WFTW Body: 

ਬਹੁਤ ਸਾਰੇ ਲੋਕ ਭਾਰਤ ਵਿੱਚ ਸਾਡੀਆਂ ਕਲੀਸਿਯਾਵਾਂ ਨਾਲ ਜੁੜਣਾ ਚਾਹੁੰਦੇ ਹਨ, ਕਿਉਂਕਿ ਉਹ ਸਾਡੇ ਵਿਚਕਾਰ ਮਹਿਮਾਨਨਵਾਜ਼ੀ ਅਤੇ ਦਰਿਆਦਿਲ ਲੋਕਾਂ ਨੂੰ ਦੇਖਦੇ ਹਨ। ਪਰ ਜੇ ਅਸੀਂ ਸੁਚੇਤ ਨਾ ਰਹੀਏ ਅਤੇ ਅਜਿਹੇ ਲੋਕਾਂ ਨੂੰ ਸਮੇਂ ਸਿਰ ਨਾ ਪਛਾਣੀਏ, ਤਾਂ ਜਲਦੀ ਹੀ ਭਾਰਤ ਦਾ ਹਰ ਗਰੀਬ ਵਿਅਕਤੀ ਸਾਡੀਆਂ ਕਲੀਸਿਯਾਵਾਂ ਵਿੱਚ ਆਉਣਾ ਚਾਹੇਗਾ ਅਤੇ ਸਾਨੂੰ ਹੈਰਾਨੀਜਨਕ "ਕਲੀਸਿਯਾ ਵਿੱਚ ਵਾਧਾ" ਦਿਖਾਈ ਦੇਵੇਗਾ। ਪਰ ਅਜਿਹੇ "ਪਰਿਵਰਤਿਤ" ਲੋਕ ਮਿਲਣਗੇ ਜਿਹੜੇ ਪਰਮੇਸ਼ੁਰ ਵਿੱਚ ਨਹੀਂ, ਸਗੋਂ ਸਿਰਫ਼ ਧਨ ਵਿੱਚ ਦਿਲਚਸਪੀ ਰੱਖਦੇ ਹਨ।

ਅੱਜਕੱਲ੍ਹ ਭਾਰਤ ਵਿੱਚ ਕਈ ਮਸੀਹੀ ਸੇਵਕਾਂ ਲਈ "ਪ੍ਰਭੂ ਦੀ ਸੇਵਾ ਕਰਨਾ" ਇਕ ਪੇਸ਼ਾ ਬਣ ਗਿਆ ਹੈ, ਨਾ ਕਿ ਇਕ ਬੁਲਾਹਟ ਕਈ ਲੋਕ ਕਲੀਸੀਯਾ ਨਾਲ ਜੁੜ ਕੇ ਆਰਥਿਕ ਤੌਰ 'ਤੇ ਖੁਸ਼ਹਾਲ ਹੋ ਗਏ ਹਨ। ਜੇ ਉਨ੍ਹਾਂ ਦੀ ਖੁਸ਼ਹਾਲੀ ਇਸ ਕਰਕੇ ਆਈ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਧਾਰਮਿਕਤਾ ਦਾ ਆਦਰ ਕੀਤਾ ਤਾਂ ਇਹ ਠੀਕ ਹੈ। ਪਰ ਜੇ ਉਨ੍ਹਾਂ ਦੀ ਖੁਸ਼ਹਾਲੀ ਇਸ ਕਰਕੇ ਆਈ ਹੈ ਕਿ ਕਲੀਸੀਯਾ ਨਾਲ ਜੁੜਨ ਕਾਰਨ ਉਨ੍ਹਾਂ ਨੂੰ ਧਨਾਢ ਲੋਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲਿਆ ਤਾਂ ਉਹ ਪਰਮੇਸ਼ੁਰ ਦੀ ਇੱਛਾ ਤੋਂ ਪੂਰੀ ਤਰ੍ਹਾਂ ਭਟਕ ਚੁਕੇ ਹਨ-ਕਿਉਂਕਿ ਮਸੀਹਤ ਧਨ ਕਮਾਉਣ ਦਾ ਸਾਧਨ ਨਹੀਂ ਹੈ।

ਕਲੀਸੀਯਾ ਲਾਭ ਕਮਾਉਣ ਅਤੇ ਫਾਇਦਾ ਉਠਾਉਣ ਦੀ ਥਾਂ ਨਹੀਂ ਸਗੋਂ ਕੁਰਬਾਨੀ ਦੇਣ ਦੀ ਥਾਂ ਹੈ। ਦੁੱਖ ਦੀ ਗੱਲ ਹੈ ਕਿ ਅੱਜ ਭਾਰਤ ਵਿੱਚ ਕਈ "ਮਸੀਹੀ ਸੇਵਕ" ਆਮ ਨੌਕਰੀ ਨਾਲੋਂ ਪੰਜ ਤੋਂ ਦਸ ਗੁਣਾ ਵੱਧ ਕਮਾ ਰਹੇ ਹਨ। ਕਈ "ਮਸੀਹੀ ਸੇਵਕ" ਅਜਿਹੇ ਵੀ ਹਨ ਜਿਨ੍ਹਾਂ ਨੇ ਕਦੇ ਵੀ ਕਿਸੇ ਆਮ (ਧਰਮਨਿਰਪੇਖ) ਨੌਕਰੀ ਵਿੱਚ ਕੋਈ ਕੰਮ ਨਹੀਂ ਕੀਤਾ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਯਿਸੂ ਨੇ ਉਹਨਾਂ ਲੋਕਾਂ ਨੂੰ ਆਪਣਾ ਰਸੂਲ ਬਣਾਇਆ ਜੋ ਪਹਿਲਾਂ ਤੋਂ ਮਿਹਨਤ ਨਾਲ ਕੰਮ ਕਰ ਰਹੇ ਸਨ। ਅੱਜਕਲ੍ਹ ਭਾਰਤ ਵਿੱਚ ਕਈਆਂ ਲਈ ਮਸੀਹੀ ਸੇਵਾ ਧਨ ਕਮਾਉਣ ਦਾ ਸਾਧਨ ਬਣ ਗਈ ਹੈ। ਗੈਰ-ਮਸੀਹੀ ਲੋਕ ਉਨ੍ਹਾਂ ਨੂੰ ਵੇਖ ਕੇ ਕਹਿੰਦੇ ਹਨ, "ਇਹ ਵਿਅਕਤੀ ਪੈਸਾ ਕਮਾਉਣ ਲਈ ਮਸੀਹੀ ਸੇਵਕ ਬਣਿਆ ਹੈ।" ਅਤੇ ਉਹ ਸਹੀ ਕਹਿੰਦੇ ਹਨ? ਸੱਚਾ ਸੇਵਕ ਉਹੀ ਹੈ ਜੋ ਦਿਖਾ ਸਕੇ ਕਿ ਉਹ ਆਮ ਨੌਕਰੀ ਵਿੱਚ ਵੱਧ ਕਮਾ ਸਕਦਾ ਸੀ, ਪਰ ਫਿਰ ਵੀ ਉਸਨੇ ਸੇਵਾ ਦਾ ਰਾਹ ਚੁਣਿਆ।

ਰਸੂਲਾਂ ਦੇ ਕਰਤੱਬ ਅਧਿਆਇ 5 ਵਿੱਚ ਅਸੀਂ ਦੇਖਦੇ ਹਾਂ ਕਿ ਉਸ ਸਮੇਂ ਲੋਕ ਆਪਣੀ ਜਾਇਦਾਦ ਵੇਚ ਕੇ ਪੈਸਾ ਰਸੂਲਾਂ ਕੋਲ ਲਿਆ ਰਹੇ ਸਨ ਤਾਂ ਜੋ ਗਰੀਬਾਂ ਵਿੱਚ ਵੰਡਿਆ ਜਾਵੇ। ਹਨਾਨਿਯਾ ਅਤੇ ਸਫ਼ੀਰਾ ਨੇ ਸੋਚਿਆ, "ਉਹ ਆਤਮਿਕ ਹੋਣ ਦਾ ਦਿਖਾਵਾ ਵੀ ਕਰਨ ਅਤੇ ਆਪਣਾ ਧਨ ਵੀ ਕਿਸੇ ਤਰ੍ਹਾਂ ਰੱਖ ਸਕਣ?" ਇਸ ਲਈ ਜਦੋਂ ਉਨ੍ਹਾਂ ਨੇ ਆਪਣੀ ਜ਼ਮੀਨ ਵੇਚੀ, ਤਾਂ ਉਹਨਾਂ ਨੇ ਸਾਰਾ ਧਨ ਨਹੀਂ ਦਿੱਤਾ। ਪਰ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਉਹਨਾਂ ਦਾ ਪਾਪ ਸਾਰਾ ਧਨ ਨਾ ਦੇਣਾ ਨਹੀਂ ਸੀ। ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਪਿਆਰ ਕਰਦਾ ਹੈ ਅਤੇ ਉਹ ਕਿਸੇ ਦਾ ਪੈਸਾ ਜਬਰਦਸਤੀ ਨਹੀਂ ਚਾਹੁੰਦਾ। ਪਤਰਸ ਨੇ ਹਨਾਨਿਯਾ ਨੂੰ ਕਿਹਾ, "ਜਦੋਂ ਤੱਕ ਤੇਰੀ ਜ਼ਮੀਨ ਨਹੀਂ ਵੇਚੀ ਗਈ ਸੀ,ਉਹ ਤੇਰੀ ਹੀ ਸੀ ਅਤੇ ਤੂੰ ਉਸ ਨਾਲ ਜੋ ਚਾਹੁੰਦਾ ਕਰ ਸਕਦਾ ਸੀ। ਅਤੇ ਜਦੋਂ ਉਹ ਵੇਚੀ ਗਈ,ਤਦ ਵੀ ਉਸ ਦਾ ਪੈਸਾ ਤੇਰਾ ਹੀ ਸੀ। ਪਰ ਤੂੰ ਝੂਠ ਕਿਉਂ ਬੋਲਿਆ?"(ਰਸੂਲਾਂ ਦੇ ਕਰਤੱਬ 5:4)। ਹਨਾਨਿਯਾ ਦਾ ਪਾਪ ਪਖੰਡ ਸੀ - ਉਹ ਪੂਰੇ ਦਿਲ ਨਾਲ ਸਮਰਪਿਤ ਹੋਣ ਦਾ ਨਾਟਕ ਕਰ ਰਿਹਾ ਸੀ। ਜੇ ਉਹ ਕਹਿੰਦਾ, "ਅਸੀਂ ਉਹ ਜ਼ਮੀਨ50,000ਰੁਪਏ ਵਿੱਚ ਵੇਚੀ ਹੈ। ਪਰ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਦਾ ਕੇਵਲ20%ਹੀ ਦੇਣਾ ਚਾਹੀਦਾ ਹੈ। ਬਾਕੀ ਅਸੀਂ ਆਪਣੀਆਂ ਲੋੜਾਂ ਲਈ ਰੱਖਣਾ ਹੈ। ਇਸ ਲਈ ਇਹ10,000 ਰੁਪਏ ਲਓ।" ਤਾਂ ਪਤਰਸ ਉਸ ਨੂੰ ਆਸ਼ੀਰਵਾਦ ਦਿੰਦਾ-ਅਤੇ ਉਹ ਪਤੀ-ਪਤਨੀ ਦੋਵੇਂ ਜੀਉਂਦੇ ਰਹਿੰਦੇ। ਹਨਾਨਿਯਾ ਨੇ ਕੁਝ ਨਹੀਂ ਕਿਹਾ। ਉਹ ਉਹਨਾਂ ਲੋਕਾਂ ਦੀ ਕਤਾਰ ਵਿੱਚ ਚੁੱਪਚਾਪ ਖੜ੍ਹੇ ਹੋ ਗਏ ਜੋ ਪੂਰੇ ਦਿਲ ਨਾਲ ਸਭ ਕੁਝ ਦੇ ਰਹੇ ਸਨ ਇਸ ਤਰ੍ਹਾਂ ਉਸਨੇ ਆਪਣਾ ਮੂੰਹ ਖੋਲ੍ਹੇ ਬਿਨਾਂ ਝੂਠ ਬੋਲਿਆ। ਪਰ ਪਤਰਸ ਇੱਕ ਸਮਝਦਾਰ ਮਨੁੱਖ ਸੀ। ਉਸ ਨੇ ਹਨਾਨਿਯਾ ਅਤੇ ਸਫ਼ੀਰਾ ਦੋਵਾਂ ਨੂੰ ਬੇਨਕਾਬ ਕੀਤਾ ਅਤੇ ਉਹ ਆਪਣੇ ਪਖੰਡ ਕਾਰਨ ਮਾਰੇ ਗਏ।

ਪਰ ਅੱਜਕਲ੍ਹ ਪਰਮੇਸ਼ੁਰ ਇਸ ਤਰ੍ਹਾਂ ਕਿਉਂ ਨਹੀਂ ਕਰਦਾ? ਕਿਉਂਕਿ ਫਿਰ ਕਲੀਸਿਯਾਵਾਂ ਵਿੱਚ ਬਹੁਤ ਥੋੜ੍ਹੇ ਲੋਕ ਹੀ ਜੀਉਂਦੇ ਬਚਣਗੇ! ਹਨਾਨਿਯਾ ਅਤੇ ਸਫ਼ੀਰਾ ਇਕ ਬਹੁਤ ਪਵਿੱਤਰ ਅਤੇ ਸ਼ਕਤੀਸ਼ਾਲੀ ਕਲੀਸੀਯਾ ਵਿਚਕਾਰ ਸਨ-ਇਸ ਲਈ ਉਹ ਮਾਰੇ ਗਏ। ਜੇ ਉਹ ਕਿਸੇ ਮੁਰਦਾ ਜਾਂ ਸੰਸਾਰਕ ਕਲੀਸੀਯਾ (ਜਿਵੇਂ ਕਿ ਕੁਰਿੰਥਸ ਦੀ ਕਲੀਸੀਯਾ) ਵਿੱਚ ਹੁੰਦੇ, ਤਾਂ ਸ਼ਾਇਦ ਉਹ ਉੱਥੇ ਕਲੀਸੀਯਾ ਦੇ ਬਜ਼ੁਰਗ ਵੀ ਬਣ ਸਕਦੇ ਸਨ। ਜੇ ਤੁਸੀਂ ਘਮੰਡੀ ਹੋ ਅਤੇ ਕਪਟੀ ਹੋ, ਤਾਂ ਉਸ ਕਲੀਸੀਯਾ ਨਾਲ ਜੁੜਨਾ ਖ਼ਤਰਨਾਕ ਹੈ ਜੋ ਸੰਪੂਰਨਤਾ ਵੱਲ ਵਧ ਰਹੀ ਹੈ। ਪਰਮੇਸ਼ੁਰ ਤੁਹਾਨੂੰ ਮਾਰ ਦੇਵੇਗਾ ਅਤੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਉਨ੍ਹਾਂ ਦੇ ਵਿਚਕਾਰੋਂ ਹਟਾ ਦੇਵੇਗਾ। ਪਰ ਅੱਜਕੱਲ੍ਹ ਅਜਿਹੀਆਂ ਕਲੀਸੀਯਾਵਾਂ ਬਹੁਤ ਘੱਟ ਹਨ। ਇਸ ਲਈ ਅੱਜ ਜ਼ਿਆਦਾਤਰ ਕਲੀਸੀਯਾਵਾਂ ਵਿੱਚ ਤੁਸੀਂ ਬਚੇ ਰਹੋਗੇ। ਜੇ ਤੁਸੀਂ ਹੰਕਾਰੀ ਅਤੇ ਪਖੰਡੀ ਰਹਿ ਕੇ ਜਿਉਂਦੇ ਰਹਿਣਾ ਚਾਹੁੰਦੇ ਹੋ, ਤਾਂ ਕਿਸੇ ਮੁਰਦਾ ਕਲੀਸਿਯਾ ਵਿੱਚ ਸ਼ਾਮਲ ਹੋ ਜਾਓ।