ਮੱਤੀ 7:6 ਤੋਂ ਸ਼ੁਰੂ ਕਰਕੇ ਸਾਡੇ ਕੋਲ ਪਹਾੜੀ ਉਪਦੇਸ਼ ਦੇ ਅੰਤਲੇ ਪੈਰ੍ਹੇ ਹਨ। "ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਹਨਾਂ ਨੂੰ ਆਪਣੇ ਪੈਰਾਂ ਹੇਠ ਮਿੱਧ ਦੇਣਗੇ। "(ਮੱਤੀ 7:6) ਯਿਸੂ ਸਾਨੂੰ ਸਿਖਾ ਰਿਹਾ ਹੈ ਕਿ ਸਾਨੂੰ ਇਸ ਬਾਰੇ ਸਿਆਣਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਨਾਲ ਕੀ ਗੱਲ ਕਰਦੇ ਹਾਂ। ਕਹਾਉਤਾਂ 26:4 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਕਿਸੇ ਮੂਰਖ ਨੂੰ ਉਸਦੀ ਮੂਰਖਤਾ ਦੇ ਅਨੁਸਾਰ ਜਵਾਬ ਨਹੀਂ ਦੇਣਾ ਚਾਹੀਦਾ। ਸਾਨੂੰ ਉਹਨਾਂ ਲੋਕਾਂ ਨੂੰ ਸੱਚਾਈ ਨਹੀਂ ਦੱਸਣੀ ਚਾਹੀਦੀ ਜੋ ਇਸਦੀ ਕਦਰ ਨਹੀਂ ਕਰਦੇ। ਇਸੇ ਲਈ ਜਦੋਂ ਵੀ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ ਤਾਂ ਸਾਨੂੰ ਸਿਆਣਪ ਦੀ ਲੋੜ ਹੁੰਦੀ ਹੈ। ਸਾਡੇ ਕੋਲ ਹਰ ਕਿਸੇ ਲਈ ਇੱਕੋ ਜਿਹਾ ਸੁਨੇਹਾ ਨਹੀਂ ਹੋਣਾ ਚਾਹੀਦਾ। ਸਾਨੂੰ ਪਰਮੇਸ਼ਰ ਤੋਂ ਸਲਾਹ ਲੈਣੀ ਚਾਹੀਦੀ ਹੈ ਤਾਂ ਜੋਂ ਅਸੀਂ ਸੁਣ ਸਕੀਏ ਕਿ ਪਰਮੇਸ਼ਰ ਮੇਰੇ ਤੋਂ ਕੀ ਕਹਾਉਣਾ ਚਾਹੁੰਦਾ ਹੈ। ਯਿਸੂ ਇਸੇ ਤਰ੍ਹਾਂ ਜਿਉਂਦਾ ਸੀ ਅਤੇ ਜਦੋਂ ਅਸੀਂ ਪਵਿੱਤਰ ਸ਼ਾਸਤਰ ਦੀ ਕਿਸੇ ਵੀ ਆਇਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਯਿਸੂ ਦੀ ਉਦਾਹਰਨ ਵੱਲ ਦੇਖਣਾ ਚਾਹੀਦਾ ਹੈ।
