ਯਾਕੂਬ 4:2 ਦੇ ਆਖ਼ਰੀ ਭਾਗ ਵਿੱਚ ਅਸੀਂ ਪੜ੍ਹਦੇ ਹਾਂ ਕਿ, "ਤੁਸੀਂ ਆਪਣੀਆਂ ਮਨ ਇੱਛਤ ਚੀਜਾਂ ਇਸ ਲਈ ਪ੍ਰਾਪਤ ਨਹੀਂ ਕਰਦੇਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਮੰਗਦੇ। " ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਰਮੇਸ਼ੁਰ ਮਸੀਹੀਆਂ ਨੂੰ ਦੇਣਾ ਚਾਹੁੰਦਾ ਹੈ ਪਰ ਉਹਨਾਂ ਨੇ ਇਸ ਲਈ ਪ੍ਰਾਪਤ ਨਹੀਂ ਕੀਤੀਆਂ ਕਿਉਂਕਿ ਉਹ ਮੰਗਦੇ ਨਹੀਂ। ਇਹ ਗੱਲ ਆਤਮਿਕ ਵਰਦਾਨਾਂ ਦੇ ਮਾਮਲੇ ਵਿੱਚ ਖ਼ਾਸ ਤੌਰ 'ਤੇ ਸੱਚ ਹੈ। ਲੂਕਾ ਦੀ 11:13 ਆਇਤ ਨੂੰ ਦੇਖੋ, "ਤੁਹਾਡਾ ਸਵਰਗੀ ਪਿਤਾ ਕਿਤੇ ਵੱਧ ਪਵਿੱਤਰ ਆਤਮਾ ਦਿੰਦਾ ਹੈ ਜੋ ਉਸਤੋਂ ਮੰਗਦੇ ਹਨ। " ਜੇ ਅਸੀਂ ਉਸ ਪਵਿੱਤਰ ਆਤਮਾ ਦੀ ਚਾਹਤ ਨਾ ਰੱਖੀਏ ਜੋ ਸਾਨੂੰ ਪਵਿੱਤਰ ਬਣਾਉਂਦਾ ਹੈ ਤਾਂ ਅਸੀਂ ਕਦੇ ਵੀ ਯਿਸੂ ਦੇ ਮਿਆਰ 'ਤੇ ਪੂਰਾ ਉਤਰਨ ਦੇ ਯੋਗ ਨਹੀਂ ਹੋ ਸਕਾਂਗੇ। ਇਸੇ ਲਈ ਯਿਸੂ ਨੇ ਮੱਤੀ 7:7 ਵਿੱਚ ਕਿਹਾ, " ਮੰਗੋ,ਤਾਂ ਤੁਹਾਨੂੰ ਦਿੱਤਾ ਜਾਵੇਗਾ। "
ਪਰਮੇਸ਼ੁਰ ਸਾਡੇ ਤੋਂ ਮੰਗਣ ਦੀ ਉਡੀਕ ਕਿਉਂ ਕਰਦਾ ਹੈ? ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਕਦਰ ਕਰੀਏ ਜੋ ਕੁਝ ਉਹ ਸਾਨੂੰ ਦਿੰਦਾ ਹੈ। ਜੇ ਪਰਮੇਸ਼ਰ ਸਾਨੂੰ ਮੰਗੇ ਬਿਨਾਂ ਦੇ ਦਿੰਦਾ ਹੈ ਤਾਂ ਅਸੀਂ ਆਮ ਤੌਰ 'ਤੇ ਉਸਦੀ ਕਦਰ ਨਹੀਂ ਕਰਦੇ। ਪਾਪਾਂ ਦੀ ਮਾਫ਼ੀ ਇਹ ਤਾਂ ਸਭ ਤੋਂ ਅਹਿਮ ਚੀਜ਼ ਹੈ। ਕੀ ਤੁਹਾਨੂੰ ਇਹ ਮੰਗਣ ਨਾਲ ਹੀ ਨਹੀਂ ਮਿਲੀ? ਜੇ ਤੁਸੀਂ ਮੰਗੀ ਨਾ ਹੁੰਦੀ ਤਾਂ ਕੀ ਤੁਹਾਨੂੰ ਮਿਲਦੀ? ਜੇ ਤੁਸੀਂ ਮੁਕਤੀ ਨਾ ਮੰਗੀ ਹੁੰਦੀ ਤਾਂ ਕੀ ਤੁਹਾਨੂੰ ਮਿਲਦੀ? ਧਰਤੀ 'ਤੇ ਕਰੋੜਾਂ ਲੋਕ ਅਜਿਹੇ ਹਨ ਜੋ ਇਸ ਲਈ ਨਹੀਂ ਬਚਾਏ ਗਏ ਕਿਉਂਕਿ ਉਹ ਇਹ ਮੰਗਦੇ ਨਹੀਂ। ਉਹ ਨਿਮਰ ਹੋ ਕੇ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨਾਂ ਨੂੰ ਇਸ ਦੀ ਲੋੜ ਹੈ।
ਪਰਮੇਸ਼ੁਰ ਦੇ ਸਭ ਤੋਂ ਉੱਚ ਆਤਮਿਕ ਵਰਦਾਨ ਪ੍ਰਾਪਤ ਕਰਨ ਲਈ ਹੋਰ ਕਿਹੜੀਆਂ ਸ਼ਰਤਾਂ ਹਨ? ਸਭ ਤੋਂ ਪਹਿਲਾਂ, ਸਾਡੇ ਅੰਦਰ ਉਹਨਾਂ ਲਈ ਚਾਹਤ, ਇੱਕ ਤਰੇਹ ਹੋਣੀ ਚਾਹੀਦੀ ਹੈ। ਫਿਰ ਸਾਨੂੰ ਨਿਹਚਾ ਨਾਲ ਮੰਗਣਾ ਚਾਹੀਦਾ ਹੈ। ਮੰਗਣਾ ਉਸ ਚਾਹਤ ਨੂੰ ਜ਼ਾਹਰ ਕਰਦਾ ਹੈ ਅਤੇ ਯਿਸੂ ਕੁਝ ਆਇਤਾਂ ਅੱਗੇ ਜਾਕੇ ਮੱਤੀ7:11ਵਿੱਚ, ਨਿਹਚਾ ਬਾਰੇ ਗੱਲ ਕਰਦਾ ਹੈ। ਉਹ ਕਹਿੰਦਾ ਹੈ ਕਿ, "ਜੇਕਰ ਤੁਸੀਂ ਇੰਨੇ ਦੁਸ਼ਟ ਹੋਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਦਾਤਾਂ ਦੇਣਾ ਜਾਣਦੇ ਹੋ,ਤਾਂ ਤੁਹਾਡਾ ਸਵਰਗੀ ਪਿਤਾ ਮੰਗਣ ਵਾਲਿਆਂ ਨੂੰ, ਕਿੰਨੀਆਂ ਵੱਧ ਚੰਗੀਆਂ ਦਾਤਾਂ ਦੇਵੇਗਾ!"
ਜੇ ਤੁਸੀਂ ਨਹੀਂ ਮੰਗੋਗੇ, ਤਾਂ ਤੁਹਾਨੂੰ ਨਹੀਂ ਮਿਲੇਗਾ। ਜੇ ਤੁਸੀਂ ਲੱਭੋਗੇ ਤਾਂ ਤੁਸੀਂ ਪ੍ਰਾਪਤ ਕਰੋਗੇ। ਜੇ ਤੁਸੀਂ ਸਚਾਈ ਨੂੰ ਜਾਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਨੂੰ ਲੱਭਣਾ ਪਵੇਗਾ। ਪਰਮੇਸ਼ੁਰ ਦੇ ਬਚਨ ਵਿੱਚ ਖ਼ਜ਼ਾਨੇ ਹਨ। ਕੁਝ ਚੀਜ਼ਾਂ ਉੱਪਰਲੀ ਸਤਹ 'ਤੇ ਹਨ, ਜੋ ਹਰ ਕੋਈ ਪ੍ਰਾਪਤ ਕਰ ਸਕਦਾ ਹੈ ਪਰ ਇਸ ਦੇ ਸਭ ਤੋਂ ਡੂੰਘੇ ਖ਼ਜ਼ਾਨੇ ਅੰਦਰ ਹਨ ਅਤੇ ਉਹਨਾਂ ਨੂੰ ਤੁਹਾਨੂੰ ਲੱਭਣਾ ਪੈਂਦਾ ਹੈ। ਧਰਤੀ ਬਾਰੇ ਸੋਚੋ। ਇਸ ਦੀ ਸਤਹ 'ਤੇ ਬਹੁਤ ਸਾਰੀਆਂ ਕੀਮਤੀ ਚੀਜ਼ਾਂ ਹਨ ਜਿਵੇਂ ਅੰਬ, ਨਾਰੀਅਲ, ਅਤੇ ਹੋਰ ਏਨੇ ਸਾਰੇ ਵਧੀਆ ਫਲ; ਪਰ ਜੇ ਤੁਸੀਂ ਸੱਚਮੁੱਚ ਮਹਿੰਗੇ ਖ਼ਜ਼ਾਨੇ ਚਾਹੁੰਦੇ ਹੋ ਜਿਵੇਂ ਕਿ ਸੋਨਾ ਅਤੇ ਹੀਰੇ, ਤਾਂ ਤੁਹਾਨੂੰ ਜ਼ਮੀਨ ਵਿੱਚ ਹਜ਼ਾਰਾਂ ਫੁੱਟ ਡੂੰਘੀ ਖੁਦਾਈ ਕਰਨੀ ਪੈਂਦੀ ਹੈ। ਇਸੇ ਤਰ੍ਹਾਂ, ਕੁਝ ਚੀਜ਼ਾਂ ਤੁਹਾਨੂੰ ਬਾਈਬਲ ਦੀ ਸਤਹ ਤੋਂ ਮਿਲ ਜਾਂਦੀਆਂ ਹਨ ਜਿਵੇਂ ਕਿ ਸਾਡੇ ਪਾਪ ਕਿਵੇਂ ਮਾਫ਼ ਹੋ ਸਕਦੇ ਹਨ (ਕਿਉਂਕਿ ਮਸੀਹ ਉਹਨਾਂ ਲਈ ਮਰਿਆ)। ਪਰ ਜੇ ਤੁਸੀਂ ਪਵਿੱਤਰ ਬਚਨ ਦੀਆਂ ਗਹਿਰੀਆਂ ਸਚਾਈਆਂ ਦੀ ਖੋਜ ਕਰਨੀ ਚਾਹੁੰਦੇ ਹੋ ਜਿਵੇਂ ਕਿ ਆਤਮਾ ਨਾਲ ਭਰਪੂਰ ਜੀਵਨ ਕਿਵੇਂ ਜੀਉਣਾ ਹੈ, ਪਰਮੇਸ਼ੁਰ ਦੇ ਸੁਭਾਅ ਵਿੱਚ ਕਿਵੇਂ ਸਾਂਝੀ ਹੋਣਾ ਹੈ, ਹਰ ਪਾਪ ਉੱਤੇ ਕਿਵੇਂ ਜਿੱਤ ਪ੍ਰਾਪਤ ਕਰਨੀ ਹੈ, ਗੁੱਸਾ, ਕੜਵਾਹਟ, ਮਾਫ਼ ਨਾ ਕਰਨ ਦੀ ਭਾਵਨਾ, ਈਰਖਾ ਅਤੇ ਕਾਮ-ਵਾਸ਼ਨਾ 'ਤੇ ਕਿਵੇਂ ਕਾਬੂ ਪਾਉਣਾ ਹੈ ਤਾਂ ਤੁਹਾਨੂੰ ਡੂੰਘਾਈ ਵਿੱਚ ਜਾਣਾ ਪਵੇਗਾ। ਜੇ ਕੋਈ ਵਿਅਕਤੀ ਡੂੰਘਾਈ 'ਚ ਨਹੀਂ ਜਾਂਦਾ, ਤਾਂ ਪਰਮੇਸ਼ੁਰ ਵੇਖ ਲੈਂਦਾ ਹੈ ਕਿ ਉਹ ਸੱਚਮੁੱਚ ਦਿਲਚਸਪੀ ਨਹੀਂ ਰੱਖਦਾ। "ਮੰਗੋ,ਤਾਂ ਤੁਹਾਨੂੰ ਦਿੱਤਾ ਜਾਵੇਗਾ। ਆਪਣੇ ਪੂਰੇ ਦਿਲ ਨਾਲ ਲੱਭੋ,ਤਾਂ ਤੁਸੀਂ ਪ੍ਰਾਪਤ ਕਰੋਗੇ।"
ਇਹ ਇੱਕ ਵਾਅਦਾ ਹੈ ਜੋ ਸਾਨੂੰ ਯਿਰਮਿਯਾਹ 29:13 ਵਿੱਚ ਮਿਲਦਾ ਹੈ, "ਜਦੋਂ ਤੁਸੀਂ ਆਪਣੇ ਪੂਰੇ ਦਿਲ ਨਾਲ ਮੈਨੂੰ ਲੱਭੋਗੇ,ਤਾਂ ਤੁਸੀਂ ਮੈਨੂੰ ਪਾ ਲਵੋਗੇ। " ਜੇ ਕਿਸੇ ਵਿਅਕਤੀ ਨੂੰ ਪਰਮੇਸ਼ੁਰ ਅਤੇ ਉਹ ਧਨ ਨਹੀਂ ਲੱਭਾ ਜੋ ਉਸ ਵਿੱਚ ਹੈ ਤਾਂ ਮੈਂ ਬਿਨਾਂ ਝਿਜਕ ਦੇ ਕਹਿ ਸਕਦਾ ਹਾਂ ਕਿ ਇਸ ਮਨੁੱਖ ਨੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ ਨਹੀਂ ਲੱਭਿਆ। ਉਸ ਨੇ ਅਧੂਰੇ ਦਿਲ ਨਾਲ ਲੱਭਿਆ ਹੈ ਅਤੇ ਪਵਿੱਤਰ ਬਚਨ ਵਿੱਚ ਅੱਧੇ-ਅਧੂਰੇ ਦਿਲ ਨਾਲ ਲੱਭਣ ਵਾਲਿਆਂ ਲਈ ਕੋਈ ਵਾਅਦਾ ਨਹੀਂ ਹੈ। ਤਿੰਨ-ਚੌਥਾਈ ਵਾਲਿਆਂ ਲਈ ਵੀ ਕੋਈ ਵਾਅਦਾ ਨਹੀਂ ਪਰ ਪੂਰੇ ਦਿਲੋਂ ਲੱਭਣ ਵਾਲਿਆਂ ਲਈ ਅਥਾਹ ਵਾਅਦੇ ਹਨ। ਤੁਸੀਂ ਏਨੇ ਨੇੜੇ ਹੋ ਸਕਦੇ ਹੋ; ਤੁਸੀਂ ਆਪਣਾ 90% ਪਰਮੇਸ਼ੁਰ ਨੂੰ ਦੇ ਸਕਦੇ ਹੋ ਅਤੇ ਫਿਰ ਵੀ ਉਸ ਵਿਅਕਤੀ ਤੋਂ ਵੱਧ ਕੁਝ ਨਾ ਪ੍ਰਾਪਤ ਕਰੋਗੇ ਜਿਸ ਨੇ ਉਸ ਨੂੰ 10% ਦਿੱਤਾ। ਪਰ ਜਦੋਂ ਤੁਸੀਂ ਪਰਮੇਸ਼ੁਰ ਨੂੰ 100% ਦੇ ਦਿੰਦੇ ਹੋ ਤਾਂ ਤੁਹਾਨੂੰ ਸਭ ਕੁਝ ਮਿਲ ਜਾਂਦਾ ਹੈ। ਜੇ ਤੁਸੀਂ 90% ਦਿੰਦੇ ਹੋ, ਤਾਂ ਤੁਸੀਂ ਉਸੇ ਸ਼੍ਰੇਣੀ ਵਿੱਚ ਹੋ ਜਿਸ ਵਿੱਚ ਉਹ ਵਿਅਕਤੀ ਹੈ ਜਿਸ ਨੇ 10% ਦਿੱਤਾ। ਇਹੀ ਗੱਲ ਮਸੀਹੀ ਨਹੀਂ ਸਮਝਦੇ। ਪਰਮੇਸ਼ੁਰ ਨੂੰ ਆਪਣੇ ਦਿਲ ਦੇ 10% ਨਾਲ ਲੱਭੋ, ਤਾਂ ਤੁਸੀਂ ਉਸ ਨੂੰ ਨਹੀਂ ਪ੍ਰਾਪਤ ਕਰੋਗੇ। ਉਸ ਨੂੰ ਆਪਣੇ ਦਿਲ ਦੇ 90% ਨਾਲ ਲੱਭੋ, ਤਾਂ ਵੀ ਤੁਸੀਂ ਉਸ ਨੂੰ ਨਹੀਂ ਪ੍ਰਾਪਤ ਕਰੋਗੇ। ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ ਲੱਭੋ, ਤਾਂ ਤੁਸੀਂ ਉਸ ਨੂੰ ਪਾ ਲਵੋਗੇ।
ਲੱਭੋ,ਤਾਂ ਤੁਸੀਂ ਪ੍ਰਾਪਤ ਕਰੋਗੇ। ਖੜਕਾਓ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਇਹ ਵਾਅਦੇ ਹਨ। ਪਰਮੇਸ਼ੁਰ ਆਪਣੇ ਵਾਅਦੇ ਕਦੇ ਨਹੀਂ ਤੋੜਦਾ। "ਹਰੇਕ ਮੰਗਣ ਵਾਲਾ ਪ੍ਰਾਪਤ ਕਰਦਾ ਹੈ। " ਤੁਹਾਨੂੰ ਕਿਉਂ ਨਹੀਂ ਮਿਲਿਆ? ਜ਼ਾਹਰ ਹੈ ਕਿ ਤੁਸੀਂ ਉਸ ਤਰੀਕੇ ਨਾਲ ਨਹੀਂ ਮੰਗ ਰਹੇ ਜਿਵੇਂ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਮੰਗੋ। "ਹਰ ਕੋਈ ਜੋ ਲੱਭਦਾ ਹੈ, ਪ੍ਰਾਪਤ ਕਰ ਲੈਂਦਾ ਹੈ।" ਸ਼ਾਇਦ ਤੁਸੀਂ ਉਸ ਤਰੀਕੇ ਨਾਲ ਨਹੀਂ ਲੱਭਿਆ ਜਿਵੇਂ ਪਰਮੇਸ਼ੁਰ ਚਾਹੁੰਦਾ ਹੈ। "ਹਰ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ।"ਸ਼ਾਇਦ ਤੁਸੀਂ ਕਾਫ਼ੀ ਹੱਦ ਤੱਕ ਨਹੀਂ ਖੜਕਾਇਆ।
ਕਰੋੜਾਂ ਚੀਜ਼ਾਂ ਹਨ ਜੋ ਮਸੀਹੀ ਸਿਰਫ਼ ਇਸ ਲਈ ਗੁਆ ਬੈਠੇ ਹਨ ਕਿਉਂਕਿ ਉਹ ਪਰਮੇਸ਼ੁਰ ਤੋਂ ਮੰਗਦੇ ਨਹੀਂ। ਯਾਕੂਬ4:2ਦੇ ਅੰਤ ਵਿੱਚ ਆਏ ਇਸ ਛੋਟੇ ਜਿਹੇ ਵਾਕ ਨੂੰ ਯਾਦ ਰੱਖੋ, "ਤੁਹਾਡੇ ਕੋਲ ਉਹ ਚੀਜ਼ ਨਹੀਂ ਹੈ ਜੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਹਾਡੇ ਕੋਲ ਹੋਵੇਕਿਉਂਕਿ ਤੁਸੀਂ ਮੰਗਦੇ ਨਹੀਂ।"