਸ਼ੀਨ ਆਖ਼ਰੀ ਵਾਰ ਤੁਸੀਂ ਵਰਤੀ ਸੀ ਅਤੇ ਉਹ ਤੁਹਾਡੇ ਕਾਰਨ ਖਰਾਬ ਹੋ ਗਈ। ਸ਼ਾਇਦ ਜੇ ਤੁਸੀਂ ਸੱਚ ਮੰਨ ਲੈਂਦੇ ਤਾਂ ਉਹ ਤੁਹਾਨੂੰ ਨੌਕਰੀ ਤੋਂ ਕੱਢ ਦਿੰਦੇ, ਕਿਉਂਕਿ ਉਹ ਮਸ਼ੀਨ ਬਹੁਤ ਮਹਿੰਗੀ ਸੀ।
ਉਸ ਸਮੇਂ ਜ਼ਿਆਦਾ ਮਹੱਤਵਪੂਰਨ ਕੀ ਹੈ? ਸ਼ੈਤਾਨ ਤੁਹਾਡੇ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਝੂਠ ਸਰਵਸ਼ਕਤੀਮਾਨ ਹੈ। ਜੇ ਤੁਸੀਂ ਝੂਠ ਬੋਲਦੇ ਹੋ ਤਾਂ ਤੁਸੀਂ ਆਪਣੀ ਨੌਕਰੀ ਬਚਾ ਸਕਦੇ ਹੋ। ਉਸੇ ਸਮੇਂ ਪਵਿੱਤਰ ਆਤਮਾ ਤੁਹਾਡੇ ਦਿਲ ਵਿੱਚ ਫੁਸਫੁਸਾਉਂਦਾ ਹੈ ਕਿ ਇਹ ਝੂਠ ਹੈ। ਕੀ ਪਰਮੇਸ਼ਰ ਸਰਬਸ਼ਕਤੀਮਾਨ ਨਹੀਂ ਹੈ? ਜੇਕਰ ਤੁਸੀਂ ਇਸ ਸਥਿਤੀ ਵਿੱਚ ਪਰਮੇਸ਼ਰ 'ਤੇ ਭਰੋਸਾ ਕਰਦੇ ਹੋ ਅਤੇ ਸੱਚ ਬੋਲਦੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਆਪਣੀ ਨੌਕਰੀ ਗੁਆ ਦਿਓ, ਪਰ ਪਰਮੇਸ਼ਰ ਤੁਹਾਨੂੰ ਇੱਕ ਬਿਹਤਰ ਨੌਕਰੀ ਦੇਵੇਗਾ। ਕੀ ਤੁਹਾਡੇ ਕੋਲ ਅਜਿਹਾ ਵਿਸ਼ਵਾਸ ਹੈ? ਅਜਿਹੀਆਂ ਸਥਿਤੀਆਂ ਵਿੱਚ ਹੀ ਸਾਡੀ ਪਰਖ ਹੁੰਦੀ ਹੈ।
ਮੈਂ ਇਹ ਗੱਲ ਸਿਰਫ਼ ਸਿਧਾਂਤਕ ਤੌਰ 'ਤੇ ਨਹੀਂ ਕਹਿ ਰਿਹਾ। ਆਪਣੀ ਜ਼ਿੰਦਗੀ ਵਿੱਚ ਕਈ ਵਾਰ ਪਰਮੇਸ਼ੁਰ ਨੇ ਮੈਨੂੰ ਇਸ ਖੇਤਰ ਵਿੱਚ ਵੱਖ-ਵੱਖ ਸਥਿਤੀਆਂ ਰਾਹੀਂ ਪਰਖਿਆ ਹੈ। ਉਹ ਇਹ ਨਹੀਂ ਦੇਖਣਾ ਚਾਹੁੰਦਾ ਸੀ ਕਿ ਮੈਂ ਕਿੰਨਾ ਚਲਾਕ ਜਾਂ ਚਤੁਰ ਹਾਂ ਜੋ ਕਿਸੇ ਮੁਸ਼ਕਲ ਸਥਿਤੀ ਤੋਂ ਨਿਕਲਣ ਦਾ ਰਸਤਾ ਲੱਭ ਲਵਾਂ, ਪਰ ਉਹ ਇਹ ਦੇਖਣਾ ਚਾਹੁੰਦਾ ਸੀ ਕਿ ਕੀ ਮੈਂ ਇਮਾਨਦਾਰ ਹਾਂ ਅਤੇ ਸੱਚ ਬੋਲਣ ਦੀ ਕੀਮਤ ਚੁਕਾਉਣ ਲਈ ਤਿਆਰ ਹਾਂ।
ਇਸ ਤਰ੍ਹਾਂ ਪਰਮੇਸ਼ਰ ਮੈਨੂੰ ਮਸਹ ਕੀਤਾ ਅਤੇ ਉਸਨੇ ਮੈਨੂੰ ਇਹ ਸੇਵਕਾਈ ਦਿੱਤੀ ਕਿ ਮੈਂ ਮੰਚ ਤੋਂ ਸੱਚ ਬੋਲਾਂ ਚਾਹੇ ਇਸ ਲਈ ਮੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਮੇਰਾ ਮੰਨਣਾ ਹੈ ਕਿ ਪਰਮੇਸ਼ਰ ਅੱਜ ਮਸੀਹੀ ਜਗਤ ਦੇ ਮੰਚਾਂ 'ਤੇ ਪਰਮੇਸ਼ੁਰ ਦੇ ਬਹੁਤ ਸਾਰੇ ਅਜਿਹੇ ਨਬੀ ਚਾਹੁੰਦਾ ਹੈ ਜੋ ਨਿਡਰ ਹੋ ਕੇ ਸੱਚ ਬੋਲਣ ਭਾਵੇਂ ਇਸ ਲਈ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਅਤੇ ਤੁੱਛ ਸਮਝਿਆ ਜਾਵੇ, ਰੱਦ ਕੀਤਾ ਜਾਵੇ, ਗਲਤ ਸਮਝਿਆ ਜਾਵੇ, ਆਲੋਚਨਾ ਕੀਤੀ ਜਾਵੇ, ਜਾਂ ਝੂਠੇ ਦੋਸ਼ ਲਗਾਏ ਜਾਣ। ਪਰਮੇਸ਼ੁਰ ਤੁਹਾਨੂੰ ਅਜਿਹੀ ਸੇਵਕਾਈ ਵਾਸਤੇ ਤਿਆਰ ਕਰਨ ਲਈ ਜੀਵਨ ਦੀਆਂ ਆਮ ਸਥਿਤੀਆਂ ਵਿੱਚ ਪਰਖੇਗਾ। ਉਹ ਵੇਖੇਗਾ ਕਿ ਕੀ ਤੁਸੀਂ ਸੱਚ ਬੋਲਣ ਲਈ ਤਿਆਰ ਹੋ ਭਾਵੇਂ ਇਸ ਲਈ ਤੁਹਾਨੂੰ ਕੀਮਤ ਚੁਕਾਉਣੀ ਪਵੇ; ਭਾਵੇਂ ਤੁਹਾਨੂੰ ਆਪਣੀ ਨੌਕਰੀ ਗੁਆਉਣੀ ਪਵੇ ਜਾਂ ਸੱਚ ਲਈ ਖੜ੍ਹੇ ਹੋਣ ਕਰਕੇ ਪੈਸਾ ਦਾ ਨੁਕਸਾਨ ਝੱਲਣਾ ਪਵੇ। ਇਹ ਬਹੁਤ ਹੀ ਮਹੱਤਵਪੂਰਨ ਖੇਤਰ ਹੈ।