ਪ੍ਰਭੂ ਯਿਸੂ ਮਸੀਹ ਬਾਰੇ ਯਸਾਯਾਹ 50:4 ਵਿੱਚ ਇੱਕ ਭਵਿੱਖਬਾਣੀ ਹੈ ਜੋ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦੇ ਹਨ ਅਤੇ ਸੋਚਦੇ ਹਨ ਉਹਨਾਂ ਲੋਕਾਂ ਲਈ ਬਹੁਤ ਢੁਕਵੀਂ ਹੈ, "ਮੈਨੂੰ ਕਿਸੇ ਵਿਅਕਤੀ ਨੂੰ ਪਰਮੇਸ਼ੁਰ ਦੇ ਸੰਦੇਸ਼ ਵਜੋਂ ਕੀ ਦੇਣਾ ਚਾਹੀਦਾ ਹੈ?" ਪਹਿਲਾਂ ਮੈਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਉਸਦੀ ਆਤਮਿਕ ਹਾਲਤ ਕਿਹੋ ਜਿਹੀ ਹੈ। ਇਸੇ ਲਈ ਜਦੋਂ ਮੈਂ ਕਿਸੇ ਨੂੰ ਵੀ ਪਰਮੇਸ਼ੁਰ ਦਾ ਬਚਨ ਸੁਣਾਉਂਦਾ ਹਾਂ ਤਾਂ ਮੈਨੂੰ ਪਰਮੇਸ਼ੁਰ ਤੋਂ ਭਵਿੱਖਬਾਣੀ ਕਰਨ ਲਈ ਸਮਝ ਦੀ ਲੋੜ ਹੁੰਦੀ ਹੈ। ਪਰਮੇਸ਼ੁਰ ਦਾ ਬਚਨ ਦੇਣਾ ਇੱਕ ਅਲੌਕਿਕ ਕਾਰਜ ਹੈ। ਜੇ ਤੁਸੀਂ ਇਸਨੂੰ ਰਸਾਇਣ ਵਿਗਿਆਨ ਪੜ੍ਹਾਉਣ ਦੀ ਤਰ੍ਹਾਂ ਕੇਵਲ ਇੱਕ ਭਾਸ਼ਣ ਦੇਣ ਵਾਂਗ ਸੋਚਦੇ ਹੋ ਤਾਂ ਤੁਸੀਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਬਾਈਬਲ ਸਿਖਾ ਸਕਦੇ ਹੋ। ਪਰ ਜੇ ਤੁਸੀਂ ਵਿਅਕਤੀ ਦੇ ਆਤਮਿਕ ਪੱਧਰ ਅਨੁਸਾਰ ਪਰਮੇਸ਼ੁਰ ਦਾ ਬਚਨ ਸੇਵਾ ਭਾਵਨਾ ਨਾਲ ਸਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਲੌਕਿਕ ਸਮਝ ਦੀ ਲੋੜ ਹੈ ਜੋ ਕੇਵਲ ਪਰਮੇਸ਼ੁਰ ਹੀ ਦੇ ਸਕਦਾ ਹੈ। ਯਸਾਯਾਹ 50:4 ਵਿੱਚ ਕਿਹਾ ਗਿਆ ਹੈ (ਇਹ ਮਸੀਹ ਬਾਰੇ ਹੈ): "ਮੇਰੇਪਰਮੇਸ਼ੁਰ, ਯਹੋਵਾਹ ਨੇ ਮੈਨੂੰ ਸਿੱਖਿਆ ਦੇਣ ਦੀ ਯੋਗਤਾ ਦਿੱਤੀ ਸੀ। ਇਸ ਲਈ ਮੈਂ ਇਹਨਾਂ ਉਦਾਸ ਲੋਕਾਂ ਨੂੰ ਸਿੱਖਿਆ ਦਿੰਦਾ ਹਾਂ। ਉਹ ਹਰ ਸਵੇਰ ਮੈਨੂੰ ਜਗਾਉਂਦਾ ਹੈ ਅਤੇ ਮੈਨੂੰ ਇਕ ਚੇਲੇ ਵਾਂਗ ਸਿੱਖਿਆ ਦਿੰਦਾ ਹੈ।" ਯਿਸੂ ਇੱਥੇ ਕਹਿ ਰਿਹਾ ਹੈ ਕਿ ਉਹ ਹਰ ਰੋਜ਼ ਅਤੇ ਉਹ ਨਿਰੰਤਰ ਸੁਣਦਾ ਸੀ ਤਾਂ ਜੋ ਉਹ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਢੁਕਵਾਂ ਬਚਨ ਦੇ ਸਕੇ।
ਇਸਦੀ ਇੱਕ ਉਦਾਹਰਨ ਯੂਹੰਨਾ 8 ਵਿੱਚ ਮਿਲਦੀ ਹੈ। ਅਸੀਂ ਪੜ੍ਹਦੇ ਹਾਂ ਕਿ ਫ਼ਰੀਸੀਆਂ ਨੇ ਇੱਕ ਔਰਤ ਨੂੰ ਯਿਸੂ ਕੋਲ ਲਿਆਂਦਾ ਜੋ ਵਿਭਚਾਰ ਕਰਦੇ ਫੜੀ ਗਈ ਸੀ ਅਤੇ ਉਹਨਾਂ ਨੇ ਪੁਰਾਣੇ ਨੇਮ ਦੇ ਧਰਮ ਗ੍ਰੰਥਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ ਜਾਣਾ ਚਾਹੀਦਾ ਹੈ। ਯਿਸੂ ਨੇ ਇਸ ਨਾਲ ਅਸਹਿਮਤੀ ਨਹੀਂ ਜਤਾਈ ਕਿਉਂਕਿ ਉਹ ਪੁਰਾਣੇ ਨੇਮ ਦੀਆਂ ਲਿਖਤਾਂ ਨੂੰ ਜਾਣਦਾ ਸੀ। ਉਸਨੇ ਖ਼ੁਦ ਇਹ ਲਿਖਤਾਂ ਸੈਂਕੜੇ ਸਾਲ ਪਹਿਲਾਂ ਮੂਸਾ ਨੂੰ ਦਿੱਤੀਆਂ ਸਨ! ਤਾਂ ਉਸਨੇ ਕੀ ਕੀਤਾ? ਲਿਖਿਆ ਹੈ ਕਿ ਯਿਸੂ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਇਸ ਔਰਤ ਉੱਤੇ ਦੋਸ਼ ਲਾਉਂਦੇ ਰਹੇ ਅਤੇ ਯਿਸੂ ਝੁਕ ਕੇ ਆਪਣੀ ਉਂਗਲੀ ਨਾਲ ਜ਼ਮੀਨ ਉੱਤੇ ਲਿਖਦਾ ਰਿਹਾ (ਯੂਹੰਨਾ 8:6)। ਉਹ ਪਿਤਾ ਵੱਲੋਂ ਸਪੱਸ਼ਟ ਬਚਨ ਦੀ ਉਡੀਕ ਕਰ ਰਿਹਾ ਸੀ ਕਿ "ਇਨ੍ਹਾਂ ਲੋਕਾਂ ਨੂੰ ਮੈਂ ਕੀ ਦੇਵਾਂ? ਇਨ੍ਹਾਂ ਲੋਕਾਂ ਨੂੰ ਕੀ ਢੁਕਵਾਂ ਬਚਨ ਦਿੱਤਾ ਜਾਵੇ ਜੋ ਇਸ ਬੇਚਾਰੀ ਔਰਤ ਨੂੰ ਪੱਥਰਾਂ ਨਾਲ ਮਾਰਨਾ ਚਾਹੁੰਦੇ ਹਨ?" ਉਹ ਪਵਿੱਤਰ ਲਿਖਤ ਦਾ ਖੰਡਨ ਕਰਨ ਵਾਲਾ ਨਹੀਂ ਸੀ ਕਿਉਂਕਿ ਜੋ ਲਿਖਤ ਉਸਨੇ ਖ਼ੁਦ ਮੂਸਾ ਨੂੰ ਦਿੱਤੀ ਸੀ ਉਸ ਵਿੱਚ ਉਸਨੂੰ ਪੱਥਰਾਂ ਨਾਲ ਮਾਰਨ ਦੀ ਗੱਲ ਕਹੀ ਗਈ ਸੀ। ਜਦੋਂ ਉਸਨੂੰ ਪਿਤਾ ਵੱਲੋਂ ਬਚਨ ਮਿਲਿਆ, ਉਹ ਸਿੱਧਾ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਕਿਹਾ (ਯੂਹੰਨਾ 8:7 ਦਾ ਭਾਵ), "ਜੋ ਤੁਹਾਡੇ ਵਿੱਚੋਂ ਪਾਪ ਰਹਿਤ ਹੈ ਉਹ ਪਹਿਲਾਂ ਪੱਥਰ ਮਾਰੇ। ਜਾਓ ਤੁਸੀਂ ਨੇਮਅਨੁਸਾਰ ਇਸ ਔਰਤ ਨੂੰ ਪੱਥਰ ਮਾਰ ਸਕਦੇ ਹੋ ਪਰ ਪਹਿਲਾ ਪੱਥਰ ਕੇਵਲ ਉਹੀ ਮਾਰ ਸਕਦਾ ਹੈ ਜੋ ਪਾਪ ਰਹਿਤ ਹੋਵੇ।"ਅਤੇ ਲਿਖਿਆ ਹੈ ਕਿ ਵੱਡਿਆਂ ਤੋਂ ਲੈ ਕੇ ਛੋਟਿਆਂ ਤੱਕ ਉਹ ਸਾਰੇ ਲੋਕ ਉੱਥੋਂ ਚਲੇ ਗਏ ਕਿਉਂਕਿ ਵੱਡਿਆਂ ਨੇ ਸਭ ਤੋਂ ਵੱਧ ਪਾਪ ਕੀਤੇ ਸਨ।
ਸਥਿਤੀ ਨੂੰ ਸੰਭਾਲਣ ਲਈ ਇੱਕ ਬਚਨ ਹੀ ਕਾਫ਼ੀ ਸੀ! ਇਸਦੇ ਲਈ ਪੂਰਾ ਉਪਦੇਸ਼ ਦੇਣ ਦੀ ਲੋੜ ਨਹੀਂ ਸੀ। ਕਈ ਵਾਰ ਯਿਸੂ ਕੁਝ ਨਹੀਂ ਕਹਿੰਦਾ ਸੀ। ਉਦਾਹਰਨ ਵਜੋਂ, ਇੱਕ ਵਾਰ ਜਦੋਂ ਕਿਸੇ ਨੇ ਉਸ ਤੋਂ ਸਵਾਲ ਪੁੱਛਿਆ ਤਾਂ ਉਸਨੇ ਜਵਾਬ ਵਿੱਚ ਕਿਹਾ ਕਿ "ਪਹਿਲਾਂ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਾਂਗਾ ਕਿ ਯੂਹੰਨਾ ਦਾ ਬਪਤਿਸਮਾ ਸਵਰਗ ਤੋਂ ਸੀ ਜਾਂ ਮਨੁੱਖਾਂ ਤੋਂ?" ਅਤੇ ਉਹ ਆਪਸ ਵਿੱਚ ਬਹਿਸ ਕਰਨ ਲੱਗੇ ਕਿ "ਜੇ ਅਸੀਂ ਕਹੀਏ ਮਨੁੱਖਾਂ ਤੋਂ ਤਾਂ ਲੋਕ ਨਾਰਾਜ਼ ਹੋਣਗੇ ਕਿਉਂਕਿ ਉਹ ਯੂਹੰਨਾ ਨੂੰ ਨਬੀ ਮੰਨਦੇ ਸਨ ਅਤੇ ਜੇ ਸਵਰਗ ਤੋਂ ਕਹੀਏ ਤਾਂ ਯਿਸੂ ਪੁੱਛੇਗਾ ਤਾਂਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?"ਇਸ ਲਈ ਉਹ ਜਵਾਬ ਨਹੀਂ ਦੇ ਸਕੇ ਅਤੇ ਕਿਹਾ ਕਿ "ਅਸੀਂ ਨਹੀਂ ਜਾਣਦੇ।" ਤਾਂ ਯਿਸੂ ਨੇ ਕਿਹਾ ਕਿ "ਤਾਂ ਮੈਂ ਵੀ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਵਾਂਗਾ" (ਮੱਤੀ 21:27)।
ਯਿਸੂ ਕੋਲ ਹਰ ਕਿਸੇ ਨਾਲ ਪੇਸ਼ ਆਉਣ ਦਾ ਕੋਈ ਨਿਸ਼ਚਿਤ ਤਰੀਕਾ ਨਹੀਂ ਸੀ। ਕਈ ਵਾਰ ਲੋਕ ਉਸ ਕੋਲ ਆਉਂਦੇ ਅਤੇ ਫ਼ਜ਼ੂਲ ਸਵਾਲ ਪੁੱਛਦੇ, ਜਿਵੇਂ ਕਿ "ਇੱਕ ਆਦਮੀ ਮਰ ਗਿਆ ਅਤੇ ਉਸਦੀ ਪਤਨੀ ਨਾਲ ਉਸਦੇ ਭਰਾ ਨੇ ਵਿਆਹ ਕਰ ਲਿਆ ਅਤੇ ਇਹੀ ਉਸਦੇ ਸੱਤ ਹੋਰ ਭਰਾਵਾਂ ਨਾਲ ਹੋਇਆ। ਜੀ ਉੱਠਣ ਵੇਲੇ ਉਸਦਾ ਪਤੀ ਕੌਣ ਹੋਵੇਗਾ?" ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ, ਉਹ ਚੁੱਪ ਕਰਕੇ ਨਹੀਂ ਚਲਾ ਗਿਆ। ਉਸਨੇ ਸਮਾਂ ਲੈ ਕੇ ਉਹਨਾਂ ਨੂੰ ਸਮਝਾਇਆ ਕਿ ਜੀ ਉੱਠਣ ਵੇਲੇ ਕੋਈ ਵਿਆਹ ਨਹੀਂ ਹੋਵੇਗਾ। ਜੇ ਤੁਸੀਂ ਯਿਸੂ ਵੱਲੋਂ ਦਿੱਤੇ ਜਵਾਬਾਂ ਨੂੰ ਦੇਖੋਗੇ ਤਾਂ ਇਹ ਕਿਸੇ ਕੰਪਿਊਟਰ ਪ੍ਰੋਗਰਾਮ ਅਨੁਸਾਰ ਨਿਸ਼ਚਿਤ ਜਵਾਬ ਵਰਗੇ ਨਹੀਂ ਸਨ। ਉਹ ਹਮੇਸ਼ਾ ਪਵਿੱਤਰ ਆਤਮਾ ਦੀ ਸੁਣਦਾ ਸੀ ਅਤੇ ਇਹੀ ਉਹ ਬਹੁਤ ਜ਼ਰੂਰੀ ਸਿਧਾਂਤ ਹੈ ਜੋ ਸਾਨੂੰ ਮੱਤੀ 7:6 ਤੋਂ ਸਿੱਖਣਾ ਚਾਹੀਦਾ ਹੈ।
ਬਹੁਤ ਵਾਰ ਸਾਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਕਿਸੇ ਖ਼ਾਸ ਵਿਅਕਤੀ ਲਈ ਢੁਕਵਾਂ ਬਚਨ ਕੀ ਹੈ। ਪੂਰੀ ਸੇਵਕਾਈ ਦੌਰਾਨ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਲੋਕਾਂ ਨੂੰ ਅਸਲ ਵਿੱਚ ਸਹੀ ਬਚਨ ਕਿਵੇਂ ਦੇਣਾ ਹੈ। ਨਵਾਂ ਨੇਮ 1 ਕੁਰਿੰਥੀਆਂ 14:1 ਵਿੱਚ ਕਿਉਂ ਕਹਿੰਦਾ ਹੈ ਕਿ ਸਾਨੂੰ ਭਵਿੱਖਬਾਣੀ ਕਰਨ ਦੀ ਇੱਛਾ ਰੱਖਣੀ ਚਾਹੀਦੀ ਹੈ? ਹਰ ਵਿਸ਼ਵਾਸੀ ਨੂੰ ਕਿਹਾ ਗਿਆ ਹੈ ਕਿ ਉਸਨੂੰ ਭਵਿੱਖਬਾਣੀ ਕਰਨ ਦੀ ਤੀਬਰਤਾ ਨਾਲ ਇੱਛਾ ਕਰਨੀ ਚਾਹੀਦੀ ਹੈ। ਕਾਰਨ ਇਹ ਹੈ ਕਿ ਨਵੇਂ ਨੇਮ ਦੀ ਕਲੀਸਿਯਾ ਦੀ ਮੀਟਿੰਗ ਵਿੱਚ, ਜੇ ਸਾਰੇ ਭਵਿੱਖਬਾਣੀ ਕਰਨ ਅਤੇ ਸਾਰਿਆਂ ਕੋਲ ਭਵਿੱਖਬਾਣੀ ਕਰਨ ਦੀ ਦਾਤ ਹੈ ( ਭਾਵੇਂ ਸਾਰੇ ਨਬੀ ਨਹੀਂ, ਪਰ ਸਾਰੇ ਭਵਿੱਖਬਾਣੀ ਕਰ ਸਕਦੇ ਹਨ), ਤਾਂ ਜਦੋਂ ਕੋਈ ਅਵਿਸ਼ਵਾਸੀ ਜਾਂ ਉਹ ਵਿਅਕਤੀ ਅੰਦਰ ਆਉਂਦਾ ਹੈ ਜੋ ਇਨ੍ਹਾਂ ਦਾਤਾਂ ਵਿੱਚ ਵਿਸ਼ਵਾਸ ਨਹੀਂ ਕਰਦਾ, ਉਹ ਸੁਣੇ ਹੋਏ ਬਚਨਾਂ ਦੁਆਰਾ ਦੋਸ਼ੀ ਠਹਿਰਾਇਆ ਜਾਂਦਾ ਹੈ। ਉਸਦੇ ਦਿਲ ਦੇ ਭੇਤ ਪਰਗਟ ਹੋ ਜਾਂਦੇ ਹਨ, ਕਿਉਂਕਿ ਉਸਨੇ ਠੀਕ ਉਹੀ ਬਚਨ ਸੁਣਿਆ ਹੁੰਦਾ ਹੈ ਜਿਸਦੀ ਉਸਨੂੰ ਲੋੜ ਸੀ।(1 ਕੁਰਿੰਥੀਆਂ 14:24-25) ਫਿਰ ਉਹ ਮੂੰਹ ਭਾਰ ਡਿੱਗ ਕੇ ਪਰਮੇਸ਼ੁਰ ਦੀ ਉਸਤਤ ਕਰੇਗਾ ਅਤੇ ਇਹ ਮੰਨੇਗਾ ਕਿ "ਵਾਕਿਆਈ ਪਰਮੇਸ਼ੁਰਸਾਡੇ ਵਿਚਕਾਰ ਹੈ ਕਿਉਂਕਿ ਮੈਨੂੰ ਬਿਲਕੁਲ ਉਹੀ ਬਚਨ ਮਿਲਿਆ ਜਿਸਦੀ ਮੈਨੂੰ ਲੋੜ ਸੀ !"
ਹਰ ਇੱਕ ਕਲੀਸਿਯਾ ਦੀ ਮੀਟਿੰਗ ਅਜਿਹੀ ਹੋਣੀ ਚਾਹੀਦੀ। ਹਰ ਕਲੀਸਿਯਾ ਵਿੱਚ ਅਜਿਹੇ ਵਿਸ਼ਵਾਸੀ ਹੋਣੇ ਚਾਹੀਦੇ ਹਨ ਜੋ ਭਵਿੱਖਬਾਣੀ ਕਰ ਸਕਣ। ਇਸ ਲਈ ਮਨੁੱਖ ਨੂੰ ਪਰਮੇਸ਼ੁਰ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸਦੇ ਅਧੀਨ ਕਰਨਾ ਪੈਂਦਾ ਹੈ। ਜੇ ਕੋਈ ਇਹ ਨਹੀਂ ਕਰਦਾ, ਤਾਂ ਉਹ ਪਰਮੇਸ਼ੁਰ ਦੇ ਬਚਨ ਦੀ ਸਹੀ ਸੇਵਾ ਕਰਨ ਦੇ ਯੋਗ ਨਹੀਂ ਬਣ ਸਕਦਾ। ਇੱਕ ਸੇਵਕ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਕਿਸ ਵਿਅਕਤੀ ਨੂੰ ਕਿਹੜਾ ਬਚਨ ਦੇਣਾ ਉਚਿਤ ਹੈ। ਇਹੀ ਮੱਤੀ 7:6 ਵਿੱਚ ਯਿਸੂ ਨੇ ਕਿਹਾ ਸੀ। ਜੇ ਕਿਸੇ ਦਾ ਸੁਭਾਅ ਸੂਰ ਵਰਗਾ ਹੋਵੇ ਤਾਂ ਉਸਨੂੰ ਉਹ ਦਿਓ ਜੋ ਸੂਰ ਲਈ ਉਚਿਤ ਹੈ ਜਦੋਂ ਤੁਸੀਂ ਕਿਸੇ ਦਾ ਸੁਭਾਅ ਕੁੱਤੇ ਵਰਗਾ ਦੇਖਦੇ ਹੋ ਤਾਂ ਉਸਨੂੰ ਉਸਦੇ ਅਨੁਸਾਰ ਬਚਨ ਦਿਓ। ਜਾਨਵਰਾਂ ਨੂੰ ਪਹਾੜੀ ਉਪਦੇਸ਼ ਦੀਆਂ ਗਹਿਰੀਆਂ ਸੱਚਾਈਆਂ ਨਹੀਂ ਸਿਖਾਈਆਂ ਜਾ ਸਕਦੀਆਂ।
ਜਿਵੇਂ ਅਸੀਂ ਭਵਿੱਖਬਾਣੀ ਦੇ ਦਾਤ ਦੀ ਭਾਲ ਕਰਦੇ ਹਾਂ ਤਾਂ ਪਰਮੇਸ਼ੁਰ ਸਾਨੂੰ ਉਸ ਸਮੇਂ ਸਮਰੱਥਾ ਬਖ਼ਸ਼ਦਾ ਹੈ ਜਦੋਂ ਅਸੀਂ ਬੋਲਣ ਲਈ ਖੜ੍ਹੇ ਹੁੰਦੇ ਹਾਂ ਤਾਂ ਜੋ ਅਸੀਂ ਆਪਣੇ ਸਾਹਮਣੇ ਬੈਠੇ ਲੋਕਾਂ ਦੀ ਅਸਲ ਲੋੜ ਨੂੰ ਪਛਾਣ ਸਕੀਏ। ਫਿਰ ਪਰਮੇਸ਼ੁਰ ਸਾਨੂੰ ਉਹ ਬਚਨ ਦਿੰਦਾ ਹੈ ਜੋ ਉਹਨਾਂ ਦੀ ਲੋੜ ਲਈ ਢੁਕਵਾਂ ਹੋਵੇ। ਇਹ ਇੱਕ ਬਹੁਤ ਜ਼ਰੂਰੀ ਸਿਧਾਂਤ ਹੈ ਜਿਸ ਨਾਲ ਯਿਸੂ ਪਹਾੜੀ ਉਪਦੇਸ਼ ਨੂੰ ਸਮਾਪਤ ਕਰਦਾ ਹੈ ਅਤੇ ਇਹ ਸਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਉਹਨਾਂ ਲਈ ਜੋ ਭਾਵੇਂ ਅਵਿਸ਼ਵਾਸੀਆਂ ਜਾਂ ਵਿਸ਼ਵਾਸੀਆਂ ਨੂੰ ਪਰਮੇਸ਼ੁਰ ਦਾ ਬਚਨ ਸੁਣਾਉਣ ਲਈ ਬੁਲਾਏ ਗਏ ਹਨ। ਅਸੀਂ ਕਿਸੇ ਵੀ ਮਨੁੱਖ ਨੂੰ ਤੁੱਛ ਨਹੀਂ ਸਮਝਦੇ। ਜੇ ਕੋਈ ਵਿਅਕਤੀ ਲੋਕਾਂ ਨੂੰ ਤੁੱਛ ਸਮਝਦਾ ਹ, ਤਾਂ ਉਹ ਪਰਮੇਸ਼ੁਰ ਦਾ ਸੱਚਾ ਸੇਵਕ ਨਹੀਂ ਬਣ ਸਕਦਾ। ਯਿਸੂ ਨੇ ਸਭ ਤੋਂ ਵੱਡੇ ਪਾਪੀ ਨੂੰ ਵੀ ਤੁੱਛ ਨਹੀਂ ਜਾਣਿਆ। ਪਰ ਇਸਦੇ ਨਾਲ ਹੀ ਸਾਨੂੰ ਹਰ ਵਿਅਕਤੀ ਦੀ ਲੋੜ ਅਨੁਸਾਰ ਢੁਕਵਾਂ ਬਚਨ ਦੇਣ ਦੀ ਸਮਝ ਹੋਣੀ ਚਾਹੀਦੀ ਹੈ। ਮੱਤੀ 7:6 ਦਾ ਅਸਲ ਭਾਵ ਵੀ ਇਹੀ ਹੈ।
|
|